ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉੱਤਰ ਭਾਰਤ ਦੇ ਪਹਿਲੇ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ ‘ਸੀਯੂਸੈਟ’ ਦਾ ਆਗ਼ਾਜ਼

ਮੌਜੂਦਾ ਸਮੇਂ ’ਚ ਜੋ ਦੁਨੀਆਂ ’ਚ ਚੱਲ ਰਿਹਾ ਹੈ, ਉਸ ਨੂੰ ਸਮਝਣਾ ਸਮੇਂ ਦੀ ਲੋੜ ਹੈ। ਜੇਕਰ ਤੁਸੀਂ ਸਪਲਾਈ ਚੇਨ ਦੇ ਹਰ ਪਹਿਲੂ ’ਤੇ ਕੰਮ ਕਰਦੇ ਹੋ ਅਤੇ ਇਸ ਨੂੰ ਸਮਝ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਚੈਂਪੀਅਨ ਹੋ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਸਰੋ ਦੇ ਸਾਬਕਾ ਪ੍ਰੋਫੈਸਰ ਅਤੇ ਡੀ.ਓ.ਐਸ ਅਤੇ ਚੇਅਰਮੈਨ, ਬੀ.ਓ.ਜੀ ਐਨ.ਆਈ.ਟੀ ਮਨੀਪੁਰ ਪਦਮਸ਼੍ਰੀ ਡਾ. ਵਾਈ.ਐਸ ਰਾਜਨ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਪੁਲਾੜ ਖੇਤਰ ਸਬੰਧੀ ਖੋਜ ਕਾਰਜਾਂ ਦੀ ਅਹਿਮੀਅਤ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ ‘ਸੀਯੂਸੈਟ’ ਆਗ਼ਾਜ਼ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੇ ਸੈਟੇਲਾਈਟ ਸਿਸਟਮ ਡਿਜ਼ਾਈਨ ਐਂਡ ਬਿਲਡਿੰਗ ’ਤੇ ਆਧਾਰਿਤ ਕੋਰਸ ਸ਼ੁਰੂਆਤ ਕੀਤੀ ਹੈ।

CUSAT.resized

ਉਦਘਾਟਨੀ ਸਮਾਗਮ ’ਚ, ਇਸਰੋ ਹੈਡਕੁਆਟਰ ਵਿਖੇ ਐਡਵਾਂਸਡ ਟੈਕਨਾਲੋਜੀ ਐਂਡ ਪਲਾਨਿੰਗ ਦੇ ਡਾਇਰੈਕਟਰ ਪਦਮਸ਼੍ਰੀ ਪ੍ਰੋ. ਆਰ.ਐਮ ਵਸਾਗਮ ਅਤੇ ਚੰਦਰਯਾਨ-1 ਅਤੇ ਮੰਗਲਯਾਨ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਮੂਨ ਮੈਨ ਆਫ਼ ਇੰਡੀਆ ਦੇ ਨਾਮ ਨਾਲ ਪ੍ਰਸਿੱਧ ਪਦਮਸ਼੍ਰੀ ਡਾ. ਐਮ. ਅਨਾਦੁਰਾਈ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੋ. ਚਾਂਸਲਰ ਡਾ. ਆਰ.ਐਸ ਬਾਵਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣਾ ਸੈਟੇਲਾਈਟ ਲਾਂਚ ਕਰ ਰਹੀ ਹੈ ਅਤੇ ਪੰਜਾਬ ਸਿੱਖਿਆ ਦੇ ਖੇਤਰ ਤੋਂ ਇਲਾਵਾ ਉਦਯੋਗਿਕ ਅਤੇ ਖੋਜ ਖੇਤਰ ’ਚ ਵੀ ਚੰਗੇ ਕਾਰਜ ਉਲੀਕ ਰਿਹਾ ਹੈ।ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਤੁਸੀਂ ਕਿਸੇ ਵੀ ਚਣੌਤੀ ਲਈ ਤਿਆਰ ਹੋ, ਤਾਂ ਤੁਸੀਂ ਉਤਪਾਦ ਚੈਂਪੀਅਨ ਹੋ।ਪੁਲਾੜ ਤਕਨਾਲੋਜੀ ਸਿਰਫ਼ ਉਪਗ੍ਰਹਿ ਬਣਾਉਣ ਤੱਕ ਸੀਮਤ ਨਹੀਂ ਬਲਕਿ ਇਸ ਤੋਂ ਇੱਕ ਕਦਮ ਅੱਗੇ ਵੱਧ ਕੇ ਵਿਸ਼ਵਵਿਆਪੀ ਪੱਧਰ ’ਤੇ ਹਰ ਸਮੱਸਿਆ ਦੇ ਹੱਲ ਲਈ ਤਕਨਾਲੋਜੀ ਦੀ ਵਰਤੋਂ ਕਰਨਾ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਦੌਰ ’ਚ ਸਿੰਪੋਜ਼ੀਅਮ, ਵੈਬਿਨਾਰ ਅਤੇ ਕਾਨਫ਼ਰੰਸਾਂ ਜ਼ਰੂਰੀ ਹੋ ਗਈਆਂ ਹਨ।ਉਨ੍ਹਾਂ ਕਿਹਾ ਕਿ ਭਾਰਤ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਅੱਜ ਕੱਲ੍ਹ ਜ਼ਿਆਦਾਤਰ ਕੰਪਨੀਆਂ ਕੁਸ਼ਲ ਨੌਜਵਾਨਾਂ ਦੀ ਚੋਣ ਕਰ ਰਹੀਆਂ ਹਨ।ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਅਸਫ਼ਲਤਾ ਤੋਂ ਡਰਨ ਦੀ ਬਜਾਏ ਅੱਗੇ ਵਧਣਾ ਜ਼ਰੂਰੀ ਹੈ ਜਦਕਿ ਇਹ ਇੱਕ ਸੰਚਾਰ ਪ੍ਰਣਾਲੀ ਵੀ ਹੋ ਸਕਦੀ ਹੈ, ਜਿਸ ਦੀ ਗੁਣਵੱਤਾ, ਨਿਯੰਤਰਣ ਅਤੇ ਸਮੱਗਰੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ’ਚ ਵਿਕਾਸ ਕਰਨ ਲਈ ਪ੍ਰੇਰਿਆ।

ਇਸ ਮੌਕੇ ਕਲਪਨਾ ਚਾਵਲਾ, ਸਤੀਸ਼ ਧਵਨ ਵਰਗੇ ਭਾਰਤੀ ਵਿਗਿਆਨੀਆਂ ਪ੍ਰਤੀ ਸਤਿਕਾਰ ਜ਼ਾਹਿਰ ਕਰਦਿਆਂ ਪਦਮਸ਼੍ਰੀ ਪ੍ਰੋ. ਆਰ.ਐਮ ਵਸਾਗਮ ਨੇ ਕਿਹਾ ਕਿ ਇਨ੍ਹਾਂ ਮਹਾਨ ਵਿਗਿਆਨੀਆਂ ਨੇ ਭਾਰਤੀ ਪੁਲਾੜ ਪ੍ਰੋਗਰਾਮ ਨੂੰ ਇੱਕ ਉੱਚ ਮੁਕਾਮ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਸਾਨੂੰ ਘਰੇਲੂ ਮਸਲਿਆਂ ਜਿਵੇਂ ਸਰਹੱਦੀ ਸੁਰੱਖਿਆ, ਖੇਤੀਬਾੜੀ, ਪ੍ਰਦੂਸ਼ਣ, ਪਾਣੀ ਸਬੰਧੀ ਸਮੱਸਿਆਵਾਂ ਦੇ ਤਕਨੀਕੀ ਹੱਲਾਂ ਵੱਲ=ਅਲਤਬਸ ਵੀ ਧਿਆਨ ਦੇਣਾ ਚਾਹੀਦਾ ਹੈ।ਜੇਕਰ ਤੁਸੀਂ ਸਥਾਨਕ ਪੱਧਰ ’ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ’ਚ ਸਫ਼ਲ ਹੁੰਦੇ ਹੋ ਤਾਂ ਇਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲਾਗੂ ਕਰਨਾ ਆਸਾਨ ਹੋਵੇਗਾ।ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਨੂੰ ਦੇਸ਼ ਦੀਆਂ ਅਸਲ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪਾਠਕ੍ਰਮ ਨੂੰ ਬਦਲਣਾ ਹੋਵੇਗਾ, ਤਾਂ ਜੋ ਨੌਜਵਾਨ ਭਾਰਤੀ ਪੁਲਾੜ ਮਿਸ਼ਨਾਂ ਦੀ ਅਸਫ਼ਲਤਾ ਦੇ ਮੁੱਦਿਆਂ ਨੂੰ ਡੂੰਘਾਈ ਨਾਲ ਸਮਝ ਸਕਣ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਸੈਟੇਲਾਈਟ ਪ੍ਰੋਗਰਾਮ ਸ਼ੁਰੂ ਕਰਨਾ ਸ਼ਲਾਘਾਯੋਗ ਹੈ, ਜਿਸ ਨਾਲ ਨੌਜਵਾਨਾਂ ਨੂੰ ਇਸ ਖੇਤਰ ਨਾਲ ਸਬੰਧਿਤ ਹਰ ਤੱਥ ਨੂੰ ਸਮਝਣ ’ਚ ਸਹਾਇਤਾ ਮਿਲੇਗੀ।

ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਦਮਸ਼੍ਰੀ ਡਾ. ਐਮ. ਅਨਾਦੁਰਾਈ ਨੇ ਕਿਹਾ ਕਿ ਬੇਸ਼ੱਕ ਅਜੋਕੇ ਸਮੇਂ ’ਚ ਅਮਰੀਕਾ ਅਤੇ ਰੂਸ ਪੁਲਾੜ ਤਕਨਾਲੋਜੀ ਦੇ ਖੇਤਰ ’ਚ ਬਹੁਤ ਅੱਗੇ ਹਨ, ਪਰ ਭਾਰਤ ਵੀ ਤਕਨਾਲੋਜੀ ਅਤੇ ਖੋਜ਼ ਖੇਤਰ ’ਚ ਵੱਡੀ ਤਾਕਤ ਵਜੋਂ ਉਭਰਿਆ ਹੈ।ਸਾਨੂੰ ਉਦਮਤਾ ਅਤੇ ਖੋਜ਼ ਦੀ ਸ਼ਕਤੀ ਨੂੰ ਪਛਾਣਨਾ ਹੋਵੇਗਾ ਅਤੇ ਤਕਨਾਲੋਜੀ ਦੇ ਖੇਤਰ ਤੋਂ ਚਾਰ ਕਦਮ ਅੱਗੇ ਵੱਧ ਕੇ ਕੰਮ ਕਰਨਾ ਪਵੇਗਾ।ਚੰਡੀਗੜ੍ਹ ਯੂਨੀਵਰਸਿਟੀ ਇੱਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਵਿਦਿਆਰਥੀ ਸੈਟੇਲਾਈਟ ਬਣਾਉਣਾ ਸਿਖਣਗੇ।ਉਨ੍ਹਾਂ ਕਿਹਾ ਕਿ ਇਹ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਇਸ ਕੋਰਸ ਵਿੱਚ ਵਿਦਿਆਰਥੀ ਸੈਟੇਲਾਈਟ ਨਾਲ ਜੁੜ ਹਰ ਪਹਿਲੂ ਬਾਰੇ ਤਜ਼ਰਬਾ ਅਤੇ ਸਿਖਲਾਈ ਪ੍ਰਾਪਤ ਕਰਨਗੇ।ਉਨ੍ਹਾਂ ਕਿਹਾ ਕਿ ਇਹ ਕੋਰਸ ਯੂਨੀਵਰਸਿਟੀ ਅਤੇ ਵੱਖ-ਵੱਖ ਟੀਮਾਂ ਦੀ ਅਗਵਾਈ ਹੇਠ ਇੱਕ ਵਧੀਆ ਉਪਰਾਲਾ ਹੈ।ਨੌਜਵਾਨ ਇੰਜੀਨੀਅਰ ਭਵਿੱਖ ਦੇ ਇੰਜੀਨੀਅਰ ਹਨ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਯਤਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਮਹੱਤਵਪੂਰਣ ਸਿੱਧ ਹੋਣਗੇ।

ਇਸ ਮੌਕੇ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਚਾਰ ਮਹੀਨੇ ਦੀ ਮਿਆਦ ਵਾਲੇ ਕੋਰਸ ’ਚ ਵਿਦਿਆਰਥੀਆਂ ਨੂੰ ਸੈਟੇਲਾਈਟ ਪ੍ਰਣਾਲੀਆਂ ਦੀ ਸਿਖਲਾਈ, ਸੈਟੇਲਾਈਟ ਟੈ੍ਰਕਿੰਗ ਅਤੇ ਸੰਚਾਰ ਸਿਖਲਾਈ, ਐਂਟੀਨਾ ਡਿਜ਼ਾਈਨ ਅਤੇ ਸਿਮੂਲੇਸ਼ਨ, ਟੈਲੀਮੈਟਰੀ ਕਮਿਊਨੀਕੇਸ਼ਨ (ਐਨਾਲਾਗ ਅਤੇ ਡਿਜੀਟਲ) ਅਤੇ ਟੈਲੀਕਮਾਂਡ ਅਤੇ ਗਰਾਉਂਡ ਸਟੇਸ਼ਨ ਦੇ ਸੰਚਾਲਨ ਸਬੰਧੀ ਤਜ਼ਰਬਾ ਅਤੇ ਸਮਝ ਪ੍ਰਦਾਨ ਕਰਵਾਕੇ ਖੋਜ ਖੇਤਰ ’ਚ ਹੁਨਰਮੰਦ ਬਣਾਇਆ ਜਾਵੇਗਾ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਦੀ ਮੁਹਿੰਮ ’ਲੋਕਾਂ ਲਈ ਇਨੋਵੇਸ਼ਨ ਅਤੇ ਲੋਕਾਂ ਦੁਆਰਾ’ ’ਚ ਹਿੱਸਾ ਲੈਂਦਿਆਂ ‘ਸੀਯੂਸੈਟ’ ਨਾਮਕ ਨੈਨੋ ਸੈਟੇਲਾਈਟ ਦਾ ਨਿਰਮਾਣ ਕੀਤਾ ਜਾਵੇਗਾ ਜੋ ਭਾਰਤ ਦੁਆਰਾ ਸਾਲ 2022 ਤੱਕ ਲਾਂਚ ਕੀਤੇ ਜਾਣ ਵਾਲੇ 72 ਸੈਟੇਲਾਈਟਾਂ ਵਿਚੋਂ ਇੱਕ ਹੋਵੇਗਾ।ਚੰਡੀਗੜ੍ਹ ਯੂਨੀਵਰਸਿਟੀ ਸੈਟੇਲਾਈਟ ਨਿਰਮਾਣ ’ਤੇ ਨਿਰੰਤਰ ਕਾਰਜ ਕਰੇਗੀ, ਜਿਸ ਦੇ ਸਤੰਬਰ 2021 ਤੱਕ ਮੁਕੰਮਲ ਹੋਣ ਦੀ ਉਮੀਦ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>