ਰੁਲਦੂ ਸਿੰਘ ਵੱਲੋਂ ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਸੰਬੰਧੀ ਵਰਤੇ ਗਏ ਅਪਮਾਨਜਨਕ ਸ਼ਬਦ ਅਸਹਿ : ਮਾਨ

51562135_2119841124774929_5527068738911731712_n.resized.resized.resized.resized.resized.resizedਫ਼ਤਹਿਗੜ੍ਹ ਸਾਹਿਬ – “ਗੁਰੂ ਨਾਨਕ ਸਾਹਿਬ ਦਾ ਕਥਨ ਹੈ ਕਿ “ਉਤਮ ਖੇਤੀ, ਮੱਧਮ ਵਪਾਰ” ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀ ਖੇਤੀ ਕਰਕੇ ਅਤੇ ਕਿਸਾਨੀ ਕਿੱਤੇ ਨੂੰ ਮਾਨਤਾ ਦੇ ਕੇ ਕਿਸਾਨ ਵਰਗ ਦੀ ਨੇਕ ਕਮਾਈ ਦਾ ਦਰਜਾ ਦਿੱਤਾ ਹੈ । ਇਸ ਲਈ ਚੱਲ ਰਹੇ ਕਿਸਾਨ-ਮਜ਼ਦੂਰ ਅੰਦੋਲਨ ਦੇ ਆਗੂਆਂ ਨੂੰ ਗੁਰੂ ਨਾਨਕ ਸਾਹਿਬ ਦੇ ਕਥਨਾਂ ਉਤੇ ਪਹਿਰਾ ਦਿੰਦੇ ਹੋਏ ਕਿਸਾਨੀ ਅਤੇ ਸਿੱਖੀ ਦੇ ਸੁਮੇਲ ਨੂੰ ਬਰਕਰਾਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਨਾ ਕਿ ਕਿਸਾਨੀ ਅਤੇ ਕੌਮੀ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਠੇਸ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ-ਮਜ਼ਦੂਰ ਅੰਦੋਲਨ ਨੂੰ ਪੂਰੀ ਸਿੱਦਤ ਤੇ ਜ਼ਿੰਮੇਵਾਰੀ ਨਾਲ ਸੁਰੂ ਤੋਂ ਹੀ ਹਰ ਪੱਧਰ ਤੇ ਮਦਦ ਵੀ ਕੀਤੀ ਜਾ ਰਹੀ ਹੈ ਅਤੇ ਇਸ ਅੰਦੋਲਨ ਵਿਚ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਪ੍ਰਧਾਨ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਨਿਰੰਤਰ ਆਵਾਜ਼ ਵੀ ਬੁਲੰਦ ਕੀਤੀ ਜਾ ਰਹੀ ਹੈ । ਕਿਉਂਕਿ ਇਹ ਸਾਡਾ ਇਖਲਾਕੀ ਅਤੇ ਇਨਸਾਨੀਅਤ ਪੱਖੀ ਫਰਜ ਵੀ ਹੈ ਅਤੇ ਅਸੀਂ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਕਾਇਲ ਵੀ ਹਾਂ ਅਤੇ ਸਾਨੂੰ ਗੁਰੂ ਸਾਹਿਬਾਨ ਵੱਲੋਂ ਅਜਿਹਾ ਆਦੇਸ਼ ਵੀ ਹੈ ਅਤੇ ਅਸੀਂ ਕਿਸਾਨ-ਮਜਦੂਰ ਅੰਦੋਲਨ ਦੀ ਮੰਜ਼ਿਲ ਦੀ ਪ੍ਰਾਪਤੀ ਦੇ ਡੂੰਘੇ ਚਾਹਵਾਨ ਹਾਂ । ਲੇਕਿਨ ਡੂੰਘਾਂ ਦੁੱਖ ਅਤੇ ਅਫ਼ਸੋਸ ਹੈ ਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਬੀਤੇ ਦਿਨੀਂ ਸਾਡੀ ਸਿੱਖ ਕੌਮ ਦੀ ਮਹਾਨ ਸਖਸ਼ੀਅਤ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 20ਵੀਂ ਸਦੀਂ ਦਾ ਮਹਾਨ ਸਿੱਖ ਜਰਨੈਲ ਵੱਜੋ ਮਾਨਤਾ ਦੇ ਕੇ ਸਿੱਖ ਅਜਾਇਬਘਰ ਵਿਚ ਫੋਟੋ ਸੁਸੋਭਿਤ ਕੀਤੀ ਹੋਈ ਹੈ ਅਤੇ ਜਿਸਨੂੰ ਸਮੁੱਚੀ ਸਿੱਖ ਕੌਮ ਆਪਣਾ 20ਵੀਂ ਸਦੀ ਦਾ ਮਹਾਨ ਨਾਇਕ ਪ੍ਰਵਾਨ ਕਰਦੀ ਹੈ, ਜੋ ਕਿ ਖੁਦ ਵੀ ਕਿਸਾਨੀ ਕਿੱਤੇ ਨਾਲ ਸੰਬੰਧਤ ਸਨ ਉਨ੍ਹਾਂ ਵਿਰੁੱਧ ਅਤਿ ਸ਼ਰਮਨਾਕ, ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਅਤੇ ਸਿੱਖ ਕੌਮ ਪ੍ਰਤੀ ਭੱਦੀ ਸ਼ਬਦਾਵਲੀ ਵਰਤਦੇ ਹੋਏ ਜੋ ਬਿਆਨਬਾਜੀ ਕੀਤੀ ਗਈ ਹੈ, ਉਹ ਕੇਵਲ ਅਤਿ ਨਿੰਦਣਯੋਗ ਹੀ ਨਹੀਂ ਉਹ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆ ਲਈ ਅਸਹਿ ਵੀ ਹੈ । ਜਦੋਂ ਸਮੁੱਚੇ ਪੰਜਾਬੀ, ਸਿੱਖ ਕੌਮ, ਕਿਸਾਨ-ਮਜਦੂਰ ਸੰਘਰਸ਼ ਵਿਚ ਹਰ ਪੱਖੋ ਸਿੱਦਤ ਨਾਲ ਸਹਿਯੋਗ ਦੇ ਰਹੇ ਹਨ, ਤਾਂ ਅਜਿਹੇ ਸਮੇਂ ਰੁਲਦੂ ਸਿੰਘ ਮਾਨਸਾ ਵੱਲੋਂ ਅਜਿਹੀ ਬਿਆਨਬਾਜੀ ਕਰਕੇ ਉਹ ਕਿਸਾਨ-ਮਜਦੂਰ ਅੰਦੋਲਨ ਅਤੇ ਪੰਜਾਬ ਦੇ ਅਤਿ ਬਦਤਰ ਬਣੇ ਹਾਲਾਤਾਂ ਨੂੰ ਹੋਰ ਕਿੱਧਰ ਮੋੜਨਾ ਚਾਹੁੰਦੇ ਹਨ ? ਅਜਿਹੇ ਆਗੂਆਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਅੱਜ ਕਿਸਾਨ ਮੋਰਚਾ ਦਿੱਲੀ ਵਿਖੇ ਪੂਰਨ ਕਾਮਯਾਬੀ ਨਾਲ ਚੱਲ ਰਿਹਾ ਹੈ, ਤਾਂ ਉਸ ਵਿਚ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦਾ ਬਹੁਤ ਵੱਡਾ ਨਿੱਘਾਂ ਯੋਗਦਾਨ ਹੈ । ਅਜਿਹੀ ਬਿਆਨਬਾਜੀ ਕਰਕੇ ਰੁਲਦੂ ਸਿੰਘ ਮਾਨਸਾ ਸਾਇਦ ਕਿਸੇ ਗੁੱਝੇ ਮਕਸਦ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋਣ, ਪਰ ਉਹ ਸਿੱਖ ਕੌਮ ਦੀਆਂ ਭਾਵਨਾਵਾਂ, ਮਨਾਂ-ਆਤਮਾਵਾ ਨੂੰ ਵੀ ਡੂੰਘੀ ਠੇਸ ਪਹੁੰਚਾਉਣ ਦੇ ਅਤੇ ਜਖ਼ਮੀ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਜਿਸਦੇ ਨਤੀਜੇ ਕਦਾਚਿਤ ਵੀ ਕਿਸਾਨ ਅੰਦੋਲਨ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਿਸਾਨ-ਮਜਦੂਰ ਸੰਘਰਸ਼ ਵਿਚ ਮੋਹਰੀ ਬਣਕੇ ਜ਼ਿੰਮੇਵਾਰੀਆਂ ਨਿਭਾਅ ਰਹੇ ਆਗੂਆਂ ਵਿਚੋਂ ਰੁਲਦੂ ਸਿੰਘ ਮਾਨਸਾ ਵੱਲੋਂ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਪ੍ਰਤੀ ਅਤਿ ਸ਼ਰਮਨਾਕ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਤੋਂ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸਾਨੀ ਅਤੇ ਸਿੱਖ ਕੌਮ ਨੂੰ ਕਤਈ ਵੀ ਵੱਖਰੇ ਕਰਕੇ ਨਹੀਂ ਦੇਖਿਆ ਜਾ ਸਕਦਾ । ਕਿਉਂਕਿ ਬੀਤੇ ਸਮੇਂ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਕੌਮ ਦੀ ਅਣਖ਼-ਗੈਰਤ ਨੂੰ ਕਾਇਮ ਰੱਖਣ ਲਈ ਅਤੇ ਕੌਮੀ ਆਜ਼ਾਦੀ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲਿਆ ਵਿਚ ਵੀ ਕਿਸਾਨੀ, ਪੰਜਾਬੀ ਅਤੇ ਸਿੱਖ ਕੌਮ ਦਾ ਵੱਡਾ ਯੋਗਦਾਨ ਰਿਹਾ ਹੈ । ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ, ਸਿੱਖ ਕੌਮ ਅਤੇ ਪੰਜਾਬੀਆਂ ਦੇ ਹੁਣ ਤੱਕ ਚੱਲੇ ਹਰ ਤਰ੍ਹਾਂ ਦੇ ਸੰਘਰਸ਼ਾਂ ਵਿਚ ਉਪਰੋਕਤ ਕਿਸਾਨ-ਮਜਦੂਰ, ਪੰਜਾਬੀਆ ਤੇ ਸਿੱਖ ਕੌਮ ਦਾ ਡੂੰਘਾਂ ਸਹਿਯੋਗ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਰਹੇਗਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ । ਸ. ਮਾਨ ਨੇ 34 ਕਿਸਾਨ ਜਥੇਬੰਦੀਆਂ ਦੀ ਸਮੁੱਚੀ ਕਿਸਾਨੀ ਲੀਡਰਸ਼ਿਪ ਨੂੰ ਨੇਕ ਰਾਏ ਦਿੰਦੇ ਹੋਏ ਕਿਹਾ ਕਿ ਹਿੰਦੂਤਵ ਫਿਰਕੂ ਤਾਕਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਬੀਤੇ ਸਮੇਂ ਦੀਆਂ ਸੈਂਟਰ ਦੀਆਂ ਹਕੂਮਤਾਂ, ਅਜੋਕੀ ਮੋਦੀ ਹਕੂਮਤ, ਹਕੂਮਤੀ ਖੂਫੀਆ ਏਜੰਸੀਆਂ ਆਈ.ਬੀ, ਰਾਅ ਆਦਿ ਸਭਨਾਂ ਦਾ ਪੰਜਾਬੀਆਂ ਅਤੇ ਸਿੱਖ ਕੌਮ ਦੀ ਸਮੂਹਿਕ ਏਕਤਾ ਨੂੰ, ਕੌਮ ਦੀ ਆਜ਼ਾਦੀ ਅਤੇ ਕਿਸਾਨ-ਮਜ਼ਦੂਰ ਦੇ ਚੱਲ ਰਹੇ ਅੰਦੋਲਨਾਂ ਨੂੰ ਕੰਮਜੋਰ ਕਰਨ ਲਈ ਸਮੇਂ-ਸਮੇਂ ਤੇ ਅਜਿਹੀਆਂ ਸਾਜ਼ਿਸਾਂ ਕੀਤੀਆ ਜਾਂਦੀਆ ਹਨ ਜਿਸ ਵਿਚ ਕਿਸੇ ਵੀ ਸਿੱਖ ਕੌਮ ਜਾਂ ਕਿਸਾਨੀ ਆਗੂ ਨੂੰ ਕਤਈ ਮੋਹਰਾਂ ਨਹੀਂ ਬਣਨਾ ਚਾਹੀਦਾ ਕਿ ਆਪਣੇ ਚੱਲ ਰਹੇ ਸੰਘਰਸ਼ਾਂ ਨੂੰ ਕੰਮਜੋਰ ਕਰਕੇ ਆਪਣੀ ਹੀ ਆਤਮਾ ਨੂੰ ਸਿੱਖ ਕੌਮ ਤੇ ਪੰਜਾਬੀਆਂ ਦੀ ਨਜ਼ਰ ਵਿਚ ਦਾਗੀ ਨਹੀਂ ਕਰਨਾ ਚਾਹੀਦਾ । ਅਸੀਂ ਸਮੂਹ ਕਿਸਾਨੀ ਲੀਡਰਸ਼ਿਪ ਨੂੰ ਇਹ ਨੇਕ ਰਾਏ ਦੇਣਾ ਚਾਹਵਾਂਗੇ ਕਿ ਅਜਿਹੇ ਅਨੁਸ਼ਾਸ਼ਨ ਨੂੰ ਭੰਗ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਦੇ ਚੱਲ ਰਹੇ ਸੰਘਰਸ਼ ਨੂੰ ਕੰਮਜੋਰ ਕਰਨ ਵਾਲੇ ਆਗੂਆਂ ਉਤੇ ਕਾਬੂ ਰੱਖਣ ਤਾਂ ਕਿ ਸਿੱਖ ਕੌਮ ਤੇ ਪੰਜਾਬੀਆਂ ਨੂੰ ਆਪਣੇ ਸੰਘਰਸ਼ਾਂ ਦੇ ਨਾਲ-ਨਾਲ ਅਜਿਹੇ ਅਨਸਰਾਂ ਨੂੰ ਸਹੀ ਲਾਇਨ ਤੇ ਲਿਆਉਣ ਲਈ ਕਿਸੇ ਹੋਰ ਕਦਮ ਨੂੰ ਚੁੱਕਣ ਲਈ ਕੌਮ ਨੂੰ ਮਜਬੂਰ ਨਾ ਹੋਣਾ ਪਵੇ । ਉਨ੍ਹਾਂ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਅਜਿਹੀ ਕਿਸੇ ਵੀ ਗੈਰ-ਵਿਧਾਨਿਕ, ਗੈਰ-ਇਨਸਾਨੀਅਤ, ਸਿੱਖ ਕੌਮ ਦੇ ਨਾਇਕਾਂ ਅਤੇ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀ ਕਾਰਵਾਈ ਨੂੰ ਸਹਿਣ ਨਹੀਂ ਕਰਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਕਿਸਾਨੀ ਲੀਡਰਸ਼ਿਪ ਅਜਿਹੇ ਬੇਹੁੱਦਾ ਅਮਲ ਕਰਨ ਵਾਲੇ ਆਗੂਆਂ ਨੂੰ ਸਿੱਖ ਕੌਮ, ਪੰਜਾਬ ਅਤੇ ਕਿਸਾਨੀ ਅੰਦੋਲਨ ਦੀ ਬਿਹਤਰੀ ਲਈ ਅਮਨਮਈ ਮਾਹੌਲ ਨੂੰ ਕਾਇਮ ਵਿਚ ਭੂਮਿਕਾ ਨਿਭਾਏਗੀ ਤਾਂ ਕਿ ਅਸੀਂ ਕੌਮ ਦੀ ਆਜ਼ਾਦੀ ਦੇ ਚੱਲ ਰਹੇ ਸੰਘਰਸ਼ ਅਤੇ ਕਿਸਾਨੀ ਸੰਘਰਸ਼ ਦੀ ਮੰਜਿਲ-ਏ-ਮਕਸੂਦ ਨੂੰ ਆਪਸੀ ਸਹਿਯੋਗ ਰਾਹੀ ਪ੍ਰਾਪਤ ਕਰ ਸਕੀਏ ਅਤੇ ਹੁਕਮਰਾਨਾਂ ਦੀਆਂ ਅਜਿਹੀਆ ਸਾਜ਼ਿਸਾਂ ਨੂੰ ਅਸਫਲ ਬਣਾਉਣ ਦੀ ਜ਼ਿੰਮੇਵਾਰੀ ਨਿਭਾਅ ਸਕੀਏ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>