ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਦਰੋਂ ਪਤਾਸਿਆਂ ਦਾ ਪ੍ਰਸ਼ਾਦ ਬੰਦ ਕਰਕੇ ਬੀਬੀ ਜਗੀਰ ਕੌਰ ਨੇ ਕੀਤਾ ਪਰੰਪਰਾ ਨਾਲ ਖਿਲਵਾੜ : ਪ੍ਰੋ . ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਦਰ ਅਰਦਾਸ ਕਰਾਉਣ ਜਾਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ‘ਤੇ ਮਿਲਣ ਵਾਲੇ ਪਤਾਸਿਆਂ ਦਾ ਪ੍ਰਸ਼ਾਦ ਅਤੇ ਸਿਰੋਪਾਉ ਬਖਸ਼ਿਸ਼ ਬੰਦ ਕਰਨ ਨੂੰ ਪਰੰਪਰਾ ਨਾਲ ਖਿਲਵਾੜ ਦਸਦਿਆਂ ਉਸ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਅਤੇ ਸਿੱਖ ਰਹੁ ਰੀਤਾਂ ਦਾ ਕੇਂਦਰੀ ਧੁਰਾ ਹੈ। ਸਿੱਖ ਹੀ ਨਹੀਂ ਸਗੋਂ ਦੁਨੀਆ ਦੇ ਕੋਨੇ ਕੋਨੇ ‘ਚ ਧਾਰਮਿਕ ਬਿਰਤੀ ਵਾਲਾ ਵਿਅਕਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਤਾਂਘ ਰੱਖਦਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਮਿਲਣ ਵਾਲੀ ਬਖਸ਼ਿਸ਼ ਸਿਰੋਪਾਉ ਅਤੇ ਪਤਾਸਿਆਂ ਦੇ ਪ੍ਰਸ਼ਾਦ ਨੂੰ ਹਰ ਕੋਈ ਸਿਰ ਮੱਥੇ ‘ਤੇ ਲਾਉਂਣ ਦੇ ਅਵਸਰ ਨੂੰ ਧੰਨ ਭਾਗ ਸਮਝਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਕੜਾਹ ਪ੍ਰਸ਼ਾਦ ਦੇ ਨਾਲ ਨਾਲ ਪਤਾਸਿਆਂ ਦਾ ਪ੍ਰਸ਼ਾਦ ਵਰਤਾਇਆ ਜਾਣਾ ਕੋਈ ਨਵੀਂ ਰੀਤ ਨਹੀਂ ਹੈ, ਪਤਾਸਿਆਂ ਦੀ ਪਰੰਪਰਾ ਗੁਰੂ ਕਾਲ ਤੋਂ ਹੀ  ਚਲੀ ਆ ਰਹੀ ਹੈ। ਪ੍ਰਾਚੀਨ ਕਾਲ ਸਮੇਂ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਕੜਾਹ ਪ੍ਰਸ਼ਾਦ ਦੇ ਨਾਲ ਪਤਾਸਿਆਂ ਦੀ ਪਰੰਪਰਾ ਨੂੰ ਵੀ ਪ੍ਰਚਲਿਤ ਰੱਖਿਆ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸਾ ਸਿਰਜਣਾ ਲਈ ਅੰਮ੍ਰਿਤ ਤਿਆਰ ਕਰਨ ਸਮੇਂ ਗੁਰੂ ਕੇ ਮਹੱਲ ਮਾਤਾ ਜੀਤੋ (ਮਾਤਾ ਅਜੀਤ ਕੌਰ) ਜੀ ਵੱਲੋਂ ਸਰਬਲੋਹ ਦੇ ਵਿਚ ਪਾਏ ਗਏ ਸਵੱਛ ਜਲ ਵਿਚ ਪਤਾਸੇ ਪਾਏ ਜਾਣਾ ਪਤਾਸਿਆਂ ਦੀ ਮਹਾਨਤਾ ਤੇ ਅਹਿਮੀਅਤ ਨੂੰ ਦਰਸਾਉਂਦਾ ਹੈ। ਇਸ ਪਰੰਪਰਾ – ਮਰਯਾਦਾ ਨੂੰ ਅੱਜ ਵੀ ਜਿਉਂ ਦਾ ਤਿਉਂ ਪੰਥ ਨਿਭਾ ਰਿਹਾ ਹੈ ਅਤੇ ਅੰਮ੍ਰਿਤ ਸੰਚਾਰ ਮੌਕੇ  ਸਰਬਲੋਹ ਵਿਚ ਸਵੱਛ ਜਲ ਦੇ ਨਾਲ ਪਤਾਸੇ ਪਾਏ ਜਾਂਦੇ ਹਨ।

ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਕਰਾਉਣ ਜਾਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ‘ਤੇ ਬਖਸ਼ਿਸ਼ਾਂ ਵਜੋਂ ਸਿਰੋਪਾਉ ਦੇਣ ਅਤੇ ਪਤਾਸਿਆਂ ਦਾ ਪ੍ਰਸ਼ਾਦ ਵਰਤਾਉਣ ਦੀ ਗੁਰੂ ਕਾਲ ਤੋਂ ਚਲੀ ਆ ਰਹੀ ਪੂਰਵ ਪਰੰਪਰਾ ਨੂੰ ਸੰਗਤ ਦੀਆਂ ਭਾਵਨਾਵਾਂ ਦੇ ਉਲਟ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮਨ ਮਰਜ਼ੀ ਅਤੇ ਪੂਰੀ ਧੌਸ ਜਮਾਉਂਦਿਆਂ ਤੋੜ ਦਿੱਤੀ ਹੈ। ਪਰੰਪਰਾ ਨਾਲ ਕੀਤੀ ਗਈ ਇਸ ਖਿਲਵਾੜ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਅਜਿਹਾ ਹੀ ਉਨ੍ਹਾਂ ਆਪਣੀ ਪਿਛਲੀ ਪਾਰੀ (2004-5 ) ਵਿਚ ਵੀ ਕੀਤਾ ਸੀ। ਉਸ ਸਮੇਂ ਵੀ ਬੀਬੀ ਜਗੀਰ ਕੌਰ ਵੱਲੋਂ ਪਾਈ ਗਈ ਗ਼ਲਤ ਪਿਰਤ ਪ੍ਰਤੀ ਸੰਗਤ ਅਤੇ ਸਿੰਘ ਸਾਹਿਬਾਨ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ‘ਤੇ ਬਾਅਦ ‘ਚ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦਰੁਸਤ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਬੀਬੀ ਜਗੀਰ ਕੌਰ ਵੱਲੋਂ ਸਿੱਖ ਪੰਥ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਪਤਾਸਿਆਂ ਦਾ ਪ੍ਰਸ਼ਾਦ ਵਰਤਾਉਣ ਨੂੰ ਬੰਦ ਕਰਦਿਆਂ ਪ੍ਰਚਲਿਤ ਪੁਰਾਤਨ ਪਰੰਪਰਾ ਨਾਲ ਖਿਲਵਾੜ ਕਰਨ ਪ੍ਰਤੀ ਸੰਗਤ ਦੇ ਰੋਸ ਦੇ ਬਾਵਜੂਦ ਸਿੰਘ ਸਾਹਿਬਾਨ ਵੱਲੋਂ ਕੋਈ ਖ਼ਾਸ ਧਿਆਨ ਨਾ ਦਿਤਾਜਾਣਾ ਅਫਸੋਸਨਾਕ ਹੈ।

ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਚਾਪਲੂਸ ਤੇ ਖ਼ੁਸ਼ਾਮਦੀ ਲੋਕਾਂ ‘ਚ ਘਿਰੇ ਹੋਣ ਹੋਣ ਕਾਰਨ ਆਏ ਦਿਨ ਅਜਿਹੇ ਗ਼ਲਤ ਫ਼ੈਸਲੇ ਲੈ ਰਹੀ ਹੈ, ਜਿਨ੍ਹਾਂ ਨਾਲ ਸਿੱਖ ਭਾਵਨਾਵਾਂ ਆਹਤ ਹੋ ਰਹੀਆਂ ਹਨ। ਉਨ੍ਹਾਂ ਬੀਬੀ ਜਗੀਰ ਕੌਰ ਨੂੰ ਸਹੀ ਪੰਥਕ ਸਲਾਹਕਾਰਾਂ ਦੀ ਟੀਮ ਗਠਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਕੀਤੀਆਂ ਜਾ ਰਹੀਆਂ ਗ਼ਲਤ ਫੈਸਲਿਆਂ ਤੇ ਤਬਦੀਲੀਆਂ ਪੰਥ ‘ਚ ਪ੍ਰਵਾਨ ਹੋਣ ਦੀ ਥਾਂ ਰੋਸ ਵਧ ਰਿਹਾ ਹੈ। ਜਿਸ ਬਾਰੇ ਜਥੇਦਾਰ ਸਾਹਿਬਾਨ ਅਤੇ ਸਿਖ ਪੰਥ ਨੂੰ ਸੋਚਣ ਦੀ ਲੋੜ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>