ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਬੇਨਿਯਮੀਆਂ ਲਈ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਸ਼੍ਰੋਮਣੀ ਕਮੇਟੀ ’ਚ ਬੇਨਿਯਮੀਆਂ ਦੇ ਖ਼ਿਲਾਫ਼ ਅਵਾਜ਼ ਉਠਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ’ਤੇ ਸ਼੍ਰੋਮਣੀ ਕਮੇਟੀ ਵਿੱਚ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ਦੀ ਸਿੱਧੀ ਭਰਤੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਭਰਤੀਆਂ ਲਈ ਐਗਜ਼ੈਕਟਿਵ ਤੋਂ ਮਨਜ਼ੂਰੀ ਲੈਣੀ ਤਾਂ ਦੂਰ ਜਾਣਕਾਰੀ ਤਕ ਵੀ ਨਹੀਂ ਦਿੱਤੀ ਗਈ ਅਤੇ ਨਾ ਹੀ ਉਕਤ ਭਰਤੀ ਲਈ ਅਖ਼ਬਾਰਾਂ ਨੂੰ ਕੋਈ ਇਸ਼ਤਿਹਾਰ ਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੀ ਭਰਤੀ ਕੀਤੇ ਗਏ ਮੁਲਾਜ਼ਮਾਂ ਵਿਚ ਬਹੁਤੇ ਤਾਂ ਪ੍ਰਧਾਨ ਦੇ ਨਜ਼ਦੀਕੀ ਅਧਿਕਾਰੀਆਂ ਦੇ ਰਿਸ਼ਤੇਦਾਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਵੱਲੋਂ ਆਪਣੇ ਨਾਲ ਕਾਨੂੰਨੀ ਤੌਰ ’ਤੇ ਕਿਸੇ ਕਿਸਮ ਦਾ ਅਧਿਕਾਰ ਨਾ ਰੱਖਣ ਵਾਲੇ ਅਧਿਕਾਰੀਆਂ ਦੀ ਨਿਯੁਕਤੀ ਨਾਲ ਦਫ਼ਤਰੀ ਮੁਲਾਜ਼ਮਾਂ ਵਿਚ ਘੁੱਟਣ ਮਹਿਸੂਸ ਹੋ ਰਿਹਾ ਹੈ , ਜਿਸ ਨਾਲ ਦਫ਼ਤਰੀ ਢਾਂਚਾ ਅਤੇ ਵਾਤਾਵਰਨ ’ਚ ਅਰਾਜਕਤਾ ਫੈਲਣ ਦਾ ਡਰ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਪਾਸੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿਚ ਵਾਧਾ ਕਰਨ ਬਾਰੇ ਆਪਣੇ ਵੱਲੋਂ ਪਾਸ ਕੀਤੇ ਮਤੇ ਦੇ ਉਲਟ ਬੀਤੇ ਦੌਰਾਨ ਫ਼ੰਡ ਦੀ ਕਮੀ ਦਾ ਬਹਾਨਾ ਬਣਾ ਕੇ ਆਪਣੇ ਮੁਲਾਜ਼ਮਾਂ ਦੇ ਹਾਊਸ ਰੈਂਟ ਅਤੇ ਮੈਡੀਕਲ ਸਹੂਲਤਾਂ ਆਦਿ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਦੂਜੇ ਪਾਸੇ ਬੇਨਿਯਮੀਆਂ ਤਹਿਤ ਸਿੱਧੀ ਭਰਤੀ ਕਰਦਿਆਂ ਗੁਰੂ ਕੇ ਖ਼ਜ਼ਾਨੇ ’ਤੇ ਬੇਵਜ੍ਹਾ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਮਹਿੰਗਾਈ ’ਚ ਪਿਸ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ’ਚ ਵਾਧਾ ਕਰਨ ਦੀ ਮੰਗ ਕੀਤੀ। ਉਨ੍ਹਾਂ ਦੁਸ਼ਵਾਰੀਆਂ ਦੂਰ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਅਕਸ ’ਚ ਸੁਧਾਰਨ ਲਿਆਉਣ ਲਈ ਕਮੇਟੀ ਪ੍ਰਧਾਨ ਨੂੰ ਡਿਕਟੇਟਰਸ਼ਿਪ ਛੱਡ ਕੇ ਸੰਸਥਾ ਦੇ ਪ੍ਰਬੰਧਕੀ ਕੰਮਾਂ ਤੇ ਵਿਵਸਥਾ ’ਚ ਪਾਰਦਰਸ਼ਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸੰਤ ਜੱਸੋਵਾਲ ਨੇ ਕਿਹਾ ਕਿ ਬੇਨਿਯਮੀਆਂ ਤਹਿਤ ਭਰਤੀ ਕੀਤੇ ਗਏ ਮੁਲਾਜ਼ਮਾਂ ਦੀ ਨਿਯੁਕਤ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਦੀ ਆਉਣ ਵਾਲੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿਚ ਹੋਰਨਾਂ ਮੈਂਬਰਾਂ ਨੂੰ ਨਾਲ ਲੈ ਕੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਆਪਣੀ ਜ਼ਮੀਰ ਦੀ ਅਵਾਜ਼ ਸੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ’ਚ ਕਿਸੇ ਕਿਸਮ ਦੀ ਵੀ ਬੇਨਿਯਮੀ ਸਹਿਣ ਨਹੀਂ ਕੀਤੀ ਜਾਵੇਗੀ ਜਿਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ।
ਸ਼੍ਰੋਮਣੀ ਕਮੇਟੀ ਬੇਨਿਯਮੀਆਂ ਤਹਿਤ ਕੀਤੀ ਦੋ ਦਰਜਨ ਭਰਤੀ ਤੁਰੰਤ ਰੱਦ ਕਰੇ : ਸੰਤ ਜੱਸੋਵਾਲ
This entry was posted in ਪੰਜਾਬ.