ਹਿੰਦੂਤਵ ਹੁਕਮਰਾਨ ਸਵਾਰਥੀ ਸੋਚ ਵਾਲੇ ਸਿੱਖਾਂ ਦੀ ਦੁਰਵਰਤੋਂ ਕਰਕੇ ‘ਰਮਾਇਣ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਕੇ ਸਾਡੇ ਇਤਿਹਾਸ ਨੂੰ ਦਾਗੀ ਨਹੀਂ ਕਰ ਸਕਦੈ

51562135_2119841124774929_5527068738911731712_n.resized.resized.resized.resized.resizedਫ਼ਤਹਿਗੜ੍ਹ ਸਾਹਿਬ – “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਕੌਮ ਦੇ ਹੀ ਨਹੀਂ, ਬਲਕਿ ਸਮੁੱਚੀ ਮਨੁੱਖਤਾ, ਇਨਸਾਨੀਅਤ ਅਤੇ ਸਮੁੱਚੇ ਸੰਸਾਰ ਨੂੰ ਸਹੀ ਦਿਸ਼ਾ ਵੱਲ ਅਗਵਾਈ ਦੇਣ ਵਾਲੇ ਜੀਵਤ ਗੁਰੂ ਹਨ, ਜਿਨ੍ਹਾਂ ਨੂੰ ਇੰਡੀਆ ਦੀ ਸੁਪਰੀਮ ਕੋਰਟ ਨੇ ਵੀ ਕਾਨੂੰਨੀ ਤੌਰ ਤੇ ਬਹੁਤ ਪਹਿਲੇ ਜੀਵਤ ਗੁਰੂ ਹੋਣ ਲਈ ਮਾਨਤਾ ਦਿੱਤੀ ਹੋਈ ਹੈ । ਜੋ ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ, ਰੰਗ-ਨਸਲ ਆਦਿ ਸਮਾਜਿਕ ਵਿਤਕਰਿਆ ਅਤੇ ਨਫ਼ਰਤ ਭਰੀ ਸੋਚ ਤੋਂ ਨਿਰਲੇਪ ਰਹਿਕੇ ”ਸਭੈ ਸਾਂਝੀਵਾਲ ਸਦਾਇਣ, ਕੋਇ ਨਾ ਦਿਸੈ ਬਾਹਰਾ ਜੀਓ” ਦੇ ਮਹਾਵਾਕ ਅਨੁਸਾਰ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਭ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਤੇ ਮਨੁੱਖਤਾ ਦੀ ਬਿਹਤਰੀ ਲੋੜਦੇ ਹਨ । ਜਿਨ੍ਹਾਂ ਉਤੇ ਕੋਈ ਵੀ ਰਤੀਭਰ ਵੀ ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹੁਕਮਰਾਨ, ਮੁਤੱਸਵੀ ਜਮਾਤਾਂ ਅਤੇ ਫਿਰਕੂ ਸੰਗਠਨਾਂ ਦੀਆਂ ਸਵਾਰਥੀ ਨੀਤੀਆ ਦੀ ਬਦੌਲਤ, ਪਾੜੋ ਅਤੇ ਰਾਜ ਕਰੋ ਦੀ ਸਮਾਜ ਵਿਰੋਧੀ ਸੋਚ ਉਤੇ ਚੱਲਕੇ ਅਕਸਰ ਹੀ ਅਜਿਹੇ ਹੁਕਮਰਾਨ ਧਾਰਮਿਕ ਡੇਰਿਆ ਦੇ ਮੁੱਖੀਆ ਰਾਹੀ ਅਜਿਹਾ ਮਾਹੌਲ ਉਸਾਰਦੇ ਆ ਰਹੇ ਹਨ ਜਿਸ ਨਾਲ ਦੋ ਫਿਰਕਿਆ ਵਿਚ ਨਫ਼ਰਤ ਉਤਪੰਨ ਕਰਕੇ ਇਹ ਹੁਕਮਰਾਨ ਆਪਣੇ ਸਵਾਰਥੀ ਹਿੱਤਾ ਦੀ ਨਿਰੰਤਰ ਪੂਰਤੀ ਕਰਦੇ ਰਹਿਣ । ਇਸੇ ਸੋਚ ਅਨੁਸਾਰ ਕੁਝ ਸਮਾਂ ਪਹਿਲੇ 2015 ਵਿਚ ਇਕ ਸੋਚੀ ਸਮਝੀ ਸਾਜ਼ਿਸ ਤਹਿਤ ਸਿਰਸੇਵਾਲੇ ਗੁਰਮੀਤ ਰਾਮ ਰਹੀਮ ਦੀ ਸਰਪ੍ਰਸਤੀ ਹੇਠ ਉਸਦੇ ਚੇਲਿਆ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂਘਰ ਵਿਚੋਂ ਚੋਰੀ ਕਰਕੇ ਉਨ੍ਹਾਂ ਦੇ ਪੱਤਰਿਆ ਨੂੰ ਰੂੜੀਆ, ਨਾਲੀਆ ਵਿਚ ਖਿਲਾਰਕੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਹੀ ਵਲੂੰਧਰਿਆ ਗਿਆ, ਬਲਕਿ ਇਸ ਦੁੱਖਦਾਇਕ ਘਟਨਾ ਨਾਲ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੀ ਸਮੁੱਚੀ ਸਮਾਜਿਕ ਫਿਜਾ ਨੂੰ ਗੰਧਲਾ ਵੀ ਕਰ ਦਿੱਤਾ ਗਿਆ । ਇਸ ਸੰਬੰਧੀ ਫ਼ਰੀਦਕੋਟ ਅਦਾਲਤ ਵਿਚ ਕੇਸ ਚੱਲ ਰਿਹਾ ਹੈ । ਸ. ਰਣਬੀਰ ਸਿੰਘ ਖੱਟਰਾ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੇ ਐਫ.ਆਈ.ਆਰ. ਨੰਬਰ 63 ਸੰਬੰਧੀ ਚਲਾਨ ਪੇਸ਼ ਕਰਦੇ ਹੋਏ ਜਿਨ੍ਹਾਂ 5 ਦੋਸ਼ੀਆਂ ਨੂੰ ਸਾਮਿਲ ਕੀਤਾ ਸੀ, ਉਨ੍ਹਾਂ ਵਿਚ ਸਿਰਸੇਵਾਲਾ ਮੁੱਖੀ ਗੁਰਮੀਤ ਰਾਮ ਰਹੀਮ ਦੋ ਨੰਬਰ ਤੇ ਸੀ । ਇਸ ਵਿਚ ਮਹਿੰਦਰਪਾਲ ਬਿੱਟੂ ਨਾਮ ਦੇ ਦੋਸ਼ੀ ਨੇ ਇਹ ਅਦਾਲਤ ਵਿਚ ਪ੍ਰਵਾਨ ਕੀਤਾ ਸੀ ਕਿ ਜੋ ਅਸੀਂ ਕੀਤਾ ਹੈ, ਉਹ ‘ਪਿਤਾ ਜੀ (ਗੁਰਮੀਤ ਰਾਮ ਰਹੀਮ)’ ਦੇ ਹੁਕਮਾਂ ਅਨੁਸਾਰ ਕੀਤਾ ਹੈ । ਫਿਰ ਹੁਣ ਫ਼ਰੀਦਕੋਟ ਅਦਾਲਤ ਵੱਲੋਂ ਉਸ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਦਾ ਨਾਮ ਕੇਸ ਵਿਚੋਂ ਕੱਢ ਦੇਣ ਦੇ ਅਮਲ ਤਾਂ ਅਦਾਲਤਾਂ ਵੱਲੋਂ ਹੁਕਮਰਾਨਾਂ ਅਤੇ ਸਿਆਸਤਦਾਨਾਂ ਦੇ ਪ੍ਰਭਾਵ ਨੂੰ ਕਬੂਲਣ ਵਾਲੇ ਹਨ, ਨਾ ਕਿ ਤੱਥਾਂ ਅਤੇ ਦਸਤਾਵੇਜ਼ਾਂ ਦੇ ਆਧਾਰ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਸਿੱਖ ਕੌਮ ਨੂੰ ਇਨਸਾਫ਼ ਦੇਣ ਵਾਲੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਦੇ ਕੇਸ ਵਿਚੋਂ ਮੁੱਖ ਸਾਜ਼ਿਸਕਾਰ ਸਿਰਸੇਵਾਲੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਫ਼ਰੀਦਕੋਟ ਅਦਾਲਤ ਵੱਲੋਂ ਕੇਸ ਵਿਚੋਂ ਕੱਢ ਦੇਣ ਉਤੇ ਹੁਕਮਰਾਨਾਂ, ਅਦਾਲਤਾਂ, ਜੱਜਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਨਾਲ 1984 ਦੀ ਤਰ੍ਹਾਂ ਹੀ ਹੋਰ ਵੱਡਾ ਜੁਲਮ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਜੋ ਇਸ ਸਮੇਂ ਸੁਨਾਰੀਆ ਜੇਲ੍ਹ ਰੋਹਤਕ ਵਿਚ ਨਜਰ ਬੰਦ ਹੈ ਅਤੇ ਜੁਲਾਈ 2020 ਦੀ ਡੀ.ਡੀ.ਆਰ. ਰਾਹੀ ਦੋਸ਼ੀ ਨਾਮਜਦ ਕੀਤਾ ਗਿਆ ਹੈ ਅਤੇ ਜਿਸਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਨੇ ਵੀ ਉਪਰੋਕਤ ਦੁੱਖਦਾਇਕ ਘਟਨਾਵਾਂ ਨਾਲ ਸੰਬੰਧਤ ਕਰਾਰ ਦਿੱਤਾ ਹੈ, ਉਸ ਮੁੱਖ ਦੋਸ਼ੀ ਤੇ ਸਾਜ਼ਿਸਕਾਰ ਨੂੰ ਹੁਕਮਰਾਨ, ਅਦਾਲਤਾਂ ਅਤੇ ਜੱਜ ਕੇਸ ਵਿਚੋਂ ਕਤਈ ਨਹੀਂ ਕੱਢ ਸਕਦੇ ਅਤੇ ਨਾ ਹੀ ਅਜਿਹੇ ਵੱਡੇ ਬੇਇਨਸਾਫ਼ੀ ਵਾਲੇ ਕਿਸੇ ਅਮਲ ਨੂੰ ਸਿੱਖ ਕੌਮ ਬਰਦਾਸਤ ਕਰੇਗੀ । ਸ. ਮਾਨ ਨੇ ਅਜਿਹਾ ਕਰਨ ਵਾਲੀਆ ਅਦਾਲਤਾਂ, ਜੱਜਾਂ, ਹੁਕਮਰਾਨਾਂ ਉਤੇ ਨਿਸ਼ਾਨਾਂ ਸੇਧਦੇ ਹੋਏ ਕਿਹਾ ਕਿ ਜਿਨ੍ਹਾਂ ਵੱਡੇ ਦੋਸ਼ੀਆਂ ਨੂੰ ਸੰਸਾਰ ਵਿਚ ਵੱਸ ਰਿਹਾ ਹਰ ਸਿੱਖ ਅਤੇ ਦੂਸਰੀਆ ਕੌਮਾਂ ਭਲੀਭਾਤ ਜਾਣਦੀਆ ਹਨ, ਉਸਨੂੰ ਅਜਿਹੇ ਅਤਿ ਗੰਭੀਰ ਕੇਸ ਵਿਚੋਂ ਬਾਹਰ ਕੱਢ ਦੇਣ ਦੀ ਗੈਰ-ਕਾਨੂੰਨੀ, ਗੈਰ-ਇਖਲਾਕੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਕਿ ਆਉਣ ਵਾਲੇ ਸਮੇਂ ਵਿਚ ਹਰਿਆਣਾ, ਪੰਜਾਬ ਅਤੇ ਹੋਰ ਕਈ ਸੂਬਿਆਂ ਦੀਆਂ ਅਸੈਬਲੀ ਚੋਣਾਂ ਹੋਣ ਜਾ ਰਹੀਆ ਹਨ । ਹੁਕਮਰਾਨ ਵਿਸ਼ੇਸ਼ ਤੌਰ ਤੇ ਬੀਜੇਪੀ-ਆਰ.ਐਸ.ਐਸ. ਜਮਾਤਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਮੁੱਖ ਦੋਸ਼ੀ ਸਾਜ਼ਿਸਕਾਰ ਨੂੰ ਇਸ ਕੇਸ ਵਿਚੋਂ ਕੱਢਕੇ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਵੋਟਾਂ ਆਪਣੇ ਪੱਖ ਵਿਚ ਭੁਗਤਾਉਣ ਦੀ ਸਵਾਰਥੀ ਸੋਚ ਉਤੇ ਅਮਲ ਕਰ ਰਹੇ ਹਨ । ਜਦੋਂਕਿ ਇਹ ਸੰਜ਼ੀਦਾ ਕੇਸ ਸਮੁੱਚੀ ਸਿੱਖ ਕੌਮ, ਇਨਸਾਨੀਅਤ, ਇਥੋ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ । ਅਦਾਲਤਾਂ ਜਾਂ ਹੁਕਮਰਾਨ ਅਜਿਹੇ ਪੱਖਪਾਤੀ ਵਾਲੇ ਕਦਮ ਉਠਾਕੇ ਇਥੋਂ ਦੇ ਨਿਵਾਸੀਆ ਦੀ ਅਦਾਲਤ, ਕਾਨੂੰਨ ਵਿਚ ਵਿਸਵਾਸ ਨੂੰ ਖਤਮ ਕਰਨ ਤੇ ਤੁੱਲੀਆ ਹੋਈਆ ਹਨ ਜਿਸਦੇ ਨਤੀਜੇ ਕਦੀ ਵੀ ਅੱਛੇ ਨਿਜਾਮ ਤੇ ਸਮਾਜ ਲਈ ਚੰਗੇ ਸਾਬਤ ਨਹੀਂ ਹੋ ਸਕਣਗੇ ਅਤੇ ਨਾ ਹੀ ਸਿੱਖ ਕੌਮ ਹੁਕਮਰਾਨਾਂ ਨੂੰ ਅਜਿਹਾ ਕਰਨ ਦੀ ਇਜਾਜਤ ਦੇਵੇਗੀ ।

ਸ. ਮਾਨ ਨੇ ਇਕ ਹੋਰ ਅਤਿ ਗੰਭੀਰ ਮੁੱਦੇ ਉਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਕਮਰਾਨ ਸਿੱਖ ਕੌਮ, ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਨਿਸ਼ਾਨਾਂ ਬਣਾਕੇ ਕਿਸ ਹੱਦ ਤੱਕ ਜਾ ਸਕਦੇ ਹਨ, ਬਾਰੇ ਕਿਹਾ ਕਿ ਜਦੋਂ ਵਜ਼ੀਰ-ਏ-ਆਜ਼ਮ ਇੰਡੀਆ ਸ੍ਰੀ ਮੋਦੀ ਨੇ ਸਭ ਕਾਇਦੇ-ਕਾਨੂੰਨ ਛਿੱਕੇ ਟੰਗਕੇ ਅਯੁੱਧਿਆ ਵਿਚ ਬਣਨ ਜਾ ਰਹੇ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ ਅਤੇ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਫਿਰਕਿਆ ਨੂੰ ਬਰਾਬਰਤਾ ਦੀ ਸੋਚ ਤੇ ਵਿਵਹਾਰ ਕਰਨ ਵਾਲੇ ਵਜ਼ੀਰ-ਏ-ਆਜ਼ਮ ਨੇ ਅਜਿਹਾ ਕਰਕੇ ਆਪਣੇ-ਆਪ ਨੂੰ ਕੇਵਲ ਤੇ ਕੇਵਲ ਹਿੰਦੂ ਕੌਮ ਨਾਲ ਜੋੜਿਆ ਸੀ ਤਾਂ ਉਸ ਸਮੇਂ ਵੀ ਆਪਣੀ ਤਕਰੀਰ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਦੁਰਵਰਤੋਂ ਕਰਦੇ ਹੋਏ, ਉਨ੍ਹਾਂ ਵੱਲੋਂ ਰਮਾਇਣ ਲਿਖਣ ਦੀ ਸੱਚਾਈ ਤੋਂ ਕੋਹਾ ਦੂਰ ਗੱਲ ਕਰਕੇ ਸਮੁੱਚੇ ਮੁਲਕ ਨਿਵਾਸੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ । ਉਸ ਸਮੇਂ ਵੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਇਸ ਸਿੱਖ ਵਿਰੋਧੀ ਕਾਰਵਾਈ ਦੀ ਪੁਰਜੋਰ ਨਿੰਦਾ ਕੀਤੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਵਜ਼ੀਰ-ਏ-ਆਜ਼ਮ ਮੋਦੀ ਵੱਲੋਂ ਆਪਣੀ ਸਿੱਖ ਵਿਰੋਧੀ ਸੋਚ ਤੇ ਅਮਲ ਕਰਦੇ ਹੋਏ, ਸਵਾਰਥੀ ਸੋਚ ਵਾਲੇ ਗੁੰਮਰਾਹ ਹੋਏ ਇਕ ਸਿੱਖ ਐਡਵੋਕੇਟ ਸ੍ਰੀ ਕੇ.ਟੀ.ਐਸ. ਤੁਲਸੀ ਦੀ ਮਾਤਾ ਤੋਂ ਨਕਲੀ ਰਮਾਇਣ ਲਿਖਵਾਕੇ, ਜਿਸ ਵਿਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਫਿਰਕੂਆ ਨੇ ਆਪਣੀ ਸਾਜ਼ਿਸ ਅਨੁਸਾਰ ਬਹੁਤ ਕੁਝ ਦਰਜ ਕੀਤਾ ਹੋਵੇਗਾ, ਉਸ ਬਣਾਉਟੀ ਰਮਾਇਣ ਨੂੰ ਬੀਤੇ ਦਿਨੀਂ ਜਾਰੀ ਕਰਕੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬੱਜਰ ਗੁਸਤਾਖੀ ਕੀਤੀ ਹੈ । ਲੇਕਿਨ ਇਹ ਹੁਕਮਰਾਨ ਅਤੇ ਵੱਡੇ-ਵੱਡੇ ਅਹੁਦੇ ਪ੍ਰਾਪਤ ਕਰਨ ਵਾਲੇ ਲਾਲਸਾਵਾ ਵਿਚ ਫਸੇ ਸ੍ਰੀ ਤੁਲਸੀ ਵਰਗੇ ਸਿੱਖ ਆਪਣੀਆ ਸਾਜ਼ਿਸਾਂ ਵਿਚ ਕਤਈ ਕਾਮਯਾਬ ਨਹੀਂ ਹੋ ਸਕਣਗੇ । ਕਿਉਂਕਿ ਸਿੱਖ ਕੌਮ ਅਜਿਹੇ ਕੌਮ ਵਿਚ ਬੈਠੇ ਪਗੜੀਧਾਰੀ ਦੁਸ਼ਮਣਾਂ ਅਤੇ ਦੁਸਮਣ ਤਾਕਤਾਂ ਦੇ ਹੱਥ ਠੋਕਿਆ ਨੂੰ ਪਹਿਚਾਣ ਚੁੱਕੀ ਹੈ । ਹੁਕਮਰਾਨ ਸਿੱਖ ਕੌਮ ਅਤੇ ਗੁਰੂ ਸਾਹਿਬਾਨ ਸੰਬੰਧੀ ਅਜਿਹੀਆ ਗੁੰਮਰਾਹਕੁੰਨ ਕਾਰਵਾਈਆ ਕਰਕੇ ਸਾਡੇ ਫਖ਼ਰ ਵਾਲੇ ਇਤਿਹਾਸ, ਵਿਰਸੇ-ਵਿਰਾਸਤ ਨੂੰ ਇਸ ਲਈ ਕੋਈ ਨੁਕਸਾਨ ਨਹੀਂ ਪਹੁੰਚਾ ਸਕਣਗੇ ਕਿਉਂਕਿ ਸਿੱਖ ਕੌਮ ਦੇ ਸੁਚੇਤ ਬੁੱਧੀਜੀਵੀ ਅੱਜ ਕੇਵਲ ਪੰਜਾਬ, ਇੰਡੀਆ ਵਿਚ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਵਿਚ ਵੱਸੇ ਹੋਏ ਹਨ ਅਤੇ ਉਹ ਨਿਰੰਤਰ ਸੰਚਾਰ ਸਾਧਨਾਂ ਦੀ ਸਹੀ ਵਰਤੋਂ ਕਰਦੇ ਹੋਏ ਹੁਕਮਰਾਨਾਂ ਦੀਆਂ ਅਜਿਹੀਆ ਸਾਜ਼ਿਸਾਂ ਤੇ ਗੁੰਮਰਾਹਕੁੰਨ ਪ੍ਰਚਾਰ ਦਾ ਦਲੀਲ ਸਹਿਤ ਜੁਆਬ ਦਿੰਦੇ ਹਨ । ਕੌਮੀ ਸੋਚ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਤਰ੍ਹਾਂ ਦ੍ਰਿੜਤਾ ਨਾਲ ਪਹਿਰਾ ਦਿੰਦੇ ਆ ਰਹੇ ਹਨ । ਸ. ਮਾਨ ਨੇ ਸਮੁੱਚੀ ਸਿੱਖ ਕੌਮ, ਵਿਦਵਾਨਾ, ਫਿਲਾਸਫਰਾ, ਪ੍ਰਚਾਰਕਾ, ਰਾਗੀਆ, ਢਾਡੀਆ, ਕਥਾਵਾਚਕਾਂ ਆਦਿ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਹਕੂਮਤੀ ਪੱਧਰ ਉਤੇ ਸਿੱਖ ਕੌਮ, ਗੁਰੂ ਸਾਹਿਬਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਰਣਨ ਕਰਕੇ ਕਿਤਾਬਾਂ, ਦਸਤਾਵੇਜ਼, ਪੈਫਲਿਟ ਪ੍ਰਕਾਸਿਤ ਕਰਕੇ ਸਾਡੇ ਇਤਿਹਾਸ ਨੂੰ ਤਰੋੜਨ-ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸਮੇਂ ਸਾਡੀ ਸਭਨਾਂ ਦੀ ਇਖਲਾਕੀ ਤੇ ਕੌਮੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਜਿਹੀਆ ਸਾਜ਼ਿਸਾਂ ਦਾ ਤੱਥਾਂ ਤੇ ਦਲੀਲ ਸਹਿਤ ਜੁਆਬ ਵੀ ਦੇਈਏ ਅਤੇ ਇਨ੍ਹਾਂ ਸਾਜ਼ਿਸਕਾਰਾਂ ਤੋਂ ਸੁਚੇਤ ਵੀ ਰਹੀਏ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>