ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਮੌਕਾਪ੍ਰਸਤ ਗਠਜੋੜ

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਮੌਕਾਪ੍ਰਸਤੀ ਦਾ ਬਿਹਤਰੀਨ ਨਮੂਨਾ ਹੈ। ਇਹ ਗਠਜੋੜ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦਾ ਹੈ। ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੀ ਬਣਕੇ ਰਹਿ ਗਈ ਹੈ। ਵਿਚਾਰਧਾਰਾ ਦੀ ਰਾਜਨੀਤੀ ਤਾਂ ਖੰਭ ਲਾ ਕੇ ਉਡ ਗਈ ਹੈ। ਵੈਸੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 1996 ਦੀਆਂ ਲੋਕ ਸਭਾ ਚੋਣਾ ਸਮੇਂ ਵੀ ਗਠਜੋੜ ਕੀਤਾ ਸੀ, ਜਿਸਦੇ ਨਤੀਜੇ ਬਹੁਤ ਵਧੀਆ ਨਿਕਲੇ ਸਨ। ਅਕਾਲੀ ਦਲ 8 ਅਤੇ ਬਹੁਜਨ ਸਮਾਜ ਪਾਰਟੀ 3 ਲੋਕ ਸਭਾ ਦੀਆਂ ਸੀਟਾਂ ਜਿੱਤ ਗਏ ਸਨ। ਉਦੋਂ ਕਾਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ ਸੀ, ਇਸ ਸਮੇਂ ਬੀਬੀ ਮਾਇਆ ਵਤੀ ਦੀ ਬਹੁਜਨ ਸਮਾਜ ਪਾਰਟੀ ਹੈ। ਦੋਹਾਂ ਦੀ ਕਾਰਜ਼ਸ਼ੈਲੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬਹੁਜਨ ਸਮਾਜ ਪਾਰਟੀ ਸ਼ੁਰੂ ਹੀ ਕਾਸ਼ੀ ਰਾਮ ਨੇ ਪੰਜਾਬ ਵਿਚੋਂ ਕੀਤੀ ਸੀ। ਕਾਸ਼ੀ ਰਾਮ ਨੇ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ ਸੀ ਪ੍ਰੰਤੂ ਮਾਇਆ ਵਤੀ ਤੋਂ ਬਾਅਦ ਪੰਜਾਬ ਵਿਚ ਪਾਰਟੀ ਦਾ ਆਧਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਵੀ ਉਦੋਂ ਇਕਮੁੱਠ ਸੀ ਪ੍ਰੰਤੂ ਹੁਣ ਖਖੜੀਆਂ ਖਖੜੀਆਂ ਹੋਇਆ ਪਿਆ ਹੈ। 1996 ਵਿਚ ਲੋਕ ਸਭਾ ਦੀਆਂ ਚੋਣਾ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ 1997 ਵਿਚ ਹਿੰਦੂ ਵਰਗ ਦੀਆਂ ਵੋਟਾਂ ਵਟੋਰਨ ਦੇ ਇਰਾਦੇ ਨਾਲ ਆਪਣੀ ਰਣਨੀਤੀ ਬਦਲਕੇ ਸ਼ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ ਕਾਨਫ਼ਰੰਸ ਕਰਕੇ ਪੰਜਾਬੀ ਪਾਰਟੀ ਬਣਾ ਲਈ ਸੀ। ਉਸਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਨਾਤਾ ਤੋੜਕੇ 1997 ਦੀਆਂ ਵਿਧਾਨ ਸਭਾ ਚੋਣਾ ਵਿਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਸੀ। ਉਹ ਭਾਈਵਾਲ ਪਾਰਟੀ ਨਾਲ ਵਿਸ਼ਵਾਸ਼ਘਾਤ ਅਤੇ ਮੌਕਾਪ੍ਰਸਤੀ ਹੀ ਸੀ। ਇਹ ਗਠਜੋੜ ਦੋਹਾਂ ਪਾਰਟੀਆਂ ਲਈ ਸ਼ਾਇਦ ਸੀਟਾਂ ਜਿੱਤਣ ਲਈ ਤਾਂ ਲਾਭਦਾਇਕ ਨਹੀਂ ਹੋਣਾ ਪ੍ਰੰਤੂ ਵੋਟ ਦੀ ਪ੍ਰਤੀਸ਼ਤ ਵਧਾਉਣ ਵਿਚ ਸਹਾਈ ਜ਼ਰੂਰ ਹੋ ਸਕਦਾ ਹੈ। ਕਿਉਂਕਿ ਅਕਾਲੀ ਦਲ ਦੇ ਹੱਥੋਂ ਜ਼ਮੀਨ ਖਿਸਕ ਚੁੱਕੀ ਹੈ। ਜਿਵੇਂ ਕਹਾਵਤ ਹੈ ਕਿ ਡੁਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ ਹੈ। ਬਹੁਜਨ ਸਮਾਜ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਦਾ ਮੂੰਹ ਵੇਖਣ ਦੇ ਸਮਰੱਥ ਵੀ ਨਹੀਂ ਹੋਈ। ਉਨ੍ਹਾਂ ਦਾ ਆਪਣਾ ਆਧਾਰ ਵੀ ਖਿਸਕਿਆ ਹੋਇਆ ਹੈ। ਇਸ ਲਈ 2022 ਵਿਚ ਇਸ ਗਠਜੋੜ ਕਰਕੇ ਉਨ੍ਹਾਂ ਦਾ ਦਾਅ ਲਗ ਸਕਦਾ ਹੈ। ਅਕਾਲੀ ਦਲ ਨਾਲੋਂ 1997 ਵਿਚ ਗਠਜੋੜ ਟੁੱਟਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਸਿਮਰਨਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਨਾਲ ਸਮਝੌਤਾ ਕੀਤਾ ਸੀ, ਜਿਹੜਾ ਇਕ ਸਾਂਝਾ ਸਮਾਗਮ ਕਰਨ ਤੋਂ ਬਾਅਦ ਹੀ ਟੁੱਟ ਗਿਆ ਸੀ। ਪੰਜਾਬ ਵਿਚ ਇਕ ਵਾਰ 1985 ਵਿਚ ਅਕਾਲੀ ਦਲ ਦੀ ਇਕੱਲਿਆਂ ਸਰਕਾਰ ਬਣੀ ਸੀ, ਉਸਨੂੰ ਵੀ ਕਾਂਗਰਸ ਪਾਰਟੀ ਦੀ ਅਸਿਧੀ ਸਪੋਰਟ ਸੀ। ਇਸ ਤੋਂ ਬਾਅਦ ਅਤੇ ਪਹਿਲਾਂ ਕਾਂਗਰਸ ਪਾਰਟੀ ਤੋਂ ਬਿਨਾ ਕੋਈ ਵੀ ਪਾਰਟੀ ਆਪਣੇ ਬਲ ਬੂਤੇ ‘ਤੇ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕੀ ਅਤੇ ਨਾ ਹੀ ਅੱਗੇ ਨੂੰ ਬਣਨ ਦੀ ਉਮੀਦ ਹੈ। ਇਕ ਗੱਲ ਤਾਂ ਪੱਕੀ ਹੈ ਕਿ ਚੋਣਾ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪ੍ਰੰਤੂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਨੀਂਦ ਉਡ ਗਈ ਲਗਦੀ ਹੈ ਕਿਉਂਕਿ ਉਹ ਇਸ ਗਠਜੋੜ ਨੂੰ ਬੇਅਸੂਲਾ ਸਾਬਤ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੇ। ਜਿਹੜੀਆਂ 20 ਵਿਧਾਨ ਸਭਾ ਸੀਟਾਂ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਹਨ, ਉਨ੍ਹਾਂ ਵਿਚ ਅਕਾਲੀ ਦਲ ਦੇ ਟਿਕਟਾਂ ਲੈਣ ਦੇ ਚਾਹਵਾਨ ਪਿਛਲੇ 5 ਸਾਲਾਂ ਤੋਂ ਸਰਗਰਮ ਸਨ ਪ੍ਰੰਤੂ  ਗਠਜੋੜ ਤੋਂ ਬਾਅਦ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਵਿਚੋਂ ਕੁਝ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿਚ ਹਨ। ਕਿਸੇ ਵਕਤ ਵੀ ਅਕਾਲੀ ਦਲ ਬਾਦਲ ਨੂੰ ਉਹ ਤਿਲਾਂਜ਼ਲੀ ਦੇ ਸਕਦੇ ਹਨ। ਬਹੁਜਨ ਸਮਾਜ ਪਾਰਟੀ ਵਿੱਚ ਹੀ ਬਗਾਬਤ ਹੁੰਦੀ ਲਗਦੀ ਹੈ। ਵੈਸੇ ਗਠਜੋੜ ਦੋਹਾਂ ਪਾਰਟੀਆਂ ਲਈ ਠੁਮਣੇ ਦਾ ਕੰਮ ਕਰੇਗਾ।

2012 ਦੀਆਂ ਵਿਧਾਨ ਸਭਾ ਦੀਆਂ ਚੋਣਾ ਵਿਚ ਜਦੋਂ ਅਕਾਲੀ ਦਲ ਇਕੱਠਾ ਸੀ ਤਾਂ ਉਨ੍ਹਾਂ ਨੇ 37 ਪ੍ਰਤੀਸ਼ਤ ਵੋਟਾਂ ਲਈਆਂ ਸਨ, ਜਦੋਂ ਕਿ 2017 ਵਿਚ ਇਹ ਪ੍ਰਤੀਸ਼ਤ ਘਟਕੇ 25 ਰਹਿ ਗਈ ਸੀ। 2019 ਦੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਵਧਕੇ 27 ਹੋ ਗਈ। ਇਸ ਤੋਂ ਲੱਗਦਾ ਹੈ ਕਿ 2022 ਵਿਚ ਇਹ ਜ਼ਰੂਰ ਵਧੇਗੀ ਕਿਉਂਕਿ ਬਹੁਜਨ ਸਮਾਜ ਪਾਰਟੀ ਦੀਆਂ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੂੰ 2012 ਦੀਆਂ ਵਿਧਾਨ ਸਭਾ ਚੋਣਾ ਵਿਚ ਭਾਵੇਂ ਕੋਈ ਸੀਟ ਵੀ ਨਹੀਂ ਮਿਲੀ ਸੀ ਅਤੇ ਵੋਟ ਪ੍ਰਤੀਸ਼ਤ ਡੇਢ ਸੀ। ਪ੍ਰਤੂੰ 2017 ਦੀਆਂ ਵਿਧਾਨ ਸਭਾ ਚੋਣਾ ਇਹ ਪ੍ਰਤੀਸ਼ਤਤਾ ਵਧਕੇ 4 ਫ਼ੀ ਸਦੀ ਤੋਂ ਉਪਰ ਹੋ ਗਈ ਸੀ। 2019 ਦੀਆਂ ਲੋਕ ਸਭਾ ਚੋਣਾ ਵਿਚ ਉਨ੍ਹਾਂ ਦੀ ਪ੍ਰਤੀਸ਼ਤਾ ਘਟਕੇ ਸਾਢੇ ਤਿੰਨ ਰਹਿ ਗਈ। ਗਠਜੋੜ ਦੇ ਫੈਸਲੇ ਅਨੁਸਾਰ ਬਹੁਜਨ ਸਮਾਜ ਪਾਰਟੀ ਨੂੰ ਦੁਆਬੇ ਵਿਚੋਂ 8, ਮਾਲਵੇ ‘ਚੋਂ 7 ਅਤੇ ਮਾਝੇ ਵਿਚੋਂ 5 ਸੀਟਾਂ ਲਈਆਂ ਹਨ। ਜੇਕਰ 2017 ਦੀ ਵਿਧਾਨ ਸਭਾ ਦੇ ਇਨ੍ਹਾਂ 20 ਹਲਕਿਆਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਪੋਲ ਹੋਈਆਂ ਵੋਟਾਂ ਵੇਖੀਆਂ ਜਾਣ ਤਾਂ ਨਿਰਾਸ਼ਾਜਨਕ ਸਥਿਤੀ ਹੈ। ਸਿਰਫ ਫਿਲੌਰ ਵਿਚ 16578 ਵੋਟਾਂ ਪਈਆਂ ਸਨ, ਬਾਕੀ 7 ਹਲਕਿਆਂ ਵਿਚੋਂ  1000 ਤੋਂ ਵੀ ਘੱਟ ਵੋਟਾਂ ਪਈਆਂ ਸਨ। ਸਿਰਫ ਫਗਵਾੜਾ ਤੋਂ 6160 ਅਤੇ ਕਰਤਾਰਪੁਰ ਹਲਕੇ ਵਿਚ 5208 ਵੋਟਾ ਪਈਆਂ ਸਨ। 6 ਹਲਕਿਆਂ ਵਿਚ 5000 ਤੋਂ ਘੱਟ ਅਤੇ 4 ਹਲਕਿਆਂ ਵਿਚ 1500 ਤੋਂ ਵੀ ਘੱਟ ਵੋਟਾ ਪਈਆਂ ਸਨ। ਇਨ੍ਹਾਂ ਵਿਚੋਂ 10 ਹਲਕੇ ਸ਼ਹਿਰੀ ਹਨ ਜਿਥੋਂ ਬੀ ਜੇ ਪੀ ਚੋਣ ਲੜਦੀ ਰਹੀ ਹੈ। ਅਕਾਲੀ ਦਲ ਨੇ ਹਾਰਨ ਵਾਲੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀਆਂ ਹਨ। ਇਹ ਫ਼ੈਸਲਾ ਵੀ ਮਾਇਆ ਵਤੀ ਨੇ ਕੀਤਾ ਹੈ। ਪੰਜਾਬ ਇਕਈ ‘ਤੇ ਤਾਂ ਠੋਸਿਆ ਗਿਆ ਹੇ। ਬਹੁਜਨ ਸਮਾਜ ਪਾਰਟੀ ਦਾ ਇਹ ਗਠਜੋੜ ਇਸ ਕਰਕੇ ਸਿਧਾਂਤਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਨਾਲ ਗਠਜੋੜ ਕੀਤਾ ਹੋਇਆ ਹੈ। ਅਕਾਲੀ ਦਲ ਦੀ ਵੋਟ ਪੈਣ ਕਰਕੇ ਬਹੁਜਨ ਸਮਾਜ ਪਾਰਟੀ ਦੀ ਪ੍ਰਤੀਸ਼ਤਤਾ ਵਧੇਗੀ। ਪੰਜਾਬ ਵਿਚ 33 ਫ਼ੀ ਸਦੀ ਦਲਿਤ ਭਾਈਚਾਰੇ ਦੀਆਂ ਵੋਟਾਂ ਹਨ ਪ੍ਰੰਤੂ ਕਦੀਂ ਵੀ ਸਾਰਾ ਭਾਈਚਾਰਾ ਇਕ ਪਾਸੇ ਨਹੀਂ ਭੁਗਤਿਆ। ਉਹ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ। ਆਮ ਤੌਰ ਤੇ ਅਕਾਲੀ ਦਲ ਰਾਖਵੀਆਂ ਸੀਟਾਂ ਜ਼ਿਆਦਾ ਜਿੱਤਦਾ ਹੈ ਪ੍ਰੰਤੂ ਬਹੁਜਨ ਸਮਾਜ ਪਾਰਟੀ ਨੂੰ 20 ਵਿਚੋਂ ਲਗਪਗ 10 ਰਾਖਵੇਂ ਹਲਕੇ ਦੇ ਦਿੱਤੇ ਹਨ। ਇਸ ਗਠਜੋੜ ‘ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਪੋਰੇਟ ਘਰਾਣੇ ਅਤੇ ਗ਼ਰੀਬ ਮਜ਼ਦੂਰ ਵਰਗ ਦਰਮਿਆਨ ਹੋਇਆ ਹੈ। ਜੋ ਬਾਬੂ ਕਾਸ਼ੀ ਰਾਮ ਦੇ ਸਿਧਾਂਤ ਦੇ ਵਿਰੁੱਧ ਹੈ। ਕਾਸ਼ੀ ਰਾਮ ਤਾਂ ਕਿੰਗ ਮੇਕਰ ਸਾਬਤ ਹੋਇਆ ਸੀ ਪ੍ਰੰਤੂ ਇਹ ਗਠਜੋੜ ਕਿੰਗ ਮੇਕਰ ਤਾਂ ਨਹੀਂ ਪ੍ਰੰਤੂ ਅਕਾਲੀ ਦਲ ਲਈ ਵਿਸਾਖੀਆਂ ਦਾ ਕੰਮ ਜ਼ਰੂਰ ਕਰੇਗਾ। ਸੁਖਬੀਰ ਸਿੰਘ ਬਾਦਲ ਨੇ ਜਿਹੜਾ ਸ਼ਗੂਫ਼ਾ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਹੈ, ਹੋ ਸਕਦਾ ਉਸਦਾ ਕੁਝ ਲਾਭ ਵੀ ਮਿਲ ਜਾਵੇ। ਬਾਬੂ ਕਾਸ਼ੀ ਰਾਮ ਫ਼ਾਊਂਡੇਸ਼ਨ ਅਤੇ ਕਾਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਵੀ ਇਸ ਗਠਜੋੜ ਦਾ ਵਿਰੋਧ ਕੀਤਾ ਹੈ। ਬਹੁਜਨ ਸਮਾਜ ਪਾਰਟੀ ਦਾ ਖਾਤਾ ਤਾਂ ਖੁਲ੍ਹ ਸਕਦਾ ਹੈ ਪ੍ਰੰਤੂ ਬਹੁਤਾ ਲਾਭ ਨਹੀਂ ਹੋਵੇਗਾ ਕਿਉਂਕਿ ਅਕਾਲੀ ਦਲ ਦੀ ਵੋਟ ਵੰਡੀ ਜਾਣੀ ਹੈ। ਬਹੁਜਨ ਪਾਰਟੀ ਦੀ ਵੋਟ ਵੰਡੀ ਨਹੀਂ ਜਾਂਦੀ ਕਿਉਂਕਿ ਉਨ੍ਹਾਂ ਦੇ ਵਰਕਰ ਪੱਕ ਹਨ। ਉਨ੍ਹਾਂ ਦੇ ਲੀਡਰ ਜ਼ਰੂਰ ਰੋੜੇ ਅਟਕਾਉਣਗੇ।

ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਨ ਲੱਗ ਪਏ ਹਨ ਕਿਉਂਕਿ ਬੇਅਦਬੀ ਦੇ ਮਸਲੇ ‘ਤੇ ਉਹ ਇਨਸਾਫ਼ ਨਹੀਂ ਦੇ ਸਕੇ। ਜਿਸ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਵੀ ਨਹੀਂ ਬਣਾ ਸਕਿਆ। ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਸਿਰਫ ਦੋ ਬਠਿੰਡਾ ਅਤੇ ਫੀਰੋਜਪੁਰ ਦੀਆਂ ਸੀਟਾਂ ਹੀ ਜਿੱਤ ਸਕਿਆ। ਅਕਾਲੀ ਦਲ ਲਗਾਤਾਰ ਗ਼ਲਤੀ ਤੇ ਗ਼ਲਤੀ ਕਰਦਾ ਗਿਆ। ਬੇਅਦਬੀ ਕੇਸ ਵਿਚ ਸੀ ਬੀ ਆਈ ਤੋਂ ਕਲੋਜਰ ਰਿਪੋਰਟ ਦਿਵਾ ਦਿੱਤੀ ਕਿਉਂਕਿ ਬੀਬਾ ਹਰਸਿਮਰਤ ਕੌਰ ਕੇਂਦਰ ਸਰਕਾਰ ਵਿਚ ਮੰਤਰੀ ਸਨ। ਇਥੇ ਹੀ ਬਸ ਨਹੀਂ  ਨਸ਼ਾ ਤਸਕਰੀ ਦੇ ਕੇਸ ਵੀ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੇ। ਇਹ ਗਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਨਾ ਦਿਵਾਉਣ ਵਿਚ ਹਿੱਸੇਦਾਰ ਬਣ ਗਈ ਹੈ ਜਦੋਂ ਕਿ ਹੁਣ ਤੱਕ ਉਹ ਅਕਾਲੀ ਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾ ਰਹੀ ਸੀ। ਅਕਾਲੀ ਦਲ ਨੂੰ ਇਹ ਗਠਜੋੜ ਮਜ਼ਬੂਰੀ ਵਸ ਇਸ ਕਰਕੇ ਕਰਨਾ ਪਿਆ ਕਿਉਂਕਿ ਉਨ੍ਹਾਂ ਦਾ ਨਹੁੰ ਮਾਸ ਦਾ ਰਿਸ਼ਤਾ ਭਾਰਤੀ ਜਨਤਾ ਪਾਰਟੀ ਨਾਲੋਂ ਟੁੱਟ ਗਿਆ ਹੈ, ਨਹੁੰ ਤੇ ਮਾਸ ਦੇ ਵੱਖ਼ਰੇ ਹੋਣ ਨਾਲ ਭਾਰਤੀ ਜਨਤਾ ਪਾਰਟੀ ਦੀ ਵੋਟ ਖਾਸ ਤੌਰ ਤੇ ਸ਼ਹਿਰੀ ਵੋਟ ਉਨ੍ਹਾਂ ਨੂੰ ਨਹੀਂ ਮਿਲੇਗੀ। ਖੇਤੀਬਾੜੀ ਆਰਡੀਨੈਂਸ ਜ਼ਾਰੀ ਕਰਨ ਸਮੇਂ ਇਨ੍ਹਾਂ ਆਰਡੀਨੈਂਸਾਂ ਦੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹਰ ਸੰਭਵ ਸਪੋਰਟ ਕਰਨ ਕਰਕੇ ਦਿਹਾਤੀ ਕਿਸਾਨ ਵੋਟ ਜਿਸਨੂੰ ਅਕਾਲੀ ਦਲ ਦਾ ਆਧਾਰ ਕਿਹਾ ਜਾਂਦਾ ਸੀ, ਉਹ ਵੀ ਦੂਰ ਹੋ ਗਈ। ਭਾਵੇਂ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਗਠਜੋੜ ਨਾਲੋਂ ਨਾਤਾ ਤੋੜ ਲਿਆ ਹੈ ਪ੍ਰੰਤੂ ਪੰਜਾਬ ਦੇ ਕਿਸਾਨ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੇ। ਇਨ੍ਹਾਂ ਵੋਟਾਂ ਦੀ ਭਰਪਾਈ ਲਈ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਗਿਆ ਹੈ। ਦੂਜੇ ਸੁਖਦੇਵ ਸਿੰਘ ਢੀਂਡਸਾ ਅਤੇ ਬ੍ਰਹਮਪੁਰਾ ਵਾਲਾ ਅਕਾਲੀ ਦਲ ਵੀ ਉਨ੍ਹਾਂ ਦੀਆਂ ਜੜ੍ਹਾਂ ਵਿਚ ਤੇਲ ਦੇਵੇਗਾ। ਕੁਲ ਮਿਲਾਕੇ ਜੇ ਵੇਖਿਆ ਜਾਵੇ ਤਾਂ ਦੋਹਾਂ ਪਾਰਟੀਆਂ ਲਈ ਇਹ ਸਮਝੌਤਾ ਖਿਆਲੀ ਪਲਾਓ ਬਣਾਕੇ ਸੁੰਡ ਦੀ ਗੱਠੀ ਸਮਝਿਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਸਰਕਾਰ ਬਣਾਉਣ ਦੇ ਸਪਨੇ ਲੈ ਰਹੀਆਂ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਦੋਹਾਂ ਪਾਰਟੀਆਂ ਦੇ ਵੋਟਰ ਉਨ੍ਹਾਂ ਦੇ ਸਪਨੇ ਪੂਰੇ ਕਰਨ ਵਿਚ ਸਹਾਈ ਹੋਣਗੇ?

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>