“ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?”

ਆਧੁਨਿਕ ਯੁੱਗ ਦੇ ਵਿਚ ਨਿੱਜਤਾ ਛਿੱਕੇ ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਪਰ, ਪਰਦੇ ਦਾ ਮਤਲਬ ਸਮਝਦੇ ਸਨ। ਉਹ ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸਨ। ਪਰ ਅੱਜ ਹਰ ਕੋਈ ਆਪਣੇ ਪੋਤੜੇ ਜੱਗ ਦੇ ਸਾਹਮਣੇ ਫਿਰੋਲਣ ‘ਚ ਵਡਿਆਈ ਮਹਿਸੂਸ ਕਰਦਾ ਹੈ। ਹੋ ਸਕਦਾ ਇਸੇ ਨੂੰ ਪੀੜ੍ਹੀਆਂ ਦਾ ਪਾੜਾ (ਜਨਰੇਸ਼ਨ ਗੈਪ) ਕਿਹਾ ਜਾਂਦਾ ਹੋਵੇ? ਹੋ ਸਕਦਾ ਪੜ੍ਹਨ ਲਿਖਣ ਨਾਲ ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਕੇ ਇਹ ਕਹਿੰਦਾ ਹੋਵੇ ਕਿ ਨਿੱਜਤਾ ਦਾ ਜਨਾਜ਼ਾ ਕੱਢਣ ਵਾਲਾ ਹੀ ਮਹਾਨ ਹੁੰਦਾ ਹੈ। ਪਰ ਇਸ ਦਾ ਦੂਜਾ ਪੱਖ ਵੀ ਹੈ ਉਹ ਵੀ ਵਿਚਰਾਂਗੇ ਇਸ ਲੇਖ ‘ਚ ਅਤੇ ਆਪ ਸਭ ਅੱਗੇ ਇਕ ਬੇਨਤੀ ਕਰਾਂਗੇ। ਜੇ ਕਰ ਮੰਨੋ ਤਾਂ ਭਲਾ, ਜੇ ਨਾ ਮੰਨੋ ਤਾਂ ਵੀ ਭਲਾ।

ਨਿੱਜਤਾ ਨੂੰ ਦੋ ਹਿੱਸਿਆਂ ‘ਚ ਵੰਡਦੇ ਹਾਂ ਇਕ ਆਪਣੀ ਤੇ ਇਕ ਦੂਜੇ ਦੀ(ਵੈਸੇ ਨਿੱਜਤਾ ਸ਼ਬਦ ਨਿਜ ਤੋਂ ਹੋਂਦ ‘ਚ ਆਇਆ ਹੈ  ਸੋ ਸ਼ਾਇਦ ਇੱਥੇ ਦੂਜੇ ਲਈ ਇੰਝ ਨਹੀਂ ਵਰਤਿਆ ਜਾ ਸਕਦਾ ਪਰ ਅਸੀਂ ਇੱਥੇ ਇਸ ਨੂੰ ਪ੍ਰਾਈਵੇਸੀ ਤੋਂ ਲੈ ਰਹੇ ਹਾਂ)।
ਆਪਣੀ ਨਿੱਜਤਾ ਤੇ ਤੁਹਾਨੂੰ ਪੂਰਾ ਅਧਿਕਾਰ ਹੈ। ਸੋ ਇਸ ਤੇ ਗੱਲ ਕਰਨ ‘ਚ ਸਮਾਂ ਜਾਇਆ ਨਹੀਂ ਕਰਾਂਗੇ। ਦੂਜੇ ਦੀ ਨਿੱਜਤਾ ਵੀ ਅੱਗੇ ਦੋ ਕਿਸਮ ਦੀ ਹੁੰਦੀ ਹੈ ਇਕ ਜਿਉਂਦੇ ਜੀ ਦੀ ਤੇ ਇਕ ਉਸ ਦੇ ਮਰਨ ਪਿੱਛੋਂ ਦੀ। ਜਿਊਂਦੇ ਜੀਅ ਤਾਂ ਅਗਲਾ ਆਪੇ ਨਜਿੱਠੂ, ਜੇ ਕੋਈ ਉਸ ਦੀ ਨਿੱਜਤਾ ‘ਚ ਖ਼ਲਲ ਪਾਊ। ਪਰ ਜੋ ਇਨਸਾਨ ਦੁਨੀਆ ਛੱਡ ਗਿਆ ਉਸ ਦੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਤਾਂ ਤੁਸੀਂ ਖੰਘਾਲ ਸਕਦੇ ਹੋ ਪਰ ਉਸ ਦੀ ਨਿੱਜਤਾ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਬਣਦਾ। ਸੋ ਆਓ ਕੁਝ ਇਸੇ ਵਿਸ਼ੇ ‘ਤੇ ਵਿਚਾਰ ਕਰੀਏ।

ਆਸਟ੍ਰੇਲੀਆ ਆ ਕੇ ਬਹੁਤ ਕੁਝ ਨਵਾਂ ਦੇਖਿਆ, ਸੁਣਿਆ, ਸਮਝਿਆ ਅਤੇ ਅਪਣਾਇਆ। ਭਾਵੇਂ ਉਹਨਾਂ ‘ਚੋਂ ਬਹੁਤ ਸਾਰੀਆਂ ਗੱਲਾਂ ਬਾਰੇ ਸੰਖੇਪ ‘ਚ ਪਹਿਲਾ ਤੋਂ ਹੀ ਜਾਣਦੇ ਸੀ ਪਰ ਗਹਿਰਾਈ ‘ਚ ਇੱਥੇ ਆ ਕੇ ਪਤਾ ਚੱਲਿਆ।
ਅੱਜ ਜਦੋਂ ਦੁਨੀਆ ਇਕ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਹਰ ਦਿਨ ਚੜ੍ਹਦੇ ਨੂੰ ਸੋਸ਼ਲ ਮੀਡੀਆ ਦੁਖਦਾਈ ਸੁਨੇਹਿਆਂ ਨਾਲ ਲੱਦਿਆ ਦਿਖਾਈ ਦਿੰਦਾ ਹੈ ਤਾਂ ਉਸੇ ਦੌਰਾਨ ਜੋ ਨਿੱਜਤਾ ਦਾ ਘਾਣ ਸਾਨੂੰ ਦੇਖਣ ਨੂੰ ਮਿਲਦਾ ਬੱਸ ਉਸੇ ਬਾਰੇ ਅੱਜ ਗੱਲ ਕਰਨੀ ਹੈ ਕਿ ਕੀ “ਇਕ ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਤੌਰ ਤੇ ਸੋਸ਼ਲ ਮੀਡੀਆ ਉੱਤੇ ਪਾਉਣਾ ਕਿੰਨਾ ਕੁ ਜਾਇਜ਼ ਹੈ?”
ਗੱਲ ਨੂੰ ਪੁਖ਼ਤਾ ਕਰਨ ਲਈ ਦੋ ਕੁ ਹੱਡ-ਬੀਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ।

ਯੂ ਟਿਊਬ ਚੈਨਲ ‘ਪੇਂਡੂ ਆਸਟ੍ਰੇਲੀਆ’ ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਹੈ। ਮੈਨੂੰ ਅਤੇ ਮਨਪ੍ਰੀਤ ਸਿੰਘ ਢੀਂਡਸਾ ਨੂੰ ਸੰਗੀਤਿਕ ਫ਼ਿਲਮਾਂ ਬਣਾਉਣ ਦਾ ਭੂਤ ਸਵਾਰ ਹੋ ਗਿਆ। ਇਕ ਗਾਣਾ ਤਿਆਰ ਕੀਤਾ ਤੇ ਸ਼ੁਰੂ ਹੋ ਗਿਆ ਉਸ ਨੂੰ ਫਿਲਮਾਉਣ ਦਾ ਕੰਮ। ਚੰਗੀ ਪਟਕਥਾ ਲਿਖੀ, ਅਦਾਕਾਰੀ ਲਈ ਨੌਜਵਾਨ ਮੁੰਡੇ ਕੁੜੀਆਂ ਲੱਭੇ। ਇਸੇ ਦੌਰਾਨ ਇਕ ਇਰਾਨੀ ਕੁੜੀ ‘ਡੋਰਸਾ’ ਮਿਲੀ। ਜੋ ਕਿ ਹਿੰਦੀ ਫ਼ਿਲਮਾਂ ਦੀ ਮੁਰੀਦ ਸੀ। ਉਸ ਨੂੰ ਗਾਣੇ ਦੀ ਮੁੱਖ ਅਦਾਕਾਰਾ ਦੇ ਤੌਰ ‘ਤੇ ਚੁਣ ਲਿਆ। ਵੱਖੋ-ਵੱਖ ਮਨਮੋਹਕ ਥਾਂਵਾਂ ਤੇ ਗੀਤ ਫ਼ਿਲਮਾਇਆ। ਕੁਝ ਅਖੀਰੀ ਸੀਨ ਲੈਣ ਲਈ ਅਸੀਂ ਸਾਊਥ ਆਸਟ੍ਰੇਲੀਆ ਦੇ ਬਹੁਤ ਹੀ ਖ਼ੂਬਸੂਰਤ ਇਲਾਕੇ ਬਰੋਸਾ-ਵੈਲੀ ਦੀ ਇਕ ਖ਼ੂਬਸੂਰਤ ਸ਼ਮਸ਼ਾਨ ਨੂੰ ਚੁਣਿਆ। ਅਸੀਂ ਸੈੱਟ ਲਾ ਕੇ ਅਦਾਕਾਰਾ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਉਹ ਆਈ ਤਾਂ ਕਾਰ ‘ਚੋਂ ਉੱਤਰਦੇ ਹੀ ਬੋਲੀ ਕਿ “ਕੀ ਸੀਨ ਹੈ?” ਅਸੀਂ ਕਿਹਾ ਬੱਸ ਤੁਸੀਂ ਸਾਥੀ ਅਦਾਕਾਰ ਦਾ ਹੱਥ ਫੜ ਕੇ ਇਸ ਸ਼ਮਸ਼ਾਨ ਭੂਮੀ ਵਿਚੋਂ ਦੀ ਲੰਘ ਜਾਣਾ ਹੈ। ਕਿਉਂਕਿ ਗੀਤ ਦੇ ਕੁਝ ਬੋਲ ਏਦਾਂ ਦੇ ਸਨ। ਪਰ ਉਹ ਤਾਂ ਇਹ ਸੁਣਨ ਸਾਰ ਸਾਨੂੰ ਪੈ ਗਈ ਕਹਿੰਦੀ “ਕੀ ਤੁਹਾਡੇ ਹਿਰਦੇ ‘ਚ ਇਹਨਾਂ ਤੁਰ ਗਏ ਲੋਕਾਂ ਪ੍ਰਤੀ ਭੋਰਾ ਸਤਿਕਾਰ ਨਹੀਂ? ਮੈਂ ਤਾਂ ਤੁਹਾਡੀਆਂ ਫ਼ਿਲਮਾਂ ‘ਚ ਦੇਖਿਆ ਸੁਣਿਆ ਸੀ ਕਿ ਤੁਸੀਂ ਬਹੁਤ ਸੰਸਕਾਰੀ ਹੁੰਦੇ ਹੋ। ਜਾਓ ਮੈਂ ਨਹੀਂ ਕਰਨਾ ਇਹ ਸੀਨ ਤੇ ਨਾ ਇਹ ਗਾਣਾ।” ਉਸ ਵਕਤ ਸਾਡੇ ਕੀ ਹਾਲ ਹੋਏ ਹੋਣਗੇ! ਇਹ ਤੁਸੀਂ ਹੁਣ ਆਪ ਆਪਣੇ ਦਿਮਾਗ਼ ‘ਚ ਚਿਤਰ ਲਵੋ।

ਚਲੋ ਬੜੀ ਮੁਸ਼ਕਲ ਨਾਲ ਅਸੀਂ ਡੋਰਸਾ ਨੂੰ ਸਮਝਾ ਕੇ ਘਰ ਤੋਰਿਆ ਤੇ ਆਪਣੀ ਸਾਰੀ ਮਿਹਨਤ ਖੂਹ ‘ਚ ਪਾ ਕੇ ਨਵੇਂ ਸਿਰੇ ਤੋਂ ਹੋਰ ਅਦਾਕਾਰਾਂ ਤੇ ਹੋਰ ਪਟਕਥਾ ਨਾਲ ਗੀਤ ਫ਼ਿਲਮਾਇਆ। ਪਰ ਹਾਂ ਜੋ ਸਬਕ ਉਹ ਕੁੜੀ ਸਾਨੂੰ ਦੇ ਗਈ, “ਨਾ ਹਾਲੇ ਭੁੱਲੇ ਹਾਂ ਨਾ ਕਦੇ ਭੁੱਲਾਂਗੇ।” ਜਾਂਦੀ-ਜਾਂਦੀ ਉਹ ਕਹਿੰਦੀ ਕਿ “ਕੀ ਹੋਇਆ ਇਹ ਅੱਜ  ਸੰਸਾਰ ‘ਚ ਨਹੀਂ ਹਨ ਪਰ ਕੀ ਜੇ ਉਹ ਹੁੰਦੇ, ਉਹ ਸਾਨੂੰ ਆਪਣੀ ਨਿੱਜਤਾ ਵੱਲ ਝਾਕਣ ਦਿੰਦੇ?” ਉਸ ਦੇ ਸਵਾਲ ਬਹੁਤ ਗਹਿਰੇ ਸਨ। ਉਹਨਾਂ ਦਾ ਜਵਾਬ ਨਮੋਸ਼ੀ ਭਰੀ ਚੁੱਪ ਨਾਲ ਅਤੇ ਪਛਤਾਵੇ ਨਾਲ ਹੀ ਦਿੱਤਾ ਜਾ ਸਕਦਾ ਸੀ। ਜੋ ਅਸੀਂ ਉਸ ਵਕਤ ਦਿੱਤਾ।

ਦੂਜੀ ਘਟਨਾ ਵੀ ਸੁਣ ਲਵੋ। ਮੈਂ ਆਸਟ੍ਰੇਲੀਆ ਆਪਣੇ ਵੱਡੇ ਸਾਢੂ ਸਾਹਿਬ ਸ ਨਿਰਮਲ ਸਿੰਘ ਦੇ ਕਹਿਣ ਅਤੇ ਉਹਨਾਂ ਦੀ ਮਦਦ ਸਦਕਾ ਹੀ ਆਉਣ ‘ਚ ਕਾਮਯਾਬ ਹੋਇਆ ਸੀ। ਰੱਬੀ ਰੂਹ ਸਨ ਉਹ। ਅਚਾਨਕ ਇਕ ਭੈੜੀ ਬਿਮਾਰੀ ਉਹਨਾਂ ਨੂੰ ਸਾਡੇ ਕੋਲੋਂ ਲੈ ਗਈ। ਉਹਨਾਂ ਦੇ ਬੱਚੇ ਹਾਲੇ ਜਵਾਨੀ ਦੀ ਦਹਿਲੀਜ਼ ‘ਤੇ ਸਨ। ਜਦੋਂ ਆਖ਼ਰੀ ਰਸਮਾਂ ਦੀ ਗੱਲ ਆਈ ਤਾਂ ਵੀਰ ਜੀ ਦੇ ਕੁਝ ਕੁ ਖ਼ਾਸ ਮਿੱਤਰ ਮੇਰੇ ਨਾਲ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਨ। ਸਾਰਿਆਂ ਨੇ ਰਲ-ਮਿਲ ਆਖ਼ਰੀ ਰਸਮਾਂ ਦੀ ਰੂਪ ਰੇਖਾ ਤਹਿ ਕਰ ਲਈ। ਜਦੋਂ ਇਹ ਉਹਨਾਂ ਦੇ ਬੱਚਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਬੇਟਾ ਤਖ਼ਤ ਸਿੰਘ, ਜੋ ਕਿ ਇੱਥੋਂ ਦਾ ਜੰਮਪਲ ਹੈ ਕਹਿੰਦਾ, ਨਹੀਂ! ਇਹ ਸਾਨੂੰ ਮਨਜ਼ੂਰ ਨਹੀਂ। ਅਸੀਂ ਠਠੰਬਰ ਗਏ ਕਿ ਕਿਹੜੀ ਗੁਸਤਾਖ਼ੀ ਹੋ ਗਈ। ਸਾਡੇ ਕੋਲੋਂ। ਕਹਿੰਦੇ ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ।  ਉਹਨਾਂ ਨੂੰ ਅਖੀਰੀ ਇਸ਼ਨਾਨ ਦਾ ਹੱਕ ਸਿਰਫ਼ ਸਾਡੇ ਕੋਲ ਆ। ਉਹ ਬੱਚਾ ਅੱਖਾਂ ਲਾਲ ਕਰ ਕੇ ਸਾਨੂੰ ਸਵਾਲ ਕਰ ਰਿਹਾ ਸੀ ਕਿ ਜੇ ਮੇਰੇ ਡੈਡੀ ਜਿਊਂਦੇ ਹੁੰਦੇ ਉਹ ਏਦਾਂ ਇਕ ਭੀੜ ਕੋਲੋਂ ਨਹਾਉਣਾ ਚਾਹੁੰਦੇ? ਭਾਵੇਂ ਸਾਡੇ ਲਈ ਇਹ ਗੱਲ ਮੁੱਢੋਂ ਨਵੀਂ ਸੀ ਅਸੀਂ ਕਦੇ ਇਸ ਪੱਖ ਤੋਂ ਦੇਖਿਆ ਸੋਚਿਆ ਹੀ ਨਹੀਂ ਸੀ। ਪਰ ਗੱਲ ਬਹੁਤ ਪਤੇ ਦੀ ਅਤੇ ਵਜ਼ਨਦਾਰ ਸੀ। ਸੋ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਪਰਵਾਰਿਕ ਨਿੱਜਤਾ ਨੂੰ ਕਾਇਮ ਰੱਖਿਆ।
ਉਪਰੋਕਤ ਦੋ ਦਲੀਲਾਂ ਸ਼ਾਇਦ ਬਹੁਤ ਹਨ ਮੇਰੀ ਗੱਲ ਰਾਹ ਪਾਉਣ ਲਈ। ਸੋ ਦੋਸਤੋ ਹੁਣ ਜਦੋਂ ਵੀ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਮਿਰਤਕ ਦੇਹਾਂ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਦਿਲ ਅੰਦਰ ਧੂਹ ਪੈਂਦੀ ਹੈ ਕਿ ਕਦੋਂ ਸਾਡੀ ਸਮਝ ਡੋਰਸਾ ਅਤੇ ਤਖ਼ਤ ਵਰਗੀ ਹੋਵੇਗੀ?

ਵੱਡੀ ਗੱਲ ਤਾਂ ਇਹ ਹੈ ਕਿ ਜੋ ਆਖ਼ਰੀ ਫ਼ੋਟੋ ਬੰਦਾ ਦੇਖ ਲੈਂਦਾ, ਤਾਅ ਉਮਰ ਉਹੀ ਜ਼ਿਹਨ ‘ਚ ਘੁੰਮਦੀ ਰਹਿੰਦੀ ਹੈ। ਉੱਘੇ ਕਲਾਕਾਰ ਜਸਪਾਲ ਭੱਟੀ ਹੋਰਾਂ ਨਾਲ ਮੈਂ ਉਹਨਾਂ ਦੀ ਮੌਤ ਤੋਂ ਕੁਝ ਕੁ ਘੰਟੇ ਪਹਿਲਾਂ ਰੇਡੀਓ ਤੇ ਇਕ ਮੁਲਾਕਾਤ ਕੀਤੀ ਸੀ। ਬਹੁਤ ਖ਼ੂਬਸੂਰਤ ਯਾਦਾਂ ਸਨ ਦਿਮਾਗ਼ ‘ਚ। ਪਰ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਿਸੇ ਨੇ ਉਹਨਾਂ ਦੀ ਮਿਰਤਕ ਦੇਹ ਦੀਆਂ ਤਸਵੀਰਾਂ ਹਸਪਤਾਲ ਦੇ ਇਕ ਸਟਰੈਚਰ ਤੇ ਬਹੁਤ ਹੀ ਬੁਰੀ ਹਾਲਤ ‘ਚ ਸੋਸ਼ਲ ਮੀਡੀਆ ‘ਤੇ ਪਾ ਦਿੱਤੀਆਂ ਤੇ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਮੇਰੀਆਂ ਯਾਦਾਂ ‘ਚ ਕਦੇ ਉਹ ਮੁਸਕਰਾਉਂਦਾ ਜਸਪਾਲ ਭੱਟੀ ਨਹੀਂ ਦਿਸਿਆ। ਕਹਿੰਦੇ ਆ ਰਾਜੇਸ਼ ਖੰਨਾ ਨੇ ਆਪਣੀ ਬਿਮਾਰੀ ਦੀ ਹਾਲਤ ‘ਚ ਆਪਣੇ ਆਪ ਨੂੰ ਅੰਦਰ ਤਾੜ ਲਿਆ ਸੀ ਕਿਉਂਕਿ ਉਹ ਚਾਹੁੰਦਾ ਸੀ ਉਸ ਦੀ ਸੁਪਰ ਸਟਾਰ ਦੀ ਸ਼ਾਖ਼ ਉਸ ਦੇ ਚਾਹੁਣ ਵਾਲਿਆਂ ‘ਚ ਬਣੀ ਰਹੇ। ਨਾ ਕਿ ਲੋਕ ਉਸ ਦੀਆਂ ਬੁਰੀ ਹਾਲਤ ‘ਚ ਤਸਵੀਰਾਂ ਦੇਖਣ ਤੇ ਉਸੇ ਰਾਜੇਸ਼ ਖੰਨੇ ਨੂੰ ਰਹਿੰਦੀ ਉਮਰ ਯਾਦ ਕਰਨ।

ਹਰ ਮੁਲਕ ਨੇ ਆਪਣੇ-ਆਪਣੇ ਢੰਗ ਨਾਲ ਇਸ ਮਸਲੇ ਤੇ ਕਾਨੂੰਨ ਵੀ ਬਣਾਏ ਹੋਏ ਹਨ। ਪਰ ਅਫ਼ਸੋਸ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਇਹਨਾਂ ਦੀ ਵਰਤੋਂ ਕਰਦੇ ਹਨ। ਕਾਨੂੰਨ ਵਰਤੋਗੇ ਵੀ ਕੀਹਦੇ ਉੱਤੇ? ਕਿਉਂਕਿ ਅਸੀਂ ਤਾਂ ਆਪ ਹੀ ਆਪਣਿਆਂ ਦੀਆਂ ਹੀ ਮਿਰਤਕ ਦੇਹਾਂ ਦੀਆਂ ਤਸਵੀਰਾਂ ਜਨਤਕ ਸਾਂਝੀਆ ਕਰਦੇ ਹਾਂ। ਹਾਂ ਇਕ ਕਾਨੂੰਨ ਅਕਾਲ ਪੁਰਖ ਦੀ ਰਜ਼ਾ ‘ਚ ਦੁਨਿਆਵੀ ਵੀ ਹੈ ਜਿਸ ‘ਚ ਕਿਸੇ ਦੀ ਮਿੱਟੀ ਨੂੰ ਸਾਂਭਣਾ ਵੀ ਇਕ ਵੱਡਾ ਪੁੰਨ ਦੱਸਿਆ ਗਿਆ ਹੈ।

ਕਿਸੇ ਵੀ ਮਿਰਤਕ ਦੇਹ ਦੀ ਤਸਵੀਰ ਜਨਤਕ ਕਰਨ ਤੋਂ ਪਹਿਲਾਂ ਐਨਾ ਕੁ ਸੋਚ ਲਿਆ ਕਰੋ ਕਿ ਤੁਸੀਂ ਆਪ ਦਸ-ਦਸ ਤਸਵੀਰਾਂ ‘ਚੋਂ ਫ਼ਿਲਟਰ ਲਾ-ਲਾ ਕੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਪਾਉਂਦੇ ਹੋ ਤੇ ਕੀ ਤੁਸੀਂ ਚਾਹੋਗੇ ਕਿ ਕੋਈ ਤੁਹਾਡੀ ਬੇ-ਸੂਰਤ ਤਸਵੀਰ ਕੋਈ ਜਨਤਕ ਕਰੇ? ਮੈਂ ਤਾਂ ਕਦੇ ਵੀ ਨਹੀਂ ਚਾਹਾਂਗਾ ਕੋਈ ਮੇਰੀ ਨੱਕ ‘ਚ ਫੰਭੇ ਪਾਈ ਤਸਵੀਰ ਖਿੱਚੇ ਤੇ ਜਨਤਕ ਕਰੇ। ਸੋ ਇਸੇ ਲਈ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਇਨਸਾਨ ਨੂੰ ਤੁਸੀਂ ਸੱਚੀਂ ਦਿਲੋਂ ਚਾਹੁੰਦੇ ਸੀ ਤਾਂ ਉਸ ਦੀ ਨਿੱਜਤਾ ਨੂੰ ਧਿਆਨ ਰੱਖਦੇ ਉਸ ਦੀ ਮਿਰਤਕ ਦੇਹ ਦੀਆਂ ਤਸਵੀਰਾਂ ਨਾਲੋਂ ਉਸ ਦੇ ਚੰਗੇ ਸਮੇਂ ਦੀ ਤਸਵੀਰ ਨੂੰ ਜਨਤਕ ਕਰ ਕੇ ਆਪਣੀ ਹਮਦਰਦੀ ਜ਼ਾਹਿਰ ਕਰ ਲਿਆ ਕਰੋ।

ਹੋ ਸਕਦਾ ਮੈਂ ਗ਼ਲਤ ਹੋਵਾਂ! ਪਰ ਅੱਜ ਦੇ ਯੁੱਗ ‘ਚ ਹਰ ਬੰਦੇ ਕੋਲ ਆਪਣੇ ਵਿਚਾਰ ਰੱਖਣ ਦੇ ਹੱਕ ਅਤੇ ਸਾਧਨ ਹਨ ਸੋ ਉਮੀਦ ਹੈ ਇਸ ਵਿਸ਼ੇ ‘ਤੇ ਉਸਾਰੂ ਚਰਚਾ ਜਾਰੀ ਰੱਖੋਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>