ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਗਲੇ ਹਫਤੇ ਕੋਰਨਵਾਲ ਵਿੱਚ ਜੀ -7 ਸੰਮੇਲਨ ਦੀ ਮੇਜ਼ਬਾਨੀ ਦੌਰਾਨ ਪੁਲਿਸ ਦੁਆਰਾ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਵਾਈ ਵਿੱਚ ਲਾਗਤ 70 ਮਿਲੀਅਨ ਪੌਂਡ ਤੋਂ ਵੱਧ ਖਰਚਾ ਆਉਣ ਦਾ ਅਨੁਮਾਨ ਹੈ। ਇਸ ਦੌਰਾਨ ਲੱਗਭਗ 6,500 ਪੁਲਿਸ ਅਧਿਕਾਰੀ 11 ਤੋਂ 13 ਜੂਨ ਨੂੰ ਸੇਂਟ ਇਵਜ਼ ਦੇ ਨੇੜੇ ਕਾਰਬਿਸ ਬੇਅ ਵਿਖੇ ਸਮਾਗਮ ਨੂੰ ਸੁਰੱਖਿਅਤ ਕਰਨਗੇ, ਜਿਹਨਾਂ ਵਿੱਚ ਡੇਵੋਨ ਅਤੇ ਕੋਰਨਵਾਲ ਫੋਰਸ ਦੀ ਮਦਦ ਕਰਨ ਲਈ ਦੇਸ਼ ਭਰ ਤੋਂ 5,000 ਤੋਂ ਵੱਧ ਅਧਿਕਾਰੀ ਆਉਣਗੇ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮੇਜ਼ਬਾਨੀ ਵਾਲੇ ਇਸ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਸਮੇਤ ਹੋਰ ਜੀ 7 ਨੇਤਾਵਾਂ ਦੀ ਸੁਰੱਖਿਆ ਲਈਪਹਿਲਲਈ ਮਦਦ ਕਰਨ ਲਈ ਕਾਰਨੀਸ਼ ਸਮੁੰਦਰੀ ਕੰਢੇ ਵਿੱਚ 10 ਫੁੱਟ ਉੱਚੀ ਸਟੀਲ ਦੀ ਵਾੜ ਪਹਿਲਾਂ ਹੀ ਲਗਾਈ ਜਾ ਚੁੱਕੀ ਹੈ। ਇਸ ਸੰਮੇਲਨ ਦੌਰਾਨ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਕਾਉਂਟੀ ਵਿਚ ਬੁੱਧਵਾਰ ਤੋਂ ਨਿਉਕੇ ਹਵਾਈ ਅੱਡੇ, ਫਲਾਮਥ ਆਦਿ ਵਿੱਚ ਚੈੱਕ ਪੁਆਇੰਟ ਸ਼ੁਰੂ ਹੋਣਗੇ। ਜੀ -7 ਸੰਮੇਲਨ ਵਿੱਚ ਸੱਤ ਦੇਸ਼ਾਂ ਦੇ ਵਿਸ਼ਵ ਨੇਤਾ ਸ਼ਾਮਲ ਹੋਣ ਵਾਲੇ ਹਨ, ਜਿਹਨਾਂ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਆਦਿ ਸ਼ਾਮਲ ਹਨ। ਇਸ ਸਾਲ, ਆਸਟਰੇਲੀਆ, ਭਾਰਤ, ਦੱਖਣੀ ਅਫਰੀਕਾ ਅਤੇ ਦੱਖਣੀ ਕੋਰੀਆ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਲਈ ਮਹਿਮਾਨ ਦੇਸ਼ਾਂ ਵਜੋਂ ਸੱਦਾ ਦਿੱਤਾ ਗਿਆ ਹੈ।