ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਮੁੱਖ ਰੱਖਦਿਆਂ ਹਰਿਆਣਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ‘ਤੀਜ ਉਤਸਵ’ ਦਾ ਆਯੋਜਨ ਕਰਵਾਇਆ ਗਿਆ। ਜਿਸ ਦੌਰਾਨ ਨੌਜਵਾਨ ਪੀੜ੍ਹੀ ’ਚ ਦੋਵੇ ਰਾਜਾਂ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਕਾਇਮ ਰੱਖਣ ਅਤੇ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਵੱਖੋ-ਵੱਖਰੀਆਂ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ।ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਅਤੇ ਹਰਿਆਣਾ ਕਲਾ ਪ੍ਰੀਸ਼ਦ ਦੇ ਕਲਾਕਾਰਾਂ ਵੱਲੋਂ ਗਿੱਧਾ, ਬੋਲੀਆਂ, ਭੰਗੜਾ ਅਤੇ ਪੀਂਘਾਂ ਝੂਟ ਕੇ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ਕਾਰੀ ਕਰਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਆਪਸੀ ਸਾਂਝ, ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ’ਚ ਹਰਿਆਣਾ ਸਰਕਾਰ ਦੇ ਵਿਦੇਸ਼ੀ ਸਹਿਕਾਰਤਾ ਵਿਭਾਗ ਦੇ ਪਿ੍ਰੰਸੀਪਲ ਸੈਕਟਰੀ ਸ਼੍ਰੀ ਜੋਗਿੰਦਰ ਚੌਧਰੀ (ਆਈ.ਆਰ.ਐਸ) ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਇਸ ਮੌਕੇ ਵਿਦੇਸ਼ੀ ਸਹਿਕਾਰਤਾ ਵਿਭਾਗ ’ਚ ਮੁੱਖ ਮੰਤਰੀ ਦੇ ਸਲਾਹਕਾਰ ਪਵਨ ਕੁਮਾਰ ਚੌਧਰੀ, ਹਰਿਆਣਾ ਮੁੱਖ ਮੰਤਰੀ ਦੇ ਏ.ਡੀ.ਸੀ ਸ਼੍ਰੀ ਰਜਨੀਸ਼ ਗਰਗ (ਆਈ.ਪੀ.ਐਸ), ਹਰਿਆਣਾ ਸਰਕਾਰ ਦੇ ਵਿਸ਼ੇਸ਼ ਪ੍ਰਚਾਰ ਸੈੱਲ ਦੇ ਓ.ਐਸ.ਡੀ ਅਤੇ ਹਰਿਆਣਾ ਕਲਾ ਪ੍ਰੀਸ਼ਦ ਦੇ ਵਧੀਕ ਨਿਰਦੇਸ਼ਕ ਸ਼੍ਰੀ ਗਜੇਂਦਰ ਫੌਗਾਟ, ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਸ਼੍ਰੀ ਸੰਜੇ ਭਾਸੀਨ, ਰੀਦਮ ਇੰਟਰਨੈਸ਼ਨਲ ਫੋਕ ਆਰਟ ਕਲੱਬ (ਆਰ.ਆਈ.ਐਫ਼.ਏ.ਸੀ) ਦੇ ਡਾਇਰੈਕਟਰ ਰੁਪਿੰਦਰ ਕੌਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਵਿਦੇਸ਼ੀ ਸਹਿਕਾਰਤਾ ਵਿਭਾਗ ਦੇ ਪਿ੍ਰੰਸੀਪਲ ਸੈਕਟਰੀ ਸ਼੍ਰੀ ਜੋਗਿੰਦਰ ਚੌਧਰੀ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਸਾਂਝੇ ਤਿਉਹਾਰਾਂ ਬਾਬਤ ਗੱਲਬਾਤ ਕਰਦਿਆਂ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਤਿਉਹਾਰ ਸਾਂਝੇ ਹਨ, ਜੋ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਏਕਤਾ ਕਾਇਮ ਰੱਖਣ ਦਾ ਸੁਨੇਹਾ ਦਿੰਦੇ ਹਨ। ਮਾਨਸੂਨ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਨਸੂਨ ਦੀ ਆਮਦ ਜ਼ਿੰਦਗੀ ਜਿਉਣ ਦੀ ਸਾਰ ਹੈ। ਦੇਸ਼ ਦੀ ਹਰਿਆਲੀ, ਸੋਕਾ, ਕਿਸਾਨਾਂ ਦੀ ਖੁਸ਼ੀ ਅਤੇ ਗਮੀ ਸੱਭ ਕੁੱਝ ਮਾਨਸੂਨ ਨਾਲ ਕੀਤੇ ਨਾ ਕੀਤੇ ਜੁੜਿਆ ਹੋਇਆ ਹੈ। ਮੌਨਸੂਨ ਦੇ ਆਗਮਨ ਅਤੇ ਰੁਕਸਤ ਹੋਣ ਦੇ ਵਰਤਾਰੇ ਨੇ ਭਾਰਤੀ ਉਪ-ਮਹਾਂਦੀਪ ਨੂੰ ਕੁਦਰਤ ਦੇ ਅਨਮੋਲ ਖ਼ਜ਼ਾਨੇ ਨਾਲ ਨਿਵਾਜ਼ਿਆ ਹੈ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਵਲ ਕਿਤਾਬੀ ਗਿਆਨ ਹਾਸਲ ਕਰਨ ਨਾਲ ਕੋਈ ਗਿਆਨੀ ਨਹੀਂ ਅਖਵਾ ਸਕਦਾ, ਗਿਆਨੀ ਬਣਨ ਲਈ ਸਮੁੱਚੀ ਸਖ਼ਸ਼ੀਅਤ ਦਾ ਵਿਕਾਸ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀ ਜੀਵਨ ’ਚ ਸਖ਼ਸ਼ੀਅਤ ਉਸਾਰੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਉਨ੍ਹਾਂ ਭਾਰਤ ਦੇ ਸੰਵਿਧਾਨ ਨੂੰ ਅਮੀਰ ਦੱਸਦਿਆਂ ਕਿਹਾ ਕਿ ਭਾਰਤ ਦਾ ਸੰਵਿਧਾਨ ਨੌਜਵਾਨ ਤਬਕੇ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਸੰਪੂਰਨ ਆਜ਼ਾਦੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਬੜਾ ਅਨਮੋਲ ਹੈ, ਜਿਸ ਦਾ ਸਤਿਕਾਰ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ’ਤੇ ਪਹੁੰਚਣ ਲਈ ਮਿਹਨਤ ਕਰਨੀ ਜ਼ਰੂਰੀ ਹੈ।
ਸੱਭਿਆਚਾਰਕ ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਪੰਜਾਬ-ਹਰਿਆਣਾ ਦੇ ਸੱਭਿਆਚਾਰ ਦੇ ਲੋਕ ਨਾਚਾਂ ਦੀਆਂ ਵੰਨਗੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਸੂਬਿਆਂ ਦੀ ਵਿਰਾਸਤ ਅਤੇ ਸੱਭਿਆਚਾਰਾਂ ਨੂੰ ਰੂਪਮਾਨ ਕਰਦੇ ਲੋਕ ਨਾਚ, ਪਕਵਾਨ, ਪੀਘਾਂ, ਰੰਗੋਲੀਆਂ ਅਤੇ ਵਿਰਾਸਤੀ ਪ੍ਰਦਰਸ਼ਨੀ ਸਭਨਾਂ ਲਈ ਖਿੱਚ ਦਾ ਕੇਂਦਰ ਬਣੀਆਂ।ਰੰਗ-ਬਰੰਗੀਆਂ ਪੌਸ਼ਾਕਾਂ ’ਚ ਸਜ਼ੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਲੋਕ ਨਾਚ ਗਿੱਧੇ ਦਾ ਨਜ਼ਾਰਾ ਵੱਖਰਾ ਸੀ, ਗਿੱਧੇ ਦੇ ਪਿੜ ਵਿਚੋਂ ਆਪ ਮੁਹਾਰੇ ਉਮੰੜੀਆਂ ਬੋਲੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਹੜਾ ਸੱਭਿਆਚਾਰਕ ਰੰਗ ’ਚ ਰੰਗ ਦਿੱਤਾ। ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਾਰਾਂ ਨੂੰ ਪ੍ਰਗਟ ਕਰਦੇ ਪ੍ਰਸਿੱਧ ਲੋਕ ਨਾਚ ਝੂੰਮਰ ਨੇ ਸਭਨਾਂ ਨੂੰ ਨੱਚਣ ’ਤੇ ਮਜ਼ਬੂਰ ਕਰ ਦਿੱਤਾ।ਗੁਆਂਢੀ ਸੂਬੇ ਹਰਿਆਣਾ ਤੋਂ ਆਈਆਂ ਮੁਟਿਆਰਾਂ ਵੱਲੋਂ ਆਪਣੇ ਰਿਵਾਇਤੀ ਲੋਕ ਨਾਚਾਂ ਦੀਆਂ ਬਾਕਾਮਾਲ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ’ਚ ਪੱਛਮੀ ਹਿੱਸਿਆਂ ਦਾ ਪ੍ਰਸਿੱਧ ਲੋਕ ਨਾਚ ਘੁਮਾਰ, ਸਾਂਗ, ਛਾਠੀ ਅਤੇ ਲੋਰ ਨਾਚ ਪ੍ਰਮੁੱਖ ਸਨ।ਹਰਿਆਣਾ ਦੇ ਪ੍ਰਸਿੱਧ ਲੋਕ ਕਲਾਕਾਰਾਂ ਵੱਲੋਂ ਦਿੱਤੀ ਪ੍ਰਸਿੱਧ ਰਾਗਿਨੀ ਪੇਸ਼ਕਾਰੀ ਨੇ ਜਿੱਥੇ ਸਭਨਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਉਥੇ ਹੀ ਹਰਿਆਣੀ ਫਿਊਜ਼ਨ ਡਾਂਸ ਦੀ ਪੇਸ਼ਕਾਰੀ ਨੇ ਸਭਨਾਂ ਤੋਂ ਖੂਬ ਵਾਹ-ਵਾਹ ਖੱਟੀ।
ਸੱਭਿਆਚਾਰਕ ਸਮਾਗਮਾਂ ਤੋਂ ਇਲਾਵਾ ਮਹਿੰਦੀ ਅਤੇ ਰੰਗੋਲੀ ਮੁਕਾਬਲਿਆਂ ਨੇ ਸਮਾਗਮ ਦੀ ਰੌਣਕ ਵਧਾਈ।ਬਹੁ ਗਿਣਤੀ ਮੁਟਿਆਰਾਂ ਵੱਲੋਂ ਮੁਕਾਬਲਿਆਂ ’ਚ ਸ਼ਿਰਕਤ ਕਰਦਿਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ।ਇਸ ਤੋਂ ਇਲਾਵਾ ਹਰਿਆਣਾ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ’ਦ ਟੇਲ ਆਫ਼ ਭਗਵਤ ਗੀਤਾ’ ਦੇ ਬੈਨਰ ਹੇਠ ਲਗਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਇਸ ਪ੍ਰਦਰਸ਼ਨੀ ਵਿੱਚ ਸ਼੍ਰੀ ਭਗਵਤ ਗੀਤਾ ਦੇ 18 ਅਧਿਆਏ ਅਤੇ 700 ਸਲੋਕਾਂ ਨੂੰ ਚਿੱਤਰਕਾਰੀ ਦੇ ਰੂਪ ’ਚ ਪ੍ਰਦਰਸ਼ਿਤ ਕੀਤਾ ਗਿਆ।ਸਾਉਣ ਮਹੀਨੇ ਦੇ ਪਸੰਦੀਦਾ ਪਕਵਾਨਾਂ ਵਿਚੋਂ ਇੱਕ ਮਾਲ੍ਹ ਪੂੜੇ, ਖੀਰ ਅਤੇ ਸੇਵੀਆਂ ਨੇ ’ਵਰਸਿਟੀ ਦੇ ਵਿਹੜੇ ’ਚ ਲੱਗੀ ਸੱਭਿਆਚਾਰਕ ਰੌਣਕ ਅਤੇ ਸਾਂਝ ਨੂੰ ਹੋਰ ਚਾਰ ਚੰਨ ਲਗਾ ਦਿੱਤੇ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤੀਜ ਸਾਡੀਆਂ ਧੀਆਂ, ਭੈਣਾਂ ਅਤੇ ਮਾਤਾਵਾਂ ਦਾ ਸਾਂਝਾ ਤਿਉਹਾਰ ਹੈ, ਜਿਸ ਰਾਹੀਂ ਅਗਲੀਆਂ ਪੀੜ੍ਹੀਆਂ ਨੂੰ ਸਾਡੀ ਵਿਰਾਸਤ ਅਤੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀ ਵਿਰਾਸਤ ਬੜੀ ਅਮੀਰ ਹੈ, ਜੋ ਅੱਜ ਵਿਸ਼ਵਵਿਆਪੀ ਪੱਧਰ ’ਤੇ ਕਿਸੇ ਜਾਣ ਪਛਾਣ ਦੀ ਮੁਹਤਾਜ਼ ਨਹੀਂ।ਸਾਂਝੇ ਤੌਰ ’ਤੇ ਅਜਿਹੇ ਤਿਉਹਾਰ ਮਨਾਉਣਾ ਆਪਣੀ ਮਿਲਵਰਤਨ ਦੀ ਚਿਣਗ ਜਗਾਉਣ ਤੋਂ ਇਲਾਵਾ ਵਿਦਿਆਰਥੀਆਂ ਲਈ ਸੱਭਿਆਚਾਰ ਆਦਾਨ-ਪ੍ਰਦਾਨ ਕਰਵਾਉਣ ਦੇ ਪੱਖੋਂ ਵੀ ਮਹੱਤਵਪੂਰਨ ਸਿੱਧ ਹੁੰਦੇ ਹਨ।