ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਮਾਨਚੈਸਟਰ ਦੇ ਬੋਲਟਨ ਵਿੱਚੋਂ ਪਿਛਲੇ ਦਿਨੀਂ ਲਾਪਤਾ ਹੋਈ ਇੱਕ 11 ਸਾਲਾਂ ਬੱਚੀ ਲੰਡਨ ਵਿੱਚ ਮਿਲੀ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤੁਮਾ ਕਾਦਿਰ ਨਾਮ ਦੀ ਇਹ ਬੱਚੀ ਜੋ ਵੀਰਵਾਰ ਨੂੰ ਬੋਲਟਨ ਵਿਖੇ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ, ਸ਼ਨੀਵਾਰ ਨੂੰ ਲੰਡਨ ਵਿੱਚ ਮਿਲੀ ਹੈ। ਇਸ 11 ਸਾਲਾਂ ਲੜਕੀ ਨੂੰ ਆਖਰੀ ਵਾਰ ਉਸਦੇ ਮਾਪਿਆਂ ਨੇ ਘਰ ‘ਚ ਵੇਖਿਆ ਸੀ ਪਰ 22 ਜੁਲਾਈ ਨੂੰ ਸ਼ਾਮ ਨੂੰ 7:30 ਵਜੇ ਦੇ ਕਰੀਬ ਉਸ ਬਾਰੇ ਕੁੱਝ ਪਤਾ ਨਹੀਂ ਚੱਲਿਆ। ਪਰ ਹੁਣ ਮਾਨਚੇਸਟਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਫਤੁਮਾ ਨੂੰ ਲੱਭ ਲਿਆ ਗਿਆ ਹੈ ਅਤੇ ਉਹ ਸੁਰੱਖਿਅਤ ਹੈ। ਪੁਲਿਸ ਦੁਆਰਾ ਬੱਚੀ ਨੂੰ ਉਸਦੇ ਮਾਪਿਆਂ ਨਾਲ ਮਿਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਫਾਤੁਮਾ ਨੇ ਆਪਣੇ ਜਾਣ ਦੀ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਸੀ ਅਤੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨਾਂ ਤੋਂ ਲਈ ਗਏ ਸੀ ਸੀ ਟੀ ਵੀ ਫੁਟੇਜ਼ ਰਾਹੀਂ ਬੱਚੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਬੱਚੀ ਨੂੰ ਇੱਕ ਆਦਮੀ ਅਤੇ ਔਰਤ ਨਾਲ ਦੇਖਿਆ ਗਿਆ ਸੀ। ਲਾਪਤਾ ਹੋਣ ਤੋਂ ਅਗਲੇ ਦਿਨ ਫਾਤੁਮਾ ਮਾਨਚੈਸਟਰ ਪਿਕਡਾਲੀ ਤੋਂ ਬਰਮਿੰਘਮ ਨਿਊ ਸਟ੍ਰੀਟ ਲਈ 9.27 ਵਜੇ ਰੇਲ ਗੱਡੀ ਵਿੱਚ ਸਵਾਰ ਹੋਈ ਅਤੇ ਬਾਅਦ ਵਿੱਚ 23 ਜੁਲਾਈ ਨੂੰ ਉਸ ਨੂੰ ਰਾਤ 11.10 ਵਜੇ ਲੰਡਨ ਈਸਟਨ ਜਾਣ ਵਾਲੀ ਰੇਲ ਗੱਡੀ ਵਿੱਚ ਸਵਾਰ ਦੇਖਿਆ ਗਿਆ, 23 ਜੁਲਾਈ ਨੂੰ ਸਵੇਰੇ 1.13 ਵਜੇ ਉਹ ਲੰਡਨ ਪਹੁੰਚੀ। ਉਸ ਤੋਂ ਬਾਅਦ ਉਸ ਨੂੰ ਸਵੇਰੇ 1.17 ਵਜੇ ਲੰਡਨ ਦੇ ਈਸਟਨ ਰੇਲਵੇ ਸਟੇਸ਼ਨ ‘ਤੇ ਇਕੱਲੇ ਹੀ ਈਵਰਸੋਲਟ ਸਟ੍ਰੀਟ ਤੋਂ ਈਸਟਨ ਰੋਡ ਵੱਲ ਨੂੰ ਵੇਖਿਆ ਗਿਆ।
ਬੋਲਟਨ ‘ਚੋਂ ਲਾਪਤਾ ਹੋਈ 11 ਸਾਲਾਂ ਲੜਕੀ ਲੰਡਨ ‘ਚ ਮਿਲੀ
This entry was posted in ਅੰਤਰਰਾਸ਼ਟਰੀ.