ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਅਮਰੀਕਨ-ਕੈਨੇਡੀਅਨ ਪੰਜਾਬੀ ਕਵੀ ਦਰਬਾਰ

ਸਰੀ, (ਹਰਦਮ ਮਾਨ) – ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੇ ਸਹਿਯੋਗ ਨਾਲ ਅਮਰੀਕਨ – ਕੈਨੇਡੀਅਨ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ (ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ) ਨੇ ਕੀਤੀ।

ਕਵੀ ਦਰਬਾਰ2.resizedਪ੍ਰੋਗਰਾਮ ਦੇ ਆਰੰਭ ਵਿੱਚ ਡਾ. ਸ. ਪ. ਸਿੰਘ (ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਨੇ ਜੀ ਆਇਆਂ ਕਿਹਾ। ਉਨ੍ਹਾਂ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਪਰਵਾਸੀ ਪੰਜਾਬੀ ਸਾਹਿਤ ਨੂੰ ਸਮਝਣਾ ਹੈ ਤਾਂ ਉਸ ਨੂੰ ਵੱਖ ਵੱਖ ਭੂਗੋਲਿਕ ਖੰਡਾਂ ਵਿਚ ਰੱਖ ਕੇ ਵਿਚਾਰਨਾ ਪਵੇਗਾ ਕਿਉਂਕਿ ਹਰ ਖਿੱਤੇ  ਦੀਆਂ ਆਪਣੀਆਂ ਭੂਗੋਲਿਕ, ਸਮਾਜਿਕ, ਸੱਭਿਆਚਾਰਕ ਬਣਤਰਾਂ ਹਨ। ਉਪਰੰਤ ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੇ ਕੋਆਰਡੀਨੇਟਰ ਕੁਲਵਿੰਦਰ ਖਹਿਰਾ ਨੇ ਵੀ ਆਪਣੇ ਸਵਾਗਤੀ ਸ਼ਬਦਾਂ ਰਾਹੀਂ ਕਿਹਾ ਕਿ ਸਾਡੀ ਸੰਸਥਾ ਭਵਿੱਖ ਵਿੱਚ ਪਰਵਾਸੀ ਕੇਂਦਰ ਨਾਲ ਮਿਲ ਕੇ ਅਜਿਹੀਆਂ ਸਾਹਿਤਕ ਸਰਗਰਮੀਆਂ ਉਲੀਕਦੀ ਰਹੇਗੀ। ਡਾ ਭੁਪਿੰਦਰ ਸਿੰਘ (ਮੁਖੀ ਪੰਜਾਬੀ ਵਿਭਾਗ) ਨੇ ਕਾਲਜ ਦੇ ਮਾਣਮੱਤੇ ਇਤਿਹਾਸ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕਰਵਾਈਆਂ ਜਾਂਦੀਆਂ ਸਾਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਆਰਟਸ ਕੌਂਸਿਲ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਵਿਸ਼ੇਸ਼ ਭਾਸ਼ਣ ਰਾਹੀਂ ਕਿਹਾ ਕਿ ਅੱਜ ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ ਵਿੱਚ ਵਿਸ਼ਵ ਵਿਆਪੀ ਪੱਧਰ ਤੇ ਬਦਲਾਅ ਹੋ ਰਹੇ ਹਨ ਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਵੀ ਇਨ੍ਹਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੇ ਅਨੁਸਾਰ ਹੀ ਸਮਝਣਾ ਪਵੇਗਾ।

ਅਮਰੀਕਾ ਤੋਂ ਪੰਜਾਬੀ ਕਵੀ ਤੇ ਚਿੰਤਕ ਰਵਿੰਦਰ ਸਹਿਰਾਅ ਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ  ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਪਰਵਾਸੀ ਪੰਜਾਬੀ ਸਾਹਿਤ ਤੇ ਖਾਸ ਕਰਕੇ ਪਰਵਾਸੀ ਪੰਜਾਬੀ ਕਵਿਤਾ ਦੀ ਸਥਿਤੀ ਤੇ ਸੰਭਾਵਨਾਵਾਂ ਬਾਰੇ ਵਿਚਾਰ ਚਰਚਾ ਕੀਤੀ।

ਇਸ ਤੋਂ ਬਾਅਦ ਕਵੀ ਦਰਬਾਰ ਦਾ ਆਗਾਜ਼ ਹੋਇਆ ਜਿਸ ਵਿੱਚ ਡਾ. ਸ਼ਸ਼ੀਕਾਂਤ ਉੱਪਲ (ਨਿਊਯਾਰਕ),  ਨਕਸ਼ਦੀਪ ਪੰਜਕੋਹਾ ਕੈਲੇਫੋਰਨੀਆਂ, ਕੈਨੇਡਾ ਤੋਂ ਸੁਰਜੀਤ ਕੌਰ, ਪ੍ਰੋ. ਜਗੀਰ ਸਿੰਘ ਕਾਹਲੋਂ, ਪਰਮਜੀਤ ਕੌਰ ਦਿਓਲ,  ਭੁਪਿੰਦਰ ਦੂਲੇ, ਪਿਆਰਾ ਸਿੰਘ ਕੁੱਦੋਵਾਲ,  ਸੁਰਿੰਦਰ ਸਿੰਘ ਸੁੰਨੜ (ਕੈਲੇਫੋਰਨੀਆ),  ਕੈਨੇਡਾ ਤੇਂ ਹੀ ਬਮਲਜੀਤ ਕੌਰ ਮਾਨ,  ਪਰਵਿੰਦਰ ਗੋਗੀ , ਲਵੀਨ ਗਿੱਲ (ਮਿਸੀਸਾਗਾ), ਹਰਪ੍ਰੀਤ ਕੌਰ ਧੂਤ (ਸਟਾਕਟਨ) ਅਤੇ ਰੋਮੀ ਬੈਂਸ (ਰਿਚਮੰਡ) ਨੇ ਆਪਣੀਆਂ ਕਾਵਿ-ਰਚਨਾਵਾਂ ਪੈਬ ਕੀਤੀਆਂ।

ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਬਰਤਾਨੀਆ ਮਗਰੋਂ ਅਮਰੀਕਾ ਤੇ ਕੈਨੇਡਾ ਪੰਜਾਬੀ ਸਾਹਿੱਤ ਸਿਰਜਣਾ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਸਾਹਿਤਕ ਸਰਗਰਮੀਆਂ, ਜਿਨ੍ਹਾਂ ਵਿਚ ਕਰਵਾਏ ਜਾ ਰਹੇ ਲੜੀਵਾਰ ਵੈਬੀਨਾਰ ਤੇ ਤ੍ਰੈ-ਮਾਸਿਕ ਪੱਤ੍ਰਿਕਾ “ਪਰਵਾਸ” ਵੀ ਹੈ, ਇਹ ਤਾਂ ਹੀ ਸਫਲਤਾ ਪੂਰਵਕ ਚੱਲ ਸਕਦੇ ਹਨ ਜੇਕਰ ਵੱਖ ਵੱਖ ਮੁਲਕਾਂ ਦੀਆਂ ਸਾਹਿਤਕ ਸਭਾਵਾਂ ਤੇ ਪਰਵਾਸੀ ਲੇਖਕ ਸਾਨੂੰ ਸਹਿਯੋਗ ਦੇਣ। ਉਨ੍ਹਾਂ ਨੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਕੇਂਦਰ ਨੂੰ ਭੇਜਣ। ਉਨ੍ਹਾਂ ਨੇ ਹਰੇਕ ਕਵੀ ਦੀ ਕਵਿਤਾ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਪ੍ਰੋ ਸ਼ਰਨਜੀਤ ਕੌਰ ਨੇ ਇਸ ਸੈਮੀਨਾਰ ਦਾ ਸੰਚਾਲਣ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਭੁਪਿੰਦਰ ਸਿੰਘ (ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ),  ਡਾ. ਗੁਰਪ੍ਰੀਤ ਸਿੰਘ,  ਡਾ. ਹਰਪ੍ਰੀਤ ਸਿੰਘ ਦੂਆ ਤੇ ਡਾ. ਤਜਿੰਦਰ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>