ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ

ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ, ਸਿੱਖ ਕੌਮ ਦਾ ਉਹ ਅਜ਼ੀਮ ਨਾਇਕ ਜੋ ਮਰਦ- ਏ- ਮੁਜਾਹਿਦ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਹੋ ਨਿੱਬੜਿਆ। ਜਨਰਲ ਭਾਈ ਸੁਬੇਗ ਸਿੰਘ, ਪਿੰਡ ਖ਼ਿਆਲਾ ਖ਼ੁਰਦ ਦੇ ਰਹਿਣ ਵਾਲੇ ਸਨ ਜੋ ਕਿ ਗੁਰੂ ਨਗਰੀ ਤੋਂ ਨੌਂ ਮੀਲ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ- ਲੋਪੋਕੇ ਚੁਗਾਵਾਂ ਰੋਡ ‘ਤੇ ਸਥਿਤ ਹੈ । ਆਪ ਜੀ ਦਾ ਪਰਿਵਾਰ ਪਿੰਡ ਵਿਚ ਖਾਂਦਾ-ਪੀਂਦਾ ਧਨੀ ਪਰਿਵਾਰ ਅਤੇ ਜ਼ਮੀਨਾਂ ਦਾ ਮਾਲਕ ਸੀ। ਆਪ ਜੀ ਪਿਤਾ ਭਗਵਾਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਪੁੱਤਰ ਸਨ। ਉਨ੍ਹਾਂ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ।
ਜਨਰਲ ਸਾਹਿਬ ਦੇ ਪਰਿਵਾਰ ਨੂੰ ਕੁਝ ਲੋਕ ਬਿਨਾ ਖੋਜ ਪੜਤਾਲ ਦੇ ਹੀ 1740 ਵਿਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਨਾਲ ਮਿਲ ਕੇ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਭੰਗੂ ਨਾਲ ਜੋੜਣਾ ਸ਼ਾਇਦ ਦੋਹਾਂ ਦਾ ਭੰਗੂ ਗੋਤ ਹੋਣ ਕਰਕੇ ਹੈ, ਇਹ ਹੋਰ ਵਧੇਰੇ ਖੋਜ ਦਾ ਵਿਸ਼ਾ ਹੈ। ਲਿਹਾਜ਼ਾ ਭਾਈ ਮਹਿਤਾਬ ਸਿੰਘ ਜੀ ਦਾ ਨਗਰ ਪਿੰਡ ਮੀਰਾਂ ਕੋਟ ਹੈ ਅਤੇ ਜਨਰਲ ਭਾਈ ਸੁਬੇਗ ਸਿੰਘ ਜੀ ਦਾ ਪਿੰਡ ਖ਼ਿਆਲਾ ਹੈ। ਕੁਝ ਲਿਖਾਰੀਆਂ ਦੇ ਦਾਅਵੇ ਮੁਤਾਬਕ, ਨਾ ਹੀ ਪਿੰਡ ਖ਼ਿਆਲੇ ਦਾ ਨਾਮ ਕਦੀ ਖ਼ਿਆਲਾ ਨੰਦ ਸਿੰਘ ਵੱਜਦਾ ਰਿਹਾ। ਸ਼ਰਧਾ ਵੱਸ ਕੀਤੇ ਗਏ ਇਨ੍ਹਾਂ ਦਾਅਵਿਆਂ ਦੀ ਸਚਾਈ ਸੰਗਤ ਸਾਹਮਣੇ ਰੱਖਣੀ ਜ਼ਰੂਰੀ ਹੈ, ਕਿਉਂਕਿ ਇਹ ਭੁਲੇਖਾ ਪਾਊ ਲਿਖਤਾਂ ਅੱਗੇ ਜਾ ਕੇ ਇਤਿਹਾਸ ਨਾਲ ਇਨਸਾਫ਼ ਨਹੀਂ ਕਰਨਗੀਆਂ।

ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ ਦਾ ਪਿੰਡ ਖ਼ਿਆਲਾ, ਉਸ ਸਰਜ਼ਮੀਨ ’ਤੇ ਆਬਾਦ ਹੈ ਜਿੱਥੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਬਾਦਸ਼ਾਹ ਸ਼ਾਹਜਹਾਨ ਦੇ ਸ਼ਿਕਾਰੀ ’’ਬਾਜ਼’’ ਨੂੰ ਲੈ ਕੇ ਸੰਨ 1628 ’ਚ ਗੁਰੂ ਕੇ ਸਿੱਖਾਂ ਅਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਮੁਖਲਿਸ ਖਾਨ ਦੀ ਕਮਾਨ ਹੇਠ ਸ੍ਰੀ ਅੰਮ੍ਰਿਤਸਰ ’ਤੇ ਚੜ੍ਹ ਕੇ ਆਈ ਸਤ ਹਜ਼ਾਰ ਮੁਗ਼ਲ ਫ਼ੌਜ ਦਰਮਿਆਨ ਹੋਈ ਜੰਗ ਦੌਰਾਨ ਸ਼ਹੀਦੀ ਪਾਉਣ ਵਾਲੇ ਸ਼ਹੀਦ ਬਾਬਾ ਦਿੱਤਮਲ ਸ਼ਹੀਦ ( ਬਾਬੇ ਮੜ੍ਹ) ਜੀ ਦੇ ਪਾਵਨ ਸਰੂਪ ਦਾ ਜਿੱਥੇ ਅੰਤਿਮ ਸਸਕਾਰ ਕੀਤਾ ਗਿਆ। ਸੰਨ 1725 ਈਸਵੀ ਦੌਰਾਨ ਭਾਗੂ ( ਭੰਗੂ) ਅਤੇ ਬੀਬੀ ਸਲਵਾਣੀ ਵਿਆਹ ਉਪਰੰਤ ਬਾਬਾ ਮੜ੍ਹ ਦੇ ਇਸ ਅਸਥਾਨ ਨੂੰ ਪਵਿੱਤਰ ਮੰਨਦਿਆਂ ਪਿੰਡ ਵਸਾਉਣ ਲਈ ਮੋਹੜੀ ਗੱਡ ਦਿਆਂ ਬੰਨਿਆ ਗਿਆ।

ਸ. ਸੁਬੇਗ ਸਿੰਘ ਨੂੰ ਸਕੈਡੰਰੀ ਸਿੱਖਿਆ ਲਈ ਲਾਇਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਉੱਚ ਵਿਦਿਆ ਲਈ ਸਰਕਾਰੀ ਕਾਲਜ ਲਾਹੌਰ ਭੇਜਿਆ ਗਿਆ। ਉਹ ਫੁੱਟਬਾਲ, ਹਾਕੀ ਅਤੇ ਐਥਲੇਟਿਕਸ ਦੇ ਬੇਹਤਰੀਨ ਖਿਡਾਰੀ ਸਨ। ਅਠਾਰਾਂ ਸਾਲਾਂ ਦੀ ਉਮਰ ਵਿੱਚ ਉਨ੍ਹਾਂ ਸੌ ਮੀਟਰ ਦੌੜ ਦੇ ਭਾਰਤੀ ਰਿਕਾਰਡ ਨੂੰ ਤੋੜਿਆ ਸੀ ਅਤੇ ਨਾਲ ਹੀ ਜ਼ਿਲ੍ਹਾ ਬੋਰਡ ਛਾਲ ਮਾਰਨ ਦੇ ਰਿਕਾਰਡ ਨੂੰ ਵੀ ਤੋੜਿਆ ਸੀ। ਫਿਰ ਵੀ ਉਨ੍ਹਾਂ ਨੇ ਖੇਡਾਂ ਨੂੰ ਆਪਣਾ ਕਿੱਤਾ ਨਾ ਬਣਾ ਕੇ ਫੌਜ ਨੂੰ ਚੁਣਿਆ। 1940 ਵਿੱਚ ਦੂਜੀ ਪੰਜਾਬ ਰਜਮੈਂਟ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਚੁਣੇ ਜਾਣ ਬਾਅਦ ਇਹ ਰਜਮੈਂਟ ਜਪਾਨ ਦੇ ਖਿਲਾਫ ਲੜਨ ਲਈ ਬਰਮਾ ਰਵਾਨਾ ਹੋ ਗਈ।

ਭਾਰਤੀ ਵੰਡ ਤੋਂ ਬਾਅਦ ਉਹ ਪੈਰਾਸ਼ੂਟ ਬਰਗੇਡ ਵਿੱਚ ਪੈਰਾ ਟਰੂਪਰ ਵਜੋਂ ਸ਼ਾਮਲ ਹੋਏ। 1959 ਤੱਕ ਉਹ ਇਸ ਬਟਾਲੀਅਨ ਵਿੱਚ ਰਹੇ। ਜਨਰਲ ਸੁਬੇਗ ਸਿੰਘ ਸੁਭਾਅ ਵਜੋਂ ਪੜਾਕੂ ਇਨਸਾਨ ਸਨ ਅਤੇ ਉਨ੍ਹਾਂ ਨੇ ਹਰੇਕ ਫੌਜੀ ਕਾਰਵਾਈ ਬਾਰੇ ਡੂੰਘੀ ਖੋਜ ਕੀਤੀ ਸੀ ਅਤੇ ਹਰੇਕ ਫੌਜੀ ਜਨਰਲ ਦੀ ਜੀਵਨੀ ਪੜ੍ਹੀ ਸੀ। ਇਤਿਹਾਸ ਵਿੱਚ ਉਨ੍ਹਾਂ ਦੀ ਖਾਸ ਦਿਲਚਸਪੀ ਸੀ। ਉਹ ਪੰਜਾਬੀ, ਫਾਰਸੀ, ਉਰਦੂ, ਗੋਰਖੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ ਲੈਂਦੇ ਸਨ। ਦੇਹਰਾਦੂਨ ਵਿਖੇ ਫੌਜੀ ਅਕੈਡਮੀ ਵਿੱਚ ਵੀ ਰਹੇ ਅਤੇ ਹੋਰ ਕਈ ਅਹੁਦਿਆਂ ਉੱਪਰ ਵੀ ਸੇਵਾ ਨਿਭਾਈ। ਫੌਜ ਵਿੱਚ ਉਹ ਇੱਕ ਨਿਡਰ ਅਫਸਰ ਵਜੋਂ ਮਸ਼ਹੂਰ ਹੋ ਗਏ ਜੋ ਕਿ ਕਿਸੇ ਵੀ ਤਰ੍ਹਾਂ ਦੀ ਮਾੜੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਦੇ ਸਨ।

ਭਾਰਤ ਵਲੋਂ ਲੜੀ ਗਈ ਹਰੇਕ ਜੰਗ ਵਿੱਚ ਉਨ੍ਹਾਂ ਹਿੱਸਾ ਲਿਆ। 965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਜੰਮੂ-ਕਸ਼ਮੀਰ ਵਿੱਚ ਤੈਨਾਤ ਸਨ ਅਤੇ ਗੋਰਖਾ ਰਾਇਫਲ ਦੇ ਕਮਾਂਡਰ ਸਨ ਤਾਂ ਉਨ੍ਹਾਂ ਦੀ ਮਾਤਾ ਵਲੋਂ ਭੇਜੀ ਟੈਲੀਗਰਾਮ ਜੋ ਕਿ ਉਨ੍ਹਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ ਸਬੰਧੀ ਸੀ, ਬਾਰੇ ਆਪਣੇ ਕਿਸੇ ਵੀ ਸਹਿਯੋਗੀ ਨੂੰ ਨਾ ਦੱਸਿਆ। ਜਦੋਂ ਫੌਜੀ ਕਾਰਵਾਈਆਂ ਖਤਮ ਹੋਈਆਂ ਤਾਂ ਹੀ ਉਨ੍ਹਾਂ ਛੁੱਟੀ ਲਈ ਅਰਜ਼ੀ ਦਿੱਤੀ। ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਪਿਤਾ ਜੀ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਕਦੇ ਵੀ ਨਾ ਪੁੱਛਿਆ। ਹਰ ਕੋਈ ਜਾਣਦਾ ਸੀ ਕਿ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾਂ ਉਨ੍ਹਾਂ ਲਈ ਮੁੱਖ ਕਰਤੱਵ ਸੀ। 1965 ਤੋਂ ਬਾਅਦ ਸ. ਸੁਬੇਗ ਸਿੰਘ ਨੂੰ ਕਰਨਲ ਬਣਾ ਦਿੱਤਾ ਗਿਆ। ਉਨ੍ਹਾਂ ਨੂੰ ਨਾਗਾਲੈਂਡ ਵਿੱਚ ਨਾਗਾ ਖਾੜਕੂਆਂ ਦੀਆਂ ਕਾਰਵਾਈਆਂ ਦਬਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਉਨ੍ਹਾਂ ਦੀ ਕਮਾਂਡ ਹੇਠ ਅੱਠਵੀਂ ਪਹਾੜੀ ਡਿਵੀਜ਼ਨ ਦੇ ਪੰਜਾਹ ਜਵਾਨ ਸਨ। ਉੱਥੇ ਉਨ੍ਹਾਂ ਅਗਵਾਈ ਅਤੇ ਨਿੱਡਰ ਪੈਂਤੜੇਬਾਜੀ ਦੀ ਆਪਣੀ ਕਲਾ ਦੀ ਵਰਤੋਂ ਕਰਕੇ ਸਫਲਤਾ ਨਾਲ ਹਾਲਾਤ ਨੂੰ ਕਾਬੂ ਕੀਤਾ। 1971 ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਰਾਜਨੀਤਕ ਗੜਬੜ ਸ਼ੁਰੂ ਹੋ ਗਈ ਅਤੇ ਬੰਗਾਲੀ ਲੋਕਾਂ ਨੇ ਪਾਕਿਸਤਾਨ ਤੋਂ ਅੱਡ ਹੋਣ ਦੀਆਂ ਇੱਛਾਵਾਂ ਜਾਹਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਯਹੀਆ ਖਾਨ ਸਰਕਾਰ  ਤੋਂ ਬੰਗਾਲੀਆਂ ਨੂੰ ਅਜਾਦ ਕਰਾਉਣ ਲੲ. 1971 ਵਿੱਚ ਮੁਕਤੀ ਵਹਿਣੀ ਬਣਾਈ। ਜਿਸ ਨੂੰ ਟਰੇਨਿੰਗ ਸੁਬੇਗ ਸਿੰਘ ਵਲੋਂ ਦਿਤੀ ਗਈ ਸੀ । ਨਵੰਬਰ 1971 ਵਿੱਚ ਮੁਕਤੀ ਬਹਿਨੀ ਨੇ ਜਦੋਂ ਢਾਕੇ ਵੱਲ ਮਾਰਚ ਕੀਤਾ ਤਾਂ ਇਹ ਬਿਨਾਂ ਕਿਸੇ ਵਿਰੋਧ ਤੋਂ ਰਾਜਧਾਨੀ ਉੱਤੇ ਕਾਬਜ ਹੋ ਗਈ। ਲਗਭਗ ਇੱਕ ਲੱਖ ਪਾਕਿਸਤਾਨੀ ਫੌਜਾਂ ਨੇ ਸਮੇਤ ਜਨਰਲ ਸਟਾਫ ਦੇ ਆਤਮ ਸਮਰਪਣ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿੱਚ ਆਇਆ।

ਭਾਰਤੀ ਫੌਜ ਵਲੋਂ ਹਰੇਕ ਫੌਜੀ ਕਾਰਵਾਈ ਵਿੱਚ ਮਹੱਤਵਪੂਰਨ ਰੋਲ ਨਿਭਾਉਣ ਵਾਲੇ ਅਫਸਰ ਨੂੰ ਅਪ੍ਰੈਲ 30, 1976 (ਸੇਵਾ ਮੁਕਤੀ ਤੋਂ ਇੱਕ ਦਿਨ ਪਹਿਲਾਂ) ਸਾਜਿਸ਼ ਤਹਿਤ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ।

ਵਿਰੋਧੀਆਂ ਵਲੋਂ ’84 ਤੋਂ ਬਾਅਦ ਉਸ ਨੂੰ ਇਸ ਕਰਕੇ ‘ਅਸੰਤੁਸ਼ਟ’ ਅਤੇ ‘ਰੁੱਸਿਆ ਹੋਇਆ’ ਆਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਆਪਣੀ ਕੌਮ ਦਾ ਵਫਾਦਾਰ ਸੀ ਅਤੇ ਆਪਣੇ ਅਤੇ ਹਰਿਮੰਦਰ ਸਾਹਿਬ ਦੀ ਸ਼ਾਨ ਅਤੇ ਮਾਣ ਲਈ ਲੜਿਆ ਸੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਨੇੜਤਾ - ਕਈ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ 1982 ਵਿੱਚ ਪੰਜਾਬ ਆਗੂ ਰਹਿਤ ਹੋ ਚੁੱਕਾ ਸੀ। ਪੰਜਾਬ ਦੇ ਲੋਕ ਉਲਝੇ ਹੋਏ ਸਨ। ਇਸ ਤਰ੍ਹਾਂ ਦੇ ਹਾਲਾਤ ਵਿੱਚ ਇੱਕ ਹੋਰ ਕ੍ਰਿਸ਼ਮਈ ਆਗੂ ਉਭਰਿਆ। ਇਹ ਦਮਦਮੀ ਟਕਸਾਲ ਦੇ ਸੰਤ ਅਤੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਉਹ ਨਿਰਛੱਲ, ਸਮਰਪਤ, ਬੇਗਰਜ, ਸੁਆਰਥਹੀਣ, ਅਡੋਲ, ਅਟਲ, ਖਰਾ, ਬੇਬਾਕ ਅਤੇ ਬੇਝਿਜਕ ਆਗੂ ਸੀ। ਉਸਦਾ ਇਕੋ ਹੀ ਹਿੱਤ ਸੀ, ਸਿੱਖ ਕੌਮ (ਖਾਲਸੇ) ਦਾ ਹਿੱਤ। ਜਦੋਂ ਉਹ ਧੋਖਾਦੇਹੀ ਵਾਲੀ ਕਾਂਗਰਸੀ ਰਾਜਨੀਤੀ ਉਤੇ ਹਮਲਾ ਕਰਦੇ ਤਾਂ ਅਕਸਰ ਸ਼ਬਦਾਂ ਦੀ ਚੋਣ ਵਿੱਚ ਬੇਤਰਸ ਹੋ ਜਾਂਦੇ। ਉਹ ਬੇਬਾਕੀ ਨਾਲ ਦੱਸਦੇ ਕਿ ਕਿਵੇਂ ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਕਿਵੇਂ ਅਕਾਲੀ ਆਪਣੇ ਦਾਅਵਿਆਂ ਦੇ ਬਾਵਜੂਦ ਧੋਖੇ ਅਤੇ ਤੋੜ-ਭੰਨ ਦੀ ਰਾਜਨੀਤੀ ਦੇ ਸ਼ਿਕਾਰ ਬਣ ਜਾਂਦੇ ਰਹੇ ਹਨ। ਜਦੋਂ ਉਹ ਤਾਕਤ ਵਿੱਚ ਆਉਂਦੇ ਸਨ ਤਾਂ ਕੇਂਦਰੀ ਸਰਕਾਰ ਨੂੰ ਖੁਸ਼ ਕਰਨ ਲਈ ਸਿੱਖ ਹਿੱਤਾਂ ਨੂੰ ਵਿਸਾਰ ਦਿੰਦੇ ਸਨ। ਲੋਕ ਉਨ੍ਹਾਂ ਦੇ ਵੱਡੀ ਪੱਧਰ ਉਤੇ ਪਿੱਛੇ ਲੱਗ ਤੁਰੇ।

ਜਲਦੀ ਹੀ ਉਹ ਸਿੱਖਾਂ ਦੇ ਸਿਰਮੌਰ ਆਗੂ ਵਜੋਂ ਉੱਭਰ ਗਏ। ਉਨ੍ਹਾਂ ਦੀ ਵਧਦੀ ਹਰਮਨ-ਪਿਆਰਤਾ ਇੰਦਰਾ ਸਰਕਾਰ ਲਈ ਖਤਰੇ ਦੀ ਘੰਟੀ ਸੀ। ਜਦੋਂ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲੇ ਤਾਂ ਕੁਦਰਤੀ ਉਹ ਇਸ ਬੇਬਾਕ, ਸਾਫ ਅਤੇ ਬਹਾਦਰ ਇਨਸਾਨ ਜੋ ਕਿ ਕਥਨੀ-ਕਰਨੀ ਦਾ ਸੂਰਾ ਅਤੇ ਕੁਦਰਤੀ ਆਗੂ ਸੀ ਵੱਲ ਖਿੱਚੇ ਗਏ। ਜਿਉਂ-ਜਿਉਂ ਸਮਾਂ ਬੀਤਿਆ ਦੋਵੇਂ ਹੋਰ ਨੇੜੇ ਹੁੰਦੇ ਗਏ।

1983 ਵਿੱਚ ਜਨਰਲ ਸੁਬੇਗ ਸਿੰਘ ਅਤੇ ਹੋਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਲਾਹ ਦਿੱਤੀ ਕਿ ਸਿੱਖ ਬੁੱਧੀਜੀਵੀਆਂ ਦੀ ਸਭਾ ਬੁਲਾਈ ਜਾਵੇ ਅਤੇ ਸਰਕਾਰ ਵਲੋਂ ਹਿੰਦੂ ਮਨ ਜਿੱਤਣ ਲਈ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਏ ਜਾਣ ਲਈ ਖਤਰਨਾਕ ਹਾਲਤ ਪੈਦਾ ਕਰਨ ਦੀ ਸਰਕਾਰੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਕਿ ਇਸ ਹਾਲਾਤ ਦਾ ਮੁਕਾਬਲਾ ਕੀਤਾ ਜਾ ਸਕੇ। ਜਨਰਲ ਸੁਬੇਗ ਸਿੰਘ ਨੇ ਪ੍ਰਸਿੱਧ ਸਿੱਖਾਂ ਅਤੇ ਸੇਵਾ-ਮੁਕਤ ਫੌਜੀ ਸਿੱਖ ਅਫਸਰਾਂ ਨੂੰ ਸੱਦਾ ਪੱਤਰ ਤਿਆਰ ਕਰਕੇ ਭੇਜਣ ਲਈ ਦਿਨ ਰਾਤ ਇੱਕ ਕਰ ਦਿੱਤਾ ਅਤੇ ਅੰਤ ਉਤੇ ਇਹ ਮੀਟਿੰਗ ਨੇਪਰੇ ਚੜ੍ਹੀ ਅਤੇ ਸਾਰਿਆਂ ਨੇ ਇਸ ਮੌਕੇ ਉੱਤੇ ਪੰਥਕ ਏਕਤਾ ਬਣਾਈ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ।

ਵੱਡੀ ਪੱਧਰ ਉੱਤੇ ਸੇਵਾ-ਮੁਕਤ ਸਿੱਖਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ, ਜਿਸ ਨੇ ਸਰਕਾਰ ਨੂੰ ਹਿਲਾ ਦਿੱਤਾ। ਇਹ ਅਹਿਦ ਵੀ ਲਿਆ ਗਿਆ ਕਿ ਲੋੜ ਪੈਣ ਉਤੇ ਸਿੱਖ ਕਾਜ ਲਈ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਜਾਣਗੀਆਂ। ਇੱਕ ਲੀਕ ਵਾਹ ਦਿੱਤੀ ਗਈ ਅਤੇ ਜੋ ਇਸ ਨਾਲ ਸਹਿਮਤ ਸਨ, ਉਨਾਂ ਨੂੰ ਇਸ ਲੀਕ ਨੂੰ ਟੱਪਣ ਲਈ ਕਿਹਾ ਗਿਆ। ਜਨਰਲ ਸੁਬੇਗ ਸਿੰਘ ਨੇ ਰਸਤਾ ਵਿਖਾਉਣ ਵਿੱਚ ਅਗਵਾਈ ਦਿੱਤੀ। ਸਮਾਂ ਬੀਤਣ ਉੱਤੇ ਅਤੇ ਸਿੱਖਾਂ ਲਈ ਇਸ ਤਰ੍ਹਾਂ ਦੇ ਸੜਦੇ ਹਾਲਤਾਂ ਤੋਂ ਬਚਣ ਲਈ ਇੱਕੋ ਰਾਹ ‘ਏਕਤਾ’ ਦਾ ਬਚਿਆ ਸੀ ਪ੍ਰੰਤੂ ਸਰਕਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਨੀਤੀ ਉੱਤੇ ਚੱਲ ਰਹੀ ਸੀ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੋਇਆ ਸੀ।
ਇੰਦਰਾਂ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉਭਾਰ ਨਾਲ ਨਜਿੱਠਣ ਲਈ ਨਵੀਂ ਪੈਂਤੜੇਬਾਜੀ ਘੜ ਲਈ ਸੀ। ਉਸਨੇ ਸੰਤ ਜਰਨੈਲ ਸਿੰਘ ਨੂੰ ਖਤਮ ਕਰਨ ਦੀ ਚਲਾਕ ਯੋਜਨਾ ਦੇ ਵਰਤਾਰੇ ਨਾਲ ਹਿੰਦੂ ਬਹੁਗਿਣਤੀ ਦਾ ਮਨ ਸਿੱਖਾਂ ਦੀ ਬਲੀ ਦੇ ਕੇ ਜਿੱਤਣ ਦਾ ਮਨ ਬਣਾ ਲਿਆ ਸੀ। ਉਸਨੇ ਨਵੇਂ ਉੱਭਰੇ ਆਗੂ ਨੂੰ ਬਦਨਾਮ ਕਰਨ ਲਈ ਅਸ਼ਲੀਲ ਪ੍ਰਚਾਰ ਦੀ ਇੱਕ ਲਹਿਰ ਚਲਾਈ ਗਈ, ਜਿਸ ਬਾਰੇ ਉਸ ਨੂੰ ਵਿਸ਼ਵਾਸ਼ ਸੀ ਕਿ ਉਹ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗਾ।
ਅਗਲੀ ਕਹਾਣੀ ਬਾਰੇ ਹਰ ਕੋਈ ਜਾਣਦਾ ਹੈ। ਸਿੱਖਾਂ ਅੱਗੇ ਇਸ ਦਾ ਜਵਾਬ ਦੇਣ ਦਾ ਇੱਕੋ ਇੱਕ ਰਸਤਾ ਮੁਕਾਬਲਾ ਕਰਨ ਦਾ ਹੀ ਬਚਿਆ ਸੀ। ਸਿੱਖਾਂ ਦੀ ਇੱਕੋ ਆਸ ਆਗੂਆਂ ਦੀ ਏਕਤਾ ਸੀ ਜੋ ਕਦੇ ਵੀ ਨਾ ਹੋ ਸਕੀ ਸੀ। ਉਹ ਸਰਕਾਰ ਦੇ ਹਰੇਕ ਹਮਲੇ ਦਾ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਸਨ ਭਾਵੇਂ ਕਿ ਉਹ ਭਾਰਤੀ ਫੌਜਾਂ ਅਤੇ ਪੁਲਿਸ ਨੂੰ ਕਈ ਮਹੀਨਿਆਂ ਤੱਕ ਮੁਕਾਬਲਾ ਦੇਣ ਦੇ ਯੋਗ ਸਨ।

ਹੁਣ ਸੰਤ ਜਰਨੈਲ ਸਿੰਘ ਨੂੰ ਜਨਰਲ ਸੁਬੇਗ ਦੀ ਲੋੜ ਸੀ। ਜਨਰਲ ਸਾਹਿਬ ਕੁਝ ਮਹੀਨੇ ਪਹਿਲਾਂ ਦਿਲ ਦੇ ਦੌਰੇ ਕਾਰਨ ਖਰਾਬ ਹੋਈ ਸਿਹਤ ਸੁਧਾਰਨ ਲਈ ਦੇਹਰਾਦੂਨ ਵਾਲੇ ਆਪਣੇ ਘਰ ਵਿੱਚ ਰਹਿ ਰਹੇ ਸਨ ਪਰ ਸਿੱਖ ਪ੍ਰਚਾਰ ਲਈ ਉੱਥੇ ਵੀ ਲਗਾਤਾਰ ਮੀਟਿੰਗਾਂ ਕਰਦੇ ਰਹਿੰਦੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋ ਭੇਜਿਆ ਗਿਆ ਇੱਕ ਖਾਸ ਹਰਕਾਰਾ ਮਾਰਚ 1984 ਦੇ ਅੱਧ ਵਿੱਚ ਉਨਾਂ ਕੋਲ ਦੇਹਰਾਦੂਨ ਪਹੁੰਚਿਆਂ ਅਤੇ ਸੰਤਾਂ ਵਲੋਂ ਜਨਰਲ ਸਾਹਿਬ ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਦੀ ਲੋੜ ਪੈਣ ਦਾ ਸੁਨੇਹਾ ਦਿੱਤਾ।

ਦੇਹਰਾਦੂਨ ਵਿੱਚ ਸਿਹਤਯਾਬੀ ਤੋਂ ਬਾਅਦ ਜਨਰਲ ਸਾਹਿਬ ਅਤੇ ਉਨਾਂ ਦੀ ਪਤਨੀ ਵਲੋਂ ਹਜੂਰ ਸਾਹਿਬ ਜਾਣ ਦੀ ਯੋਜਨਾ ਬਣਾਈ ਸੀ ਕਿਉਂਕਿ ਸੀ.ਬੀ.ਆਈ. ਦੇ ਕੇਸ ਵਿੱਚੋਂ ਬਰੀ ਹੋਣ ਲਈ ਉਨ੍ਹਾਂ ਦੀ ਪਤਨੀ ਨੇ ਹਜ਼ੂਰ ਸਾਹਿਬ ਵਿਖੇ ਅਰਦਾਸ ਕਰਵਾਉਣ ਦੀ ਸੁੱਖ ਸੁੱਖੀ ਸੀ। ਪਰ ਜਨਰਲ ਸਾਹਿਬ ਨੇ ਇਸ ਪ੍ਰੋਗਰਾਮ ਨੂੰ ਇੱਕਦਮ ਮਨਸੂਖ ਕਰ ਦਿੱਤਾ। ਉਨ੍ਹਾਂ ਬਿਨਾਂ ਕਿਸੇ ਦੂਜੀ ਸੋਚ ਦੇ (ਅਤੇ ਭਾਵੇਂ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋਏ ਸਨ) ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਇਹ ਉਨ੍ਹਾਂ ਵਲੋਂ ਦੇਹਰਾਦੂਨ ਵਿੱਚ ਬਣਾਏ ਉਸ ਘਰ ਵਿੱਚ ਬਿਤਾਏ ਆਖਰੀ ਦਿਨ ਜੋ ਉਨ੍ਹਾਂ ਸੇਵਾ-ਮੁਕਤੀ ਪਿੱਛੋਂ ਪੂਜਾ-ਪਾਠ ਕਰਦਿਆਂ ਹੋਇਆ ਸ਼ਾਂਤ ਜ਼ਿੰਦਗੀ ਬਿਤਾਉਣ ਦੀ ਇੱਛਾ ਨਾਲ ਬਣਵਾਇਆ ਸੀ।

ਅੰਮ੍ਰਿਤਸਰ ਵਿਖੇ ਪਹੁੰਚ ਕੇ ਉਹ ਸਰਕਾਰ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੁੱਧ ਰਾਖੀ ਲਈ ਪੈਂਤੜੇ ਬਣਾਉਣ ਵਿੱਚ ਰੁੱਝ ਗਏ। ਉਨਾਂ ਨੇ ਰਾਖੀ ਦੀਆਂ ਪੈਂਤੜੇਬਾਜੀਆਂ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੋਂ ਲੁਕੀਆਂ ਰਹਿਣ ਅਤੇ ਨਾਲ ਹੀ ਇਹ ਰਾਖੀ ਦੀ ਯੋਜਨਾਬੰਦੀ ਪ੍ਰਭਾਵਸ਼ਾਲੀ ਵੀ ਹੋਵੇ। ਇਸ ਸਮੇਂ ਉਹ ਆਪਣੇ ਪੂਰੇ ਰੰਗ ਵਿੱਚ ਸਨ। ਉਨ੍ਹਾਂ ਅੰਦਰ ਹਮੇਸ਼ਾਂ ਜੰਗ ਨੂੰ ਪਿਆਰ ਕਰਨ ਦਾ ਇਰਾਦਾ ਸੀ ਅਤੇ ਜੰਗ ਦੇ ਮੈਦਾਨ ਵਿੱਚ ਜਾਨ ਦੇਣ ਦੀ ਉਨ੍ਹਾਂ ਅੰਤਰੀਵ ਇੱਛਾ ਸੀ। ਗੁਰੂਆਂ ਦੀ ਪਵਿੱਤਰ ਹਾਜਰੀ ਵਿੱਚ ਜਾਨ ਵਾਰਨ ਦੀ ਉਨ੍ਹਾਂ ਦੀ ਦਿੱਲੀ ਤਮੰਨਾ ਸੀ। ਕੌਮ ਦੀ ਸੇਵਾ ਕਰਦਿਆਂ ਜਾਨ ਵਾਰਨ ਦੀ ਡੂੰਘੀ ਇੱਛਾ ਦੀ ਪੂਰਤੀ ਲਈ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਵਧ ਕੇ ਹੋਰ ਕਿਹੜੀ ਥਾਂ ਹੋ ਸਕਦੀ ਹੈ। ਉਹ ਆਪਣੇ ਹੋਠਾਂ ਉੱਤੇ ਗੁਰੂ ਗੋਬਿੰਦ ਸਿੰਘ ਅੱਗੇ ‘ਦੇਹ ਸਿਵਾ ਵਰ ਮੋਹਿ’ ਦੀ ਅਰਦਾਸ ਕਰਦਿਆਂ ਸਮੇਂ ਦੇ ਵਿਰੁੱਧ ਬਿਨਾਂ ਥੱਕਿਆਂ ਆਪਣੇ ਕਾਰਜ ਵਿੱਚ ਲੀਨ ਰਹੇ।

ਪਹਿਲਾਂ ਵੀ, ਹਰੇਕ ਜੰਗ ਲੜਨ ਸਮੇਂ ਉਨ੍ਹਾਂ ਹਮੇਸ਼ਾ ਇਹ ਅਰਦਾਸ ਕੀਤੀ ਸੀ। ਫੌਜ ਵਿੱਚ ਜਰਨੈਲ ਹੁੰਦਿਆ ਉਹ ਆਪਣੇ ਵਿਰੋਧ ਬਾਰੇ ਹਮੇਸ਼ਾਂ ਚੇਤੰਨ ਰਹੇ ਸਨ। ਹੁਣ ਉਨ੍ਹਾਂ ਦੀ ਮਦਦ ਵਾਸਤੇ 150 ਤੋਂ ਵੀ ਘੱਟ ਖਾਲਸੇ ਸਨ ਪਰ ਇਹ ਆਮ ਨੌਜਵਾਨ ਨਹੀਂ ਸਨ। ਇਹ ਆਪਣੇ ਕਾਜ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਸਨ ਅਤੇ ਸਮਾਂ ਆਉਣ ‘ਤੇ ਆਪਣੇ ਆਖਰੀ ਸਾਹ ਤੱਕ ਲੜਨ ਦਾ ਮਾਦਾ ਰੱਖਦੇ ਸਨ। ਸਮਾਂ ਆਉਣ ਉੱਤੇ ਸੰਤ (ਜਰਨੈਲ ਸਿੰਘ ਜੀ) ਬਾਬਾ ਦੀਪ ਸਿੰਘ ਜੀ ਦੇ ਪਦ-ਚਿੰਨਾਂ ਉਤੇ ਚੱਲਦਿਆਂ ਹੋਇਆ ਸ਼ਹੀਦੀ ਦੇਣ ਦੀ ਚੋਣ ਕਰ ਚੁੱਕੇ ਸਨ।

ਇਥੇ ਦੋ ਪ੍ਰੰਪਰਾਵਾਂ ਦਾ ਸੁਮੇਲ ਹੋਣਾ ਸੀ। ਇਕ ਪਾਸੇ ਮਹਾਨ ਦਮਦਮੀ ਟਕਸਾਲ ਦੇ ਮੁਖੀ ਸਨ ਅਤੇ ਦੂਜੇ ਪਾਸੇ 250 ਸਾਲ ਪਹਿਲਾਂ ਮੱਸੇ ਰੰਘੜ ਦਾ ਸਿਰ ਵੱਢ ਕੇ ਆਪਣੇ ਨੇਜੇ ਉਤੇ ਟੰਗ ਕੇ ਲੈ ਜਾਣ ਵਾਲੇ ਭਾਈ ਮਹਿਤਾਬ ਸਿੰਘ ਦਾ ਵਾਰਸ ਸੀ। ਇਸ ਸਮੇਂ ਦੌਰਾਨ ਇੰਦਰਾ ਗਾਂਧੀ ਆਪਣੀ ਖੇਡ ਉਸ ਵਲੋਂ ਬਣਾਏ ਨਿਯਮਾਂ ਅਨੁਸਾਰ ਖੇਡ ਰਹੀ ਸੀ। ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਅਤੇ ਖਾਸ ਕਰਕੇ ਹਰਿਮੰਦਰ ਸਾਹਿਬ ਉਤੇ ਹਮਲੇ ਦੀ ਸੂਰਤ ਵਿੱਚ ਭੜਕਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ। ਚਕਰਾਤਾ ਵਿਖੇ ਕਮਾਂਡੋ ਹਮਲੇ ਦੀ ਰਿਹਰਸਲ ਕਰ ਰਹੇ ਸਨ। ਸਿੱਖ ਮਾਣ ਉਤੇ ਕਰੜੀ ਸੱਟ ਮਾਰਨ ਲਈ ਜੂਨ 1984 ਵਿੱਚ ਫੌਜ ਬੁਲਾ ਲਈ ਗਈ ਸੀ।

ਫੌਜ ਦੇ ਆਗੂਆਂ ਨੂੰ ਧਿਆਨ ਨਾਲ ਚੁਣਿਆ ਗਿਆ। ਜਨਰਲ ਸੁੰਦਰਜੀ ਭਾਵੇਂ ਫੌਜ ਦੇ ਮੁਖੀ ਸਨ ਪਰ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਕਾਰਵਾਈ ਦੇ ਕਮਾਂਡਰ ਵਜੋਂ ਭਾਰਤ ਸਰਕਾਰ ਨੇ ਵੱਡੇ ਪੱਧਰ ਉੱਤੇ ਮਸ਼ਹੂਰੀ ਦਿੱਤੀ। ਭਾਰਤੀ ਮੀਡੀਏ ਨੇ ਵੱਡੀ ਪੱਧਰ ਉਤੇ ਪ੍ਰਚਾਰ ਕੀਤਾ ਕਿ ਫੌਜੀ ਸਿੱਖ ਅਫਸਰਾਂ ਵਲੋਂ ਦਰਬਾਰ ਸਾਹਿਬ ਉਤੇ ਕਾਰਵਾਈ ਦੀ ਹਿਮਾਇਤ ਕੀਤੀ ਹੈ। ਮੇਜਰ ਕੁਲਦੀਪ ਸਿੰਘ ਬਰਾੜ ਜੋ ਕਿ ਸਿਰਫ ਨਾਂ ਦਾ ਸਿੱਖ ਸੀ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਸ਼ੌਕੀਨ ਸੀ, ਗੈਰ-ਸਿੱਖ ਔਰਤ ਨਾਲ ਵਿਆਹਿਆ ਹੋਇਆ ਸੀ, ਨੂੰ ਦਿਆਲ ਸਮੇਤ ਹਮਲੇ ਦੀ ਕਾਰਵਾਈ ਦੇ ਕਮਾਂਡਰਾਂ ਵਜੋਂ ਨਿਵਾਜਿਆ ਗਿਆ। ਗਿਆਨੀ ਜ਼ੈਲ ਸਿੰਘ ਜਿਸਨੇ ਫੌਜੀ ਕਾਰਵਾਈ ਸਬੰਧੀ ਕਾਗਜੀ ਕਾਰਵਾਈ ਉਤੇ ਦਸਤਖਤ ਕੀਤੇ, ਭਾਰਤ ਦਾ ਰਾਸ਼ਟਰਪਤੀ ਸੀ।

ਇੰਦਰਾ ਕਿੰਨੀ ਚਲਾਕ ਸੀ। ਉਸ ਨੇ ਹਰੇਕ ਚੀਜ਼ ਨੂੰ ਪਹਿਲਾਂ ਹੀ ਨੀਯਤ ਕੀਤਾ ਹੋਇਆ ਸੀ। ਇੱਕ ਅਤੇ ਦੋ ਜੂਨ ਨੂੰ ਬਰਾੜ ਨੇ ਖੁਦ ਸ਼ਰਧਾਲੂ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਸਿੱਖਾਂ ਵਲੋਂ ਕੀਤੇ ਗਏ ਰਾਖੀ-ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਆਪਣੇ ਉੱਚ ਅਫਸਰਾਂ ਨੂੰ ਦੱਸਿਆ ਕਿ ਕਾਰਵਾਈ ਪੂਰੀ ਕਰਨ ਲਈ ਸਿਰਫ ਛੇ ਕੁ ਘੰਟਿਆਂ ਦਾ ਸਮਾਂ ਲੱਗੇਗਾ। ਤਿੰਨ ਜੂਨ ਨੂੰ ਸਾਢੇ ਨੌਂ ਵਜੇ ਅੰਮ੍ਰਿਤਸਰ ਅਤੇ ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਅਤੇ ਬਾਹਰ ਜਾਣ ਉਤੇ ਪਾਬੰਦੀ ਲਗਾ ਦਿੱਤੀ ਗਈ।

ਸਾਢੇ ਅੱਠ ਵਜੇ ਜਨਰਲ ਸੁਬੇਗ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਮਾਤਾ ਜੀ, ਪਤਨੀ ਅਤੇ ਦੂਜੇ ਸਾਕ-ਸਬੰਧੀਆਂ ਨੂੰ ਹਰਿਮੰਦਰ ਸਾਹਿਬ ਤੋਂ ਬਾਹਰ ਜਾਣ ਅਤੇ ਪਿੰਡ ਵਾਪਸ ਜਾਣ ਲਈ ਜ਼ੋਰ ਪਾਇਆ। ਸਾਰੇ ਸਾਕ-ਸਬੰਧੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ‘ਚ ਅਰਦਾਸ ਕਰਨ ਲਈ ਆਏ ਸਨ, ਜੋ ਕਿ ਚਾਰ ਜੂਨ ਨੂੰ ਸੀ। ਇਨ੍ਹਾਂ ਵਲੋਂ ਹਰਿਮੰਦਰ ਸਾਹਿਬ ਤੋਂ ਗੁਰੂਸਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਤੱਕ ਜਾਣ ਵਾਲੀ ਸਲਾਨਾ ਚੌਂਕੀ ਸਬੰਧੀ ਪ੍ਰਬੰਧ ਕਰਨੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਮੇਤ ਚੌਂਕੀ ਖਿਆਲਾ ਪਿੰਡ ਵਿਖੇ ਰੁਕਦੀ ਸੀ, ਜਿੱਥੇ ਜਨਰਲ ਸਾਹਿਬ ਦੀ ਮਾਤਾ ਜੀ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਾਣੀ ਦੀ ਸੇਵਾ ਦਾ ਪ੍ਰਬੰਧ ਕਰਨਾ ਸੀ। ਮਾਤਾ ਜੀ ਨੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਪੂਰੇ ਪ੍ਰਬੰਧ ਕੀਤੇ ਸਨ ਪਰ ਹਜ਼ਾਰਾਂ ਸੰਗਤਾਂ ਜੋ ਇਸ ਸਲਾਨਾ ਦਿਹਾੜੇ ਨੂੰ ਮਨਾਉਣ ਲਈ ਦਰਬਾਰ ਸਾਹਿਬ ਪਹੁੰਚੀਆਂ ਸਾਢੇ ਨੌਂ ਵਜੇ ਤੋਂ ਪਹਿਲਾਂ ਬਾਹਰ ਨਾ ਨਿਕਲ ਸਕੀਆਂ ਅਤੇ ਦਰਬਾਰ ਸਾਹਿਬ ਦੇ ਅੰਦਰ ਹੀ ਫਸ ਗਈਆਂ।

ਹਜ਼ਾਰਾਂ ਸੰਗਤਾਂ ਤਾਕਤ ਦੀ ਭੁੱਖੀ ਇੰਦਰਾ ਅਤੇ ਉਸ ਦੇ ਚਮਚਿਆਂ ਵਲੋਂ ਕੀਤੇ ਗਏ ਕਤਲੇਆਮ ਵਿੱਚ ਸ਼ਹੀਦ ਹੋ ਗਈਆਂ। ਸਿੱਖਾਂ ਨੇ ਕੌਮੀ ਸ਼ਹੀਦਾਂ ਦੀ ਪ੍ਰੰਪਰਾਂ ਨੂੰ ਸ਼ਹੀਦਾਂ ਦਾ ਇੱਕ ਹੋਰ ਜਥਾ ਭੇਂਟ ਕੀਤਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>