ਟੋਕੀਓ ਉਲੰਪਿਕ ਖੇਡਾਂ : ਟੈਲੀਵਿਜ਼ਨ ਦੀ ਬੱਲੇ ਬੱਲੇ

ਉਦਘਾਟਨੀ ਸਮਾਰੋਹ ਸਮੇਂ ਟੋਕੀਓ ਦੇ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਨੈਸ਼ਨਲ ਸਟੇਡੀਅਮ ਵਿਚ ਕੇਵਲ 6000 ਲੋਕ ਮੌਜੂਦ ਸਨ। ਇਨ੍ਹਾਂ ਵਿਚ ਭਾਰਤ ਦੇ 26 ਖਿਡਾਰੀ ਤੇ ਅਧਿਕਾਰੀ ਸ਼ਾਮਲ ਸਨ। ਟੋਕੀਓ ਵਿਚ ਮੌਜੂਦ ਖਿਡਾਰੀਆਂ ਅਤੇ ਸਥਾਨਕ ਲੋਕਾਂ ਨੇ ਦੁਨੀਆਂ ਭਰ ਦੇ ਖੇਡ-ਪ੍ਰੇਮੀਆਂ ਵਾਂਗ ਇਸ ਦਿਲਕਸ਼ ਸਮਾਰੋਹ ਨੂੰ ਟੈਲੀਵਿਜ਼ਨ ਪਰਦੇ ʼਤੇ ਹੀ ਵੇਖਿਆ। ਅਜਿਹਾ ਕੋਰੋਨਾ ਸੰਕਟ ਕਾਰਨ ਜਪਾਨ ਸਰਕਾਰ ਦੁਆਰਾ ਉਠਾਏ ਸਖ਼ਤ ਕਦਮਾਂ ਕਾਰਨ ਵਾਪਰਿਆ। ਸੋ ਇਸ ਵਾਰ ਉਲੰਪਿਕ ਖੇਡਾਂ ਦੌਰਾਨ ਟੈਲੀਵਿਜ਼ਨ ਦੀ ਬੱਲੇ-ਬੱਲੇ ਹੈ।
ਜਦ ਦੁਨੀਆਂ ਭਰ ਦੀਆਂ ਨਜ਼ਰਾਂ ਟੋਕੀਓ ਵੱਲ ਲੱਗੀਆਂ ਹੋਈਆਂ ਹਨ ਤਾਂ ਟੋਕੀਓ ਦੇ ਲੋਕ ਸ਼ਹਿਰ ਛੱਡ ਕੇ ਦੂਰ-ਦੁਰਾਡੇ ਘੁੰਮਣ ਜਾ ਰਹੇ ਹਨ। ਬੀਤੇ ਦਿਨਾਂ ਦੌਰਾਨ ਟੋਕੀਓ ਹਵਾਈ ਅੱਡੇ ʼਤੇ ਸ਼ਹਿਰ ਛੱਡ ਕੇ ਜਾਣ ਵਾਲਿਆਂ ਦੀਆਂ ਭੀੜਾਂ ਲੱਗੀਆਂ ਰਹੀਆਂ। ਉਲੰਪਿਕ ਖੇਡਾਂ ਕਾਰਨ ਸਖ਼ਤ ਪਾਬੰਦੀਆਂ ਤੋਂ ਡਰਦੇ ਲੋਕ ਹੋਰਨਾਂ ਸ਼ਹਿਰਾਂ ਜਾਂ ਦੇਸ਼ਾਂ ਵੱਲ ਜਾ ਰਹੇ ਹਨ।
ਉਲੰਪਿਕ ਖੇਡ ਮੁਕਾਬਲੇ ਵੇਖਣ ਲਈ ਦੁਨੀਆਂ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਚੌਕਾਂ-ਚੁਰਾਹਿਆਂ ਵਿਚ ਵੱਡੇ ਸਕਰੀਨ ਲਗਾਏ ਗਏ ਹਨ ਅਤੇ ਕਰੋੜਾਂ ਲੋਕ ਆਪਣੇ ਘਰਾਂ ਵਿਚ ਟੈਲੀਵਿਜ਼ਨ ʼਤੇ ਦਿਲਚਸਪ ਮੁਕਾਬਲਿਆਂ ਦਾ ਲੁਤਫ਼ ਉਠਾ ਰਹੇ ਹਨ। ਭਾਰਤੀ ਸਮੇਂ ਅਨੁਸਾਰ 23 ਜੁਲਾਈ  ਦੀ ਸ਼ਾਮ ਨੂੰ ਹੋਏ ਉਦਘਾਟਨੀ ਸਮਾਰੋਹ ਨੂੰ ਖਾਲੀ ਸਟੇਡੀਅਮ ਦੇ ਬਾਵਜੂਦ ਯਾਦਗਾਰੀ ਬਨਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ। ਜਪਾਨ ਨਵੀਨਤਮ ਤਕਨੀਕ ਦਾ ਗੜ੍ਹ ਹੈ। ਇਸ ਲਈ ਉਦਘਾਟਨੀ ਸਮਾਰੋਹ ਸਮੇਂ ਤਕਨੀਕੀ ਜੁਗਤਾਂ ਦਾ ਇਸਤੇਮਾਲ ਦੁਨੀਆਂ ਭਰ ਦੇ ਦਰਸ਼ਕਾਂ ਲਈ ਆਕਰਸ਼ਨ ਦਾ ਕੇਂਦਰ ਰਿਹਾ। 1824 ਡਰੋਨਾਂ ਦੀ ਸਹਾਇਤਾ ਨਾਲ ਬਣਾਈ ਘੁੰਮਦੀ ਹੋਈ ਗਲੋਬ ਦਾ ਦ੍ਰਿਸ਼ ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ। ਇਸੇ ਤਰ੍ਹਾਂ ਜਦ ਲੜਾਕੂ ਜਹਾਜ਼ਾਂ ਨੇ ਉਲੰਪਿਕ ਸਰਗਰਮੀਆਂ, ਪੰਜ ਮਹਾਂਦੀਪਾਂ ਦੀ ਏਕਤਾ ਅਤੇ ਦੁਨੀਆਂ ਦੇ ਖਿਡਾਰੀਆਂ ਦੇ ਇਕ ਜਗ੍ਹਾ ਜੁੜਨ ਦੇ ਪ੍ਰਤੀਕ ਪੰਜ ਰੰਗਦਾਰ ਗੋਲ ਚੱਕਰ ਆਕਾਸ਼ ਵਿਚ ਬਣਾਏ ਤਾਂ ਦਰਸ਼ਕ ਅਸ਼ ਅਸ਼ ਕਰ ਉੱਡੇ। ਅਜਿਹੇ ਦ੍ਰਿਸ਼ਾਂ ਨੇ ਖਾਲੀ ਸਟੇਡੀਅਮ ਦੇ ਬਾਵਜੂਦ ਖਿਡਾਰੀਆਂ ਨੂੰ ਜੋਸ਼ ਤੇ ਜਨੂੰਨ ਨਾਲ ਭਰ ਦਿੱਤਾ।
32 ਵੀਆਂ ਉਲੰਪਿਕ ਖੇਡਾਂ ˈਅੱਗੇ ਵਧੋˈ ਦੇ ਥੀਮ ਨਾਲ ਆਰੰਭ ਹੋਈਆਂ। ਭਾਰਤੀ ਦਲ ਦੀ ਅਗਵਾਈ ਕਰਦਾ ਮਨਪ੍ਰੀਤ ਸਿੰਘ ਲਾਲ ਪਗੜੀ ਨਾਲ ਖ਼ੂਬ ਜਚ ਰਿਹਾ ਸੀ। ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਮਿਲ ਬਾਈਡਨ ਦਾ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣਾ ਵਿਸ਼ੇਸ਼ ਮਹੱਤਵ ਗ੍ਰਹਿਣ ਕਰ ਗਿਆ।
ਟੋਕੀਓ ਉਲੰਪਿਕ ਖੇਡਾਂ ਦਾ ਟੈਲੀਵਿਜ਼ਨ ʼਤੇ ਸਿੱਧਾ ਪ੍ਰਸਾਰਨ 220 ਤੋਂ ਵੱਧ ਮੁਲਕਾਂ ਵਿਚ ਹੋ ਰਿਹਾ ਹੈ। ਦੁਨੀਆਂ ਦੇ 130 ਮੀਡੀਆ ਅਦਾਰੇ ਇਸ ਕਾਰਜ ਵਿਚ ਲੱਗੇ ਹੋਏ ਹਨ। ਭਾਰਤ ਵਿਚ ਸਿੱਧੇ ਪ੍ਰਸਾਰਨ ਦੇ ਅਧਿਕਾਰ ਸੋਨੀ ਸਪੋਰਟਸ ਨੈਟਵਰਕ ਨੇ ਖਰੀਦੇ ਹਨ। ਸੋਨੀ ਟੈੱਨ 1 ਅਤੇ ਸੋਨੀ ਟੈੱਨ 2 ਅੰਗਰੇਜ਼ੀ ਵਿਚ ਕਮੈਂਟਰੀ ਪ੍ਰਸਾਰਿਤ ਕਰਨਗੇ ਜਦਕਿ ਸੋਨੀ ਟੈੱਨ 3 ਹਿੰਦੀ ਵਿਚ ਕਮੈਂਟਰੀ ਕਰੇਗਾ।
ਆਸਟਰੇਲੀਆ ਵਿਚ ਸੈਵਨ ਨੈਟਵਰਕ, ਚੀਨ ਵਿਚ ਸੀ ਸੀ ਟੀ ਵੀ ਮਿੱਗੋ, ਪਾਕਿਸਤਾਨ ਵਿਚ ਪੀ ਟੀ ਵੀ, ਰੂਸ ਵਿਚ ਚੈਨਲ ਵਨ, ਇੰਗਲੈਂਡ ਵਿਚ ਬੀ ਬੀ ਸੀ ਯੂਰੋਸਪੋਰਟ, ਅਮਰੀਕਾ ਵਿਚ ਐਨ ਬੀ ਸੀ ਯੂਨੀਵਰਸਲ, ਕੈਨੇਡਾ ਵਿਚ ਬੈਲ ਮੀਡੀਆ ਅਤੇ ਸਪੋਰਟਸਨੈਟ ਟੀ ਐਲ ਐਨ ਅਦਾਰੇ ਸਿੱਧ ਪ੍ਰਸਾਰਨ ਕਰਨਗੇ।
ਕੋਰੋਨਾ ਸੰਕਟ ਕਾਰਨ ਟੋਕੀਓ ਉਲੰਪਿਕ ਖੇਡਾਂ 364 ਦਿਨ ਦੇਰੀ ਨਾਲ ਆਰੰਭ ਹੋਈਆਂ ਹਨ। ਫਿਰ ਵੀ ਖੇਡ-ਪ੍ਰੇਮੀਆਂ ਅੰਦਰ ਉਤਸੁਕਤਾ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸੇ ਲਈ ਦੁਨੀਆਂ ਭਰ ਦਾ ਮੀਡੀਆ ਲੋਕਾਂ ਨੂੰ ਪਲ ਪਲ ਦੀ ਜਾਣਕਾਰੀ ਪਹੁੰਚਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਟੈਲੀਵਿਜ਼ਨ ਚੈਨਲ, ਸ਼ੋਸ਼ਲ ਮੀਡੀਆ, ਡਿਜ਼ੀਟਲ ਮੀਡੀਆ ਅਤੇ ਅਖ਼ਬਾਰਾਂ ਵੱਡੀ ਕਵਰੇਜ ਦੇ ਰਹੀਆਂ ਹਨ। ਅਖ਼ਬਾਰਾਂ ਨੇ ਕਈ-ਕਈ ਪੰਨੇ ਇਨ੍ਹਾਂ ਖੇਡਾਂ ਲਈ ਰਾਖਵੇਂ ਕਰ ਦਿੱਤੇ ਹਨ।
ਉਦਘਾਟਨ ਦੇ ਅਗਲੇ ਹੀ ਦਿਨ ਭਾਰਤੀ ਸਮੇਂ ਅਨੁਸਾਰ ਤੜਕੇ ਸਵੇਰੇ 6.30 ਵਜੇ ਹਾਕੀ ਪ੍ਰੇਮੀ ਟੀ.ਵੀ. ਸੈਟ ਅੱਗੇ ਆਣ ਬੈਠੇ। ਭਾਰਤੀ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ ਨਾਲ ਹੋਣ ਜਾ ਰਿਹਾ ਸੀ। ਸਖ਼ਤ ਮੁਕਾਬਲੇ ਬਾਅਦ ਭਾਰਤ ਵੱਲੋਂ ਇਹ ਮੈਚ 3-2 ਨਾਲ ਜਿੱਤਣ ਸਦਕਾ ਭਾਰਤ ਵਿਚ ਉਲੰਪਿਕ ਖੇਡਾਂ ਦੇ ਆਰੰਭ ਵਿਚ ਹੀ ਖੁਸ਼ੀ ਦੀ ਲਹਿਰ ਦੌੜ ਗਈ। ਭਾਰਤੀ ਨਿਊਜ਼ ਚੈਨਲਾਂ ਵੱਲੋਂ, ਭਾਰਤੀ ਖਿਡਾਰੀਆਂ ਦੁਆਰਾ ਗੋਲ ਦਾਗ਼ਣ ਦੇ ਛਿਣ ਵਾਰ-ਵਾਰ ਦੁਹਰਾਏ ਜਾ ਰਹੇ ਸਨ। ਜਿਹੜੇ ਖੇਡ-ਪ੍ਰੇਮੀ ਸਵੇਰ ਵੇਲੇ ਇਹ ਮੈਚ ਨਹੀਂ ਵੇਖ ਸਕੇ। ਉਹ ਇਨ੍ਹਾਂ ਛਿਣਾਂ ਦਾ ਮੁੜ ਪ੍ਰਸਾਰਨ ਵੇਖ-ਵੇਖ ਕੇ ਹੀ ਮੈਚ ਵੇਖਣ ਜਿੰਨਾ ਲੁਤਫ਼ ਉਠਾ ਰਹੇ ਸਨ।
ਕੋਰੋਨਾ ਪਾਬੰਦੀਆਂ ਕਾਰਨ ਟੈਲੀਵਿਜ਼ਨ ਸਕਰੀਨ ਇਸ ਵਾਰ ਉਲੰਪਿਕ ਖੇਡਾਂ ਦੀ ਅਟੁੱਟ ਕੜੀ ਬਣ ਗਈ ਹੈ। ਸਿੱਧੇ ਪ੍ਰਸਾਰਨ ਤੋਂ ਇਲਾਵਾ ਮੁਲਾਕਾਤਾਂ ਹੋ ਰਹੀਆਂ ਹਨ। ਦਿਲਚਸਪ ਪਲ ਕੈਮਰੇ ਵਿਚ ਕੈਦ ਕੀਤੇ ਜਾ ਰਹੇ ਹਨ। ਕਮੈਂਟਰੀ ਕਰਨ ਲਈ ਕੇਵਲ 75 ਜਾਣਿਆਂ ਨੂੰ ਆਗਿਆ ਮਿਲੀ ਹੈ।
ਡੀ ਡੀ ਨੈਸ਼ਨਲ ਦੁਆਰਾ ਵੀ ਟੋਕੀਓ ਉਲੰਪਿਕ ਖੇਡਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਪਰੰਤੂ ਇਹ ਕੇਵਲ ਭਾਰਤੀ ਖਿਡਾਰੀਆਂ ਦੇ ਖੇਡ-ਮੁਕਾਬਲਿਆਂ ਦਾ ਹੀ ਪ੍ਰਸਾਰਨ ਕਰ ਰਿਹਾ ਹੈ।
ਸੋਨੀ ਟੀ.ਵੀ. ਨੇ 12 ਮਿਲੀਅਨ ਡਾਲਰ ਵਿਚ ਟੋਕੀਓ ਉਲੰਪਿਕ ਖੇਡਾਂ ਦੇ ਹੱਕ ਖਰੀਦੇ ਹਨ। ਸਟਾਰ ਸਪੋਰਟਸ ਦੇ ਨਾਂਹ ਕਰਨ ʼਤੇ ਇਹ ਅਧਿਕਾਰ ਸੋਨੀ ਨੂੰ ਦਿੱਤੇ ਗਏ ਹਨ। ਸਟਾਰ ਨੇ ਪਿਛਲੀਆਂ ਉਲੰਪਿਕ ਅਤੇ ਏਸ਼ੀਅਨ ਖੇਡਾਂ ਦੌਰਾਨ ਘੱਟ ਇਸ਼ਤਿਹਾਰਬਾਜ਼ੀ ਕਾਰਨ ਹੱਥ ਪਿੱਛੇ ਖਿੱਚ ਲਏ।
ਭਾਰਤੀ ਦਰਸ਼ਕ ਉਲੰਪਿਕ ਖੇਡਾਂ ਦਾ ਸਿੱਧਾ ਪ੍ਰਸਾਰਨ ਵੇਖਣ ਲਈ ਸੋਨੀ ਟੈੱਨ 1, ਸੋਨੀ ਟੈੱਨ 2, ਸੋਨੀ ਟੈੱਨ 3 ਅਤੇ ਡੀ.ਡੀ. ਨੈਸ਼ਨਲ ʼਤੇ ਜਾ ਸਕਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>