ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਸਾਹਿਤਕ ਮੀਟਿੰਗ ਅਤੇ ਕਵੀ ਦਰਬਾਰ

Seatle.resizedਸਰੀ, (ਹਰਦਮ ਮਾਨ )- ਪੰਜਾਬੀ ਲਿਖਾਰੀ ਸਭਾ ਦੀ ਭਰਵੀਂ ਸਾਹਿਤਕ ਮੀਟਿੰਗ ਸਭਾ ਦੇ ਸਰਪ੍ਰਸਤ ਸ਼ਿੰਗਾਰਾ ਸਿੰਘ ਸਿੱਧੂ ਅਤੇ ਸਵਰਾਜ ਕੌਰ ਦੀ ਸਰਪ੍ਰਸਤੀ ਹੇਠ ਹੋਈ। ਸਭਾ ਦੇ ਸਕੱਤਰ ਡਾ.ਸੁਖਵੀਰ ਸਿੰਘ ਬੀਹਲਾ ਨੇ ਪਿਛਲੇ ਸਮੇਂ ਵਿਚ ਵਿਛੜ ਚੁੱਕੇ ਸਭਾ ਦੇ ਸਤਿਕਾਰਤ ਅਹੁਦੇਦਾਰ ਤੇ ਮੈਂਬਰਾਂ ਨੂੰ ਯਾਦ ਕੀਤਾ ਅਤੇ ਸਭਾ ਦੀ ਸਾਬਕਾ ਪ੍ਰਧਾਨ ਮਨਜੀਤ ਕੌਰ ਗਿੱਲ ਦੇ ਪਤੀ ਰਣਜੀਤ ਸਿੰਘ ਗਿੱਲ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਤੇ ਸੰਵੇਦਨਾਵਾਂ ਸਾਂਝੀਆਂ ਕੀਤੀਆਂ। ਸਭਾ ਦੇ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਇਸ ਕਵੀ ਦਰਬਾਰ ਨਾਲ ਜੁੜੇ ਸਾਰੇ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬੀ ਲਿਖਾਰੀ ਸਭਾ ਨੂੰ ਪਿਛਲੇ 2 ਸਾਲਾਂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਉਣ ਲਈ ਪਿਛਲੀ ਟੀਮ ਵੱਲੋਂ  ਕੀਤੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਭੈਣ ਭਰਾ ਦੀ ਪਵਿੱਤਰ ਮੁਹੱਬਤ ਦੇ ਗੂੜ੍ਹੇ ਰਿਸ਼ਤੇ ਦੀ ਪ੍ਰਤੀਕ ਰੱਖੜੀ ਦੇ ਪਾਵਨ ਦਿਵਸ ਲਈ ਦੁਨੀਆਂ ਦੇ ਸਾਰੇ ਭੈਣ ਭਰਾਵਾਂ ਨੂੰ ਸਭਾ ਵੱਲੋਂ ਮੁਬਾਰਕਾਂ ਦਿੱਤੀਆਂ।

ਕਵੀ ਦਰਬਾਰ ਦੀ ਸ਼ੁਰੂਆਤ ਸ਼ਿੰਗਾਰ ਸਿੰਘ ਸਿੱਧੂ ਨੇ ‘ਬੇਬੇ ਦੇ ਸੰਦੂਕ ਵਿੱਚ ਬਾਪੂ ਦੀ ਬੰਦੂਕ, ਚੇਤੇ ਨਾਲ ਸੰਭਾਲ ਲਈਂ ਨੀ ਮਾਂ’ ਗੀਤ ਨੂੰ ਤਰੰਨਮ ’ਚ ਗਾ ਕੇ ਕੀਤੀ। ‘ਆ ਵੇ ਮੇਰੇ ਹਾਣੀਆ, ਆ ਵੇ ਕੁਝ ਕਰੀਏ ਵਿਚਾਰ ਅਤੇ ‘ਤੇਰੇ ਬਿਨ ਜੀਣ ਨੂੰ ਤਾਂ ਜੀਅ ਲਿਆ’ ਬੜੀਆਂ  ਹੀ ਭਾਵ-ਪੂਰਤ ਕਵਿਤਾਵਾਂ ਨਾਲ ਸਵਰਾਜ ਕੌਰ ਨੇ ਹਾਜ਼ਰੀ ਲਵਾਈ। ਵਾਸੂਦੇਵ ਪਰਿਹਾਰ ਨੇ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਸੁਲਤਾਨ ਬਾਹੂ ਦੀ ਰਚਨਾ ਸਾਂਝੀ ਕੀਤੀ। ਡਾ.ਪ੍ਰੇਮ ਕੁਮਾਰ ਨੇ ਡੂੰਘੇ ਅਰਥਾਂ ਨੂੰ ਆਪਣੀ ਬੁੱਕਲ ‘ਚ ਸਮੇਟੀ ਬੈਠੀ ਨਜ਼ਮ ‘ਜ਼ਿੰਦਗੀ.. ਅੱਜ ਕੱਲ ਥੱਕ ਜਾਂਦਾ ਹਾਂ’ ਅਤੇ 12 ਸਤਰਾਂ ‘ਚ ਲਿਖੀ ‘ਆਟੋ-ਬਾਇੳਗ੍ਰਾਫੀ’ ਪੇਸ਼ ਕੀਤੀ।‘ਆਉਣ ਤੇਰੇ ਵੱਲੋਂ ਠੰਢੀਆਂ ਹਵਾਵਾਂ, ਮਹਿਕ ਖਿੜੇ ਗੁਲਜ਼ਾਰ’ ਭੈਣ ਭਰਾ ਦੇ ਪਿਆਰ ‘ਚ ਗੁੰਨੇ ਗੀਤ ਨੂੰ ਸਾਧੂ ਸਿੰਘ ਝੱਜ ਨੇ ਆਪਣੀ ਪਿਆਰੀ ਆਵਾਜ਼ ਦਿਤੀ। ‘ਆ ਵੀਰਾ ਤੇਰੇ ਬੰਨ ਦਿਆਂ ਰੱਖੜੀ ਇਹ ਤੰਦ ਪਿਆਰਾਂ ਦੀ’ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੜ੍ਹੀ। ਡਾ.ਜਸਵੀਰ ਕੌਰ ਨੇ ਆਪਣੀ ਕਵਿਤਾ ‘ਹਰ ਹਾਦਸਾ ਮੈਨੂੰ ਥੋੜ੍ਹਾ ਤੋੜਦਾ ਹੀ ਗਿਆ, ਦਰਿਆਈ ਕੰਢੇ ਵਰਗੀ ਮੇਰੀ ਹਕੀਕਤ ਹੈ’ ਰਾਹੀਂ ਔਰਤ ਦੀਆਂ ਰਮਜ਼ਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ। ਮੰਗਤ ਕੁਲਜਿੰਦ ਨੇ ਪਤੀ ਪਤਨੀ ਦੀ ਨੋਕ-ਝੋਕ, ‘ਲੱਗੇ ਅਪੱਸ਼ਰਾਂ ਤੂੰ ਮੈਨੂੰ, ਇਸੇ ਲਈ ਪੈਗ’ ਅਤੇ ਨੇਤਾਵਾਂ ਦੇ ਕਿਰਦਾਰ ‘ਤੇ ਵਿਅੰਗਾਤਮਕ ਕਵਿਤਾ ‘ਥੋੜ੍ਹੀ ਜਿੰਨੀ ਕਸਰ ਅਜੇ ਤਾਂ ਬਾਕੀ ਐ’ ਪੜ੍ਹ ਕੇ ਮਾਹੌਲ ਨੂੰ ਹਾਸਿਆਂ ਭਰਪੂਰ ਬਣਾ ਦਿੱਤਾ। ਸੁੰਦਰ ਪਾਲ ਰਾਜਾਸਾਂਸੀ ਨੇ ‘ਸਹੁਰੇ ਦਾ ਮਰਨਾ’ ਕਵਿਤਾ ਰਾਹੀ ਹਾਸਿਆਂ ਨੂੰ ਦੁੱਗਣਾ ਕਰ ਦਿੱਤਾ। ਬਲਿਹਾਰ ਸਿੰਘ ਲੇਹਲ ਨੇ ਆਪਣੇ ਗੀਤ ‘ਲੰਬੇ ਰੂਟ ਤੇ ਨਾ ਜਾ ਵੇ ਡਰਾਈਵਰਾ’ ਨੂੰ ਤਰੰਨਮ ‘ਚ ਗਾ ਕੇ ਡਰਾਈਵਰਾਂ ਦੀ ਸੰਘਰਸ਼ੀ ਜ਼ਿੰਦਗੀ ਨੂੰ ਉਜਾਗਰ ਕੀਤਾ। ‘ਬੜੇ ਚਾਅ ਨਾਲ ਛੱਡਿਆ ਸੀ ਘਰਬਾਰ ਨੂੰ’ ਸਥਾਪਿਤ ਗੀਤਕਾਰ ਸ਼ਿੰਦਰਪਾਲ ਔਜਲਾ ਨੇ ਵਿਦੇਸ਼ਾਂ ਵਿਚ ਵਸਦੇ ਪਰਵਾਸੀਆਂ ਦੇ ਦਿਲ ਦੀ ਪੀੜ ਨੂੰ ਪਛਾਣਿਆ। ਬਰਨਾਲਾ ਤੋਂ ਹਾਜ਼ਰੀ ਲਵਾ ਰਹੇ ਮਾਲਵਿੰਦਰ ਸ਼ਾਇਰ ਨੇ ‘ਸੁਣ ਦੂਰ ਵੱਸਣ ਵਾਲਿਆ, ਉਮਰਾਂ ਨੂੰ ਘੁਣ ਖਾ ਲਿਆ’ ਗੀਤ ਰਾਹੀਂ ਵਿਛੋੜਿਆਂ ਦੀ ਪੀੜ ਸਾਂਝੀ ਕੀਤੀ। ‘ਮੈਂ ਪੰਜਾਬ ਬੋਲਦਾਂ, ਮੇਰੀ ਸੁਣੋ ਕਹਾਣੀ ’ ਪੰਜਾਬ ਦੀ ਦੁਖ ਭਰੀ ਦਾਸਤਾਂ ਨੂੰ ਰਮਨਦੀਪ ਕੌਰ ਰੰਮੀ ਗਿਦੜਬਾਹਾ ਨੇ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ‘ਜਦੋਂ ਮੈਂ ਨਿਆਣਾ ਸੀ, ਬੜਾ ਗੰਦ ਪਾਉਂਦਾ ਸੀ, ਮੇਰੀ ਮਾਂ ਭਰੋਸੇ’ ਰਾਹੀਂ ਹਰਪਾਲ ਸਿੰਘ ਸਿੱਧੂ ਨੇ ਮਾਂ ਦੇ ਪਿਆਰ ਨੂੰ ਸ਼ਬਦਾਂ ਵਿੱਚ ਪਰੋਇਆ। ਪੰਜਾਬੀ ਦੇ ਮਸ਼ਹੂਰ ਸ਼ਾਇਰਾਂ ਦੇ ਪ੍ਰਸਿੱਧੀ ਪ੍ਰਾਪਤ ਸ਼ਿਅਰ ਪੇਸ਼ ਕਰਕੇ ਡਾ. ਸੁਖਵੀਰ ਬੀਹਲਾ ਨੇ ਪ੍ਰੋਗਰਾਮ ਦੀ ਰੌਚਕਤਾ ਨੂੰ ਬਰਕਰਾਰ ਰੱਖਿਆ। ਉਹਨਾਂ ਪੇਸ਼ ਕੀਤੀਆਂ ਕਵਿਤਾਵਾਂ, ਗੀਤਾਂ ਦੇ ਵਿਸ਼ੇ ਤੇ ਕਲਾ ਪੱਖਾਂ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਕਵੀਆਂ ਦੀ ਸੰਖੇਪ ਜਾਣ-ਪਛਾਣ ਵੀ ਕਰਵਾਈ। ਇਸ ਪ੍ਰੋਗਰਾਮ ਵਿੱਚ ਹਰਮੀਤ ਕੌਰ ਮੀਤ ਗੁਰਦਾਸਪੁਰ, ਹਰਮੀਤ ਕੌਰ, ਸਾਬਕਾ ਪ੍ਰਧਾਨ ਮਨਜੀਤ ਕੌਰ ਗਿੱਲ, ਸੁਰਿੰਦਰ ਸਿੰਘ ਗਿੱਲ, ਮਨਜੀਤ ਕੌਰ ਅੰਮ੍ਰਿਤਸਰ ਅਤੇ ਫੇਸ ਬੁਕ ਤੇ ਜੁੜੇ ਸਰੋਤਿਆਂ ਨੇ ਆਪਣੇ ਕਮੈਂਟ ਦੇ ਕੇ ਕਵੀਆਂ ਦੀ ਹੌਸਲਾ ਅਫਜਾਈ ਕੀਤੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>