ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਲਈ ਥੰਮ੍ਹ: ਡਾ. ਵਿਜੈ ਲਕਸ਼ਮੀ

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਤਕਨੀਕੀ ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਕੋਲਕੱਤਾ ਦੀ ਜਨਰਲ ਪ੍ਰੈਜੀਡੈਂਟ ਡਾ. ਵਿਜੈ ਲਕਸ਼ਮੀ ਸਕਸੇਨਾ ਅਤੇ ਹੋਰ ਸਖ਼ਸ਼ੀਅਤਾਂ।

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਤਕਨੀਕੀ ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਕੋਲਕੱਤਾ ਦੀ ਜਨਰਲ ਪ੍ਰੈਜੀਡੈਂਟ ਡਾ. ਵਿਜੈ ਲਕਸ਼ਮੀ ਸਕਸੇਨਾ ਅਤੇ ਹੋਰ ਸਖ਼ਸ਼ੀਅਤਾਂ।

ਮਾਂ ਬੋਲੀ ’ਚ ਮਿਲੀ ਮੁੱਢਲੀ ਸਿੱਖਿਆ ਵਿਦਿਆਰਥੀ ਲਈ ਠੋਸ ਨੀਂਹ ਦੀ ਸਥਾਪਨਾ ਕਰਦੀ ਹੈ: ਅਨਿਲ ਸਹਿਰਸਬੁਧੇ
ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਦੇ ਥੰਮ੍ਹ ਹਨ।ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੂੰ ਇੱਕ ਦੂਜੇ ਨਾਲ ਸਾਂਝੇਦਾਰੀ ਕਾਇਮ ਕਰਨੀ ਚਾਹੀਦੀ ਹੈ, ਤਾਂ ਜੋ ਸਾਂਝੇ ਖੋਜ ਯਤਨ ਸਾਡੀ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਉਮੀਦਾਂ ਨੂੰ ਪੂਰਾ ਕਰ ਸਕਣ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਕੋਲਕੱਤਾ ਦੀ ਜਨਰਲ ਪ੍ਰੈਜੀਡੈਂਟ ਡਾ. ਵਿਜੈ ਲਕਸ਼ਮੀ ਸਕਸੇਨਾ ਨੇ ਕੀਤਾ। ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਜਾ ਰਹੇ ਭਾਰਤ ਦੇ ਸੱਭ ਤੋਂ ਤਕਨੀਕੀ ਮੇਲੇ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੇ 17 ਸਥਿਰ ਵਿਕਾਸ ਟੀਚਿਆਂ ਪ੍ਰਤੀ ਵਚਨਬੱਧਤਾ ਦੀ ਪੂਰਤੀ ਲਈ ਸਾਂਝਾ ਦਿ੍ਰਸ਼ਟੀਕੋਣ ਪੈਦਾ ਕਰਨ ਦੇ ਨਾਲ-ਨਾਲ ਤਕਨੀਕੀ ਸਿੱਖਿਆ ’ਚ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਦੇ ਉਦੇਸ਼ ਨਾਲ ’ਵਰਸਿਟੀ ਵੱਲੋਂ 4 ਸਤੰਬਰ ਤੱਕ ਤਕਨੀਕੀ ਮੇਲਾ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਪ੍ਰੋਗਰਾਮ ਦੌਰਾਨ ਆਈ.ਆਈ.ਟੀ, ਐਨ.ਆਈ.ਟੀ, ਆਈ.ਆਈ.ਆਈ.ਟੀਜ਼ ਅਤੇ ਆਈ.ਆਈ.ਐਮ ਵਰਗੇ ਪ੍ਰਮੁੱਖ ਅਦਾਰਿਆਂ ਤੋਂ 50 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਮੂਲੀਅਤ ਕਰ ਰਹੇ ਹਨ।

ਇਸ ਦੌਰਾਨ ਸਮੁੱਚੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਭਾਰਤ ਨੂੰ ਵਿਸ਼ਵ-ਗੁਰੂ ਵਜੋਂ ਉਭਰਨ ਵਿੱਚ ਸਹਾਇਤਾ ਕਰਨ ਲਈ ਉੱਚ ਸਿੱਖਿਆ ’ਚ ਭਾਰਤੀ ਕਦਰਾਂ ਕੀਮਤਾਂ ਅਤੇ ਸਦਾਚਾਰ ਨੂੰ ਸ਼ਾਮਲ ਕਰਨ ਸਬੰਧੀ ਅਹਿਮ ਵਿਚਾਰਾਂ ਹੋਈਆਂ। ਇਸ ਅਹਿਮ ਵਿਸ਼ੇ ’ਤੇ ਇਜ਼ਰਾਈਲ ਸਪੇਸ ਏਜੰਸੀ ਦੇ ਸਹਿ-ਸੰਸਥਾਪਕ ਅਤੇ ਸੇਵਾਮੁਕਤ ਬਿ੍ਰਗੇਡੀਅਰ ਜਨਰਲ ਇਜ਼ਰਾਈਲ ਮਿਲਟਰੀ ਇੰਟੈਲੀਜੈਂਸ ਡਾਇਰੈਕਟੋਰੇਟ ਪ੍ਰੋ.ਚੈਮ ਈਸ਼ੇਦ, ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਦੇ ਚੇਅਰਮੈਨ ਸ਼੍ਰੀ ਅਨਿਲ ਡੀ ਸਹਿਰਸਬੁਧੇ, ਯੂਨੈਸਕੋ ਦੇ ਐਗਜ਼ੀਕਿਊਟਿਵ ਬੋਰਡ ਲਈ ਭਾਰਤ ਦੇ ਨੁਮਾਇੰਦੇ ਪਦਮਾਸ਼੍ਰੀ ਪ੍ਰੋ. ਜੇ.ਐਸ ਰਾਜਪੂਤ, ਐਨ.ਈ.ਪੀ.ਏ ਨਵੀਂ ਦਿੱਲੀ ਦੇ ਵਾਈਸ ਚਾਂਸਲਰ ਪ੍ਰੋ. ਐਨ.ਵੀ ਵਰਗੀਸ ਯੂਨੈਸਕੋ ਡਾਇਰੈਕਟਰ ਪ੍ਰੋ. ਅਨੰਤ ਦੁਰੈਪਾ, ਯੂ.ਐਨ.ਓ ਮੈਂਬਰ ਏਸ਼ੀਆ ਪੈਸੀਫਿਕ ਐਮ.ਓ.ਓ.ਸੀ.ਐਸ ਕਮੇਟੀ ਡਾ. ਮਨਪ੍ਰੀਤ ਸਿੰਘ ਮੰਨਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਜਾਣਕਾਰੀ ਭਰਪੂਰ ਤਕਰੀਰਾਂ ਪੇਸ਼ ਕੀਤੀਆਂ।

ਇਸ ਮੌਕੇ ਗੱਲਬਾਤ ਕਰਦਿਆਂ ਡਾ. ਵਿਜੈ ਲਕਸ਼ਮੀ ਸਕਸੇਨਾ ਨੇ ਕਿਹਾ ਕਿ ਭਾਰਤ ਨੂੰ ਸਹੀ ਆਰਥਿਕ ਵਿਕਾਸ ਲਈ ਇੱਕ ਵੱਖਰਾ ਡਿਵੈਲਪਮੈਂਟ ਮਾਡਲ ਅਪਣਾਉਣ ਦੀ ਲੋੜ ਹੈ। ਇਹ ਸਿਰਫ਼ ਸਾਡੇ ਲਈ ਹੀ ਨਹੀਂ ਬਲਕਿ ਵਿਸ਼ਵਵਿਆਪੀ ਪੱਧਰ ’ਤੇ ਲਾਗੂ ਹੁੰਦਾ ਹੈ।ਭਾਰਤੀ ਸੱਭਿਅਤਾ ਨੇ ਸਦੀਆਂ ਤੋਂ ਤਰੱਕੀ ਕੀਤੀ ਹੈ ਅਤੇ ਇਸ ਵਕਤ ਇਹ ਸਮਝ ਲਿਆ ਗਿਆ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਲਈ ਪ੍ਰੇਰਕ ਸ਼ਕਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਸ਼ਵ ਪੱਧਰ ’ਤੇ ਇੱਕ ਸ਼ਕਤੀ ਦੇ ਰੂਪ ’ਚ ਉਭਰਿਆ ਹੈ ਅਤੇ ਪਿਛਲੇ 6-7 ਦਹਾਕਿਆਂ ਵਿੱਚ ਦੇਸ਼ ਦੇ ਵਿਗਿਆਨੀਆਂ ਨੇ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਵਿਗਿਆਨ ਅਤੇ ਤਕਨਾਲੋਜੀ ਨੇ ਸਮਾਜਕ ਉਮੀਦਾਂ ਨੂੰ ਵਧਾ ਦਿੱਤਾ ਹੈ ਅਤੇ ਇਸ ਤਰ੍ਹਾਂ ਵਿਗਿਆਨਕ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਕ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨ।

ਡਾ. ਲਕਸ਼ਮੀ ਨੇ ਕਿਹਾ ਕਿ ਤੇਜ਼ੀ ਨਾਲ ਵਿਕਸਤ ਹੋ ਰਹੇ ਅਤਿ-ਆਧੁਨਿਕ ਯੁੱਗ ’ਚ ਸਾਨੂੰ ਭਾਰਤੀ ਵਿਗਿਆਨ ਅਤੇ ਤਕਨਾਲੋਜੀ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਚਿੰਤਨ ਪ੍ਰੀਕਿਰਿਆ ਨੂੰ ਤੇਜ ਕਰਨ ਲਈ ਕਲਾਸਰੂਮ ਅਤੇ ਪਾਠ-ਪੁਸਤਕਾਂ ਤੋਂ ਪਰੇ ਜਾ ਕੇ ਗਿਆਨ ਦੀਆਂ ਹੱਦਾਂ ਨੂੰ ਵਧਾਉਣ ਵਿਦਿਅਕ ਸੰਸਥਾਵਾਂ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਖੋਜ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਸਦਾ ਸਮਾਜ ’ਤੇ ਮਹੱਤਵਪੂਰਨ ਪ੍ਰਭਾਵ ਪਵੇਗਾ।ਉਨ੍ਹਾਂ ਕਿਹਾ ਕਿ ਖੋਜ਼ ਦੀ ਗੁਣਵੱਤਾ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਉੱਚ ਜ਼ੋਖਮ ਅਤੇ ਉਚ ਮੁਨਾਫ਼ੇ ਵਾਲੀ ਖੋਜ ਵਿਗਿਆਨੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਰਕਾਰੀ ਜਾਂ ਨਿੱਜੀ ਖੇਤਰ ਦੇ ਹਿੱਤ ਦੇ ਮਹੱਤਵਪੂਰਨ ਖੇਤਰਾਂ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ।

ਇਸ ਮੌਕੇ ਪ੍ਰੋ. ਚੈਮ ਈਸ਼ੇਦ ਨੇ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਹੈ ਕਿ ਵਿਦਿਆਰਥੀਆਂ ਨੂੰ ਇਨੋਵੇਸ਼ਨ ਅਤੇ ਖੋਜ ਕਾਰਜਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ, ਜਿਸ ’ਚ ਸਪੇਸ ਪ੍ਰੋਗਰਾਮ ਦੀ ਵਿਸ਼ੇਸ਼ ਅਹਿਮੀਅਤ ਹੈ।ਇਜ਼ਰਾਈਲ ਸਪੇਸ ਪ੍ਰੋਗਰਾਮਾਂ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਰਿਵਾਇਤੀ ਸੈਟੇਲਾਈਟ ਵਾਲੀਆਂ ਪ੍ਰਣਾਲੀਆਂ ਛੱਡ ਕੇ ਨੈਨੋ ਸੈਟੇਲਾਈਟ ਦਾ ਨਿਰਮਾਣ ਕਰਕੇ ਸਪੇਸ ਤਕਨਾਲੋਜੀ ਨੂੰ ਨਵੀਂ ਸੇਧ ਪ੍ਰਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸਰਾਈਲ ’ਚ ਹਾਈ ਅਤੇ ਸੈਕੰਡਰੀ ਪੱਧਰ ’ਤੇ ਵਿਦਿਆਰਥੀਆਂ ਨੂੰ ਨੈਨੋ ਸੈਟੇਲਾਈਟ ਨਿਰਮਾਣ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਮਾਈਕ੍ਰੋ ਸੈਟੇਲਾਈਟ ਟੈਕਸਾਸ ਜਿਸਦੀ ਪ੍ਰੇਰਨਾਮਈ ਉਦਾਹਰਣ ਹੈ, ਜੋ ਗਿਨੀਜ਼ ਬੁੱਕ ਆਫ਼ ਰਿਕਾਰਡ ’ਚ ਦਰਜ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਸਾਨੂੰ ਇਕੱਠੇ ਕਰ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਬਿਹਤਰ ਭਵਿੱਖ ਵੱਲ ਲਿਜਾ ਸਕਦੀ ਹੈ। ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਮਨੁੱਖਤਾ ਟੈਕਨਾਲੋਜੀ ਦੇ ਸਾਹਮਣੇ ਕਿੱਥੇ ਖੜੀ ਹੈ ਅਤੇ ਬਿਹਤਰ ਸੰਸਾਰ ਦੇ ਨਿਰਮਾਣ ਲਈ ਇੱਕ ਕਦਮ ਅੱਗੇ ਵਧਾਉਂਦੀ ਹੈ।ਉਨ੍ਹਾਂ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦੇ ਆਪਸੀ ਸਬੰਧ ਦੂਜੇ ਦੇਸ਼ਾਂ ਨੂੰ ਵੀ ਆਪਸੀ ਭਾਈਚਾਰਾ ਸਥਾਪਿਤ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਹਮੇਸ਼ਾ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਨ।

ਪ੍ਰੋ. ਅਨਿਲ ਸਹਿਰਸਬੁਧੇ ਨੇ ਕਿਹਾ ਕਿ ਸਾਰਿਆਂ ਲਈ ਸਿੱਖਿਆ ਸਾਡੀ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਹੈ।ਨਵੀਂ ਸਿੱਖਿਆ ਨੀਤੀ ਆਪਣੇ ਪਹਿਲੇ ਪੈਰਾਗ੍ਰਾਫ਼ ਵਿੱਚ ਹੀ ਸਮੁੱਚੀਆਂ ਮਨੁੱਖੀ ਸੰਭਾਵਨਾਵਾਂ ਦੀ ਖੋਜ ਕਰਨ ਦੀ ਗੱਲ ਕਰਦੀ ਹੈ।ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਵਿਅਕਤੀਗਤ ਤੌਰ ’ਤੇ ਪ੍ਰਤਿਭਾ ਹੁੰਦੀ ਹੈ। ਇਹ ਅਧਿਆਪਕਾਂ ਦੀ ਭੂਮਿਕਾ ਹੈ ਕਿ ਉਹ ਵੱਖ-ਵੱਖ ਵਿਦਿਆਰਥੀਆਂ ਦੀ ਖੋਜ ਕਰਨ, ਤਰਾਸ਼ਣ, ਉਨ੍ਹਾਂ ਦਾ ਪੋਸ਼ਣ ਕਰਨ, ਸਮਰਥਨ ਕਰਕੇ ਵਿਕਾਸ ਕਰਨ, ਇਹੀ ਸਾਡੇ ਭਾਰਤੀ ਕਦਰਾਂ ਕੀਮਤਾਂ ਅਤੇ ਸਦਾਚਾਰ ਨੇ ਸਾਨੂੰ ਸਿਖਾਇਆ ਹੈ ਅਤੇ ਸਾਡੀ ਨਵੀਂ ਸਿੱਖਿਆ ਨੀਤੀ ਵੀ ਇਸੇ ਧੁਰੇ ਦੇ ਆਲੇ ਦੁਆਲੇ ਘੁੰਮਦੀ ਹੈ।ਸਕੂਲੀ ਅਤੇ ਉਚ ਸਿੱਖਿਆ ’ਚ ਮਾਤਭਾਸ਼ਾ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਮਾਂ ਬੋਲੀ ’ਚ ਸ਼ੁਰੂਆਤੀ ਸਿੱਖਿਆ ਇੱਕ ਮਜ਼ਬੂਤ ਨੀਂਹ ਦੀ ਸਥਾਪਨਾ ਕਰਦੀ ਹੈ। ਇੱਕ ਬੱਚਾ ਆਪਣੀ ਮਾਂ ਬੋਲੀ ’ਚ ਅਰਾਦਮਿਕ ਮਹੌਲ ਮਹਿਸੂਸ ਕਰਦਾ ਹੈ, ਇਸ ਲਈ ਮੁੱਢਲੀ ਸਿੱਖਿਆ ਮਾਤ ਭਾਸ਼ਾ ’ਚ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਇਹੀ ਨਹੀਂ ਜਿੱਥੇ ਸੰਭਵ ਹੋਵੇ ਉੱਚ ਸਿੱਖਿਆ ਵੀ ਮਾਂ ਬੋਲੀ ’ਚ ਦਿੱਤੀ ਜਾਣੀ ਚਾਹੀਦੀ ਹੈ।ਸਹਿਰਸਬੁਧੇ ਨੇ ਕਿਹਾ ਕਿ ਕਈ ਵਿਦਿਆਰਥੀ ਆਪਣੀ ਮਾਤ-ਭਾਸ਼ਾ ’ਚ ਸੈਕੰਡਰੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਜਦੋਂ ਉਹ ਵੱਖ-ਵੱਖ ਕੋਰਸਾਂ ਨੂੰ ਚੁਣਕੇ ਉਚੇਰੀ ਸਿੱਖਿਆ ’ਚ ਦਾਖ਼ਲ ਹੁੰਦੇ ਹਨ, ਤਾਂ ਭਾਸ਼ਾ ਦੇ ਫੇਰਬਦਲ ਕਰਕੇ ਸਿੱਖਿਆ ਉਨ੍ਹਾਂ ਦੀ ਸਮਝ ਤੋਂ ਬਾਹਰ ਹੋ ਜਾਂਦੀ ਹੈ, ਜੋ ਉਚ ਸਿੱਖਿਆ ’ਚ ਮਾਂ ਬੋਲੀ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਇਸ ਮੌਕੇ ਪਦਮਾਸ਼੍ਰੀ ਪ੍ਰੋ. ਜੇ.ਐਸ ਰਾਜਪੂਤ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਨਾਲ ਅਸੀਂ ਸਕੂਲ ਦੇ ਸ਼ੁਰੂਆਤੀ ਪੜ੍ਹਾਵਾਂ ਵਿੱਚ ਵਿਦਿਆਰਥੀਆਂ ਦੇ ਬੌਧਿਕ ਅਤੇ ਨੈਤਿਕ ਵਿਕਾਸ ਦੀ ਨੀਂਹ ਨੂੰ ਮਜ਼ਬੂਤ ਕਰਦੇ ਹਾਂ, ਫਿਰ ਨਿਸ਼ਚਿਤ ਤੌਰ ’ਤੇ ਇਸਦਾ ਨਤੀਜਾ ਉੱਚ ਸਿੱਖਿਆ ਵਿੱਚ ਆਪਣੇ ਆਪ ਵਿਖਾਈ ਦੇਵੇਗਾ ਅਤੇ ਸਿੱਖਿਆ ਵਿੱਚ ਭਾਰਤੀ ਕਦਰਾਂ ਕੀਮਤਾਂ ਅਤੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਮੁਸ਼ਕਲ ਸਿੱਧ ਨਹੀਂ ਹੋਵੇਗਾ। ਉਨ੍ਹਾਂ ਕਿਹਾ ਨਵੀਂ ਨੀਤੀ ਪੁਰਾਣੀ ਸਿੱਖਿਆ ਪ੍ਰਣਾਲੀ ਦੇ ਨਿਰਧਾਰਤ ਪਾਠਕ੍ਰਮ, ਨਿਰਧਾਰਤ ਪ੍ਰੀਖਿਆਵਾਂ ਆਦਿ ਵਿੱਚ ਮਹੱਤਵਪੂਰਨ ਬਦਲਾਅ ਪੈਦਾ ਕਰੇਗੀ।ਜੇਕਰ ਵਿਦਿਆਰਥੀਆਂ ਦੇ ਨਵੇਂ ਵਿਚਾਰਾਂ ਅਤੇ ਕਲਪਨਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਇਹ ਰਚਨਾਤਮਕਤਾ ਅਤੇ ਉਦਮਤਾ ਨੂੰ ਉਤਸ਼ਾਹਤ ਕਰੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ ਜੋ ਗਿਆਨ ਦੇ ਨਾਲ ਇੱਕ ਨੈਤਿਕ ਅਤੇ ਬੌਧਿਕ ਸਮਾਜ ਦੀ ਉਸਾਰੀ ਕਰੇ।

ਇਸ ਮੌਕੇ ਪ੍ਰੋ. ਅਨੰਥਾ ਦੁਰਯੱਪਾ ਨੇ ਸਿੱਖਿਆ ਪ੍ਰਣਾਲੀਆ ਨੂੰ ਸਿਖਿਆਰਥੀਆਂ ਨੂੰ ਭਾਵਨਾਤਮਕ ਗਿਆਨ ਨਾਲ ਵੀ ਲੈਸ ਕਰਨ ਵੱਲ ਧਿਆਨ ਦੇਣ ਦੀ ਜ਼ਰੂਰਤ ਨੂੰ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਉਸ ਪੜਾਅ ’ਤੇ ਹਾਂ ਜਿੱਥੇ ਅਸੀਂ ਵਿਅਕਤੀਗਤ ਸਿੱਖਿਆ ਪ੍ਰਦਾਨ ਕਰ ਸਕਦੇ ਹਾਂ ਕਿ ਸਾਡੇ ਕੋਲ ਤਕਨੀਕ ਹੈ ਅਤੇ ਸਾਨੂੰ ਭਵਿੱਖਮੁਖੀ ਤਕਨਾਲੋਜੀ ਦੀ ਖੋਜ ਕਰਨੀ ਚਾਹੀਦੀ ਹੈ।ਅਧਿਆਪਕ ਸਿਖਲਾਈ ਵਿੱਚ ਸਮਾਜਿਕ ਅਤੇ ਭਾਵਨਾਤਮਕ ਸਿਖਲਾਈ ਲਾਜ਼ਮੀ ਹੋਣ ਚਾਹੀਦੀ ਹੈ। ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਦੇ ਕਰੀਅਰ ਲਈ ਸਲਾਹਕਾਰ ਅਤੇ ਮਾਰਗ ਦਰਸ਼ਕ ਵਜੋਂ ਕੰਮ ਕਰਦੇ ਹਨ। ਇਨ੍ਹਾਂ ਉਮੀਦਾਂ ’ਤੇ ਖਰਾ ਉਤਰਨ ਲਈ ਅਧਿਆਪਕ ਨੂੰ ਪਹਿਲਾਂ ਆਪਣੀਆਂ ਭਾਵਨਾਵਾਂ ਨੂੰ ਨਿਯਤਿ੍ਰਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰੋ. ਐਨ. ਵੀ ਵਰਗੀਸ ਨੇ ਕਿਹਾ ਕਿ ਭਵਿੱਖ ’ਚ ਉਚੇਰੀ ਸਿੱਖਿਆ ਦੇ ਵਿਕਾਸ ਲਈ ਇਨੋਵੇਸ਼ਨ ਅਤੇ ਬਰਾਬਰਤਾ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਵਿੱਖ ’ਚ ਉਹੀ ਸੰਸਥਾਵਾਂ ਵਿਕਾਸ ਕਰਨਗੀਆਂ ਜੋ ਇਨੋਵੇਸ਼ਨ ਪ੍ਰਤੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਗੀਆਂ।ਉਨ੍ਹਾਂ ਕਿਹਾ ਕਿ ਸਿੱਖਿਆ ਗ਼ਰੀਬੀ ਅਤੇ ਅਸਮਾਨਤਾ ਨੂੰ ਘਟਾਉਣ ਦਾ ਸੱਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਭਾਰਤ ਵਿੱਚ ਪਿਛਲੇ ਕੁੱਝ ਦਹਾਕਿਆਂ ਵਿੱਚ ਪ੍ਰਾਇਮਰੀ ਸਿੱਖਿਆ ਦੇ ਸਰਵ ਵਿਆਪੀਕਰਨ, ਸਕੂਲ ਅਤੇ ਬੁਨਿਆਦੀ ਢਾਂਚੇ ਤੱਕ ਪਹੁੰਚ, ਅਧਿਆਪਕ-ਵਿਦਿਆਰਥੀ ਅਨੁਪਾਤ, ਲੜਕੀਆਂ ਦੇ ਦਾਖ਼ਲੇ ਵਿੱਚ ਸੁਧਾਰ ਆਦਿ ’ਚ ਮਹੱਤਵਪੂਰਨ ਤਰੱਕੀ ਹੋਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>