ਡਾ. ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ

IMG_6145 (1).resizedਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅਨੇਕਾਂ ਨਾਨਕ ਨਾਮ ਲੇਵਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਚਿਰ ਸਥਾਈ ਬਣਾਈ ਰੱਖਣ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਮਾਗਮ ਆਯੋਜਤ ਕਰਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਜਾਣ ਲਈ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ‘ਕਰਤਾਰਪੁਰ ਲਾਂਘਾ’ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਖੋਲਿ੍ਹਆ ਗਿਆ। ਸਾਰੇ ਸੰਸਾਰ ਵਿਚ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੇ ਹਨ, ਉਨ੍ਹਾਂ ਵੱੱਲੋਂ ਵੀ ਉਥੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਤਨੇ ਵੀ ਪ੍ਰੋਗਰਾਮ ਅਤੇ ਸਮਾਗਮ ਹੋਏ, ਉਨ੍ਹਾਂ ਸਾਰਿਆਂ ਦੀ ਆਪੋ ਆਪਣੀ ਮਹੱਤਤਾ ਹੈ। ਬਹੁਤਿਆਂ ਖਾਸ ਤੌਰ ਤੇ ਸਰਕਾਰਾਂ ਨੇ ਤਾਂ ਕਾਰਵਾਈਆਂ ਪਾ ਕੇ ਵਾਹਵਾ ਸ਼ਾਹਵਾ ਖੱਟਣ ਦੇ ਉਪਰਾਲੇ ਕੀਤੇ ਹਨ, ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਫ਼ੈਲਾਉਣ ਅਰਥਾਤ ਲੋਕਾਂ ਨੂੰ ਉਸ ਵਿਚਾਰਧਾਰਾ ਦੀ ਜਾਣਕਾਰੀ ਦੇਣ ਦਾ ਇਕੋ ਇਕ ਸਾਧਨ ਸ਼ਬਦ ਹੁੰਦੇ ਹਨ, ਜੋ ਪੁਸਤਕਾਂ ਦੇ ਰੂਪ ਪ੍ਰਕਾਸ਼ਤ ਹੋਣੇ ਚਾਹੀਦੇ ਹਨ। ਪੁਸਤਕਾਂ ਇਤਿਹਾਸ ਦਾ ਹਿੱਸਾ ਬਣਦੀਆਂ ਹਨ। ਪੰਜਾਬ ਦੇ ਸਿੱਖ ਵਿਦਵਾਨਾ ਦੀ ਜਿੰੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੌਖੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ  ਬਣਦੀ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਸਿੱਖ ਵਿਦਵਾਨ ਸੌਖੀ ਸ਼ਬਦਾਵਲੀ ਵਿਚ ਪੰਜਾਬੀਆਂ ਨੂੰ ਹੀ ਜਾਣੂ ਨਹੀਂ ਕਰਵਾ ਸਕੇ। ਹੋਰ ਭਾਸ਼ਾਵਾਂ ਜਾਨਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਤਾਂ ਦੂਰ ਦੀ ਗੱਲ ਹੈ। ਇਹ ਵੀ ਸ਼ੁਭ ਸੰਕੇਤ ਹਨ ਕਿ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਸਨ। ਪ੍ਰੰਤੂ ਕੁਝ ਕੁ ਅਖੌਤੀ ਵਿਦਵਾਨਾ ਦੀ ਹਓਮੈ ਨੇ ਆਪਣੀ ਵਿਦਵਾਨੀ ਦਾ ਰੋਹਬ  ਪਾਉਣ ਲਈ ਔਖੀ ਸ਼ਬਦਾਵਲੀ ਨੂੰ ਤਰਜੀਹ ਦਿੱਤੀ ਹੈ। unnamed(4).resized ਡਾ ਰਤਨ ਸਿੰਘ ਜੱਗੀ ਦੀ  ‘ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ’ ਪੁਸਤਕ ਨਵੇਕਲੀ ਕਿਸਮ ਦੀ ਹੈ, ਜਿਸ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਪ੍ਰਥਾ ਤੇ ਰਾਗ-ਕ੍ਰਮ ਅਨੁਸਾਰ ਸੰਕਲਿਤ ਕਰਕੇ ਸਰਲ ਸ਼ਬਦਾਂ ਵਿਚ ਆਮ ਸਾਧਰਨ ਲੋਕਾਂ ਦੇ ਸਮਝ ਵਿਚ ਅਉਣ ਵਾਲੇ ਅਰਥ ਕੀਤੇ ਹਨ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 20 ਰਾਗਾਂ ਵਿਚ ਹੈ। ਜਪੁਜੀ ਸਾਹਿਬ, ਚਉਪਦੇ, ਅਸਟਪਦੀਆਂ,  ਪਹਰੇ, ਸਲੋਕ, ਵਾਰਾਂ, ਪਉੜੀਆਂ, ਛੰਤ, ਅਲਾਹਣੀਆਂ, ਕੁਚਜੀ-ਸੁਚਜੀ, ਪਦੇ ਅਤੇ ਸੋਲਹੇ, ਜਿਨ੍ਹਾਂ ਦੀ ਗਿਣਤੀ 958 ਬਣਦੀ ਹੈ, ਦੀ ਵਿਆਖਿਆ ਭਾਵ ਅਰਥ ਅਜਿਹੇ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਆਮ ਪਾਠਕ ਦੇ ਸਮਝ ਵਿਚ ਆ ਸਕਣ। 556 ਪੰਨਿਆਂ ਵਾਲੀ ਵੱਡ ਅਕਾਰੀ ਅਤੇ ਰੂਹ ਨੂੰ ਸਕੂਨ ਦੇਣ ਵਾਲੀ ਇਹ ਅਧਿਆਤਮਵਾਦ ਵਿਚ ਪਰੁਚੀ ਇਹ ਪੁਸਤਕ, ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ, ਉਚੇਰੀ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਈ ਹੈ। ਪੰਜਾਬ ਸਰਕਾਰ ਦੇ ਇਸ ਉਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਪੁਸਤਕ ਦੀ ਕੀਮਤ 1930 ਰੁਪਏ ਰੱਖੀ ਗਈ ਹੈ। ਇਹ ਸਹੀ ਅਰਥਾਂ ਵਿਚ ਪੰਜਾਬ ਸਰਕਾਰ ਅਤੇ ਡਾ ਰਤਨ ਸਿੰਘ ਜੱਗੀ ਵੱਲੋਂ ਸੱਚੀ ਸੁੱਚੀ ਸ਼ਰਧਾਂਜ਼ਲੀ ਹੈ। ਇਹ ਕੰਮ ਕਿਸੇ ਇਕ ਵਿਅਕਤੀ ਲਈ ਇਕ ਨਿਸਚਤ ਸਮੇਂ ਵਿਚ ਮੁਕੰਮਲ ਕਰਨਾ ਅਸੰਭਵ ਅਤੇ ਅਤਿਅੰਤ ਕਠਨ ਸੀ। ਪ੍ਰੰਤੂ ਡਾ ਰਤਨ ਸਿੰਘ ਜੱਗੀ ਅਤੇ ਉਨ੍ਹਾਂ ਦੀ ਅਰਧਾਂਗਣੀ ਡਾ ਗੁਰਸ਼ਰਨ ਕੌਰ ਜੱਗੀ ਦੀ ਦਿ੍ਰੜ੍ਹਤਾ, ਸੂਝ, ਲਗਨ ਅਤੇ ਪ੍ਰਤੀਬੱਧਤਾ ਨੇ  ਇਹ ਸੰਭਵ ਕਰਕੇ ਵਿਖਾਇਆ ਹੈ। ਅਜਿਹਾ ਵੱਡਾ ਅਤੇ ਵਿਦਵਤਾ ਵਾਲਾ ਕੰਮ ਇਕ ਧਰਮ ਅਤੇ ਭਾਸ਼ਾ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ, ਪਾਲੀ, ਸੰਸਕਿ੍ਰਤ, ਬ੍ਰਜ, ਫਾਰਸੀ ਅਤੇ ਉਰਦੂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। IMG_6027.resizedਡਾ ਰਤਨ ਸੰਘ ਜੱਗੀ ਅਤੇ ਇਸ ਕੰਮ ਵਿਚ ਉਨ੍ਹਾਂ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਨ ਵਾਲੇ ਡਾ ਗੁਰਸ਼ਰਨ ਕੌਰ ਜੱਗੀ ਦੋਵੇਂ ਹੀ ਪੰਜਾਬੀ, ਹਿੰਦੀ, ਸੰਸਕਿ੍ਰਤ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਹਨ। ਸੰਸਾਰ ਦੇ ਬਾਕੀ ਧਰਮਾ ਦਾ ਵੀ ਉਨ੍ਹਾਂ ਨੇ ਅਧਿਐਨ ਕੀਤਾ ਹੋਇਆ ਹੈ। ਉਹ ਦੋਵੇਂ ਅਧਿਆਤਮਕਤਾ ਦੇ ਰੰਗ ਵਿਚ ਰੰਗੇ ਹੋਏ ਹਨ, ਜਿਸ ਕਰਕੇ ਭਾਸ਼ਾ ਦੀ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਇਸ ਸਮੇਂ ਜਦੋਂ ਸੰਸਾਰ ਵਿਚ ਲੋਕ ਕੁਰਾਹੇ ਪਏ ਹੋਏ ਹਨ। ਸਾਰੇ ਪਾਸੇ ਅੰਧਕਾਰ ਫ਼ੈਲਿਆ ਹੋਇਆ ਹੈ। ਜ਼ਾਤ ਪਾਤ ਦਾ ਬੋਲਬਾਲਾ ਹੈ। ਝੂਠ, ਫ਼ਰੇਬ ਕਰਕੇ ਇਨਸਾਨਾਂ ਵਿਚ ਆਪੋਧਾਪੀ ਫ਼ੈਲੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਵੱਲੋਂ ਕਿ੍ਰਤ ਕਰਨ, ਨਾਮ ਜਪਣ ਅਤੇ ਵੰਡ ਛਕੇ ਦੇ ਦਿੱਤੇ ਮਾਰਗ ਦਰਸ਼ਨ ਤੇ ਚਲਣ ਦੀ ਥਾਂ ਲੋਕ ਵਿਹਲੜ ਬਣ ਗਏ ਹਨ। ਨਾਮ ਜਪਣ ਤੋਂ ਵੀ ਮੁਨਕਰ ਹੋ ਗਏ ਹਨ। ਅਜਿਹੇ ਸਮੇਂ ਇਕ ਅਜਿਹੀ ਪੁਸਤਕ ਦੀ ਲੋੜ ਸੀ, ਜਿਸਨੂੰ ਪੜ੍ਹਕੇ ਗੁਰੂ ਦੀ ਦਿੱਤੀ ਨਸੀਅਤ ਉਪਰ ਪਹਿਰਾ ਦੇ ਸਕਣ। ਪ੍ਰੰਤੂ ਇਸ ਪੁਸਤਕ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ। ਪੰਜਾਬ ਸਰਕਾਰ ਨੂੰ ਅਜਿਹੀਆਂ ਪੁਸਤਕਾਂ ਨਾ ਮਾਤਰ ਮੁੱਲ ਉਪਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਡਾ ਰਤਨ ਸਿੰਘ ਜੱਗੀ ਵਰਗੇ ਵਿਦਵਾਨ ਦੀ ਮਿਹਨਤ ਦਾ ਲਾਭ ਉਠਾਇਆ ਜਾ ਸਕੇ ਅਤੇ ਗੁਰੂ ਦੀ ਵਿਚਾਰਧਾਰਾ ਆਮ ਲੋਕਾਂ ਵਿਚ ਪਹੁੰਚ ਸਕੇ। ਇਸ ਪੁਸਤਕ ਦੇ ਆਕਾਰ ਅਤੇ ਕੀਤੇ ਕੰਮ ਨੂੰ ਵੇਖਕੇ ਡਾ ਰਤਨ ਸਿੰਘ ਜੱਗੀ ਦੀ ਘਾਲਣਾ ਅੱਗੇ ਸਿਰ ਝੁਕ ਜਾਂਦਾ ਹੈ ਕਿ ਗੁਰੂ ਨੇ ਇਤਨੀ ਵੱਡੀ ਉਮਰ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਇਸ ਪੁਸਤਕ ਨੂੰ ਲਿਖਣ ਦੀ ਅਥਾਹ ਸਮਰੱਥਾ ਬਖ਼ਸ਼ੀ ਹੈ। ਂਡਾ ਰਤਨ ਸਿੰਘ ਜੱਗੀ ਨੇ ਬੜੀ ਸਰਲ ਭਾਸ਼ਾ ਵਿਚ ਅਰਥ ਕੀਤੇ ਹਨ, ਜਿਹੜੇ ਆਮ ਪਾਠਕ ਦੇ ਸਮਝ ਵਿਚ ਆ ਜਾਂਦੇ ਹਨ। ਉਦਾਹਰਣ ਲਈ  ਸਿਰੀ ਰਾਗੁ ਵਿਚ ਪੁਸਤਕ ਦੇ ਪੰਨਾ 79 ‘ਤੇ ਸਲੋਕ ਹੈ-

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦ ਪਛਾਣ॥4॥

ਇਸਦੇ ਅਰਥ ਇਸ ਪ੍ਰਕਾਰ ਹਨ-ਹੇ ਵਣਜਾਰੇ ਮਿਤਰ! ਉਮਰ ਦੇ ਚੌਥੇ ਪਹਿਰ ਵਿਚ (ਜੀਵ) ਬਿਰਧ ਹੋ ਜਾਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿਤਰ! ਅੱਖਾਂ ਅਗੇ ਹਨੇਰਾ ਆ ਜਾਣ ਕਾਰਣ ਦਿਸਦਾ ਨਹੀਂ ਅਤੇ ਕੰਨਾਂ ਰਾਹੀਂ ਬੋਲ ਵੀ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ (ਹੋ ਜਾਂਦਾ ਹੈ) ਅਤੇ ਜੀਭ ਰਸ ਮਾਣਨ (ਦੀ ਰੁਚੀ) ਨਹੀਂ ਰਹਿੰਦੀ, ਸ਼ਕਤੀ ਅਤੇ ਪਰਾਕ੍ਰਮ/ ਉਦਮ ਮੁਕ ਜਾਂਦੇ ਹਨ। ਹਿਰਦੇ ਵਿਚ ਗੁਣ ਨਹੀਂ ਹੁੰਦੇ, (ਫਿਰ) ਉਹ ਮਨਮੁਖ ਕਿਵੇਂ ਸੁਖ ਪ੍ਰਾਪਤ ਕਰ ਸਕਦਾ ਹੈ, (ਬਸ) ਆਵਾਗਵਣ ਦੇ ਚੱਕਰ ਵਿਚ (ਪਿਆ ਰਹਿੰਦਾ ਹੈ)। (ਉਮਰ ਰੂਪ) ਖੇਤੀ ਦੇ ਪਕ ਜਾਣ ‘ਤੇ ਕੁੜਕ ਕੇ ਟੁੱਟ ਜਾਂਦਾ ਹੈ (ਭਾਵ ਮਿ੍ਰਤੂ ਹੋ ਜਾਂਦੀ ਹੈ)। (ਸੰਸਾਰ ਵਿਚ) ਜਨਮ ਲੈ ਕੇ ਫਿਰ ਚਲੇ ਜਾਣ ਵਿਚ ਕੋਈ ਮਾਣ ਦੀ ਗੱਲ ਨਹੀਂ ਹੁੰਦੀ। ਨਾਨਕ ਦਾ ਕਥਨ ਹੈ ਕਿ ਹੇ ਪ੍ਰਣੀ! (ਜੀਵਨ ਦੇ) ਚੌਥੇ ਪਹਿਰ ਵਿਚ ਗੁਰੂ ਦੀ ਸਿਖਿਆ ਅਨੁਸਾਰ ਸ਼ਬਦ ਦੀ ਪਛਾਣ ਕਰ।4।

ਡਾ ਰਤਨ ਸਿੰਘ ਜੱਗੀ ਨੇ ਸਰਲ ਢੰਗ ਨਾਲ ਅਰਥ ਦੱਸੇ ਹਨ। ਇਤਨੇ ਵੱਡੇ ਵਿਦਵਾਨ ਦਾ ਆਮ ਪਾਠਕਾਂ ਦੇ ਪੱਧਰ ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ ਪ੍ਰੰਤੂ ਡਾ ਜੱਗੀ ਆਮ ਪਾਠਕ ਦੀ ਨਬਜ਼ ਨੂੰ ਸਮਝਦੇ ਹਨ। ਇਸ ਕਰਕੇ ਉਨ੍ਹਾਂ ਨੇ ਉਨ੍ਹਾਂ ਦੀ ਲੋੜ ਅਨੁਸਾਰ ਸਾਧਨਾ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>