ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਮੁੜ ਤੋਂ 100 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ

Pic-1 (1).resizedਚੰਡੀਗੜ੍ਹ – ਦੇਸ਼ ਵਿਆਪੀ ਪੱਧਰ ’ਤੇ ਕੋਰੋਨਾ ਦੀ ਦੂਜੀ ਲਹਿਰ ਨੇ ਮਾਰੂ ਰੂਪ ਅਖਤਿਆਰ ਕਰ ਲਿਆ ਹੈ, ਜਿਸ ਚਲਦੇ ਦੇਸ਼ ’ਚ ਆਏ ਦਿਨ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੇਕਰ ਕੋਰੋਨਾ ਮਰੀਜ਼ਾਂ ਦੀ ਗੱਲ ਕਰੀਏ ਤਾਂ ਦੇਸ਼ ’ਚ ਬੀਤੇ ਦਿਨ ਦੇ ਅੰਕੜਿਆਂ ਮੁਤਾਬਕ ਇੱਕ ਦਿਨ ’ਚ ਕੋਰੋਨਾ ਦੇ 4.20 ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ ਸੂਬੇ ’ਚ ਹੁਣ ਤੱਕ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਪਾਰ ਕਰ ਗਈ ਹੈ। ਪੰਜਾਬ ’ਚ ਬੀਤੇ ਦਿਨ 8 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ ਹੁਣ ਤੱਕ 8630 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਨ੍ਹਾਂ ਭਿਆਨਕ ਹਾਲਾਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਮੁੜ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਲਈ ਹੱਥ ਅੱਗੇ ਕੀਤਾ ਗਿਆ ਹੈ।’ਵਰਸਿਟੀ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀ ਗਰੀਸ਼ ਦਿਆਲਨ (ਆਈ.ਏ.ਐਸ) ਦੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੇ ਸਹਿਯੋਗ ਨਾਲ ਮੁੜ ਤੋਂ 100 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਕੀਤਾ ਗਿਆ ਹੈ।ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਮੈਡੀਕਲ ਉਪਕਰਨਾਂ, ਪੀ.ਪੀ.ਈ ਕਿੱਟਾਂ, ਸੈਨੀਟੇਸ਼ਨ ਸਮੇਤ ਡਾਕਟਰੀ ਅਤੇ ਪੈਰਾਮੈਡੀਕਲ ਟੀਮਾਂ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ।

ਜ਼ਿਲ੍ਹੇ ’ਚ ਵੱਧ ਰਹੀ ਕੋਰੋਨਾ ਮਾਮਲਿਆਂ ਦੀ ਗਿਣਤੀ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 100 ਬੈਡਾਂ ਦੀ ਸਮੱਰਥਾ ਵਾਲਾ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਲੋੜ ਪੈਣ ’ਤੇ 2000 ਬੈਡਾਂ ਦੀ ਸਮੱਰਥਾ ਤੱਕ ਵਧਾਇਆ ਜਾ ਸਕਦਾ ਹੈ। ’ਵਰਸਿਟੀ ਵੱਲੋਂ 28 ਮਾਰਚ, 2021 ਤੋਂ ਕੋਵਿਡ ਕੇਅਰ ਸੈਂਟਰ ਮੁੜ ਤੋਂ ਸੇਵਾਵਾਂ ਲਈ ਚਾਲੂ ਕੀਤਾ ਗਿਆ ਹੈ, ਜਿਸ ’ਚ ਹੁਣ ਤੱਕ 103 ਦੇ ਕਰੀਬ ਕੋਰੋਨਾ ਮਰੀਜ਼ ਇਲਾਜ ਲਈ ਆ ਚੁੱਕੇ ਹਨ।ਇਨ੍ਹਾਂ ਮਰੀਜ਼ਾਂ ਵਿਚੋਂ 83 ਦੇ ਕਰੀਬ ਮਰੀਜ਼ ਸਿਹਤਯਾਬ ਹੋ ਕੇ ਘਰ ਚਲੇ ਗਏ ਹਨ ਅਤੇ 20 ਕੋਰੋਨਾ ਮਰੀਜ਼ ਹਾਲੇ ਜ਼ੇਰੇ ਇਲਾਜ ਹਨ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਮਰੀਜ਼ਾਂ ਦੇ ਭੋਜਨ, ਸਾਫ਼-ਸਫ਼ਾਈ, ਪੀ.ਪੀ.ਈ ਕਿੱਟਾਂ, ਦਵਾਈਆਂ ਆਦਿ ’ਤੇ ਪ੍ਰਤੀ ਮਹੀਨਾ 10 ਤੋਂ 12 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਕੋਵਿਡ ਕੇਅਰ ਸੈਂਟਰ’ਚ ਮਰੀਜ਼ਾਂ ਲਈ ਮੁਫ਼ਤ ਮਿਆਰਾ ਭੋਜਨ, ਆਕਸੀਜਨ ਸਹੂਲਤਾਂ, ਮੁਫ਼ਤ ਇੰਟਰਨੈਟ ਸੇਵਾ ਨਾਲ-ਨਾਲ ਸਫ਼ਾਈ ਸੇਵਾਵਾਂ, ਪੀ.ਪੀ.ਈ ਕਿੱਟਾਂ, ਲੋੜੀਂਦੀਆਂ ਦਵਾਈਆਂ, ਸੈਨੀਟੇਸ਼ਨ ਸਹੂਲਤਾਂ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਕੋਵਿਡ ਕੇਅਰ ਸੈਂਟਰ ’ਚ 3 ਮੈਂਬਰੀ ਡਾਕਟਰੀ ਟੀਮ, 8 ਨਰਸਾਂ ਅਤੇ 3 ਫ਼ਾਰਮਾਸਿਸਟ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ’ਵਰਸਿਟੀ ਦੇ 50 ਮੁਲਾਜ਼ਮਾਂ ਦੀ ਟੀਮ 24 ਘੰਟੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ, ਜਿਸ ’ਚ ਪੈਰਾ ਮੈਡੀਕਲ ਸਟਾਫ਼, ਫ਼ਾਰਮਾਸਿਸਟ, ਸਫ਼ਾਈ ਮੁਲਾਜ਼ਮ, ਸੁਰੱਖਿਆ ਮੁਲਾਜ਼ਮ ਸ਼ਾਮਲ ਹਨ, ਜੋ ਲਗਤਾਰ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ’ਵਰਸਿਟੀ ਵੱਲੋਂ ਕੂੜਾ-ਕਰਕਟ ਪ੍ਰਬੰਧਨ, ਸ਼ੁੱਧ ਪਾਣੀ ਸਮੇਤ ਐਂਬੂਲੈਂਸ ਸੇਵਾਵਾਂ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇੱਕ ਸੰਸਥਾ ਹੋਣ ਦੇ ਨਾਤੇ ਸਾਡੀ ਸਮਾਜ ਪ੍ਰਤੀ ਵੀ ਜ਼ੁੰਮੇਵਾਰੀ ਬਣਦੀ ਹੈ। ਇਸੇ ਜ਼ੁੰਮੇਵਾਰੀ ਦੇ ਤਹਿਤ 100 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਕੋਰੋਨਾ ਮਰੀਜ਼ਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਦੀ ਸਮਰੱਥਾ ਲੋੜ ਪੈਣ ’ਤੇ 2000 ਬੈਡਾਂ ਤੱਕ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 5 ਅਗਸਤ, 2020 ਤੋਂ ਅਕਤੂਬਰ 2020 ਤੱਕ 200 ਬਿਸਤਰਿਆਂ ਅਤੇ ਏਕਾਂਤਵਾਸ ਲਈ 1000 ਬੈਂਡਾਂ ਦੀ ਆਈਸੋਲੇਸ਼ਨ ਸਹੂਲਤ ਸਥਾਪਿਤ ਕੀਤੀ ਗਈ ਸੀ, ਜਿਸ ’ਚ ਵੱਡੇ ਪੱਧਰ ’ਤੇ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>