ਵਿਦਿਆਰਥੀ ਜੀਵਨ ਵਿਚ ਮਾਨਸਿਕ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ

ਵਿਦਿਆਰਥੀ ਜੀਵਨ ਜਿਥੇ ਅਨੇਕਾਂ ਸੰਭਾਵਨਾਵਾਂ ਭਰਪੂਰ ਹੁੰਦਾ ਹੈ, ਉਥੇ ਨਾਲ ਹੀ ਇਸ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਮੌਜੂਦ ਰਹਿੰਦੀਆਂ ਹਨ। ਸਮਸਿਆਵਾਂ ਨਾਲ ਜੂਝਨਾ ਮਨੁੱਖੀ ਤਬੀਅਤ ਦਾ ਹਿੱਸਾ ਹੈ। ਇਸ ਨਾਲ ਮਨੁੱਖ ਮਜ਼ਬੂਤ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਜਿਥੇ ਇਕ ਵਿਦਿਆਰਥੀ ਨੂੰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਕਈਆਂ ਤਰ੍ਹਾਂ ਦੇ ਮਾਨਸਿਕ ਦਬਾਅ, ਰੋਕਾਂ, ਦੁਬਿਧਾਵਾਂ, ਤਣਾਅ, ਉਲਝਣਾ ਅਤੇ ਸਮੱਸਿਆਵਾਂ ਉਸ ਨੂੰ ਘੇਰੀ ਰਖਦੀਆਂ ਹਨ। ਇਸ ਦਾ ਸਪਸ਼ਟ ਪ੍ਰਭਾਵ ਉਸ ਦੇ ਸੁਭਾਅ, ਵਿਵਹਾਰ ਅਤੇ ਚਿਹਰੇ ਦੇ ਪ੍ਰਭਾਵਾਂ ਤੋਂ ਦੇਖਿਆ ਜਾ ਸਕਦਾ ਹੈ, ਜੋ ਸਥਿਰ ਨਹੀਂ ਰਹਿ ਪਾਉਂਦੇ ਅਤੇ ਉਹਨਾਂ ਵਿਚ ਬਹੁਤ ਜਲਦ ਬਦਲਾਅ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਵਿਦਿਆਰਥੀ ਦੂਹਰੀ-ਤੀਹਰੀ ਜ਼ਿੰਦਗੀ ਜੀਅਣ ਲਗਦੇ ਹਨ। ਉਹਨਾਂ ਵਿਚ ਫੈਂਸਲਾ ਕਰਨ ਦੀ ਸਮਰਥਾ ਜਾਂਦੀ ਰਹਿੰਦੀ ਹੈ। ਅੰਦਰਲਾ ਸ਼ੋਰ ਏਨ੍ਹਾ ਵਧ ਜਾਂਦਾ ਹੈ ਕਿ ਉਹ ਸ਼ੋਰ ਸ਼ਰਾਬੇ ਵਾਲੀਆਂ ਥਾਵਾਂ ਅਤੇ ਸ਼ੋਰ-ਸ਼ਰਾਬੇ ਵਾਲੇ ਸੰਗੀਤ ਨੂੰ ਤਰਜ਼ੀਹ ਦਿੰਦੇ ਹਨ ਤਾਂ ਜੋ ਅੰਦਰਲੇ ਸ਼ੋਰ ਨੂੰ ਦਬਾਇਆ ਜਾ ਸਕੇ ਜਾਂ ਨਜ਼ਰ ਅੰਦਾਜ਼ ਕੀਤਾ ਜਾ ਸਕੇ। ਇਸ ਲਈ ਉਹ ਆਪਣੇ ਧਿਆਨ ਨੂੰ ਭਟਕਾਉਣ ਲਈ ਖੁਦ ਹੀ ਕੋਸ਼ਿਸ਼ ਕਰਨ ਲਗਦੇ ਹਨ। ਅਸਲ ਵਿਚ ਉਹ ਆਪਣੇ ਅੰਦਰ ਤੋਂ ਡਰਨ ਲਗਦੇ ਹਨ। ਵਿਦਿਆਰਥੀ ਜੀਵਨ ਵਿਚ ਕਈ ਵਾਰ ਜਾਣੇ-ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ। ਜਿੰਨ੍ਹਾਂ ਨੂੰ ਕਬੂਲ ਕਰਨਾ ਸੌਖਾ ਨਹੀਂ ਹੁੰਦਾ ਅਤੇ ਕਬੂਲ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤ ਵਿਚੋਂ ਨਿਕਲਣਾ ਵੀ ਚੁਣੌਤੀ ਹੁੰਦਾ ਹੈ। ਇਸ ਲਈ ਚੰਗੇ ਵਾਤਾਵਰਨ ਅਤੇ ਚੰਗੀ ਸੰਗਤ ਦੀ ਲੋੜ ਹੁੰਦੀ ਹੈ।

ਅਜਿਹੀਆਂ ਗਲਤੀਆਂ ਹੀ ਫਿਰ ਡਰ, ਤਣਾਅ, ਚਿੰਤਾ ਅਤੇ ਦਬਾਅ ਦਾ ਕਾਰਨ ਬਣਦੀਆਂ ਹਨ। ਅਜਿਹੇ ਵਿਚ ਹੀ ਸਮਾਜਿਕ ਕਾਇਦੇ ਦਾ ਫਿਕਰ ਵੀ ਸਦਾ ਬਣਿਆ ਰਹਿੰਦਾ ਹੈ ਅਤੇ ਪਰਿਵਾਰਿਕ ਇੱਛਾਵਾਂ ਅਤੇ ਉਮੀਦਾਂ ‘ਤੇ ਵੀ ਖਰੇ ਉਤਰਨਾ ਹੁੰਦਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਵਿਦਿਆਰਥੀ ਇਕ ਗੁੰਝਲਦਾਰ ਜ਼ਿੰਦਗੀ ਦਾ ਹਿੱਸੇਦਾਰ ਹੋ ਜਾਂਦਾ ਹੈ। ਜਿਥੇ ਉਸ ਨੂੰ ਆਪਣਾ ਅੰਦਰ ਖਿੰਡਿਆ ਹੋਇਆ ਲਗਦਾ ਹੈ। ਟੁਟਿਆ ਹੋਇਆ ਜਿਸ ਦੇ ਜੁੜਨ ਦੀ ਕੋਈ ਆਸ ਨਹੀਂ। ਅਜਿਹੀ ਸਥਿਤੀ ਵਿਚੋਂ ਗ਼ੁਜ਼ਰਦਿਆਂ ਹੋਇਆ ਰਹਿੰਦੀ ਕਸਰ ਸ਼ੋਸ਼ਲ ਮੀਡੀਆ ਪੂਰੀ ਕਰਦਾ ਹੈ। ਜਿਸ ਦੀ ਕੈਦ ਵਿਚ ਵਿਦਿਆਰਥੀ ਫਸ ਕੇ ਰਹਿ ਜਾਂਦੇ ਹਨ। ਉਹਨਾਂ ਕੋਲ ਆਪਣੇ ਆਪ ਲਈ ਹੀ ਸਮਾਂ ਨਹੀਂ ਬਚਦਾ। ਉਹ ਇਕੋ ਸਮੇਂ ਕਈ ਜ਼ਿੰਦਗੀਆਂ ਜੀਣ ਲਗਦੇ ਹਨ। ਬੇ-ਲੋੜੀਆਂ ਜਾਣਕਾਰੀਆਂ, ਗੱਲਾਂ ਅਤੇ ਸੰਬੰਧ ਉਹਨਾਂ ਨੂੰ ਹੋਰ ਉਲਝਾ ਦਿੰਦੇ ਹਨ। ਰਾਤ ਨੂੰ ਸੌਣ ਲੱਗਿਆ ਮੋਬਾਇਲ ਤਾਂ ਪਰ੍ਹੇ ਰੱਖਿਆ ਜਾਂਦਾ ਹੈ ਪਰ ਉਹਨਾਂ ਦਾ ਮਨ ਉਸ ਤੋਂ ਮੁਕਤ ਨਹੀਂ ਹੋ ਪਾਉਂਦਾ। ਪੂਰੀ ਤਰ੍ਹਾਂ ਆਰਾਮ ਵੀ ਨਹੀਂ ਮਿਲਦਾ। ਜਿਸ ਨਾਲ ਨੀਂਦ ਨਾ ਆਉਣ ਦੀ ਨਵੀਂ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਜੀਵਨ ਵਿਚ ਵਿਦਿਆਰਥੀ ਆਪਣੇ ਘਰ ਦੇ ਪ੍ਰਬੰਧ ਤੋਂ ਬਾਹਰ ਨਵੇਂ ਸੰਬੰਧਾਂ ਬੱਝਦੇ ਹਨ। ਨਵੇਂ ਦੋਸਤ ਬਣਦੇ ਹਨ। ਉਹਨਾਂ ਨਾਲ ਨੇੜਤਾ ਕਾਇਮ ਹੁੰਦੀ ਹੈ। ਇਹਨਾਂ ਨਵੇਂ ਰਿਸ਼ਤਿਆਂ ਨਾਲ ਜਿਥੇ ਸਹਾਰਾ ਮਿਲਦਾ ਹੈ, ਉਥੇ ਨਾਲ ਹੀ ਗਲਤ ਸੰਗਤ ਜਾਂ ਵਿਗੜੇ ਸਾਥੀ ਦੀ ਚੋਣ ਨਾਲ ਜ਼ਿੰਦਗੀ ਬਰਬਾਦ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਜਿਸ ਨਾਲ ਇਹਨਾਂ ਨਵੇਂ ਰਿਸ਼ਤਿਆਂ ਦੀ ਨਵੀਂ ਦੁਨੀਆਂ ਅਤੇ ਨਵੀਂਆਂ ਚੁਣੌਤੀਆਂ ਵਿਦਿਆਰਥੀਆਂ ਦੇ ਸਨਮੁਖ ਹੁੰਦੀਆਂ ਹਨ। ਬਹੁਤਾਤ ਵਿਚ ਵਿਦਿਆਰਥੀ ਇਹਨਾਂ ਬਾਰੇ ਕੋਈ ਜਾਣਕਾਰੀ ਆਪਣੇ ਘਰ ਵਿਚ ਸਾਂਝੀ ਨਹੀਂ ਕਰਦੇ ਜਾਂ ਸੀਮਿਤ ਮਾਤਰਾ ਵਿਚ ਹੀ ਕਰਦੇ ਹਨ ਤਾਂ ਇਹਨਾਂ ਰਿਸ਼ਤਿਆਂ ਵਿਚਲੇ ਤਣਾਵਾਂ ਅਤੇ ਮੁਸ਼ਕਿਲਾਂ ਨਾਲ ਵੀ ਉਹ ਇਕਲੇ ਹੀ ਜੂਝਦੇ ਹਨ। ਜਿਸ ਦੇ ਫਲਸਰੂਪ ਕਈ ਵਾਰ ਉਹ ਆਪਣੇ ਆਪੇ ਤੋਂ ਘਬਰਾਉਣ ਲਗਦੇ ਹਨ। ਆਪਣੇ ਆਪ ਪ੍ਰਤੀ ਹੀ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਉਹ ਅਪਰਾਧੀ ਹੋ ਚੁਕੇ ਹਨ ਅਤੇ ਉਹਨਾਂ ਨੂੰ ਹੁਣ ਆਪਣੇ ਆਪੇ ਨੂੰ ਲੁਕਾਉਣਾ ਹੀ ਪਵੇਗਾ। ਇਸ ਬਾਰੇ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਅਤੇ ਕਿ ਹਰ ਕੋਈ ਉਹਨਾਂ ਨੂੰ ਹੀ ਗਲਤ ਕਹੇਗਾ। ਇਸ ਨਾਲ ਉਹ ਅਜਿਹੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਵੀ ਹੋ ਜਾਂਦੇ ਹਨ। ਸੋ ਉਪਰੋਕਤ ਕੁਝ ਪ੍ਰਮੁਖ ਸਧਾਰਣ ਕਾਰਨ ਅਤੇ ਸਮੱਸਿਆਵਾਂ ਹਨ ਜਿੰਨ੍ਹਾਂ ਦੇ ਸਨਮੁਖ ਵਿਦਿਆਰਥੀ ਜੀਵਨ ਹੁੰਦਾ ਹੈ। ਵਿਦਿਆਰਥੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦਾ ਕੋਈ ਵੀ ਹੋ ਸਕਦਾ ਹੈ। ਹਰ ਕਿਸੇ ਦੀ ਜ਼ਿੰਦਗੀ ਵਿਚ ਅਜਿਹੀਆਂ ਕੁਝ ਘਟ ਜਾਂ ਵਧ ਸਮੱਸਿਆਵਾਂ ਹੁੰਦੀਆਂ ਹੀ ਹਨ। ਉਹ ਇਹਨਾਂ ਦੇ ਸਨਮੁਖ ਹੁੰਦਾ ਹੀ ਹੈ

ਸੋ ਜਿਥੇ ਵਿਦਿਆਰਥੀ ਜੀਵਨ ਅਨੇਕਾਂ ਚੁਣੌਤੀਆਂ ਨਾਲ ਭਰਪੂਰ ਹੈ, ਉਥੇ ਹੀ ਵਿਦਿਆਰਥੀ ਜੀਵਨ ਤਾਕਤ, ਸੰਭਾਵਨਾਵਾਂ ਅਤੇ ਮਜ਼ਬੂਤ ਇਰਾਦਿਆਂ ਨਾਲ ਵੀ ਭਰਿਆ ਹੁੰਦਾ ਹੈ। ਉਹਨਾਂ ਵਿਚ ਕੁਝ ਨਵਾਂ ਕਰਨ ਅਤੇ ਆਪਣੇ ਭਵਿਖ ਪ੍ਰਤੀ ਚੇਤਨਾ ਹੁੰਦੀ ਹੈ। ਉਪਰੋਕਤ ਸਮਸਿਆਵਾਂ ਬਹੁਤ ਸਧਾਰਣ ਹਨ। ਵਿਦਿਆਰਥੀਆਂ ਦਾ ਅੰਤਰਮਨ ਹੀ ਇਹਨਾਂ ਨੂੰ ਵੱਡਾ ਬਣਾ ਲੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਘਰ ਵਿਚ ਦੋਸਤਾਂ ਵਰਗੇ ਸੰਬੰਧ ਬਣਾਉਣ। ਉਹ ਆਪਣੇ ਘਰ ਦੇ ਕਿਸੇ ਮੈਂਬਰ ਨਾਲ ਆਪਣੀ ਨਿਤ ਦੀ ਜ਼ਿੰਦਗੀ ਦੀ ਸਾਂਝ ਪਾਉਂਦੇ ਰਹਿਣ। ਇਸ ਨਾਲ ਉਹਨਾਂ ਨੂੰ ਜਿਥੇ ਚੰਗੀ ਸੇਧ ਮਿਲਦੀ ਰਹੇਗੀ, ਉਥੇ ਗਲ-ਬਾਤ ਨਾਲ ਅੰਦਰ ਵੀ ਹਲਕਾ ਰਹੇਗਾ। ਘਰ ਦੇ ਸਾਥ ਨਾਲ ਬਹੁਤ ਸਾਰੇ ਡਰ ਆਪੇ ਹੀ ਦੂਰ ਹੋ ਜਾਣਗੇ। ਜਿਸ ਨਾਲ ਚਿੰਤਾਵਾਂ ਤੋਂ ਵਿਦਿਆਰਥੀ ਮੁਕਤ ਹੋ ਸਕਦੇ ਹਨ। ਇਸ ਦੇ ਨਾਲ ਹੀ ਗਲਤੀਆਂ ਤੋਂ ਸਿੱਖਣ ਦੀ ਲੋੜ ਹੁੰਦੀ ਹੈ, ਉਹਨਾਂ ਨਾਲ ਸਦਾ ਜੁੜੇ ਰਹਿ ਕੇ ਜ਼ਿੰਦਗੀ ਤਬਾਹ ਨਹੀਂ ਕਰਨੀ ਹੁੰਦੀ। ਇਸ ਲਈ ਉਹਨਾਂ ਤੋਂ ਆਪਣੇ ਅੰਦਰ ਨੂੰ ਮੁਕਤ ਕਰ ਕੇ ਅੱਗੇ ਵਧਣਾ ਚਾਹੀਦਾ ਹੈ। ਆਪਣੇ ਅੰਦਰ ਜੋ ਵੀ ਡਰ, ਗ਼ਿਲੇ, ਸ਼ਿਕਵੇ ਜਾਂ ਸ਼ੰਕੇ ਪੈਦਾ ਹੋਣ ਉਹਨਾਂ ਬਾਰੇ ਚਰਚਾ ਕਰਦੇ ਰਹੇ ਤਾਂ ਜੋ ਉਹ ਭਵਿਖ ਵਿਚ ਮਾਨਸਿਕਤਾ ਦਾ ਪੱਕਾ ਹਿੱਸਾ ਨਾ ਬਣ ਜਾਣ। ਹਰ ਮਸਲੇ ‘ਤੇ ਜਿੰਨ੍ਹਾਂ ਜਲਦੀ ਹੋ ਸਕੇ, ਸਪਸ਼ਟ ਰਹਿਣਾ ਚਾਹੀਦਾ ਹੈ। ਦੁਬਿਧਾਂ ਤੋਂ ਬਚਦੇ ਹੋਈ ਬਿਬੇਕ ਨਾਲ ਫੈਂਸਲੇ ਲੈਂਦੇ ਰਹਿਣਾ ਚਾਹੀਦਾ ਹੈ। ਆਪਣੇ ਭਵਿਖ ਦੇ ਨਿਸ਼ਾਨਿਆਂ ਨਾਲ ਕਦੇਂ ਵੀ ਸਮਝੌਤਾ ਨਾ ਕਰੋ, ਨਹੀਂ ਤਾਂ ਉਹਨਾਂ ਦੀ ਅਪ੍ਰਾਪਤੀ ਦਾ ਗ਼ਮ ਜਾਂ ਪ੍ਰਾਪਤੀ ਲਈ ਯਤਨ ਨਾ ਕਰਨ ਦਾ ਦੁੱਖ ਜ਼ਿੰਦਗੀ ਭਰ ਨਾਲ ਰਹੇਗਾ। ਇਸ ਲਈ ਆਪਣੀ ਮੰਜ਼ਿਲ ਵੱਲ ਸਦਾ ਹੀ ਵਧਦੇ ਰਹੋ। ਫੈਂਸਲਾ ਕਰਨ ਤੋਂ ਡਰਨਾ ਕਾਇਰਤਾ ਹੈ ਅਤੇ ਫੈਂਸਲੇ ਕਰਦੇ ਕਰਦੇ ਹੀ ਆਤਮ-ਵਿਸ਼ਵਾਸ਼ ਬਣਦਾ ਹੈ। ਫਜ਼ੂਲ ਸ਼ੋਰ-ਸ਼ਰਾਬਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜ਼ਿੰਦਗੀ ਨੂੰ ਜਿੰਨ੍ਹਾਂ ਹੋ ਸਕੇ ਸਧਾਰਣ ਹੋ ਕੇ ਜੀਵਿਆ ਜਾਵੇ। ਸ਼ੋਸ਼ਲ ਮੀਡੀਆ ਦੀ ਖਿੰਡਰੀ ਦੁਨੀਆਂ ਤੋਂ ਜਿੰਨ੍ਹਾਂ ਦੂਰ ਰਿਹਾ ਜਾਵੇ ਚੰਗਾ ਹੈ। ਉਸ ਨੂੰ ਸੀਮਾ ਵਿਚ ਵਰਤਿਆ ਜਾਵੇ ਤਾਂ ਜੋ ਉਹ ਸਾਡੀ ਜ਼ਿੰਦਗੀ ‘ਤੇ ਹਾਵੀ ਨਾ ਹੋਵੇ। ਵਿਦਿਆਰਥੀ ਜੀਵਨ ਦੀ ਮਹਤਵਪੂਰਨ ਲੋੜ ਅਨੁਸ਼ਾਸ਼ਨ ਹੁੰਦਾ ਹੈ। ਇਸ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਨਿਸ਼ਚਿਤ ਸਮਾਂ ਸਾਰਣੀ ਵਿਚ ਵਿਉਂਤਿਆ ਜਾਵੇ। ਜਿਸ ਵਿਚ ਸਵੇਰੇ ਉਠਣ ਤੋਂ ਲੈ ਕੇ ਆਪਣੇ ਰੋਜ਼ਾਨਾ ਕੰਮਾਂ ਕਾਰਾਂ ਨਾਲੀ ਸਮੇਂ ਦੀ ਵੰਡ ਕੀਤੀ ਹੋਵੇ। ਇਕ ਸੰਤੁਲਨ ਵਿਚ ਜ਼ਿੰਦਗੀ ਜਿਉਣ ਨਾਲ ਸੁਖੈਨ ਅਤੇ ਪ੍ਰਬੰਧ ਵਿਚ ਆ ਜਾਂਦੀ ਹੈ। ਬੇ-ਤਰਤੀਬੀ ਜ਼ਿੰਦਗੀ ਵਿਚ ਸਮਾਂ ਨਹੀਂ ਲੱਭਦਾ ਅਤੇ ਸਾਡੇ ਕੋਲ ਆਪਣੇ ਆਪ ਲਈ ਅਤੇ ਆਪਣੇ ਪਰਿਵਾਰ ਲਈ ਸਮਾਂ ਨਹੀਂ ਰਹਿੰਦਾ। ਜ਼ਿੰਦਗੀ ਵਿਚ ਇਕ ਨਿਸ਼ਚਿਤ ਸਪੇਸ ਹੈ, ਜਿਸ ਦੀ ਸਹੀ ਵੰਡ ਨਾਲ ਹੀ ਜ਼ਿੰਦਗੀ ਨੂੰ ਸਹੀ ਜੀਵਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਅੰਤ ਵਿਚ ਕਹਿ ਸਕਦੇ ਹਾਂ ਵਿਦਿਆਰਥੀ ਜੀਵਨ ਮਨੁੱਖੀ ਜ਼ਿੰਦਗੀ ਦਾ ਸਿਰਜਕ ਅਤੇ ਅਧਾਰ ਸਮਾਂ ਹੁੰਦਾ ਹੈ। ਜਿਸ ‘ਤੇ ਮਨੁਖ ਦਾ ਭਵਿਖ ਅਤੇ ਸਮਾਜ ਦਾ ਮਿਆਰ ਟਿਕਿਆ ਹੁੰਦਾ ਹੈ। ਇਸ ਲਈ ਵਿਦਿਆਰਥੀ ਜੀਵਨ ਦੇ ਹਰ ਪਹਿਲੂ ਪ੍ਰਤੀ ਸੁਚੇਤ ਹੋ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਹੈ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>