
ਸ: ਕਰਤਾਰ ਸਿੰਘ ਪਹਿਲਵਾਨ ਅਤੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਜਸਪਾਲ ਸਿੰਘ, ਭਾਈ ਇਕਬਾਲ ਸਿੰਘ ਤੁੰਗ, ਬਾਬਾ ਸਤਨਾਮ ਸਿੰਘ ਅਕਾਲੀ, ਪ੍ਰਧਾਨ ਸ: ਨਰਿੰਦਰ ਸਿੰਘ ਵਡਾਲੀ ਡੋਗਰਾਂ ਤੇ ਹੋਰ।
ਜੰਡਿਆਲਾ / ਅੰਮ੍ਰਿਤਸਰ – ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਜਾਰੀ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਟੀ ਰੋਡ ‘ਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ, ਵਡਾਲੀ ਡੋਗਰਾਂ ਵਿਖੇ ਆਰੰਭੇ ਗਏ ਸਹਿਜ ਪਾਠਾਂ ਦੀ ਲੜੀ ਸਮਾਗਮ ਵਿਚ ਪਰਿਵਾਰ ਸਮੇਤ ਸ਼ਿਰਕਤ ਕਰਦਿਆਂ ਵਿਸ਼ਵ ਪ੍ਰਸਿੱਧ ਤੇ ਵਿਸ਼ਵ ਚੈਂਪੀਅਨ ਪਹਿਲਵਾਨ ਸ: ਕਰਤਾਰ ਸਿੰਘ ਸੁਰ ਸਿੰਘ ਨੇ ਜਿੱਥੇ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਦੀ ਅਰਦਾਸ ਕੀਤੀ ਉੱਥੇ ਹੀ ਉਨ੍ਹਾਂ ਕਿਸਾਨਾਂ ਦੀ ਝੋਨਾ ਲਗਾਉਣ ‘ਚ ਮਸਰੂਫ਼ੀਅਤ ਨੂੰ ਦੇਖਦਿਆਂ ਵਪਾਰੀਆਂ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਦਿਲੀ ਕਿਸਾਨ ਮੋਰਚੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਸ: ਕਰਤਾਰ ਸਿੰਘ ਪਹਿਲਵਾਨ ਨੇ ਬਾਬਾ ਜਸਪਾਲ ਸਿੰਘ ਦੀ ਅਗਵਾਈ ‘ਚ ਕਿਸਾਨੀ ਦੀ ਚੜ੍ਹਦੀਕਲਾ ਲਈ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਸਹਿਜ ਪਾਠੀ ਦੀ ਲੜੀ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨਾ ਕਿਸਾਨਾਂ ਦੇ ਹਿਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਖ਼ਾਤਮੇ ਨਾਲ ਦੇਸ਼ ਵੀ ਨਹੀਂ ਬਚੇਗਾ। ਐਮ ਐਸ ਪੀ ਅਤੇ ਸਥਾਪਿਤ ਮੰਡੀਕਰਨ ਪ੍ਰਣਾਲੀ ਦਾ ਅੰਤ ਹੋਣ ਨਾਲ ਕਿਸਾਨੀ ਤਬਾਹ ਹੋ ਜਾਵੇਗੀ। ਜਿਸ ਦਾ ਅਸਰ ਆੜ੍ਹਤੀਏ, ਖੇਤ ਮਜ਼ਦੂਰ ਅਤੇ ਛੋਟੇ ਕਾਰੋਬਾਰੀ ਲੋਕਾਂ ‘ਤੇ ਵੀ ਪਵੇਗਾ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ, ਭਾਈ ਇਕਬਾਲ ਸਿੰਘ ਤੁੰਗ, ਬਾਬਾ ਸਤਨਾਮ ਸਿੰਘ ਅਕਾਲੀ ਅਤੇ ਲੰਗਰ ਸਾਹਿਬ ਸੁਸਾਇਟੀ ਦੇ ਪ੍ਰਧਾਨ ਸ: ਨਰਿੰਦਰ ਸਿੰਘ ਵਡਾਲੀ ਡੋਗਰਾਂ ਵੱਲੋਂ ਸ: ਕਰਤਾਰ ਸਿੰਘ ਪਹਿਲਵਾਨ ਅਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।