ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਤਹਿਤ 1200 ਤੋਂ ਵੱਧ ਵਿਦਿਆਰਥੀ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਸੰਸਥਾਵਾਂ ’ਚ ਗਏ ਪੜ੍ਹਨ

ਯੂਨੀਵਰਸਿਟੀ ਆਫ਼ ਮੈਰੀਲੈਂਡ, ਬਾਲਟੀਮੁਰ ਯੂ.ਐਸ.ਏ ਦੇ ਵਾਈਸ ਪ੍ਰੈਜੀਡੈਂਟ ਡਾ. ਜੈਨੇਟ ਸੀ ਰਟਲੈਜ਼ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.ਆਰ.ਐਸ ਬਾਵਾ ਸਮਝੌਤਾ ਪੱਤਰ ’ਤੇ ਦਸਤਖ਼ਤ ਕਰਦੇ ਹੋਏ।

ਯੂਨੀਵਰਸਿਟੀ ਆਫ਼ ਮੈਰੀਲੈਂਡ, ਬਾਲਟੀਮੁਰ ਯੂ.ਐਸ.ਏ ਦੇ ਵਾਈਸ ਪ੍ਰੈਜੀਡੈਂਟ ਡਾ. ਜੈਨੇਟ ਸੀ ਰਟਲੈਜ਼ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.ਆਰ.ਐਸ ਬਾਵਾ ਸਮਝੌਤਾ ਪੱਤਰ ’ਤੇ ਦਸਤਖ਼ਤ ਕਰਦੇ ਹੋਏ।

ਚੰਡੀਗੜ੍ਹ – ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਅੰਤਰਰਾਸ਼ਟਰੀ ਅਕਾਦਮਿਕ ਗਠਜੋੜਾਂ ਦਾ ਵੱਡੇ ਪੱਧਰ ’ਤੇ ਲਾਭ ਵਿਦਿਆਰਥੀਆਂ ਨੂੰ ਮਿਲਿਆ ਹੈ। ਅਕਾਦਮਿਕ ਗਠਜੋੜਾਂ ਦੀ ਮਾਧਿਅਮ ਰਾਹੀਂ ਪੇਸ਼ ਕੀਤੇ ਜਾਂਦੇ ਵੱਖ-ਵੱਖ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਤਹਿਤ ਹੁਣ ਤੱਕ 1200 ਤੋਂ ਵੱਧ ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਨ ਦਾ ਸੁਪਨਾ ਸਾਕਾਰ ਹੋਇਆ ਹੈ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਅਧੀਨ ਵਿਦਿਆਰਥੀਆਂ ਵੱਲੋਂ ਇੰਟਰਨੈਸ਼ਨਲ ਸਮਰ ਪ੍ਰੋਗਰਾਮ, ਕਲਚਰਲ ਪ੍ਰੋਗਰਾਮ, ਸਮੈਸਟਰ ਐਕਸਚੇਂਜ, ਸਮਰ ਟ੍ਰੇਨਿੰਗ, ਕ੍ਰੈਡਿਟ ਟਰਾਂਸਫ਼ਰ ਪ੍ਰੋਗਰਾਮ, ਉਚੇਰੀ ਸਿੱਖਿਆ, ਸਮੈਸਟਰ ਐਬਰੌਡ, ਇੰਟਰਨਸ਼ਿਪ ਪ੍ਰੋਗਰਾਮ ਅਤੇ ਪ੍ਰਾਜੈਕਟ ਸਮੈਸਟਰ ਆਦਿ ਦੇ ਮਾਧਿਅਮ ਰਾਹੀਂ ਅਪਲਾਈ ਕੀਤਾ ਗਿਆ ਸੀ, ਜਿਨ੍ਹਾਂ ਦੇ ਅੰਤਰਗਤ ਵਿਦਿਆਰਥੀਆਂ ਨੂੰ ਕੈਨੇਡਾ ਅਤੇ ਅਮਰੀਕਾ ਲਈ 100 ਫ਼ੀਸਦੀ ਸੁਕਸੈਸ ਰੇਟ ਨਾਲ ਵੀਜ਼ੇ ਪ੍ਰਾਪਤ ਹੋਏ ਹਨ ਜਦਕਿ ਆਸਟ੍ਰੇਲੀਆ ਲਈ 90 ਫ਼ੀਸਦੀ ਅਤੇ ਯੂਕੇ ਲਈ 80 ਫ਼ੀਸਦੀ ਸੁਕਸੈਸ ਰੇਟ ਹੈ। ਕੋਵਿਡ ਕਾਲ ਦੌਰਾਨ ਜਿੱਥੇ ਇੱਕ ਪਾਸੇ ਵਿਦਿਆਰਥੀਆਂ ’ਚ ਵਿਦੇਸ਼ ਪੜ੍ਹਨ ਜਾਣ ਸਬੰਧੀ ਅਨਿਸ਼ਚਿਤਤਾ ਦਾ ਦੌਰ ਬਣਿਆ ਹੋਇਆ ਹੈ ਉਥੇ ’ਵਰਸਿਟੀ ਵੱਲੋਂ ਮੁਹੱਈਆ ਕਰਵਾਏ ਜਾਂਦੇ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ’ਚ ਪੜ੍ਹਨ ਦਾ ਸੁਪਨਾ ਸਾਕਾਰ ਹੋ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ’ਵਰਸਿਟੀ ਵੱਲੋਂ ਹੁਣ ਤੱਕ 68 ਦੇਸ਼ਾਂ ਦੀਆਂ 308 ਸਿਰਮੌਰ ਯੂਨੀਵਰਸਿਟੀਆਂ ਨਾਲ ਅਕਾਦਮਿਕ ਗਠਜੋੜ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਅਕਾਦਮਿਕ ਕਰਾਰਾਂ ਦੇ ਮਾਧਿਅਮ ਰਾਹੀਂ ਹੁਣ ਤੱਕ 1200 ਤੋਂ ਵੱਧ ਵਿਦਿਆਰਥੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਆਦਿ ਦੇਸ਼ਾਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਤੋਂ ਅੰਤਰਰਾਸ਼ਟਰੀ ਪੱਧਰੀ ਸਿਖਲਾਈ ਅਤੇ ਤਜ਼ਰਬਾ ਪ੍ਰਾਪਤ ਕਰਨ ’ਚ ਕਾਮਯਾਬ ਰਹੇ ਹਨ। ਉਨ੍ਹਾਂ ਦੱਸਿਆ ਕਿ 308 ਯੂਨੀਵਰਸਿਟੀਆਂ ਵਿਚੋਂ 107 ਯੂਨੀਵਰਸਿਟੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਕਿਊ.ਐਸ ਵਰਲਡ ਰੈਕਿੰਗ ਪ੍ਰਾਪਤ ਹੈ ਜਦਕਿ 116 ਯੂਨੀਵਰਸਿਟੀਆਂ ਟਾਈਮਜ਼ ਰੈਕਿੰਗ ਪ੍ਰਾਪਤ ’ਵਰਸਿਟੀਆਂ ਹਨ।

ਡਾ. ਬਾਵਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਵਿਦਿਆਰਥੀ 1+1 ਅਤੇ 1+2 ਪ੍ਰੋਗਰਾਮਾਂ ਤਹਿਤ ਇੱਕ ਜਾਂ ਦੋ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਨਗੇ ਅਤੇ ਬਾਕੀ ਦੀ ਪੜ੍ਹਾਈ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਮੁਕੰਮਲ ਕਰ ਸਕਦੇ ਹਨ। ਗੌਰਤਲਬ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਤਹਿਤ ਚੰਡੀਗੜ੍ਹ ਯੂਨੀਵਰਸਿਟੀ ’ਚ ਪੜ੍ਹਾਈ ਕਰਦਿਆਂ ਵਿਦਿਆਰਥੀਆਂ ਨੂੰ ਕੋਰਸ ਫ਼ੀਸ ਵੀ ਭਾਰਤੀ ਕਰੰਸੀ ਦੇ ਮੁਤਾਬਕ ਅਦਾ ਕਰਨੀ ਪਵੇਗੀ। ਇੱਕ ਸਾਲ ਦੀ ਪੜ੍ਹਾਈ ਡਾਲਰਾਂ ਦੀ ਬਜਾਏ ਭਾਰਤੀ ਕਰੰਸੀ ਅਨੁਸਾਰ ਭਰਨਾ ਆਰਥਿਕ ਪੱਖੋਂ ਵੀ ਕਿਫ਼ਾਇਤੀ ਸਿੱੱਧ ਹੋਇਆ ਹੈ ਜਦਕਿ ਕੋਰਸ ਮੁਕੰਮਲ ਹੋਣ ਤੋਂ ਬਾਅਦ ਡਿਗਰੀ ਵਿਦੇਸ਼ ਦੀ ਸੰਸਥਾ ਵੱਲੋਂ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਅਧੀਨ ਵਿਦੇਸ਼ ਗਏ 90 ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਜਾਂ ਸੰਸਥਾਗਤ ਸਕਾਲਰਸ਼ਿਪ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ 181 ਵਿਦਿਆਰਥੀ ਨੂੰ ਕੋਰਸ ਫ਼ੀਸ ’ਤੇ 100 ਫ਼ੀਸਦੀ ਵਜ਼ੀਫ਼ਾ ਪ੍ਰਾਪਤ ਹੋਇਆ ਹੈ ਜਦਕਿ 29 ਵਿਦਿਆਰਥੀ ਨੂੰ 100 ਫ਼ੀਸਦੀ ਰਿਹਾਇਸ਼ ਵਜ਼ੀਫ਼ਾ ਮਿਲਿਆ ਹੈ। ਇਸੇ ਤਰ੍ਹਾਂ 7 ਵਿਦਿਆਰਥੀ 100 ਫ਼ੀਸਦੀ ਵਜ਼ੀਫ਼ਾ ਮਿਲਿਆ ਹੈ, ਜਿਸ ’ਚ ਅਕਾਦਮਿਕ ਫ਼ੀਸ, ਵੀਜ਼ਾ, ਹਵਾਈ ਟਿਕਟ, ਬੋਰਡਿੰਗ ਅਤੇ ਲੌਜ਼ਿੰਗ ਫ਼ੀਸਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਜ਼ੀਫ਼ਿਆਂ, ਪੇਡ ਇੰਟਰਨਸ਼ਿਪਾਂ ਅਤੇ ਪ੍ਰਾਜੈਕਟ ਸਮੈਸਟਰਾਂ ਰਾਹੀਂ ਵਿਦਿਆਰਥੀਆਂ ਨੂੰ ਕੁੱਲ 28 ਕਰੋੜ ਦਾ ਲਾਭ ਪ੍ਰਾਪਤ ਹੋਇਆ ਹੈ।ਉਨ੍ਹਾਂ ਦੱਸਿਆ ਕਿ ਅੰੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਅਧੀਨ ਜ਼ਿਆਦਾਤਰ ਵਿਦਿਆਰਥੀਆਂ ਨੇ ਯੂ.ਐਸ.ਏ, ਕੈਨੇਡਾ, ਫ਼ਰਾਂਸ, ਇਟਲੀ, ਆਸਟ੍ਰੇਲੀਆ ਅਤੇ ਮਲੇਸ਼ੀਆਂ ਵਰਗੇ ਮੁਲਕਾਂ ਲਈ ਰੁਚੀ ਵਿਖਾਈ ਹੈ ਜਦਕਿ ਵਾਲਟ ਡਿਜ਼ਨੀ ਵਰਲਡ, ਏ.ਐਚ.ਏ ਮਲੇਸ਼ੀਆ, ਯੂਨੀਵਰਸਿਟੀ ਆਫ਼ ਨੌਰਥ ਅਲਾਬਾਮਾ ਯੂ.ਐਸ.ਏ, ਓਕਾਨਾਗਨ ਕਾਲਜ ਕੈਨੇਡਾ, ਯੂ.ਈ.ਟੀ ਇਟਲੀ ਵਰਗੀਆਂ ਸੰਸਥਾਵਾਂ ਵਿਦਿਆਰਥੀਆਂ ਦੀ ਮੁੱਢਲੀ ਪਸੰਦ ਬਣਕੇ ਉਭਰੀਆਂ ਹਨ।

ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਤਹਿਤ ਦਿਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਗੱਲ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਚਹੁਤਰਫ਼ੀ ਸਹਿਯੋਗ ਲਈ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਵਿਭਾਗ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖ਼ਲੇ ਤੋਂ ਲੈ ਕੇ ਸਮੁੱਚੀ ਪ੍ਰੀਕਿਰਿਆ ਸਬੰਧੀ ਜਾਣਕਾਰੀ ਇੱਕੋ ਛੱਤ ਥੱਲੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਮੁਹਾਰਤ ਦੇਣ ਲਈ ਜਿੱਥੇ ਆਈਲੈਟਸ ਅਤੇ ਵੀਜ਼ਾ ਇੰਟਰਵਿਊ ਦੀ ਤਿਆਰੀ ’ਵਰਸਿਟੀ ਵੱਲੋਂ ਕਰਵਾਈ ਜਾ ਰਹੀ ਹੈ ਉਥੇ ਹੀ ਵੀਜ਼ਾ ਅਰਜ਼ੀ ਦੀ ਤਿਆਰੀ ਅਤੇ ਢੁੱਕਵੇਂ ਕੋਰਸਾਂ ਦੀ ਚੋਣ ਸਬੰਧੀ ਸੁਚੱਜਾ ਮਾਰਗ ਦਰਸ਼ਨ ਵੀ ਸਬੰਧਿਤ ਵਿਭਾਗ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਡਾ. ਬਾਵਾ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰੀ ਤਜ਼ਰਬੇ ਅਤੇ ਸਿਖਲਾਈ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿਕਸਿਤ ਦੇਸ਼ਾਂ ਦੀਆਂ ਸਿਰਮੌਰ ਯੂਨੀਵਰਸਿਟੀਆਂ ਨਾਲ ਗਠਜੋੜਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਅਮਰੀਕਾ ਦੀਆਂ 25, ਕੈਨੇਡਾ ਦੀਆਂ 19, ਆਸਟ੍ਰੇਲੀਆ ਦੀਆਂ 11, ਯੂਕੇ ਦੀਆਂ 13, ਰੂਸ ਦੀਆਂ 17, ਨਿਊਜ਼ੀਲੈਂਡ ਦੀਆਂ 11 ਅਤੇ ਫ਼ਰਾਂਸ ਦੀਆਂ 10 ਪ੍ਰਮੁੱਖ ਯੂਨੀਵਰਸਿਟੀਆਂ ਨਾਲ ਅਕਾਦਮਿਕ ਕਰਾਰ ਕੀਤੇ ਗਏ ਹਨ।ਡਾ. ਬਾਵਾ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਸਥਾਪਿਤ ਕੀਤੇ ਗਠਜੋੜਾਂ ’ਚ ਕੈਨੇਡਾ ਦੇ ਓਕਾਨਗਨ ਕਾਲਜ ਬਿ੍ਰਟਿਸ਼ ਕੋਲੰਬੀਆ, ਵੈਨਕੁਵਰ ਆਈਲੈਂਡ ਯੂਨੀਵਰਸਿਟੀ ਬਿ੍ਰਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ਼ ਨਾਰਥ ਅਲਾਬਾਮਾ ਅਮਰੀਕਾ, ਅਰਕਾਂਸਸ ਸਟੇਟ ਯੂਨੀਵਰਸਿਟੀ ਅਮਰੀਕਾ, ਨੌਟਿੰਘਮ ਟ੍ਰੈਂਟ ਯੂਨੀਵਰਸਿਟੀ ਇੰਗਲੈਂਡ, ਬਰਮਿੰਘਮ ਸਿਟੀ ਯੂਨੀਵਰਸਿਟੀ ਇੰਗਲੈਂਡ, ਯੂਨੀਵਰਸਿਟੀ ਆਫ਼ ਸਲਾਮਾਨਕਾ ਸਪੇਨ, ਯੂਨੀਵਰਸਿਟੀ ਆਫ਼ ਸਨਸ਼ਾਈਨ ਕੋਸਟ ਆਸਟ੍ਰੇਲੀਆ, ਯੂਨੀਵਰਸਿਟੀ ਆਫ਼ ਕੈਨਬਰਾ ਆਸਟ੍ਰੇਲੀਆ, ਲਾ ਟਰੌਬ ਯੂਨੀਵਰਸਿਟੀ ਆਸਟ੍ਰੇਲੀਆ, ਯੂਨੀਵਰਸਿਟੀ ਆਫ਼ ਮੈਰੀਲੈਂਡ ਯੂ.ਐਸ.ਏ ਆਦਿ ਚੋਟੀ ਦੇ ਅਦਾਰਿਆਂ ਦਾ ਨਾਮ ਸ਼ਾਮਲ ਹੈ।

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ’ਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਪੱਧਰ ’ਤੇ ਗੁਣਵੱਤਾਪੂਰਨ ਸਿੱਖਿਆ ਹਾਸਲ ਕਰਨ ਲਈ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਅਕਾਦਮਿਕ ਕਰਾਰ ਸਥਾਪਿਤ ਕਰਨ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਡੀ ਗਿਣਤੀ ਵਿਦਿਆਰਥੀ ’ਵਰਸਿਟੀ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਦਾ ਲਾਭ ਲੈ ਚੁੱਕੇ ਹਨ।ਉਨ੍ਹਾਂ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਅੰਤਰਰਾਸ਼ਟਰੀ ਪੱਧਰ ’ਤੇ ਵੱਧ ਤੋਂ ਵੱਧ ਮੰਚ ਸਥਾਪਿਤ ਕੀਤੇ ਜਾਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>