ਤਾਜ਼ਾ ਸਰਵੇਖਣ:ਪ੍ਰਧਾਨ ਮੰਤਰੀ ਦੀ ਮਕਬੂਲੀਅਤ ਘਟੀ

ਬੀਤੇ ਸਾਲਾਂ ਦੌਰਾਨ ਜਦੋਂ ਵੀ ਵਿਸ਼ਵ ਦੀਆਂ ਸਿਆਸੀ ਸ਼ਖਸੀਅਤਾਂ ਦੀ ਦਰਜਾਬੰਦੀ ਹੁੰਦੀ ਜਾਂ ਭਾਰਤ ਪੱਧਰ ʼਤੇ ਰਾਜਨੀਤਕ ਨੇਤਾਵਾਂ ਦੀ ਸ਼ੁਹਰਤ ਮਾਪੀ ਜਾਂਦੀ ਤਾਂ ਭਾਰਤੀ ਮੀਡੀਆ ਦਾ ਇਕ ਹਿੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਇਸ ਖ਼ਬਰ ਨੂੰ ਬਹੁਤ ਉਛਾਲਦਾ। ਤਾਜ਼ਾ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਅਤੇ ਕਾਰਗੁਜ਼ਾਰੀ 65 ਫ਼ੀਸਦੀ ਤੋਂ ਡਿੱਗ ਕੇ 37 ਫ਼ੀਸਦੀ ʼਤੇ ਆ ਗਈ ਹੈ।  ਪਰੰਤੂ ਮੀਡੀਆ ਦਾ ਉਹੀ ਹਿੱਸਾ ਖਾਮੋਸ਼ ਹੈ।

ਸਾਖ਼ ਡਿੱਗਣ ਪਿੱਛੇ ਸਮੇਂ ਸਮੇਂ ਲਏ ਗਏ ਫੈਸਲਿਆਂ ਦੀ ਭੂਮਿਕਾ ਵੀ ਹੋ ਸਕਦੀ ਹੈ, ਪਰੰਤੂ ਤਾਜ਼ਾ ਸਰਵੇਖਣ ਕੋਰੋਨਾ ਸੰਕਟ ਨਾਲ ਨਜਿੱਠਣ ਸਮੇਂ ਕੀਤੀਆਂ ਕੁਤਾਹੀਆਂ ਤੇ ਅਣਗਹਿਲੀਆਂ ਦੇ ਪ੍ਰਸੰਗ ਵਿਚ ਕੀਤਾ ਗਿਆ ਹੈ। ਇਹ ਸਰਵੇਖਣ ਅਮਰੀਕੀ ਛੇਟਾ ਇੰਟੈਲੀਜੈਂਸ ਕੰਪਨੀ ‘ਮੌਰਨਿੰਗ ਕੰਸਲਟ’ ਅਤੇ ਭਾਰਤੀ ਪੋਲਿੰਗ ਏਜੰਸੀ ‘ਸੀ-ਵੋਟਰ’ ਦੁਆਰਾ ਕੀਤਾ ਗਿਆ ਹੈ। ਸਿਹਤ-ਵਿਵਸਥਾ ਚਰਮਰਾ ਗਈ ਹੈ। ਗੰਭੀਰ ਮਰੀਜ਼ਾਂ ਲਈ ਹਸਪਤਾਲਾਂ ਵਿਚ ਬੈਡ ਨਹੀਂ ਹਨ। ਆਕਸੀਜਨ ਨਹੀਂ ਮਿਲ ਰਹੀ। ਵੈਕਸੀਨ ਉਪਲਬਧ ਨਹੀਂ ਹੈ। ਦੂਸਰੀ ਵੈਕਸੀਨ ਦਾ ਸਮਾਂ ਵਾਰ-ਵਾਰ ਵਧਾਇਆ ਜਾ ਰਿਹਾ ਹੈ। ਭਾਰਤੀ ਸਿਹਤ-ਸੇਵਾਵਾਂ ਦੀ ਤਰਸਯੋਗ ਹਾਲਤ ਦੁਨੀਆਂ ਦੇਖ ਰਹੀ ਹੈ।

ਭਾਰਤ ਦੀ ਵੈਕਸੀਨ-ਨੀਤੀ ਸਪਸ਼ਟ ਨਹੀਂ ਹੈ। ਕੋਰੋਨਾ ਦੀ ਪਹਿਲੀ ਲਹਿਰ ਉਪਰੰਤ ਘੋਸ਼ਨਾ ਕਰ ਦਿੱਤੀ ਗਈ ਕਿ ਅਸੀਂ ਕੋਰੋਨਾ ʼਤੇ ਜਿੱਤ ਹਾਸਲ ਕਰ ਲਈ ਹੈ। ਨਤੀਜੇ ਵਜੋਂ ਜਨਵਰੀ, ਫਰਵਰੀ, ਮਾਰਚ ਮਹੀਨਿਆਂ ਵਿਚ 70 ਤੋਂ ਵੱਧ ਦੇਸ਼ਾਂ ਨੂੰ 5.84 ਕਰੋੜ ਵੈਕਸੀਨ ਵੇਚੀ ਗਈ ਜਾਂ ਮੁਫ਼ਤ ਮੁਹੱਈਆ ਕੀਤੀ ਗਈ। ਇਹ ਜਾਣਕਾਰੀ 16 ਮਾਰਚ 2021 ਨੂੰ ਜੂਨੀਅਰ ਹੈਲਥ ਮਨਿਸਟਰ ਅਸ਼ਵਨੀ ਕੁਮਾਰ ਦੁੱਬੇ ਨੇ ਰਾਜ ਸਭ ਵਿਚ ਦਿੱਤੀ। ਐਨ ਇਸੇ ਸਮੇਂ ਵੱਖ-ਵੱਖ ਰਾਜਾਂ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ। ਮਾਹਿਰ ਸੁਝਾਅ ਦੇ ਰਹੇ ਹਨ, ਚੇਤਾਵਨੀਆਂ ਦੇ ਰਹੇ ਸਨ। ਪਰੰਤੂ ਨਾ ਸਿਹਤ ਮਹਿਕਮੇ ਨੇ ਅਤੇ ਨਾ ਪ੍ਰਧਾਨ ਮੰਤਰੀ ਨੇ ਉਨ੍ਹਾਂ ʼਤੇ ਕੋਈ ਗੌਰ ਕੀਤੀ।

ਬੀ.ਬੀ.ਸੀ. ʼਤੇ ਪ੍ਰਸਾਰਿਤ ਹੋਈ ਰਿਪੋਰਟ ਵਿਚ ਕਿਹਾ ਗਿਆ ਕਿ ਵਧੇਰੇ ਮੌਤਾਂ ਸਮੇਂ ਸਿਰ ਸਹੀ ਇਲਾਜ ਨਾ ਹੋਣ ਕਾਰਨ ਹੋ ਰਹੀਆਂ ਹਨ। ਸਰਕਾਰੀ ਅੰਕੜਿਆਂ ਅਤੇ ਮੌਤਾਂ ਦੀ ਅਸਲ ਗਿਣਤੀ ਵਿਚਾਲੇ ਵੱਡਾ ਅੰਤਰ ਹੈ। ਹਸਪਤਾਲ ਕੁਝ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਕਿਧਰੇ ਵੈਂਟੀਲੇਟਰ ਦੀ ਅਣਹੋਂਦ ਹੈ, ਕਿਧਰੇ ਵੈਂਟੀਲੇਟਰ ਚਲਾਉਣ ਵਾਲੇ ਮਾਹਿਰ ਡਾਕਟਰ ਨਹੀਂ ਹਨ। ਵਿਸ਼ਵ ਪੱਧਰ ʼਤੇ ਸਿਹਤ ਸੇਵਾਵਾਂ ਪੱਖੋਂ ਭਾਰਤ 145 ਵੇਂ ਨੰਬਰ ʼਤੇ ਹੈ। ਛੋਟੇ-ਛੋਟੇ ਗ਼ਰੀਬ ਮੁਲਕਾਂ ਵਿਚ ਇਸਤੋਂ ਬਿਹਤਰ ਸਿਹਤ-ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।

ਵੈਕਸੀਨ ਲਗਾਉਣ ਲਈ ਕੋਈ ਫਾਰਮੂਲਾ ਨਹੀਂ ਅਪਣਾਇਆ ਜਾ ਰਿਹਾ। ਜਦੋਂ ਕੋਵੀਸ਼ੀਲਡ ਸਬੰਧੀ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਕਿ 3 ਮਹੀਨੇ ਬਾਅਦ ਦੂਸਰਾ ਟੀਕਾ ਲਗਵਾਉਣ ਨਾਲ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ ਤਾਂ ਭਾਰਤ ਸਰਕਾਰ ਨੇ 28 ਦਿਨ ਤੋਂ ਵਧਾ ਕੇ 4-6 ਹਫ਼ਤੇ ਕਰਦਿਆਂ ਕਿਹਾ, “ਅਸੀਂ ਜਨਤਾ ਨੂੰ ਇਕ ਟੀਕੇ ਦੇ ਭਰੋਸੇ ਤਿੰਨ ਮਹੀਨੇ ਤੱਕ ਅਸੁਰੱਖਿਅਤ ਨਹੀਂ ਛੱਡ ਸਕਦੇ। ਹੁਣ ਜਦ ਭਾਰਤ ਕੋਲ ਵੈਕਸੀਨ ਦੀ ਵੱਡੀ ਘਾਟ ਹੈ ਤਾਂ ਦੂਸਰੀ ਡੋਜ਼ ਲਈ ਸਮਾਂ ਕਦੇ 84 ਦਿਨ, ਕਦੇ 6 ਮਹੀਨੇ ਕੀਤਾ ਜਾ ਰਿਹਾ ਹੈ।

ਮਾਹਿਰ ਵਾਰ-ਵਾਰ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ ਬਹੁਤ ਸਮਾਂ ਬਰਬਾਦ ਕਰ ਦਿੱਤਾ ਹੈ। ਹੁਣ ਲੋੜ ਤੱਤਫਟ ਫੈਸਲੇ ਲੈਣ ਦੀ ਹੈ। ਕਾਰਵਾਈ ਕਰਨ ਦੀ ਹੈ। ਸਾਬਕਾ ਕੇਂਦਰੀ ਸਿਹਤ ਸਕੱਤਰ ਸੁਜਾਤਾ ਰਾਵ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਕੰਪਨੀਆਂ ਨੂੰ ਵੈਕਸੀਨ ਬਨਾਉਣ ਦਾ ਲਾਇਸੈਂਸ ਦਿੱਤਾ ਜਾਵੇ ਅਤੇ ਥੋਕ ਵਿਚ ਟੀਕ ਖਰੀਦ ਦੇ ਆਰਡਰ ਦਿੱਤੇ ਜਾਣ। ਦੇਸ਼ ਵਿਚ 16 ਕੰਪਨੀਆਂ ਅਜਿਹੀਆਂ ਹਨ ਜਿਹੜੀਆਂ ਹਰੇਕ ਮਹੀਨੇ 25 ਕਰੋੜ ਵੈਕਸੀਨ ਬਣਾ ਸਕਦੀਆਂ ਹਨ। ਮਾਹਿਰ ਮੰਨਦੇ ਹਨ ਕਿ ਜੇ ਸਰਕਾਰ ਚਾਹੇ ਤਾਂ ਲਾਇਸੈਂਸ ਇਕ ਦਿਨ ਵਿਚ ਦਿੱਤਾ ਜਾ ਸਕਦਾ ਹੈ ਅਤੇ ਵੈਕਸੀਨ ਦਾ ਮਸਲਾ ਮਹੀਨਿਆ ਵਿਚ ਹੱਲ ਹੋ ਸਕਦਾ ਹੈ। ਇਹੀ ਰਾਏ ਨਰਾਇਣ ਹੈਲਥ ਦੇ ਚੇਅਰਮੈਨ ਡਾਕਟਰ ਦੇਵੀ ਸ਼ੈਟੀ ਅਤੇ ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਵਾਈਡਰਜ਼ ਦੇ ਮਹਾਂਨਿਰਦੇਸ਼ਕ ਡਾਕਟਰ ਗਿਰਧਰ ਦੀ ਹੈ।

ਮਾਰਚ ਮਹੀਨੇ ਕੇਂਦਰ ਸਰਕਾਰ ਦੇ ਮੰਤਰੀ ਮਾਣ ਨਾਲ ਕਹਿ ਰਹੇ ਸਨ ਕਿ ਅਸੀਂ 150 ਦੇਸ਼ਾਂ ਦੀ ਮਦਦ ਕੀਤੀ ਹੈ ਪਰ ਅੱਜ ਦਾ ਕਰੂਰ ਸੱਚ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਪਣੇ ਦੇਸ਼ ਵਾਸੀਆਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ।

ਦੇਸ਼ ਦੀ ਜਨਤਾ ਹਸਪਤਾਲਾਂ ਲਈ, ਆਕਸੀਜਨ ਲਈ, ਸਿਹਤ ਸਹੂਲਤਾਂ ਲਈ ਤਰਸ ਰਹੀ ਹੈ, ਪਰੰਤੂ ਦੇਸ਼ ਵਾਸੀਆਂ ਨੇ ਹਸਪਤਾਲਾਂ ਲਈ, ਸਿਹਤ-ਸੇਵਾਵਾਂ ਲਈ, ਸਕੂਲਾਂ ਕਾਲਜਾਂ ਲਈ ਵੋਟਾਂ ਕਦ ਪਾਈਆਂ ਹਨ? ਵੋਟਾਂ ਤਾਂ ਮੰਦਰ-ਮਸਜਿਦ ਲਈ, ਹਿੰਦੂ-ਮੁਸਲਮਾਨ ਲਈ ਪਾਈਆਂ ਜਾਂਦੀਆਂ ਹਨ।

ਚੀਨ, ਰੂਸ, ਅਮਰੀਕਾ, ਇੰਗਲੈਂਡ ਜਿਹੇ ਦੇਸ਼ ਵੀ ਦੂਸਰੇ ਦੇਸ਼ਾਂ ਨੂੰ ਵੈਕਸੀਨ ਭੇਜ ਰਹੇ ਹਨ ਪਰ ਉਦੋਂ ਜਦੋਂ ਉਨ੍ਹਾਂ ਨੇ ਆਪਣੇ ਮੁਲਕ ਦੇ ਹਾਲਾਤ ਕਾਬੂ ਕਰ ਲਏ ਹਨ। ਸ਼ੋਸ਼ਲ ਮੀਡੀਆ ʼਤੇ ਇਕ ਵੀਡੀਓ ਹੋ ਰਹੀ ਹੈ। ਉਸ ਵਿਚ ਕਿਹਾ ਗਿਆ ਹੈ ਕਿ ਦੋ ਪ੍ਰਸਥਿਤੀਆਂ ਵਿਚ ਕਿਸੇ ਮੁਲਕ ਦਾ ਚਰਿੱਤਰ ਉੱਘੜ ਕੇ ਸਾਹਮਣੇ ਆਉਂਦਾ ਹੈ। ਇਕ ਉਦੋਂ ਜਦੋਂ ਬਹੁਤ ਪੈਸਾ, ਬਹੁਤ ਦੌਲਤ ਹੋ ਜਾਵੇ। ਦੂਸਰਾ ਉਦੋਂ ਜਦੋਂ ਬਹੁਤ ਵੱਡੇ ਸੰਕਟ ਵਿਚ ਘਿਰ ਜਾਵੇ।

ਵੀਡੀਓ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਵਿਚ ਇਸ ਸੰਕਟ ਸਮੇਂ ਹਰ ਜਗ੍ਹਾ ਬੇਈਮਾਨੀ, ਕਾਲਾ ਬਜ਼ਾਰੀ, ਚਰਿੱਤਰਹੀਣਤਾ, ਸਰਕਾਰੀ ਅਸੰਵੇਦਨਸ਼ੀਲਤਾ ਨਜ਼ਰ ਆ ਰਹੀ ਹੈ। ਚੰਦ ਲੋਕ ਹਨ ਜਿਹੜੇ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਜ਼ਿੰਮੇਵਾਰੀ ਨਿਭਾ ਰਹੇ ਹਨ। ਬਹੁ-ਗਿਣਤੀ ਲੋਕ ਪੈਸੇ ਲਈ ਕੁਝ ਵੀ ਕਰ ਸਕਦੇ ਹਨ। ਕਿੰਨੇ ਵੀ ਗਿਰ ਸਕਦੇ ਹਨ। ਨੇਤਾ ਅਸੰਵੇਦਨਸ਼ੀਲ ਤਾਂ ਸਨ ਪਰ ਇਸ ਹੱਦ ਤੱਕ ਹੋ ਸਕਦੇ ਹਨ, ਕਦੇ ਸੋਚਿਆ ਨਹੀਂ ਸੀ। ਭਾਰਤ ਵਿਚ ਇਸ ਵੇਲੇ ਝੂਠ, ਅਡੰਬਰ, ਪਾਖੰਡ, ਬੇਈਮਾਨੀ, ਰਾਜਨੀਤਕ ਨਾਕਾਬਲੀਅਤ ਚਰਮ-ਸੀਮਾ ʼਤੇ ਹੈ।

ਸਿਹਤ-ਐਮਰਜੈਂਸੀ ਵਕਤ ਜਿਹੜਾ ਮੁਲਕ ਆਪਣੇ ਬੱਚਿਆਂ, ਬਜ਼ੁਰਗਾਂ ਨੂੰ ਹਸਪਤਾਲ, ਬੈਡ, ਆਕਸੀਜਨ, ਇਲਾਜ ਤੇ ਹੋਰ ਸਿਹਤ-ਸਹੂਲਤਾਂ ਮੁਹੱਈਆਂ ਨਹੀਂ ਕਰ ਸਕਦਾ। ਉਸਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ?

ਵੀਡੀਓ ਖ਼ਤਮ ਕਰਨ ਤੋਂ ਪਹਿਲਾਂ ਮਨ ਦੀ ਵੇਦਨਾ ਇਨ੍ਹਾਂ ਸ਼ਬਦਾਂ ਵਿਚ ਵਿਅਕਤ ਕੀਤੀ ਗਈ ਹੈ, “ਮੇਰਾ ਦੇਸ਼ ਬੇਸ਼ਰਮੀ, ਬੇਹਯਾ, ਬੇਹੁਦਗੀ, ਚਰਿੱਤਰਹੀਣਤਾ, ਅਸੰਵੇਦਨਸ਼ੀਲਤਾ ਦੀਆਂ ਸਾਰੀਆਂ ਸੀਮਾਵਾਂ ਪਾਰ ਕਰ ਗਿਆ ਹੈ। ਪਾਣੀ ਵਿਚ ਲਾਸ਼ਾਂ ਤੈਰ ਰਹੀਆਂ ਹਨ। ਮੌਤਾਂ ਦੀ ਗਿਣਤੀ ਛਪਾਈ ਜਾ ਰਹੀ ਹੈ। ਇਸਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>