ਸਕਾਟਿਸ਼ ਪਾਰਲੀਮੈਂਟ ਚੋਣਾਂ 2021

6 ਮਈ ਨੂੰ ਹੋਣ ਜਾ ਰਹੀਆਂ ਸਕਾਟਿਸ਼ ਪਾਰਲੀਮੈਂਟ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ ‘ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਹੌਲੀਰੁਡ ਚੋਣਾਂ ਦੇ ਨਤੀਜੇ ਬਰਤਾਨੀਆ ਦੀ ਸਿਆਸੀ ਧਰਾਤਲ ਲਈ ਵੀ ਅਹਿਮ ਮੋੜ ਪੈਦਾ ਕਰਨਗੇ। ਇੱਥੋਂ ਜਿੱਤਣ ਵਾਲੀ ਪਾਰਟੀ ਬਰਤਾਨਵੀ ਸਿਆਸਤ ਦੇ ਸੈਂਚੇ ਵਿੱਚ ਫਿੱਟ ਬੈਠਦੀ ਹੈ ਜਾਂ ਨਹੀਂ? ਇਹੀ ਚਿੰਤਾ ਪ੍ਰਧਾਨ ਮੰਤਰੀ ਤੱਕ ਦੇ ਅਹੁਦੇ ਲਈ ਸਵਾਲ ਰਹੇਗਾ। 25 ਮਾਰਚ ਤੋਂ ਰਸਮੀ ਤੌਰ ‘ਤੇ ਚੋਣ ਪ੍ਰਚਾਰ ਦਾ ਆਗਾਜ਼ ਹੋ ਚੁੱਕਾ ਹੈ। ਸਭ ਤੋਂ ਵਧੇਰੇ ਫਸਵੀਂ ਟੱਕਰ ਮੌਜੂਦਾ ਸਕਾਟਿਸ਼ ਨੈਸ਼ਨਲ ਪਾਰਟੀ ਪ੍ਰਮੁੱਖ ਫਸਟ ਮਨਿਸਟਰ ਨਿਕੋਲਾ ਸਟਰਜਨ  ਤੇ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵਾਲੀ ਸੀਟ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਗਲਾਸਗੋ ਸਾਊਥਸਾਈਡ ਹਲਕੇ ਤੋਂ ਜੇਤੂ ਰਹਿ ਚੁੱਕੀ ਫਸਟ ਮਨਿਸਟਰ ਨਿਕੋਲਾ ਸਟਰਜਨ ਮੁੜ ਉੱਥੋਂ ਹੀ ਚੋਣ ਮੈਦਾਨ ਵਿੱਚ ਹੋਵੇਗੀ ਤੇ ਉਸੇ ਸੀਟ ਤੋਂ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵੀ ਮੈਦਾਨ ਵਿੱਚ ਡਟਿਆ ਹੋਇਆ ਹੈ। ਅਨਸ ਸਰਵਰ ਵੱਲੋਂ ਪ੍ਰਚਾਰ ਦੇ ਪਹਿਲੇ ਦਿਨ ਹੀ ਇਹ ਬਿਆਨ ਦਿੱਤਾ ਗਿਆ ਸੀ ਕਿ “ਉਕਤ ਹਲਕਾ ਨਿਕੋਲਾ ਸਟਰਜਨ ਲਈ ਤਾਂ ਸਿਆਸੀ ਬਿਸਾਤ ਹੋ ਸਕਦਾ ਹੈ ਪਰ ਇਹ ਹਲਕਾ ਮੇਰਾ ਤਾਂ ਘਰ ਹੈ।” ਨਿਕੋਲਾ ਸਟਰਜਨ ਦੇ ਸਿਆਸੀ ਸਫਰ ਦੇ ਮੁਕਾਬਲੇ ਬਹੁਤ ਘੱਟ ਸਫਰ ਵਾਲੇ ਨੌਜਵਾਨ ਲੇਬਰ ਲੀਡਰ ਅਨਸ ਸਰਵਰ ਦੇ ਇਸ ਜੁਰਅੱਤ ਭਰੇ ਬਿਆਨ ਤੇ ਕਦਮ ਦੀ ਸਿਆਸੀ ਹਲਕਿਆਂ ‘ਚ ਭਰਵੀਂ ਚਰਚਾ ਹੋਈ। ਅਨਸ ਸਰਵਰ ਦੀ ਲਲਕਾਰ ਤੇ ਫੈਸਲੇ ਨੂੰ ਸਿਆਸਤ ਪ੍ਰਤੀ ਡੂੰਘੀ ਸਮਝ ਰੱਖਣ ਵਾਲੇ ਲੋਕ ਬਹੁਤ ਹੀ ਫੈਸਲਾਕੁੰਨ ਐਲਾਨ ਦੱਸ ਰਹੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਨਿਕੋਲਾ ਸਟਰਜਨ ਜਿੱਥੇ ਸਾਬਕਾ ਫਸਟ ਮਨਿਸਟਰ ਅਲੈਕਸ ਸਲਮੰਡ ਦੇ ਮਾਮਲੇ ਵਿੱਚ ਘਿਰੀ ਰਹੀ, ਉੱਥੇ ਹੁਣ ਅਨਸ ਸਰਵਰ ਵੱਲੋਂ ਆਪਣੇ ਸਿਆਸੀ ਭਵਿੱਖ ਵੱਲੋਂ ਬੇਪ੍ਰਵਾਹ ਹੁੰਦਿਆਂ ਸਾਹਮਣੇ ਡਟ ਜਾਣਾ ਵੀ ਨਿਕੋਲਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗਾ। ਇਸ ਨਾਜ਼ੁਕ ਦੌਰ ਵਿੱਚ ਜੇਕਰ ਅਜੇ ਅਨਸ ਸਰਵਰ ਕੋਲ ਗੁਆਉਣ ਲਈ ਕੁਝ ਵੀ ਨਹੀਂ ਤਾਂ ਨਿਕੋਲਾ ਸਟਰਜਨ ਦਾ ਇਸ ਸੀਟ ਤੋਂ ਹਾਰ ਜਾਣ ਨਾਲ ਬਹੁਤ ਕੁਝ ਗੁਆਚ ਜਾਵੇਗਾ।

ਸਕਾਟਿਸ਼ ਲੇਬਰ ਪਾਰਟੀ ਅਨਸ ਸਰਵਰ ਦੇ ਲੀਡਰ ਬਣਨ ਤੋਂ ਪਹਿਲਾਂ ਸਿਆਸੀ ਧਰਾਤਲ ‘ਤੇ ਹੋਂਦ ਬਚਾਉਣ ਦੀ ਹਾਲਤ ਵਿੱਚ ਸੀ ਪਰ ਅਨਸ ਸਰਵਰ ਦੇ ਲੀਡਰ ਵਜੋਂ ਕਮਾਨ ਸੰਭਾਲਣ ਤੋਂ ਬਾਅਦ ਲੇਬਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸਕਾਟਿਸ਼ ਨੈਸ਼ਨਲ ਪਾਰਟੀ ਸਕਾਟਲੈਂਡ ਵਿੱਚ ਯੂਕੇ ਨਾਲੋਂ ਵੱਖ ਹੋਣ ਲਈ ਦੂਜੀ ਰਾਇਸ਼ੁਮਾਰੀ ਕਰਵਾਉਣ ਲਈ ਬਜ਼ਿਦ ਹੋਣ ਕਰਕੇ ਬਰਤਾਨਵੀ ਸਿਆਸਤ ਦਾ ਅੱਖ-ਤਿਣ ਹੈ ਉੱਥੇ ਲੇਬਰ ਪਾਰਟੀ ਵੱਲੋਂ ਏਕਤਾ ਬਣਾਈ ਰੱਖਣ ਦਾ ਹਾਮੀ ਹੋਣਾ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਹਜ਼ਮ ਆ ਰਿਹਾ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੰਸਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੇ ਹਨ, ਪਰ ਰੈਫਰੰਡਮ ਦੇ ਮੁੱਦੇ ‘ਤੇ ਉਹਨਾਂ ਨੂੰ ਸਕਾਟਿਸ਼ ਲੇਬਰ ਪਾਰਟੀ ਦਾ ਸਟੈਂਡ ਪਸੰਦ ਆਉਣਾ ਵੀ ਸੁਭਾਵਿਕ ਹੈ। ਇਹਨਾਂ 6 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਨਤੀਜ਼ੇ ਜੋ ਮਰਜ਼ੀ ਆਉਣ ਪਰ ਇਹ ਗੱਲ ਸਪੱਸ਼ਟ ਹੈ ਕਿ ਥਾਲੀ ‘ਚ ਪਰੋਸ ਕੇ ਸੌਖੀ ਜਿੱਤ ਕਿਸੇ ਨੂੰ ਵੀ ਮਿਲਣੀ ਮੁਸ਼ਕਿਲ ਜਾਪ ਰਹੀ ਹੈ। ਸਿਆਸੀ ਧਿਰਾਂ ਵਿੱਚੋਂ ਆਪਣਾ ਅਕਸ, ਭਵਿੱਖੀ ਰਾਹ ਤੇ ਪੈਰ ਜਮਾਉਣ ਵਿੱਚ ਲੇਬਰ ਪਾਰਟੀ ਅਨਸ ਸਰਵਰ ਦੀ ਅਗਵਾਈ ਵਿੱਚ ਲਾਹਾ ਜ਼ਰੂਰ ਲੈ ਜਾਵੇਗੀ। ਜ਼ਿਕਰਯੋਗ ਹੈ ਕਿ ਲੇਬਰ ਲੀਡਰ ਅਨਸ ਸਰਵਰ, ਗਲਾਸਗੋ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਚੌਧਰੀ ਮੁਹੰਮਦ ਸਰਵਰ ਦੇ ਫਰਜੰਦ ਹਨ। ਚੌਧਰੀ ਮੁਹੰਮਦ ਸਰਵਰ ਪਾਕਿਸਤਾਨ ਪੰਜਾਬ ਦੇ ਗਵਰਨਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਸਕਾਟਲੈਂਡ ਵਿੱਚ ਮੁਹੰਮਦ ਸਰਵਰ ਦੇ ਸਿਆਸੀ ਪ੍ਰਭਾਵ ਤੇ ਲੋਕਾਂ ਵਿੱਚ ਹਰਮਨ ਪਿਆਰਤਾ ਦਾ ਫਾਇਦਾ ਅਨਸ ਸਰਵਰ ਦੇ ਜ਼ਰੀਏ ਲੇਬਰ ਪਾਰਟੀ ਨੂੰ ਹੀ ਮਿਲੇਗਾ। ਬਰਤਾਨਵੀ ਸਿਆਸਤ ਵਿੱਚ ਕਿਸੇ ਸਿਆਸੀ ਪਾਰਟੀ ਦਾ ਲੀਡਰ ਬਣਨ ਵਾਲਾ ਵੀ ਅਨਸ ਸਰਵਰ ਪਹਿਲਾ ਸਿਆਸਤਦਾਨ ਹੈ ਜੋ ਗੈਰ ਗੋਰਾ ਹੋਣ ਦੇ ਬਾਵਜੂਦ ਪਾਰਟੀ ਦੀ ਅਗਵਾਈ ਕਰ ਰਿਹਾ ਹੈ। ਏਸ਼ੀਅਨ, ਖਾਸ ਕਰਕੇ ਮੁਸਲਿਮ ਪਿਛੋਕੜ ਵਾਲੀ ਵੋਟ ਅਨਸ ਸਰਵਰ ਦੀ ਝੋਲੀ ਵੱਡੀ ਗਿਣਤੀ ਵਿੱਚ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੀ ਵੋਟ ਵੀ ਅਨਸ ਸਰਵਰ ਰਾਹੀਂ ਲੇਬਰ ਪਾਰਟੀ ਦੇ ਖਾਤੇ ਪੈ ਸਕਦੀ ਹੈ, ਕਿਉਂਕਿ ਚੌਧਰੀ ਮੁਹੰਮਦ ਸਰਵਰ ਦੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਚ ਕੀਤੀਆਂ ਕੋਸ਼ਿਸ਼ਾਂ ਤੇ ਨਿਭਾਇਆ ਹਾਂ-ਪੱਖੀ ਰੋਲ ਵੀ ਸਿੱਖ ਭਾਈਚਾਰੇ ਨੂੰ ਵਾਇਆ ਅਨਸ ਸਰਵਰ ਹੋ ਕੇ ਲੇਬਰ ਪਾਰਟੀ ਦਾ ਸਾਥ ਦੇਣ ਲਈ ਮਜਬੂਰ ਕਰੇਗਾ। ਕਿਉਂਕਿ ਅਨਸ ਸਰਵਰ ਵੱਲੋਂ ਆਪਣੇ ਭਾਸ਼ਣ ਦੌਰਾਨ ਆਪਣੇ ਪਿਤਾ ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਨਾ ਇਹੀ ਯਾਦ ਦਿਵਾਉਣਾ ਹੈ। ਇਸ ਤਰ੍ਹਾਂ ਦਾ ਜ਼ਿਕਰ ਉਹ ਗਲਾਸਗੋ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਵੀ ਕਰ ਚੁੱਕੇ ਹਨ। 129 ਸੀਟਾਂ ‘ਤੇ ਹੋਣ ਜਾ ਰਹੇ ਸਿਆਸੀ ਦੰਗਲ ‘ਚ ਸਪੱਸ਼ਟ ਬਹੁਮਤ ਲਈ 65 ਸੀਟਾਂ ਦੀ ਲੋੜ ਰਹੇਗੀ। ਇਸ ਸਮੇਂ ਨਿਕੋਲਾ ਸਟਰਜਨ ਦੀ ਅਗਵਾਈ ‘ਚ ਸਕਾਟਿਸ਼ ਨੈਸ਼ਨਲ ਪਾਰਟੀ, ਸਕਾਟਿਸ਼ ਕੰਜਰਵੇਟਿਵ (ਡਗਲਸ ਰੌਸ), ਸਕਾਟਿਸ਼ ਲੇਬਰ (ਅਨਸ ਸਰਵਰ), ਸਕਾਟਿਸ਼ ਲਿਬਰਲ ਡੇਮੋਕ੍ਰੇਟਸ (ਵਿਲੀ ਰੈਨੀ), ਸਕਾਟਿਸ਼ ਗ੍ਰੀਨ (ਪੈਟ੍ਰਿਕ ਹਾਰਵੀ, ਲੌਰਨਾ ਸਲੇਟਰ) ਅਤੇ 3 ਨਵੀਆਂ ਪਾਰਟੀਆਂ ਵੀ ਆਪਣੀ ਜ਼ੋਰ ਅਜਮਾਈ ਕਰਨਗੀਆਂ, ਜਿਹਨਾਂ ਵਿੱਚ ਮਾਈਕਲ ਬੈਲਨਟਾਈਨ ਦੀ “ਰਿਫਾਰਮ ਯੂਕੇ”, ਸਾਬਕਾ ਫਸਟ ਮਨਿਸਟਰ ਤੇ ਸਕਾਟਿਸ਼ ਨੈਸ਼ਨਲ ਪਾਰਟੀ ਲੀਡਰ ਅਲੈਕਸ ਸਲਮੰਡ ਦੀ “ਅਲਬਾ ਪਾਰਟੀ” ਤੇ ਜਾਰਜ ਗੈਲੋਵੇਅ ਦੀ “ਆਲ ਫੌਰ ਯੂਨਿਟੀ” ਪ੍ਰਮੁੱਖ ਹਨ।

ਇਸ ਚੋਣ ਵਿੱਚ ਹਿੱਸਾ ਲੈਣ ਲਈ ਵੋਟਰਾਂ ਨੂੰ ਆਪਣੇ ਹੱਥੀਂ ਵੋਟ ਬਕਸੇ ‘ਚ ਵੋਟ ਪਾਉਣ, ਚਿੱਠੀ ਰਾਂਹੀ ਵੋਟ ਪਾਉਣ ਦੇ ਸੁਨੇਹੇ ਲੱਗ ਰਹੇ ਹਨ। ਸਭ ਤੋਂ ਵੱਡੀ ਗੱਲ ਕਿ ਇਹਨਾਂ ਚੋਣਾਂ ਵਿੱਚ ਕਿਸੇ “ਮਸ਼ੀਨ” ਦੀ ਵਰਤੋਂ ਦੀ ਬਜਾਏ ਬੈਲਟ ਪੇਪਰ ਦੀ ਵਰਤੋਂ ਹੀ ਹੋਵੇਗੀ।

ਅਪ੍ਰੈਲ ਮਹੀਨਾ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾਉਣ ਦਾ ਕੰਮ ਕਰੇਗਾ। ਟੀਵੀ ਚੈਨਲਾਂ ਦੇ ਸਟੂਡੀਓਜ਼ ਰਾਹੀਂ ਪਾਰਟੀਆਂ ਦੇ ਆਗੂ ਬਹਿਸਾਂ ਦਾ ਹਿੱਸਾ ਬਣਨਗੇ। ਜਿਸਦੀ ਗੱਲ ਵਜ਼ਨਦਾਰ ਹੋਵੇਗੀ, ਜੋ ਲੋਕਾਂ ਦੇ ਦਿਲਾਂ ਦੀ ਤਾਰ ਛੂਹ ਜਾਵੇਗਾ, ਉਹੀ ਉਹਨਾਂ ਦੇ “ਮਤ ਦਾ ਦਾਨ” ਹਾਸਲ ਕਰ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ 6 ਮਈ ਨੂੰ “ਇੱਕ ਦਿਨ ਦਾ ਰਾਜਾ- ਵੋਟਰ” ਕਿਸ ਕਿਸ ਦੀ ਕਿਸਮਤ ਬਦਲੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>