ਜੌਰਡਨ ਵਿਖੇ ਤਾਇਕਵਾਡੋਂ ਪੈਰਾਉਲੰਪਿਕ ਕੁਆਲੀਫ਼ੀਕੇਸ਼ਨ ਰਾਊਂਡ ਲਈ ਭਾਰਤ ਦੀ ਨੁਮਾਇੰਗੀ ਕਰੇਗੀ ਚੰਡੀਗੜ੍ਹ ਯੂਨੀਵਰਸਿਟੀ ਦੀ ਖਿਡਾਰਣ

ਦੇਸ਼ ਦਾ ਵਧਾਇਆ ਮਾਣ : ਕੁਆਲੀਫ਼ੀਕੇਸ਼ਨ ਰਾਊਂਡ ’ਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਪੈਰਾਉਲੰਪਿਕ ਖਿਡਾਰਣ ਬਣੀ
ਜੇਕਰ ਤੁਹਾਡਾ ਜਨੂੰਨ, ਮਿਹਨਤ, ਲਗਨ, ਇਰਾਦਾ ਪਰਪੱਕ ਹੈ ਤਾਂ ਸਰੀਰਕ ਚਣੌਤੀਆਂ ਵੀ ਤੁਹਾਡੇ ਰਾਹ ਦਾ ਰੋੜਾ ਨਹੀਂ ਬਣ ਸਕਦੀਆਂ, ਇਹ ਕਥਨ ਸਿੱਧ ਕੀਤਾ ਹੈ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਪੀ.ਐਡ ਦੀ ਵਿਦਿਆਰਥਣ ਅਤੇ ਹੋਣਹਾਰ ਖਿਡਾਰਣ ਅਰੁਣਾ ਤੰਵਰ ਨੇ। ਅਰੁਣਾ ਤੰਵਰ ਦੇਸ਼ ਦੀ ਪਹਿਲੀ ਮਹਿਲਾ ਖਿਡਾਰਣ ਹੈ ਜਿਸ ਨੇ ਤਾਇਕਵਾਡੋਂ ਪੈਰਾਉਲੰਪਿਕ ਕੁਆਲੀਫ਼ੀਕੇਸ਼ਨ ਰਾਊਂਡ ’ਚ ਜਗ੍ਹਾ ਬਣਾਈ ਹੈ, ਜਿਥੇ ਉਸਦੀ ਜਿੱਤ ‘ਟੋਕਿਉ ਪੈਰਾਉਲੰਪਿਕਸ’ ’ਚ ਜਾਣ ਲਈ ਰਾਹ ਪੱਧਰਾ ਕਰੇਗੀ, ਜੋ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ ਹੋਵੇਗੀ। ਸਪੋਰਟਸ ਅਥਾਰਟੀ ਆਫ਼ ਇੰਡੀਆ, ਲਖਨਊ ਵੱਲੋਂ ਤਾਇਕਵਾਡੋਂ ਪੈਰਾਉਲੰਪਿਕ ਕੁਆਲੀਫ਼ੀਕੇਸ਼ਨ ਰਾਊਂਡ ਲਈ ਅਰੁਣਾ ਤੰਵਰ ਦੀ ਚੋਣ ਕੀਤੀ ਗਈ ਹੈ। ਤਾਇਕਵਾਡੋਂ ਪੈਰਾਉਲੰਪਿਕ ਕੁਆਲੀਫ਼ੀਕੇਸ਼ਨ ਮੁਕਾਬਲੇ 21 ਮਈ, 2021 ਨੂੰ ਜੌਰਡਨ ਵਿਖੇ ਹੋਣਗੇ, ਜਿਸ ’ਚ ਅਰੁਣਾ ਕੇ-43 ਅੰਡਰ-49 ਵਰਗ ਅਧੀਨ ਮੁਕਾਬਲੇ ਖੇਡੇਗੀ।

Press Pic 1(2).resized

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦਿਨੌੜ ’ਚ ਜਨਮੀ ਅਰੁਣਾ ਤੰਵਰ, ਜਨਮ ਵੇਲੇ ਤੋਂ ਹੱਥਾਂ ਤੋਂ ਅਪਾਹਜ ਸੀ, ਉਸਦੇ ਹੱਥਾਂ ਅਤੇ ਉਂਗਲੀਆਂ ਦਾ ਆਕਾਰ ਬਹੁਤ ਛੋਟਾ ਸੀ। ਪ੍ਰੰਤੂ ਛੋਟੀ ਉਮਰ ਤੋਂ ਹੀ ਉਸਨੇ ਸਰੀਰਕ ਅਪਾਹਜਤਾ ਕਾਰਨ ਢੇਰੀ ਨਹੀਂ ਢਾਹੀ ਕਿਉਂਕਿ ਉਹ ਮੰਜਿਲਾਂ ਦੀ ਮਹੁਤਾਜ਼ ਸੀ। ਖੇਡਾਂ ਪ੍ਰਤੀ ਉਸਦੀ ਲਗਨ ਅਤੇ ਦਿ੍ਰੜਤਾ ਨੇ ਉਸਨੂੰ ਐਨਾ ਮਜ਼ਬੂਤ ਬਣਾਇਆ ਕਿ ਅੱਜ ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਦਰਜ ਕਰਵਾਕੇ ਦੇਸ਼ ਦਾ ਨਾਮ ਬੁਲੰਦੀਆਂ ’ਤੇ ਪਹੁੰਚਾਇਆ ਹੈ।ਬਤੌਰ ਪ੍ਰਾਈਵੇਟ ਡਰਾਈਵਰ ਨੌਕਰੀ ਕਰਦੇ ਪਿਤਾ ਨਰੇਸ਼ ਤੰਵਰ ਅਤੇ ਮਾਤਾ ਸੋਨੀਆ ਤੰਵਰ ਨੂੰ ਅਰੁਣਾ ਤੰਵਰ ਦੇ ਪਰਪੱਕ ਇਰਾਦਿਆਂ ਅਤੇ ਹੌਸਲੇ ਨੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਦੀ ਬੇਟੀ ਅਪਾਹਜ ਹੈ।

ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕਾਬਲਿਆਂ ’ਚ ਅਰੁਣਾ ਨੇ ਜਿੱਤਾਂ ਦਰਜ ਕਰਵਾਕੇ ਜਿੱਥੇ ਦੇਸ਼ ਦਾ ਨਾਮ ਰੌਸ਼ਨਾਇਆ ਹੈ ਉਥੇ ਹੀ ਨੈਸ਼ਨਲ ਪੱਧਰ ’ਤੇ ਨੰਬਰ 1 ਰੈਂਕ ਹਾਸਲ ਕੀਤਾ ਹੈ ਅਤੇ ਨਾਲ ਹੀ ਅੰਤਰਰਾਸ਼ਟਰੀ ਪੱਧਰ ’ਤੇ ’ਵਰਲਡ ਤੀਜਾ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਸਾਲ 2017-18 ਦੀ 15ਵੀਂ ਪੈਰਾਉਲੰਪਿਕ ਚੈਂਪੀਅਨਸ਼ਿਪ ਦੌਰਾਨ ਜਿੱਥੇ ਗੋਲਡ ਮੈਡਲ ਆਪਣੇ ਨਾਮ ਕੀਤਾ ਉਥੇ ਹੀ 2018 ’ਚ ਵੇਤਨਾਮ ਵਿਖੇ ਹੋਈ ਏਸ਼ੀਅਨ ਪੈਰਾਤਾਇਕਵਾਡੋਂ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗ਼ਾ ਦੇਸ਼ ਦੀ ਝੋਲੀ ਪਾਇਆ। ਇਸੇ ਤਰ੍ਹਾਂ ਕੋਰੀਆ ਇੰਟਰਨੈਸ਼ਨਲ ਗੇਮਜ਼ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਹਾਸਲ ਕਰਕੇ ਸਮੁੱਚੇ ਦੇਸ਼ ਦਾ ਸਿਰ ਮਾਣ ਨਾਲ ਉਪਰ ਚੁੱਕਿਆ।

ਇਸ ਤੋਂ ਇਲਾਵਾ ਅਰੁਣਾ ਨੇ 31 ਜਨਵਰੀ, 2021 ਨੂੰ ਤੀਜੀ ਪੈਰਾਤਾਇਕਵਾਂਡੋ ਹਰਿਆਣਾ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਮਗ਼ਾ ਆਪਣੇ ਨਾਮ ਕੀਤਾ ਹੈ। ਸਾਲ 2017, 2018 ਅਤੇ 2019 ਦੌਰਾਨ ਲਗਾਤਾਰ ਤਿੰਨ ਸਾਲ ਨੈਸ਼ਨਲ ਪੈਰਾਤਾਇਕਵਾਂਡੋਂ ਗੋਲਡ ਮੈਡਲਿਸਟ ਰਹਿਣ ਦਾ ਮਾਣ ਵੀ ਅਰੁਣਾ ਹਿੱਸੇ ਆਇਆ ਹੈ। ਇਸ ਤੋਂ ਇਲਾਵਾ ਤੁਰਕੀ ’ਚ ਹੋਈ 8ਵੀਂ ਵਰਲਡ ਪੈਰਾਤਾਇਕਵਾਂਡੋ ਚੈਂਪੀਅਨਸ਼ਿਪ-2019 ’ਚ ਵੀ ਕਾਂਸੀ ਦਾ ਤਮਗਾ ਦੇਸ਼ ਦੀ ਝੋਲੀ ਪਾ ਚੁੱਕੀ ਹੈ। ਜਰਡਨ ’ਚ ਹੋਈ ਅੰਮਾਨ ਏਸ਼ੀਅਨ ਪੈਰਾਤਾਇਕਵਾਂਡੋ ਚੈਂਪੀਅਨਸ਼ਿਪ 2019 ’ਚ ਬ੍ਰਾਂਜ਼ ਮੈਡਲ ਹਾਸਲ ਕਰਨ ਤੋਂ ਇਲਾਵਾ ਕਿਮਜੌਂਗ ਕੱਪ ਇੰਟਰਨੈਸ਼ਨਲ ਪੈਰਾਤਾਇਕਵਾਡੋਂ ਚੈਂਪੀਅਨਸ਼ਿਪ-2018 ’ਚ ਗੋਲਡ ਮੈਡਲ ਹਾਸਲ ਕਰਕੇ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਅਰੁਣਾ ਤੰਵਰ ਨੇ ਦੱਸਿਆ ਕਿ ਉਸਦਾ ਸੁਪਨਾ ਹੈ ਕਿ ਉਹ ਟੋਕਿਉ ਪੈਰਾਉਲੰਪਿਕਸ ’ਚ ਜਿੱਤ ਦਰਜ ਕਰਵਾਕੇ ਦੇਸ਼ ਦਾ ਨਾਮ ਰੌਸ਼ਨ ਕਰੇ, ਜਿਸ ਲਈ ਉਸਨੇ ਜ਼ੋਸ਼ੋ ਖਰੋਸ਼ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉਸ ਨੂੰ ਸੰਪੂਰਨ ਸਹਿਯੋਗ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ’ਚ 100 ਫ਼ੀਸਦੀ ਸਕਾਲਰਸ਼ਿਪ ਸਮੇਤ ਸਿਹਤਮੰਦ ਭੋਜਨ ਲਈ ਡਾਈਟ ਫ਼ੀਸ ਵੀ ਦਿੱਤੀ ਜਾ ਰਹੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ’ਵਰਸਿਟੀ ਦੇ ਵਿਦਿਆਰਥੀ ਜਿੱਥੇ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਦਰਜ ਕਰਵਾ ਰਹੇ ਹਨ ਉਥੇ ਹੀ ਖੇਡਾਂ ਸਮੇਤ ਹੋਰਨਾਂ ਗਤੀਵਿਧੀਆਂ ’ਚ ਉਤਸ਼ਾਹਪੂਰਵਕ ਹਿੱਸਾ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ’ਵਰਸਿਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਅਰੁਣਾ ਤੰਵਰ ਨੂੰ ਜੌਰਡਨ ਵਿਖੇ ਹੋਣ ਵਾਲੇ ਕੁਆਲੀਫ਼ਿਕੇਸ਼ਨ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>