ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ

Singh.resizedਸੰਸਾਰ ਦੇ ਉਭਰਦੇ ਨੌਜਵਾਨ ਖਿਡਾਰੀਆਂ ਦੇ ਪ੍ਰੇਰਨਾ ਸਰੋਤ ਉਡਣੇ ਸਿੱਖ ਦੇ ਤੌਰ ਤੇ ਜਾਣੇ ਜਾਣ ਵਾਲੇ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਲੀਵਾਲ ਕੌਮੀ ਖਿਡਾਰਨ ਆਪਣੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੀ ਮੌਤ ਤੋਂ ਮਹਿਜ਼ 5 ਦਿਨ ਬਾਅਦ ਹੀ ਉਨ੍ਹਾਂ ਕੋਲ ਚਲੇ ਗਏ। ਉਹ ਪਿਛਲੇ ਮਹੀਨੇ ਤੋਂ ਕਰੋਨਾ ਦੀ ਮਹਾਂਮਾਰੀ ਦਾ ਸ਼ਿਕਾਰ ਸਨ। ਅਖ਼ੀਰ ਅੱਜ ਉਹ ਚੰਡੀਗੜ੍ਹ ਵਿਚ ਕਰੋਨਾ ਮਹਾਂਮਾਰੀ ਦੀ ਬਾਜ਼ੀ ਜਿੱਤਣ ਤੋਂ ਬਾਅਦ ਦੇ ਪ੍ਰਭਾਵਾਂ ਕਰਕੇ ਸਵਰਗ ਸਿਧਾਰ ਗਏ। ਜ਼ਿੰਦਗੀ ਵਿੱਚ ਕਦੀਂ ਵੀ ਹਾਰ ਨਾ ਮੰਨਣ ਵਾਲੇ ਉਡਣੇ ਸਿੱਖ ਅਖ਼ੀਰ ਮੌਤ ਦੀ ਬਾਜ਼ੀ ਹਾਰ ਗਏ। ਉਹ 91 ਸਾਲ ਦੇ ਸਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜਦੋਜਹਿਦ ਵਾਲੀ ਰਹੀ। ਉਨ੍ਹਾਂ ਦੇਸ਼ ਦੀ ਵੰਡ ਸਮੇਂ ਫਿਰਕੂ ਫਸਾਦਕਾਰੀਆਂ ਤੋਂ ਵੀ ਭੱਜਕੇ ਹੀ ਆਪਣੀ ਜਾਨ ਬਚਾਈ ਸੀ। ਵੰਡ ਦਾ ਸੰਤਾਪ ਹੰਢਾਉਂਦਿਆਂ ਭਾਰਤ ਵਿਚ ਆ ਕੇ ਅਨੇਕਾ ਦੁਸ਼ਾਵਰੀਆਂ ਦਾ ਸਾਹਮਣਾ ਕੀਤਾ ਪ੍ਰੰਤੂ ਸਫਲਤਾ ਹਮੇਸ਼ਾ ਉਨ੍ਹਾਂ ਦੀ ਮਿਹਨਤ ਅਤੇ ਦਿ੍ਰੜ੍ਹ ਇਰਾਦੇ ਕਰਕੇ ਉਨ੍ਹਾਂ ਦੀ ਝੋਲੀ ਪੈਂਦੀ ਰਹੀ। ਕੋਈ ਵੀ ਰਿਸ਼ਤੇਦਾਰ ਉਨ੍ਹਾਂ ਦਾ ਹੱਥ ਫੜਨ ਨੂੰ ਵੀ ਤਿਆਰ ਨਹੀਂ ਸੀ। ਇਥੋਂ ਤੱਕ ਕਿ ਉਨ੍ਹਾਂ ਦੀ ਭੈਣ ਦੇ ਸਹੁਰਿਆਂ ਨੇ ਦਿੱਲੀ ਵਿਖੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੇ ਹੌਸਲਾ ਨਾ ਹਾਰਿਆ। ਆਮ ਤੌਰ ਤੇ ਸੰਸਾਰ ਵਿਚ ਆਉਣ ਵਾਲਾ ਹਰ ਇਨਸਾਨ ਆਪਣੇ ਸਮਾਜ ਦੀਆਂ ਸਮਾਜਕ ਪਰੰਪਰਾਵਾਂ ਉਪਰ ਚਲਣ ਨੂੰ ਹੀ ਤਰਜ਼ੀਹ ਹੀ ਦਿੰਦਾ ਹੈ ਕਿਉਂਕਿ ਬਚਪਨ ਵਿਚ ਜਿਹੜੀ ਸੋਚ ਅਤੇ ਰਵਾਇਤਾਂ ਆਪਣੇ ਪਰਿਵਾਰ, ਸਮਾਜ, ਆਲੇ ਦੁਆਲੇ ਅਤੇ ਮਾਪਿਆਂ ਤੋਂ ਗ੍ਰਹਿਣ ਕਰਦਾ ਹੈ, ਉਹ ਹੀ ਉਸ ਲਈ ਮਾਰਗ ਦਰਸ਼ਕ ਬਣਦੀਆਂ ਹਨ। ਪ੍ਰੰਤੂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਪੁਰਾਤਨ ਰਾਹਾਂ ਉਪਰ ਚਲਣ ਦੀ ਥਾਂ ਆਪਣੀਆਂ ਨਵੀਂਆਂ ਪਗਡੰਡੀਆਂ ਆਪ ਬਣਾਉਂਦੇ ਹਨ। ਉਨ੍ਹਾਂ ਵੱਲੋਂ ਬਣਾਈਆਂ ਉਹ ਪਗਡੰਡੀਆਂ ਸਫਲਤਾ ਦੇ ਰਾਹਾਂ ਵਿਚ ਬਦਲ ਜਾਂਦੀਆਂ ਹਨ। ਅਜਿਹੇ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੁੰਦੇ ਹਨ ਕਿਉਂਕਿ ਆਮ ਤੌਰ ਤੇ ਸਮਾਜ ਉਨ੍ਹਾਂ ਦਾ ਸਾਥ ਨਹੀਂ ਦਿੰਦਾ, ਉਹ ਰਸਤੇ ਵਿਚ ਹੀ ਨਿਰਾਸ਼ ਹੋ ਕੇ ਰਸਤਾ ਬਦਲ ਲੈਂਦੇ ਹਨ। ਕਈ ਵਾਰ ਸਮੇਂ ਦੇ ਗੇੜ ਅਤੇ ਹਾਲਾਤ ਉਸਦੇ ਰਾਹ ਵਿਚ ਰੋੜਾ ਵੀ ਬਣਦੇ ਹਨ ਪ੍ਰੰਤੂ ਉਨ੍ਹਾਂ ਵਿਚੋਂ ਮਿਲਖਾ ਸਿੰਘ ਇਕ ਅਜਿਹਾ ਵਿਲੱਖਣ ਇਨਸਾਨ ਸਨ, ਜਿਹੜੇ ਵਕਤ ਦੀਆਂ ਠੋਕਰਾਂ ਦੇ ਬਾਵਜੂਦ ਦ੍ਰਿੜ੍ਹ ਇਰਾਦੇ ਨਾਲ ਆਪਣਾ ਨਿਸ਼ਾਨਾ ਮਿਥ ਕੇ ਚਲਦੇ ਰਹੇ ਅਤੇ ਅਖ਼ੀਰ ਸਫਲਤਾ ਪ੍ਰਾਪਤ ਕੀਤੀ।

ਮਿਲਖਾ ਸਿੰਘ ਉਡਣਾ ਸਿੱਖ ਦੇ ਨਾਮ ਨਾਲ ਜਾਣੇ ਜਾਣ ਵਾਲੇ ਸੰਸਾਰ ਪ੍ਰਸਿਧ ਦੌੜਾਕ ਸਨ। ਉਹ 70 ਮੁਲਕਾਂ ਵਿੱਚ ਮੁਕਾਬਲੇ ਦੀਆਂ ਦੌੜਾਂ ਵਿੱਚ ਦੌੜੇ ਹੀ ਨਹੀਂ ਸਗੋਂ ਉਡੇ ਸਨ। ਉਨ੍ਹਾਂ ਨੇ 82 ਵਿਸ਼ੇਸ਼ ਮੁਕਾਬਲਿਆਂ ਵਿੱਚੋਂ 79 ਵਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਜਨਮ ਮਿਤੀ ਦਾ ਅਸਲੀ ਵੇਰਵਾ ਪ੍ਰਾਪਤ ਨਹੀਂ ਹੈ ਪ੍ਰੰਤੂ ਫੌਜ ਵਿੱਚ ਭਰਤੀ ਹੋਣ ਸਮੇਂ 20 ਨਵੰਬਰ 1935 ਲਿਖਾਈ ਹੋਈ ਸੀ। ਉਨ੍ਹਾਂ ਦਾ ਜਨਮ ਲਹਿੰਦੇ ਪੰਜਾਬ ਦੇ ਜਿਲ੍ਹਾ ਮੁਜੱਫਰ ਨਗਰ ਵਿੱਚ ਪਿੰਡ ਗੋਬਿੰਦਪੁਰਾ ਵਿਖੇ ਹੋਇਆ ਸੀ। ਉਹ ਪੰਜ ਭਰਾ ਤੇ ਤਿੰਨ ਭੈਣਾਂ ਸਨ। ਉਨ੍ਹਾਂ ਨੂੰ ਪਿੰਡੋਂ ਨੰਗੇ ਪੈਰੀਂ ਹਰ ਰੋਜ 5-6 ਮੀਲ ਪੜ੍ਹਨ ਲਈ ਜਾਣਾ ਪੈਂਦਾ ਸੀ। ਜਦੋਂ ਗਰਮੀਆਂ ਵਿਚ ਪੈਰਾਂ ਨੂੰ ਸੇਕ ਲਗਦਾ ਤਾਂ ਉਹ ਭੱਜ ਲੈਂਦੇ ਸਨ ਅਤੇ ਕੁਝ ਸਮੇਂ ਬਾਅਦ ਕਿਸੇ ਦਰੱਖਤ ਦੀ ਛਾਂ ਵਿਚ ਖੜ੍ਹਕੇ ਪੈਰਾਂ ਨੂੰ ਠੰਡੇ ਕਰਦੇ ਸਨ। ਇਥੋਂ ਹੀ ਉਨ੍ਹਾਂ ਨੂੰ ਦੌੜਨ ਦੀ ਆਦਤ ਪੈ ਗਈ ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋਈ। ਦੇਸ਼ ਦੀ ਵੰਡ ਸਮੇਂ 1947 ਵਿਚ ਉਹ 8ਵੀਂ ਜਮਾਤ ਵਿਚ ਪੜ੍ਹਦੇ ਸਨ। ਵਟਵਾਰੇ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਬਹੁਤੇ ਮੈਂਬਰ ਧਾਰਮਿਕ ਫਸਾਦਾਂ ਦਾ ਸ਼ਿਕਾਰ ਹੋਣ ਕਰਕੇ ਉਥੇ ਹੀ ਮਾਰੇ ਗਏ ਸਨ। ਇਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਨੂੰ ਮਿਲਖਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਇੱਕ ਭੈਣ, ਇੱਕ ਭਰਜਾਈ ਅਤੇ ਇੱਕ ਭਰਾ ਮੱਖਣ ਸਿੰਘ ਫ਼ੌਜ ਵਿਚ ਹੋਣ ਕਰਕੇ ਬਚ ਗਏ ਸਨ। ਫਿਰ ਉਹ ਫਿਰੋਜਪੁਰ ਪੰਜਾਬ ਵਿਚ ਆ ਗਏ। ਫੀਰੋਜਪੁਰ ਵਿਚ ਉਨ੍ਹਾਂ ਨੇ ਕੁਝ ਸਮਾਂ ਫੌਜੀਆਂ ਦੇ ਬੂਟ ਵੀ ਪਾਲਿਸ਼ ਕੀਤੇ। ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕਿਰਤ ਕਰੋ ਤੇ ਵੰਡ ਛੱਕੋ ਦੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉਪਰ ਉਹ ਪਹਿਰਾ ਦਿੰਦੇ ਰਹੇ। ਫਿਰ ਉਹ ਦਿੱਲੀ ਆਪਣੀ ਭੈਣ ਕੋਲ ਆ ਗਏ। ਉਨ੍ਹਾਂ ਦਾ ਵੱਡਾ ਭਰਾ ਫੌਜ ਵਿਚ ਸਨ, ਜਿਸ ਕਰਕੇ ਉਹ ਵੀ 1952 ਵਿੱਚ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਦਾ ਕੱਦ 5 ਫੁਟ 9 ਇੰਚ ਸੀ। ਫੌਜ ਵਿਚ ਉਨ੍ਹਾਂ ਨੂੰ 1953 ਵਿਚ ਦੌੜਨ ਦੇ ਮੁਕਾਬਲਿਆਂ ਦਾ ਪਤਾ ਲੱਗਿਆ ਤੇ ਰਗੰਰੂਟੀ ਕਰਦਿਆਂ ਹੀ ਉਨ੍ਹਾਂ ਨੇ ਕਰਾਸ ਕੰਟਰੀ ਲਗਾਈ ਤੇ ਸਾਥੀਆਂ ਵਿਚੋਂ ਛੇਵੇਂ ਨੰਬਰ ਤੇ ਆਏ। ਮਿਲਖਾ ਸਿੰਘ  400 ਮੀਟਰ ਦੀ ਰੇਸ ਵਿਚ ਆਪਣੀ ਕੰਪਨੀ ਵਿਚੋਂ ਪਹਿਲੇ ਨੰਬਰ ਤੇ ਆਏ, ਇਸ ਤੋਂ ਬਾਅਦ ਉਨ੍ਹਾਂ ਨੂੰ ਦੌੜ ਲਾਉਣ ਦਾ ਉਤਸ਼ਾਹ ਪੈਦਾ ਹੋ ਗਿਆ ਤੇ ਫੌਜ ਵਿਚ ਅਭਿਆਸ ਕਰਨ ਲੱਗ ਪਏ। ਇਸ ਪ੍ਰੈਕਟਿਸ ਕਰਕੇ ਪੂਰੀ ਫੌਜ ਵਿਚੋਂ ਪਹਿਲੇ ਨੰਬਰ ਤੇ ਆਉਣ ਲੱਗ ਪਏ। ਉਨ੍ਹਾਂ ਨੂੰ ਪਹਿਲੀ ਵਾਰ 1956 ਵਿਚ ਮੈਲਬੌਰਨ ਆਸਟਰੇਲੀਆ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਟੀਮ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਉਥੇ ਭਾਰਤ ਦੀ ਟੀਮ ਹਾਰ ਗਈ।

1958 ਵਿਚ ਹੋਈਆਂ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਉਹ ਸਭ ਤੋਂ ਮਜ਼ਬੂਤ ਐਥਲੀਟ ਸਾਬਤ ਹੋਏ। ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਥੋੜ੍ਹੀ ਹੋਰ ਮਿਹਨਤ ਕੀਤੀ ਜਾਵੇ ਤਾਂ ਉਹ ਤਮਗੇ ਜਿੱਤ ਸਕਦੇ ਹਨ। ਇਸ ਕਰਕੇ ਉਨ੍ਹਾਂ ਆਪਣਾ ਅਭਿਆਸ ਦਾ ਸਮਾ ਵਧਾ ਦਿੱਤਾ। ਉਨ੍ਹਾਂ ਨੇ 200 ਮੀਟਰ ਅਤੇ 400 ਮੀਟਰ ਰੇਸ ਦੇ ਏਸ਼ੀਆ ਵਿਚ ਨਵੇਂ ਰਿਕਾਰਡ ਸਥਾਪਤ ਕੀਤੇ। 1958 ਵਿਚ ਹੀ ਕਾਰਡਿਫ ਵਿਖੇ ਕਾਮਨਵੈਲਥ ਖੇਡਾਂ ਸਮੇਂ 400 ਮੀਟਰ ਦੀ ਦੌੜ ਵਿਚ ਉਹ ਪਹਿਲੇ ਨੰਬਰ ਤੇ ਆਏ। ਉਹ 1958 ਤੋਂ 60 ਤੱਕ ਅਨੇਕਾਂ ਦੇਸ਼ਾਂ ਵਿਚ ਮੁਕਾਬਲਿਆਂ ਵਿਚ ਦੌੜਿਆ। ਲਾਹੌਰ ਵਿਖੇ ਹੋਈਆਂ ਇੰਡੋ ਪਾਕਿ ਖੇਡਾਂ ਵਿਚ ਮਿਲਖਾ ਸਿੰਘ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਨਿਕਲ ਕੇ ਜਿੱਤਿਆ, ਜਿਸ ਕਰਕੇ ਅਨਾਊਂਸਰ ਕਹਿਣ ਲੱਗਾ, ਮਿਲਖਾ ਸਿੰਘ ਦੌੜਿਆ ਨਹੀਂ, ੳੁੱਡਿਆ ਹੈ। ਇਸ ਕਰਕੇ ਹੀ ਉਨ੍ਹਾਂ ਦਾ ਨਾਂ ਉੱਡਣਾ ਸਿੱਖ ਅਰਥਾਤ ਫਲਾਇੰਗ ਸਿੱਖ ਪੈ ਗਿਆ। ੳਨ੍ਹਾਂ ਨੇ ਆਪਣੀ ਜੀਵਨੀ ਲਿਖੀ ਇਸਦਾ ਨਾਂ ਵੀ ਫਲਾਇੰਗ ਸਿੱਖ ਹੀ ਰੱਖਿਆ ਸੀ। 200 ਮੀਟਰ ਤੇ 400 ਮੀਟਰ ਦੇ ਮਿਲਖਾ ਸਿੰਘ ਦੇ ਕੌਮੀ ਰਿਕਾਰਡ ਲਗਪਗ 4 ਦਹਾਕੇ ਕੋਈ ਤੋੜ ਨਹੀਂ ਸਕਿਆ। 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚੋਂ 400 ਮੀਟਰ ਤੇ 4 ਰੀਲੇ 400 ਮੀਟਰ ਦੌੜਾਂ ਵਿਚੋਂ ਦੋ ਸੋਨੇ ਦੇ ਤਮਗੇ ਜਿੱਤੇ। 1964 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਉਹ ਸਰਗਰਮ ਦੌੜ ਮੁਕਾਬਲਿਆਂ ਵਿਚੋਂ ਰਿਟਾਇਰ ਹੋ ਗਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਆਂ ਸੀ। ਅਮਰੀਕਾ ਦੀ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ਮੰਨਦਿਆਂ ਹੈਲਮਜ ਟਰਾਫੀ ਦੇ ਕੇ ਸਨਮਾਨਤ ਕੀਤਾ ਸੀ। ਫੌਜ ਦੀ ਨੌਕਰੀ ਤੋਂ ਬਾਅਦ ਉਹ ਸਿੱਖਿਆ ਵਿਭਾਗ ਵਿਚ ਖੇਡ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੇ। ਮਿਲਖਾ ਸਿੰਘ ਦੇ ਜੱਦੋਜਹਿਦ ਭਰੇ ਜੀਵਨ ਤੇ ਇੱਕ ਫਿਲਮ ‘‘ਭਾਗ ਮਿਲਖਾ ਭਾਗ ’’ ਵੀ ਬਣ ਚੁੱਕੀ ਹੈ, ਜਿਹੜੀ ਨੌਜਵਾਨਾ ਨੂੰ ਪ੍ਰੇਰਨਾਦਾਇਕ ਸਾਬਤ ਹੋ ਰਹੀ ਹੈ। ਉਹਨਾ ਦੀ ਪਤਨੀ ਸ੍ਰੀਮਤੀ ਨਿਰਮਲ ਮਿਲਖਾ ਸਿੰਘ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਰਹੀ ਹੈ। ਉਨ੍ਹਾਂ ਦਾ ਲੜਕਾ ਚਿਰੰਜੀਵ ਮਿਲਖਾ ਸਿੰਘ ਗੋਲਫ ਦਾ ਅੰਤਰ ਰਾਸ਼ਟਰੀ ਖਿਡਾਰੀ ਹੈ।

ਭਾਰਤ ਹਮੇਸ਼ਾ ਖੇਡਾਂ ਦੇ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਕਿਉਂਕਿ ਖੇਡ ਜਗਤ ਦੀ ਆਪਸੀ ਧੜੇਬੰਦੀ ਅਤੇ ਖਿਡਾਰੀਆਂ ਦੀ ਸਹੀ ਪਛਾਣ ਰਸਤੇ ਦਾ ਰੋੜਾ ਬਣਦੀ ਰਹੀ ਹੈ ਪ੍ਰੰਤੂ  ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 26 ਸੋਨੇ ਦੇ ਅਤੇ ਕੁਲ 66 ਤਗ਼ਮੇ ਜਿੱਤ ਲਈ ਹਨ, ਜਿਸ ਕਰਕੇ ਭਵਿਖ ਵਿਚ ਆਸ ਦੀ ਕਿਰਨ ਵਿਖਾਈ ਦਿੰਦੀ ਹੈ। ਅਜਿਹੇ ਸਮੇਂ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਖਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਕੇ ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਦਾ ਗੁਣ ਗ੍ਰਹਿਣ ਕਰਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ। ਮਿਲਖਾ ਸਿੰਘ ਆਪਣਾ ਕੈਰੀਅਰ ਬਣਉਣ ਲਈ ਰੇਲ ਗੱਡੀਆਂ ਦੇ ਪਿੱਛੇ ਭੱਜਕੇ ਅਭਿਆਸ ਕਰਦੇ ਰਹੇ ਕਿਉਂਕਿ ਉਹ ਆਪਣੇ ਮਿਥੇ ਨਿਸ਼ਾਨੇ ਤੇ ਪਹੁੰਚਣਾ ਚਾਹੀਦਾ ਹੈ। ਹੁਣ ਤਾਂ ਉਨ੍ਹਾਂ ਲਈ ਸਾਰੇ ਸਾਧਨ ਪ੍ਰਪਤ ਹਨ ਪ੍ਰੰਤੂ ਮਿਲਖਾ ਸਿੰਘ ਬਿਨਾਂ ਅਜਿਹੇ ਸਾਧਨਾ ਦੇ ਸਿਖਰਾਂ ਛੂੰਹਦਾ ਰਿਹਾ ਹੈ। ਨਵੇਂ ਖਿਡਾਰੀ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਸਫਲਤਾ ਪ੍ਰਾਪਤ ਕਰ ਸਕਦੇ ਹਨ। ੳਹ ਆਪਣੇ ਪਿਛੇ ਸਪੁੱਤਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਛੱਡ ਗਏ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>