“ਮੇਰੀਆਂ ਕਹਾਣੀਆਂ ਕਿਹੜੇ ਬਾਗ ਦੀਆਂ ਮੂਲੀਆਂ ਨੇ” – ਲਾਲ ਸਿੰਘ

???????????????????????????????ਪੌ੍ਰੜ ਅਵਸਥਾ ਸੋਚਣੀ ਨੂੰ , ਲੰਘ ਚੁੱਕੀ ਉਮਰ ਦੇ ਵਿਚਾਰਾਂ ਨਾਲੋਂ ਵੱਖਰਾਉਣ ਲਈ ਮੈਂ ਆਪਣੀ ਇਬਾਰਤ ਨੂੰ ਚਾਰ ਕੋਨਾਂ ਤੋਂ ਬਿਆਨ ਕਰਨਾ ਚਾਹਾਂਗਾ ।

ਪਹਿਲਾ ਤੇ ਅਹਿਮ ਕੋਨ ਹੈ ਨਿੱਜ ਦਾ ਹਿੱਸਾ —ਮੇਰਾ ਪੰਜ—ਭੂਤਕ ਸਰੀਰ । ਮੇਰੀ ਸਿਹਤ ਬਾਲ ਅਵਸਥਾ ਵੇਲੇ ਤੋਂ ਮਾੜੀ ਜਿਹੀ ਰਹੀ ਹੈ । ਸਕੂਲੀ ਦਿਨਾਂ ਵਿੱਚ ਨਾ ਪੜ੍ਹਾਈ ਵਿੱਚ ਮੋਹਰੀ ਸੀ ਨਾ ਖੇਡਾਂ ਵਿੱਚ । ਉੱਜ ਟੰਗਾਂ ਦੋਨੋਂ ਪਾਸੇ ਅੜਾ ਲੈ਼ਦਾ ਸਾਂ । ਇਸ ਦਾ ਲਾਭ ਇਹ ਹੋਇਆ ਕਿ 1955 ਵਿੱਚ ਦਸਵੀਂ ‘ਚੋਂ ਮੇਰੇ 504 ਨੰਬਰ ਆ ਗਏ — ਪਹਿਲੀ ਵਰਗੀ ਡਵੀਜ਼ਨ । ਤੇ ਫੁੱਟਬਾਲ ਨੂੰ ਲੱਤਾਂ ਮਾਰਨ ਦੀ ਆਦਤ ਐਫ.ਏ. ਦੀ ਪੜ੍ਹਾਈ ਕਰਦਿਆਂ ਹਾਕੀ ਵਿੱਚ ਬਦਲ ਗਈ । ਇਸ ਹਾਕੀ ਨੇ ਅੱਗੇ ਚੱਲ ਕੇ ਹੋਰ ਈ ਚੰਦ ਚਾੜ੍ਹ ਛੱਡਿਆ ।1962 ਵਿੱਚ ਸੱਜੇ ਫੇਫੜੇ ‘ਤੇ ਲੱਗੀ ਸੱਟ ਕਰੀਬ ਅੱਠ—ਦਸ ਸਾਲ ਹਸਪਤਾਲਾਂ ਦੇ ਚੱਕਰ ਲੁਆਉਂਦੀ ਰਹੀ । ਇਵੇਂ ਸਰੀਰਕ ਸਿਥਲਤਾ ਕਾਰਨ ਆਈ ਨਿਰਾਸ਼ਾ ਦੇ ਡਿਪਰੇਸ਼ਨ, ਹੀਣ—ਭਾਵਨਾ ਕੰਪਲੈਕਸ ਮੇਰੀ ਫਿ਼ਤਰਤ ਵਿੱਚ ਕਰੀਬ 20 ਸਾਲ ਤੱਕ ਬੜੀ ਸ਼ਿੱਦਤ ਨਾਲ ਦਖ਼ਲ—ਅੰਦਾਜ਼ ਰਹੇ । ਪਿਛਲੇ 20 ਕੁ ਸਾਲਾਂ ਤੋਂ ਮੈਂ ਇਹਨਾਂ ਦੀ ਪਰਛਾਈਂ ਤੋਂ ਮੁਕਤ ਹੋਣ ਦੇ ਯਤਨ ਵਿਚ ਹਾਂ । ਇਨ੍ਹੀਂ ਦਿਨੀਂ ਸਰੀਰ ਜਿਹੋ ਜਿਹਾ ਵੀ ਹੈ, ਠੀਕ —ਠਾਕ ਹੀ ਹੈ । ਸਾਰੇ ਪੁਰਜ਼ੇ ਸਹੀ —ਸਲਾਮਤ ਕੰਮ ਕਰਦੇ ਹਨ । ਹੁਣ ਦੀ ਅਵਸਥਾ ਨੂੰ ਪੌ੍ਰੜ ਅਵਸਥੀ ਹੋਣ ਦਾ ਹੱਕ ਇਸ ਲਈ ਵੀ ਹੈ ਕਿ ਜਿਹਨੂੰ ਆਪਾਂ ਮੁੰਡਪੁਣਾ ਜਾਂ ਜੁਆਨੀ ਕਹਿੰਦੇ ਹਾਂ , ਉਸਦੇ ਅੰਦਰ ਜਿਹੜੀਆਂ ਅਲਾਮਤਾਂ ਆਮ ਤੌਰ ‘ਤੇ ਆਮ ਆਦਮੀ ਨੂੰ ਖਾਸ ਤੌਰ ‘ਤੇ ਕਲਾਕਾਰਾਂ /ਸਾਹਿਤ ਰਸੀਆਂ ਨੂੰ ਲੱਗ ਜਾਂਦੀਆਂ ਹਨ , ਉਹ ਜਿਹੜੀਆਂ ਕਈ ਕਾਰਨਾਂ ਕਰਕੇ ਨਹੀ ਲੱਗੀਆਂ ਇਹ ਉਮਰ ਹੁਣ ਵੀ ਉਹਨਾਂ ਤੋਂ ਬਚੀ ਹੋਈ ਹੈ , ਸਿੱਟੇ ਵਜੋਂ ਮੇਰੀ ਲਿਖਤ ਚੌਥੀ ਕੂਟ ਵੱਲ ਨਹੀਂ ਤੁਰੀ  ।

ਦੂਸਰਾ ਕੋਨ ਜਿਸ ਤੋਂ ਮੈਂ ਇਸ ਅਵਸਥਾ ਨੂੰ ਬੀਤੇ ਵਰਿ੍ਹਆਂ ਦੇ ਵਰਤਾਰੇ ਨਾਲੋਂ ਵੱਖਰਾ ਕਰਕੇ ਦੇਖਦਾ ਹਾਂ ਉਹ ਹੈ , ਮਾਨਸਿਕ ਅਤੇ ਭਾਵਨਾਤਮਕ ਕਚਿਆਈ/ਪਕਿਆਈ ਦਾ ਪੱਧਰ । ਮੇਰੀ ਮਾਨਸਿਕਤਾ 1957 ਤੋਂ 1972 ਤੱਕ ਦੇ ਜੀਵਨ—ਉਲਝਾਉ ਦਾ ਪਰਤਾਓ ਹੈ । 1957 ਵਿੱਚ ਘਰੋਂ ਬੀ.ਏ. ਕਰਨ ਲਈ ਨਿਕਲਿਆ, ਮੈਂ ਭਾਖੜਾ ਡੈਮ ਦੀਆਂ ਤਿੰਨ—ਬਦਲਵੀਆਂ ਸ਼ਿਫਟਾਂ ਦੀ ਨੌਕਰੀ , ਜਲੰਧਰ ਪ੍ਰਾਈਵੇਟ ਫੈਕਟਰੀ ਦਾ ਸਟੋਰਕੀਪਰੀ , ਦਿੱਲੀ ਦੀ ਟੈਕਸੀ ਡਰਾਈਵਰੀ ਤੇ ਆਖਿਰ ਮਦਨ ਲਾਲ ਹਾਂਡਾ, ਜਲੰਧਰ ਦੀ ਸਹਾਇਤਾ ਨਾਲ 1972 ਵਿਚ ਬੀ.ਐੱਡ ਕਰਨ ਤੱਕ ਉਲਝਿਆ ਹੀ ਰਿਹਾ । ਇਹਨੀਂ ਦਿਨੀਂ ਮੇਰੀ ਡੰਗੋਰੀ ਸਿੱਧ ਹੋਏ ਸਨ, ਨਾਨਕ ਸਿੰਘ ਦੇ ਸਾਰੇ ਨਾਵਲ, ਕੰਵਲ ਦੇ ਥੋੜ੍ਹੇ ਕੁ , ਪੰਜਾਬੀ ਦੇ ਮਾਸਿਕ ਪੱਤਰ ‘ਕਵਿਤਾ’, ‘ਪੰਜ ਦਰਿਆ’ ਦੇ ਥੋ੍ਹੜਾ ਕੁ ਜਿੰਨੀ ਪ੍ਰੀਤ—ਲੜੀ , ਅਧਿਆਪਕੀ ਕਿੱਤਾ ਅਪਨਾਉਣ ਪਿੱਛੋਂ ਸਰਦਲ, ਲਕੀਰ , ਸੇਧ, ਸਿਰਜਨਾ ਤੇ ਹੋਰ ਪੱਤਰਕਾਵਾਂ ਸਮੇਤ ਨਕਸਲੀ ਸਾਹਿਤ । ਇਹਨਾ ਦੇ ਪਾਠਨ ਰਾਹੀਂ , ਆਪਣੇ ਆਪੇ ਦੀ , ਆਪਣੇ ਆਲੇ—ਦੁਆਲੇ ਦੀ ਸੋਝੀ ਅੱਗੇ ਚੱਲ ਕੇ ਪ੍ਰਗਤੀਵਾਦੀ ਲਿਖਤਾਂ ਵਿਚ ਢਲਣੀ ਸ਼ੁਰੂ ਹੋ ਗਈ ਕਰੀਬ 80 ਵਿਆਂ ਦੇ ਨੇੜੇ । ਇਵੇਂ ਨਾਨਕ ਸਿੰਘ ਤੇ ਕੰਵਲ ਦੀਆਂ ਲਿਖਤਾਂ ਦੇ ਆਦਰਸ਼ ਮਾਡਲ ਤੇ ਮਾਰਕਸਵਾਦੀ ਲਿਖਤਾਂ ਦੇ ਪ੍ਰਗਤੀਵਾਦੀ  ਮਾਡਲ ਮੇਰੇ ਅੰਦਰ ਏਨੀ ਡੂੰਘੀ ਤਰ੍ਹਾਂ  ਉੱਕਰ ਗਏ ਕਿ 63 ਸਾਲ ਦੀ ਉਮਰ ਤੱਕ ਪੁੱਜਦਿਆਂ , ਆਧੁਨਿਕ , ਨਵ— ਆਧੁਨਿਕ , ਉੱਤਰ —ਆਧੁਨਿਕ ਨਾਮੀਂ ਵਾਦ—ਵਿਵਾਦਾਂ ਲਈ ਮੇਰੇ ਅੰਦਰ ਪੈਰ ਧਰਨ ਲਈ ਵੀ ਥਾਂ ਨਹੀ ਬਚੀ ।

ਏਥੇ ਇਹ ਦੱਸਣ ਵਿੱਚ ਕੋਈ ਵਾਧੂ ਗੱਲ ਨਹੀਂ ਜਾਪੇਗੀ ਕਿ ਅੱਜ ਦੇ ਸਾਹਿਤਕਾਰ ਨੂੰ ਸ਼ਾਇਦ ਹੀ ਪਹਿਲੀ ਅਤੇ ਵਿਚਕਾਰਲ੍ਹੀ ਪੀੜ੍ਹੀ ਵਾਂਗ ਉਲਝਾਉ ਸਥਿਤੀਆਂ ਵਿਚਕਾਰੋਂ ਲੰਘਣਾ ਪੈਂਦਾ ਹੋਵੇ ।ਅੱਜ ਦਾ ਸਾਹਿਤਕਾਰ ( ਬਹੁ—ਗਿਣਤੀ) ਇਤਿਹਾਸ , ਸੰਗਠਨ , ਸੰਘਰਸ਼ ਏਥੇ ਤੱਕ ਮਨੁੱਖ ਨੂੰ ਮਨੁੱਖ ‘ਚੋਂ ਮਨਫ਼ੀ ਕਰਕੇ ਦੇਖਦਾ ਹੈ । ਜਿਸ ਕਾਰਨ ਕਲਾਕਾਰ/ਲੇਖਕ ਅੰਦਰਮੁੱਖਤਾ ਦਾ ਸ਼ਿਕਾਰ ਹੈ । ਬਾਹਰੀ ਨੰਗੇਜ਼, ਸੁਵਿਧਾਵਾਂ ਦੀ ਚਮਕ —ਦਮਕ ਕਾਰਨ ਅੱਜ ਦੀ ਲੇਖਣੀ ਬਾਹਰੀ ਸੰਸਾਰ ਦੀ ਥਾਂ ਕੇਵਲ ਮੈਂ—ਮੁੱਖਤਾ ਨੂੰ ਹੀ ਮੁਖਾਤਿਬ ਹੈ । ਉਮਰ ਦੇ ਇਸ ਪੜਾਅ ‘ਤੇ ਪੁੱਜ ਕੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਵੰਨਗੀ ਦਾ ਬਹੁਤਾ ਸਾਹਿਤ ਆਉਂਦੇ ਸਮਿਆਂ ਵਿਚ ਹੋਰ ਵਿਸੰਗਤੀਆਂ ਪੈਦਾ ਕਰਨ ਦਾ ਸਾਧਨ ਬਣੇਗਾ ।)

ਤੀਸਰਾ ਕੋਨ ਬੀਤੇ ਸਾਲਾਂ ਦੀ ਰਾਜਨੀਤਕ ਉੱਥਲ—ਪੁਥਲ ਨੂੰ ਇਸ ਉਮਰ ਦੇ ਕੋਨ ਤੋਂ ਦੇਖਣ ਦਾ ਹੈ । 1947 ਦੇ ਘੱਲੂਘਾਰੇ ਨੇ 7 ਸਾਲ ਦੀ ਉਮਰ ਦੇ ਉਸ ਬਾਲ ਲਈ ਕੋਈ ਬਹੁਤੀ ਅਹਿਮੀਅਤ ਨਹੀਂ ਰੱਖੀ, ਜਿਹੜਾ ਉਜਾੜੇ ਦੀ ਸਿੱਧੀ ਮਾਰ ਹੇਠ ਨਹੀਂ ਆਇਆ । ਆਪਣੇ ਵੱਡੇ—ਵਡੇਰਿਆਂ ਨੂੰ ਆਪਣੇ ਘਰ ਦੀ ਪਿਛਵਾੜੀ ਤੱਪਦੇ ‘ਆਰ੍ਹਨ’ ਤੇ ਬਰਛੇ, ਛਵੀਆਂ ਬਣਾਉਂਦੇ ਦੇਖ ਕੇ ਵੀ ਨਹੀਂ । ਪੰਜਾਬੀ ਸੂਬੇ ਦੀ ਸਿਆਸਤ ਮੇਰੇ ਪਸੰਦ ਦੀ ਇਨਕਲਾਬੀ ਸਿਆਸਤ ਤੋਂ ਬਹੁਤ ਨੀਵੇ ਪੱਧਰ ਦੀ ਜਾਪਦੀ ਸੀ, ਕੋਈ ਲਗਾਓ ਹੀ ਨਾ ਬਣਿਆ । ਆਤੰਕਵਾਦ ਦਾ ਦੌਰ ਸਰੀਰ ਤੋਂ ਵੱਧ ਮਾਨਸਿਕਤਾ ‘ਤੇ ਹੰਢਾਇਆ । ਪਰ ਇਸ ਤੋਂ ਵੱਧ ਰਾਜਨੀਤੀ ਅਤੇ ਧਰਮ ਦੇ ਕੂਟਨੀਤਕ ਸੁਮੇਲ ਨੇ , ਜਿਹੜਾ ਫਾਸ਼ੀਵਾਦੀ ਰੁਝਾਨ ਪਿਛਲੇ ਕਈ ਵਰਿ੍ਹਆਂ ਤੋਂ ਅਖਤਿਆਰ ਕੀਤਾ ਹੋਇਆ , ਉਹ ਇਸ ਉਮਰ ਦੀ  ਸੂਝ ਨੂੰ ਸਭ ਤੋਂ ਵੱਧ ਦੁਖਦਾਈ ਸਿੱਧ ਹੋ ਰਿਹਾ ਹੈ  । ਇਸ ਤੋਂ ਵੀ ਵੱਧ ਦੁਖਦਾਇਕ ਤੱਥ ਇਹ ਹੈ ਕਿ ਸਾਡੀ ਹੁਣ ਦੀ ਵੱਡੀ ਗਿਣਤੀ ਲੇਖਕ ਪੀੜ੍ਹੀ ਨੂੰ ਧਾਰਮਿਕ ਸੰਕੀਰਨਤਾ , ਜਾਤੀਵਾਦ , ਸੰਪਰਦਾਇਕਤਾ ਆਦਿ ਮਹਾਂਮਾਰੀਆਂ ਦੇ ਉਪਰੇਸ਼ਨ / ਇਲਾਜ ਲਈ ਜਿਹਨਾਂ ਅਸਤਰਾਂ—ਸ਼ਸ਼ਤਰਾਂ, ਦੁਆਈਆਂ ਗੋਲੀਆਂ ਦੀ ਲੋੜ ਹੈ , ਉਸਦੀ ਇਸ ਪੀੜ੍ਹੀ ਪਾਸ ਅਣਹੋਂਦ ਹੈ । ਇਕ ਮਾੜੇ ਸਮਿਆਂ ਦੇ ਮਾੜੇ ਪ੍ਰਭਾਵਾਂ ਦੀਆਂ ਅਲਾਮਤਾਂ ਹਨ ।

ਚੌਥਾ ਦ੍ਰਿਸ਼ ਜਿਹੜਾ ਪਹਿਲ੍ਹੇ ਵਰਿ੍ਹਆਂ ਨਾਲੋਂ ਹੁਣ ਦੀ ਅਵਸਥਾ ਨੂੰ ਬਹੁਤ ਹੀ ਚੁੱਭਵਾਂ ਮਹਿਸੂਸ ਹੋ ਰਿਹਾ ਹੈ , ਉਹ ਹੈ ਸਮਾਜਕ ਤੇ ਸਭਿਆਚਾਰਕ ਖੇਤਰਾਂ ਵਿਚ ਆਈ ਗਿਰਾਵਟ ਦਾ । ਵਿਵਹਾਰਕ ਲੋਕ ਇਸ ਦੌਰ ਨੂੰ ਵਿਕਾਸ ਦਾ ਦੌਰ ਕਹਿੰਦੇ ਸਾਹ ਨਹੀ ਲੈਂਦੇ । ਪਰ ਸੰਵੇਦਨਸ਼ੀਲ ਵਿਅਕਤੀਆਂ ਲਈ, ਇਸ ਦੌਰ ਵਿਚ ਸਮਾਜਕ ਰਿਸ਼ਤਿਆਂ ਦੇ ਬਜ਼ਾਰੀਕਰਨ ਅਤੇ ਸਭਿਆਚਾਰਕ ਮੁੱਲਾਂ ਦੇ ਹੋ ਰਹੇ ਮਸ਼ੀਨੀਕਰਨ ਚਿੰਤਾ ਦੇ ਵਿਸ਼ੇ  ਹਨ । ਸਾਹਿਤ ਨੇ ਸਾਹਿਤਕਾਰਾਂ ਨੇ ਹੋਰ ਕਿਹੜਾ ਸੀੜ ਪੁੱਟਣੀ ਹੁੰਦੀ ਹੈ , ਇਹਨਾਂ ਨੇ ਮਾਨਵੀ ਮੁੱਲਾਂ ਦੀ ਰਾਖੀ ਹੀ ਤਾਂ ਕਰਨੀ ਹੁੰਦੀ ਹੈ । ਇਹ ਰਾਖੀ ਸਾਹਿਤਕ ਲਿਖਤਾਂ ਨੇ ਆਉਂਦੇ ਸਮਿਆਂ ਨੂੰ ਸਮਰਪਿਤ ਵੀ ਕਰਨੀ ਹੁੰਦੀ ਹੈ । ਬੀਤੇ ਵਰਿ੍ਹਆਂ ਦਾ ਕਾਫੀ ਸਾਰਾ ਸਾਹਿਤ ਇਸ ਉਦੇਸ਼ ਦੀ ਉਦਾਹਰਨ ਵਜੋਂ ਪੇਸ਼ ਹੋ ਸਕਦਾ ਹੈ । ਪਰੰਤੂ ਅਜੋਕੇ ਦੌਰ ਦੀ ਬਹੁ—ਗਿਣਤੀ ਕਾਵਿ—ਵੰਨਗੀ ਤੇ ਢੇਰ ਸਾਰਾ ਗਲਪ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਕੇ ਵਕਤੀ ਸ਼ੋਹਰਤ ਹਾਸਿਲ ਕਰਨ ਵੱਲ ਰੁਚਿਤ ਹੋ ਗਿਆ ਹੈ । ਸਾਹਿਤ ਦੀ ਅਜੋਕੀ ਨਿਰਾਸ਼ਾਮਈ ਭੂਮਿਕਾ ਕਾਰਨ ਮੇਰੀ ਇਸ ਉਮਰ ਦੀ ਸੋਚਣੀ ਵੀ ਨਿਰਾਸ਼ ਸਥਿਤੀ ਵਿੱਚ ਪੱੁਜ਼ ਗਈ ਹੈ । ਇਸ ਨਿਰਾਸ਼ ਸਥਿਤੀ ਵਿੱਚ ਪੁੱਜੇ ਦੀ ਮੇਰੀ ਰੀਝ ਹੈ ਕਿ ਮੈਂ ਤਲਵਾਰ ਦੀ ਧਾਰ ਵਰਗੀਆਂ ਤਿੱਖੀਆਂ ਲਿਖਤਾਂ ਰਾਹੀਂ ਸਮਾਜਕ , ਸਭਿਆਚਰਕ , ਸਾਹਿਤਕ ਵਿਸੰਗਤੀਆਂ ਵਿਰੁੱਧ ਵਿਚਰਾਂ ।ਪਰ ,ਅਗਲੇ ਹੀ ਛਿਣ , ਸਾਹਿਤਕ ਖੇਤਰ ਵਿਚ ਪਾਏ ਕਿਣਕਾਮਾਤਰ ਯੋਗਦਾਨ ‘ਤੇ ਪੁਨਰਝਾਤ ਮਾਰਦਿਆਂ , ਮੈਂ ਸੋਚਣ ਲਗਦਾ ਹਾਂ ਕਿ ਚਲੋ ਮੈਂ ਤਾਂ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ , ਜਿਹੜੇ ਵੱਡੇ ਮਹਾਰਥੀ ਹੋਏ ਹਨ,ਜਾਂ ਹਨ , ਉਹ ਮਹਾਂ—ਸੰਮੇਲਨਾਂ ਦੇ ਪ੍ਰਬੰਧਕ—ਸੰਚਾਲਕ ਵੀ ਰਹੇ ਹਨ, ਉਹਨਾਂ ਮਹਾਂ ਇਨਾਮ—ਕਿਨਾਮ ਵੀ ਹਾਸਲ ਕੀਤੇ ਹਨ, ਉਹ ਅਖਬਾਰੀ ਸੁਰਖੀਆਂ ਵੀ ਬਣਦੇ ਰਹੇ ਹਨ , ਜੇ ਉਹਨਾਂ ਦੀਆਂ ਲਿਖਤਾਂ ਵੀ ਸਮਾਜਕ ਵਿਸੰਗਤੀਆਂ ਦਾ ਕੋਈ ਕੰਢਾ ਨਹੀਂ ਭੋਰ ਸਕੀਆਂ ਤਾਂ ਮੈਂ ਜਾਂ ਮੇਰੀਆਂ ਕਹਾਣੀਆਂ ਕਿਹੜੇ ਬਾਗ ਦੀਆਂ ਮੂਲੀਆਂ ਹਨ । ਉਸ  ਸਮੇਂ ਮੇਰੀ ਸਮਝ……ਮੇਰੀ ਲਿਖਣ ਕਲਾ ਨੂੰ ਇਸ ਚਸਕੇ ਤੋਂ ਵੱਧ ਕੁਝ ਨਹੀਂ ਸਮਝ ਰਹੀ ਹੁੰਦੀ ਤੇ ਚਸਕੇ ਦੀ ਪੂਰਤੀ ਕਾਫੀ ਸਾਰੀ ਪ੍ਰਸੰਨਤਾ ਵੀ ਦਿੰਦੀ ਰਹਿੰਦੀ ਹੈ ਜਦੋਂ ਤੱਕ ….. । ਪਰ ਝੱਟ ਹੀ ਮੇਰੇ ਧੁਰ ਅੰਦਰ ਘਰ ਕਰੀ ਬੈਠੀ ਇਹ ਧਾਰਨਾ ਛੜੱਪਾ ਮਾਰਕੇ , ਸਾਹਮਣੇ ਖੜੋ ਕੇ ਮੈਨੂੰ ਚਿਤਾਰ ਰਹੀ ਹੁੰਦੀ ਹੈ “…. ਹੋਸ਼ ਕਰ ਹੋਸ਼ , ਆਪਣੀਆਂ ਅਸਫ਼ਲ ਲਿਖਤਾਂ ਕਾਰਨ ,ਤੂੰ ਸਫ਼ਲ ਲਿਖਤਾਂ ਦੀ ਨਿਰਾਦਰੀ ਤਾਂ ਨਾ ਕਰ , ਸਾਹਿਤ ਦੀ ਸਾਰਥਿੱਕਤਾ , ਲੇਖਕ ਦੀ ਭੂਮਿਕਾ ‘ਤੇ ਸ਼ੱਕ ਨਾ ਕਰ ….. । ਜੇ ਤੇਰਾ ਨਈਂ ਕੁਸ਼ ਬਣਿਆ ਤਾਂ  ਕੁਝ ਹੋਰ ਕਰਕੇ ਦੱਸ , ਐਮੇਂ ਰੋਈ ਜਾਨਾਂ , ਹਉਕੇ ਜਿਹੇ ਜਿਹੇ ਕਿਉਂ ਲਈ ਜਾਨਾਂ ….ਜੇ….ਜੇ….ਦਾਣੇ ਵਿਕ ਗਏ ਆ ਤਾਂ ‘ਰਾਮ ਨਾ ਬੈਹ …..ਤੇਰੀ ਕਾਣ੍ਹੀ ਬਿਨਾਂ ਕੇੜਾ ਗੱਡ ਫਸੀਓ ਨਿਕਲਣੀ ਨਈਂ ਸੈਤ੍ਹ ਦੀ ਚਿੱਕੜ ‘ਚ …ਹੈਂਅ…..।”

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>