ਗਿਆਨੀ ਦਿੱਤ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਦਿੱਤੀ ਸੇਧ ਅਤੇ ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਨੂੰ ਕੌਮ ਕਤਈ ਨਹੀਂ ਭੁਲਾ ਸਕਦੀ : ਮਾਨ

51562135_2119841124774929_5527068738911731712_n.resized.resized.resized.resized.resized.resized.resized.resized.resizedਫ਼ਤਹਿਗੜ੍ਹ ਸਾਹਿਬ – “ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਵਿਚ ਉਹ ਦ੍ਰਿੜ ਇਰਾਦੇ ਵਾਲੀ ਅਤੇ ਦੂਰਅੰਦੇਸ਼ੀ ਰੱਖਣ ਵਾਲੀ ਉਹ ਮਹਾਨ ਸਖਸ਼ੀਅਤ ਸਨ, ਜਿਨ੍ਹਾਂ ਨੇ ਅਤਿ ਦੀ ਗਰੀਬੀ ਵਿਚ ਵੀ ਆਪਣੀ ਮਿਹਨਤ ਅਤੇ ਲਗਨ ਨਾਲ ਕੌਮੀ, ਗੁਰਮੁੱਖੀ ਅਤੇ ਸੰਸਾਰ ਪੱਧਰ ਦੀ ਉੱਚ ਤਾਲੀਮ ਹੀ ਹਾਸਿਲ ਨਹੀਂ ਕੀਤੀ, ਬਲਕਿ ਜਦੋਂ ਸਿੱਖ ਕੌਮ ਅਤੇ ਸਿੱਖ ਧਰਮ ਉਤੇ ਬਹੁਤ ਹੀ ਸਾਜ਼ਸੀ ਢੰਗਾਂ ਰਾਹੀ ਆਰੀਆ ਸਮਾਜੀ, ਇਸਾਈ ਧਰਮ ਵਾਲੇ ਹਮਲੇ ਕਰ ਰਹੇ ਸਨ ਅਤੇ ਕੌਮ ਬ੍ਰਾਹਮਣਵਾਦੀ ਸਮਾਜਿਕ ਬੁਰਾਈਆ ਵਿਚ ਫਸਦੀ ਜਾ ਰਹੀ ਸੀ ਤਾਂ ਗਿਆਨੀ ਜੀ ਨੇ ਆਪਣੀ ਵਿਦਵਤਾ ਅਤੇ ਆਪਣੇ ਨੇਕ ਅਧਿਆਪਕਾਂ ਤੋਂ ਲਈ ਅਗਵਾਈ ਰਾਹੀ ਉਸ ਵੱਡੀ ਮੁਸ਼ਕਿਲ ਦੀ ਘੜੀ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਉਤੇ ਪੂਰੀ ਸੰਜ਼ੀਦਗੀ ਨਾਲ ਪਹਿਰਾ ਦੇ ਕੇ ਸਿੱਖ ਕੌਮ ਨੂੰ ਬ੍ਰਾਹਮਣਵਾਦੀ ਉਲਝਣਾ ਵਿਚ ਫਸਣ ਤੋਂ ਹੀ ਨਹੀਂ ਬਚਾਇਆ, ਬਲਕਿ ਉਸ ਸਮੇਂ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹੋਏ ਸਿੱਖੀ ਦੀ ਵੱਡੀ ਸੇਵਾ ਕੀਤੀ । ਉਨ੍ਹਾਂ ਨੇ ਗਿਆਨੀ ਗੁਰਬਖਸ ਸਿੰਘ ਜੀ ਤੋਂ ਉਰਦੂ, ਗੁਰਮੁੱਖੀ, ਪਾਰਸੀ ਆਦਿ ਭਾਸ਼ਾਵਾਂ ਅਤੇ ਗ੍ਰੰਥਾਂ, ਵੈਦਾਂ ਦਾ ਅਧਿਆਇਨ ਕੀਤਾ ਅਤੇ ਆਪਣੇ ਜੀਵਨ ਨੂੰ ਸਹੀ ਰਸਤੇ ਉਤੇ ਢਾਲਕੇ ਅਮਲੀ ਜੀਵਨ ਜਿਊਂਣ ਵਿਚ ਪੂਰਨ ਵਿਸ਼ਵਾਸ ਰੱਖਿਆ । ਉਨ੍ਹਾਂ ਦੀ ਤੀਖਣ ਬੁੱਧੀ ਅਤੇ ਵਿਦਵਤਾ ਦੀ ਬਦੌਲਤ ਲਾਹੌਰ ਤੋਂ ਛਪਣ ਵਾਲੇ ”ਖ਼ਾਲਸਾ ਅਖਬਾਰ” ਵਿਚ ਵੱਡੀ ਜ਼ਿੰਮੇਵਾਰੀ ਤੇ ਜਿਥੇ ਕੰਮ ਕੀਤਾ, ਉਥੇ ਇਸ ਦੌਰਾਨ ਉਹ ਲੋਕਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ, ਸਿੱਖ ਕੌਮ ਦੀਆਂ ਅੱਛਾਈਆ ਪ੍ਰਤੀ ਬਹੁਤ ਹੀ ਬਾਖੂਬੀ ਢੰਗ ਨਾਲ ਲਿਖਤਾਂ ਲਿਖਦੇ ਰਹੇ ਅਤੇ ਵੱਡੀ ਗਿਣਤੀ ਵਿਚ ਲੋਕਾਈ ਨੂੰ ਸਿੱਖੀ ਤੇ ਸਿੱਖ ਧਰਮ ਨਾਲ ਜੋੜਨ ਦੀ ਜ਼ਿੰਮੇਵਾਰੀ ਪੂਰੀ ਕੀਤੀ । ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਜਿਥੇ ਹਕੂਮਤੀ ਤਾਕਤਾਂ, ਬ੍ਰਾਹਮਣਵਾਦੀ ਸੋਚ ਅਤੇ ਅਮਲਾਂ ਵਿਰੁੱਧ ਸੰਘਰਸ਼ ਕੀਤਾ, ਉਥੇ ਉਨ੍ਹਾਂ ਨੇ ਅਜਿਹੀ ਸੰਘਰਸ਼ਮਈ ਜ਼ਿੰਦਗੀ ਵਿਚੋਂ ਸਮਾਂ ਕੱਢਕੇ 70 ਦੇ ਕਰੀਬ ਸਿੱਖ ਕੌਮ ਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਕਿਤਾਬਾਂ ਵੀ ਲਿਖੀਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਉਨ੍ਹਾਂ ਦੀ 120ਵੀਂ ਬਰਸ਼ੀ ਸਮਾਗਮ ਉਤੇ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਕੌਮ ਦੇ ਨਾਮ ਭੇਜੇ ਗਏ ਇਸ ਸੰਦੇਸ਼ ਵਿਚ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਚਾਰੇ ਪਾਸੇ ਤੋਂ ਸਿੱਖ ਕੌਮ ਉਤੇ ਹਮਲੇ ਹੋ ਰਹੇ ਸਨ ਅਤੇ ਵੱਡੀਆ ਤਾਕਤਾਂ ਤੇ ਫਿਰਕੂ ਲੋਕ ਸਿੱਖ ਧਰਮ ਦੀਆਂ ਮਨੁੱਖਤਾ ਪੱਖੀ ਅੱਛਾਈਆ ਤੋਂ ਬੁਖਲਾਕੇ ਸਿੱਖ ਕੌਮ ਅਤੇ ਸਿੱਖ ਧਰਮ ਵਿਰੁੱਧ ਸਾਜ਼ਿਸਾਂ ਕਰ ਰਹੇ ਸਨ ਅਤੇ ਸਿੱਖ ਕੌਮ ਵਹਿਮਾਂ-ਭਰਮਾਂ ਤੇ ਬ੍ਰਾਹਮਣਵਾਦੀ ਕਰਮਕਾਡਾਂ ਵਿਚ ਫਸਦੀ ਜਾ ਰਹੀ ਸੀ ਉਸ ਸਮੇਂ ਸਿੰਘ ਸਭਾ ਲਹਿਰ ਨੂੰ ਤਾਕਤ ਬਖਸਕੇ, ਭਾਈ ਗੁਰਮੁੱਖ ਸਿੰਘ ਅਤੇ ਹੋਰ ਪੰਥਦਰਦੀਆਂ ਦੇ ਸਹਿਯੋਗ ਨਾਲ ਸਮੁੱਚੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਆਨ-ਸ਼ਾਨ ਨੂੰ ਪ੍ਰਚਾਰਨ ਵਿਚ ਅਤੇ ਸਿੱਖੀ ਨੂੰ ਮਜ਼ਬੂਤ ਕਰਨ ਵਿਚ ਨਿੱਘਾ ਯੋਗਦਾਨ ਪਾਇਆ। ਅਜਿਹੀ ਜ਼ਿੰਮੇਵਾਰੀ ਨਿਭਾਉਦੇ ਹੋਏ ਮੁਤੱਸਵੀ ਤਾਕਤਾਂ, ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਵੀ ਬਾਦਲੀਲ ਢੰਗ ਨਾਲ ਤਕਰੀਰਾਂ, ਲਿਖਤਾਂ ਅਤੇ ਵਿਚਾਰ-ਗੋਸਟੀਆ ਰਾਹੀ ਚਿੱਤ ਕਰਨ ਦੀ ਜ਼ਿੰਮੇਵਾਰੀ ਨਿਭਾਉਦੇ ਰਹੇ । ਕਹਿਣ ਤੋਂ ਭਾਵ ਹੈ ਕਿ ਅਜਿਹੇ ਔਖੇ ਸਮੇਂ ਵਿਚ ਵੀ ਬਿਨ੍ਹਾਂ ਯੋਗ ਸਾਧਨਾਂ ਤੋਂ ਜੋ ਉਨ੍ਹਾਂ ਨੇ ਖ਼ਾਲਸਾ ਪੰਥ, ਮਨੁੱਖਤਾ, ਇਨਸਾਨੀਅਤ ਪ੍ਰਤੀ ਜ਼ਿੰਮੇਵਾਰੀਆਂ ਨੂੰ ਦ੍ਰਿੜਤਾ ਨਾਲ ਪੂਰਨ ਕੀਤਾ, ਉਸਨੂੰ ਸਿੱਖ ਕੌਮ ਤਾਂ ਬਹੁਤ ਦੂਰ ਦੀ ਗੱਲ, ਦੂਜੀਆਂ ਕੌਮਾਂ ਤੇ ਧਰਮਾਂ ਦੇ ਨਿਵਾਸੀ ਵੀ ਨਹੀਂ ਭੁਲਾ ਸਕਣਗੇ ਅਤੇ ਉਨ੍ਹਾਂ ਦੀ ਇਹ ਯਾਦ ਸਭ ਸਿੱਖਾਂ ਦੇ ਮਨ-ਆਤਮਾ ਵਿਚ ਸਦਾ ਰਹੇਗੀ । ਜੋ ਉਨ੍ਹਾਂ ਨੇ ਖ਼ਾਲਸਾ ਪੰਥ ਅਤੇ ਮਨੁੱਖਤਾ ਨੂੰ ਸਹੀ ਦਿਸ਼ਾ ਵੱਲ ਦ੍ਰਿੜਤਾ ਪੂਰਵਕ ਅਗਵਾਈ ਦਿੱਤੀ, ਉਸਨੂੰ ਬਾਅਦ ਵਿਚ ਸ. ਕਪੂਰ ਸਿੰਘ ਆਈ.ਸੀ.ਐਸ. ਨੇ ਬਹੁਤ ਹੀ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਆਪਣੇ ਜੀਵਨ ਦੌਰਾਨ ਪੂਰਨ ਕੀਤਾ ਅਤੇ ਉਨ੍ਹਾਂ ਨੇ ਵੀ ਕੌਮ ਨੂੰ ਬਹੁਤ ਵੱਡੀ ਦੇਣ ਦਿੱਤੀ । ਉਪਰੰਤ ਇਸੇ ਮਹਾਨ ਸਿੱਖੀ ਤੇ ਮਨੁੱਖਤਾ ਪੱਖੀ ਸੋਚ ਨੂੰ ਲੈਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਬਾਕਮਾਲ ਢੰਗ ਰਾਹੀ ਪ੍ਰਚਾਰ ਕਰਦੇ ਹੋਏ ਅਤੇ ਸਮੁੱਚੀ ਦੁਨੀਆਂ ਵਿਚ ਸਿੱਖੀ ਨੂੰ ਫੈਲਾਉਦੇ ਹੋਏ ਆਪਣੀਆ ਕੌਮੀ ਤੇ ਸਮਾਜਿਕ ਜ਼ਿੰਮੇਵਾਰੀਆ ਨੂੰ ਕੇਵਲ ਪੂਰਨ ਹੀ ਨਹੀਂ ਕੀਤਾ, ਬਲਕਿ ਇਸ ਕੌਮੀ ਮਕਸਦ ਦੀ ਪ੍ਰਾਪਤੀ ਲਈ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪਰੋਕਤ ਗਿਆਨੀ ਦਿੱਤ ਸਿੰਘ ਜੀ, ਸਿਰਦਾਰ ਕਪੂਰ ਸਿੰਘ ਆਈ.ਸੀ.ਐਸ ਤੇ ਮਹਾਨ ਸੰਤ-ਸਿਪਾਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਦਿੱਤੀ ਗਈ ਕੌਮੀ ਅਗਵਾਈ, ਸਿਧਾਤਾਂ ਤੇ ਸੋਚ ਨੂੰ ਲੈਕੇ ਆਪਣੀਆ ਕੌਮੀ ਤੇ ਸਮਾਜ ਪੱਖੀ ਜ਼ਿੰਮੇਵਾਰੀਆ ਨੂੰ ਨਿਰੰਤਰ ਪੂਰਨ ਕਰਦਾ ਆ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦਿੱਤੀ ਗਈ ਉਪਰੋਕਤ ਸੇਧ ਤੋਂ ਇਕ ਇੰਚ ਵੀ ਇਧਰ-ਉੱਧਰ ਨਹੀਂ ਹੋ ਸਕੇਗਾ । ਬਲਕਿ ਇਸ ਸੋਚ ਨੂੰ ਜ਼ਮਹੂਰੀਅਤ ਢੰਗ ਨਾਲ ਹੋਰ ਅੱਗੇ ਫੈਲਾਉਦਾ ਹੋਇਆ ਕੇਵਲ ਇੰਡੀਆ ਵਿਚ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਵਿਚ ਇਸ ਮਨੁੱਖਤਾ ਪੱਖੀ ਸੋਚ ਨੂੰ ਲਿਜਾਣ ਦਾ ਦ੍ਰਿੜ ਇਰਾਦਾ ਰੱਖਦਾ ਹੈ । ਭਾਵੇਕਿ ਅਸੀਂ ਲੰਮੇ ਸਮੇਂ ਤੋਂ ਇਸ ਸੋਚ ਦੀ ਪ੍ਰਾਪਤੀ ਲਈ ਅਤੇ ਕੌਮ ਦੇ ਬਿਨ੍ਹਾਂ ਤੇ ”ਹਲੀਮੀ ਰਾਜ” ਸਥਾਪਿਤ ਕਰਨ ਲਈ ਜੂਝਦੇ ਤੇ ਸੰਘਰਸ਼ ਕਰਦੇ ਆ ਰਹੇ ਹਾਂ । ਪਰ ਉਸ ਸਮੇਂ ਤੱਕ ਮੰਜਿਲ ਪ੍ਰਾਪਤੀ ਹੋਣੀ ਅਸੰਭਵ ਹੈ, ਜਦੋ ਤੱਕ ਸਿੱਖ ਕੌਮ ਉਪਰੋਕਤ ਤਿੰਨੇ ਮਹਾਨ ਸਖਸ਼ੀਅਤਾਂ ਵੱਲੋ ਪਾਏ ਪੂਰਨਿਆ ਉਤੇ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਨੂੰ ਅਜੋਕੇ ਸਮੇਂ ਵਿਚ ਆਪਣੀ ਸਭ ਤੋ ਵੱਡੀ ਤਾਕਤ, ਵੋਟ ਅਧਿਕਾਰ, ਦੀ ਸਹੀ ਵਰਤੋ ਕਰਦੇ ਹੋਏ ਖ਼ਾਲਸਾ ਪੰਥ ਦੀ ਸੋਚ ਨੂੰ ਹੋਰ ਮਜਬੂਤ ਕਰਨ ਅਤੇ ਹਿੰਦੂਤਵ ਤਾਕਤਾਂ ਵੱਲੋ ਰਚੀਆ ਜਾ ਰਹੀਆ ਸਾਜਿਸਾਂ ਦਾ ਜੁਆਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਬਰਾਂ, ਅਹੁਦੇਦਾਰਾਂ, ਸਮਰਥਕਾਂ ਨੂੰ ਤਨੋ, ਮਨੋ, ਧਨੋ ਸੰਜੀਦਗੀ ਨਾਲ ਸਹਿਯੋਗ ਨਹੀਂ ਕਰਦੇ । ਇਸ ਲਈ ਉਸ ਮਹਾਨ ਸਖਸ਼ੀਅਤ ਦੀ 120ਵੀਂ ਬਰਸੀ ਉਤੇ ਜਿਥੇ ਸਰਧਾ ਦੇ ਫੁੱਲ ਭੇਟ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਸੋਚ ਨੂੰ ਹੋਰ ਮਜਬੂਤ ਕਰਨ ਲਈ ਆਉਣ ਵਾਲੇ ਸਮੇਂ ਵਿਚ ਖ਼ਾਲਸਾ ਪੰਥ ਦੇ ਸਭ ਵਰਗ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨਗੇ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕੀਤਾ ਕਿ ਖ਼ਾਲਸਾ ਪੰਥ ਦੀ ਜਥੇਬੰਦੀ ਐਸ.ਜੀ.ਪੀ.ਸੀ. ਜਿਸਨੇ ਅਜਿਹੀਆ ਸਖਸ਼ੀਅਤਾਂ ਦੀ ਸਦੀਵੀ ਯਾਦਗਰਾਂ ਨੂੰ ਕਾਇਮ ਰੱਖਣ ਲਈ ਉਦਮ ਕਰਨੇ ਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਵੱਲੋਂ ਦਿੱਤੀ ਅਗਵਾਈ ਨੂੰ ਹਰ ਘਰ ਵਿਚ ਪਹੁੰਚਾਉਣਾ ਹੁੰਦਾ ਹੈ ਉਹ ਆਪਣੀ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਅਵੇਸਲੀ ਹੋਈ ਪਈ ਹੈ । ਫਤਹਿਗੜ੍ਹ ਸਾਹਿਬ ਵਿਖੇ ਰੇਲਵੇ ਲਾਇਨ ਦੇ ਨਜਦੀਕ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਉਤੇ ਛੋਟੀ ਜਿਹੀ ਲਾਇਬ੍ਰੇਰੀ ਕੁਝ ਸਮਾਂ ਪਹਿਲਾ ਬਣਾਈ ਗਈ ਸੀ, ਜਿਥੇ ਅਕਸਰ ਹੀ ਇਕ ਰੱਸੀ ਉਤੇ ਗਿੱਲੇ ਕਛਹਿਰੇ, ਕੱਪੜੇ ਆਦਿ ਨਜਰ ਆਉਦੇ ਹਨ । ਲਾਇਬ੍ਰੇਰੀ ਵਾਲੀ ਕੋਈ ਦਿੱਖ ਨਹੀਂ ਹੈ। ਇਹ ਐਸ.ਜੀ.ਪੀ.ਸੀ. ਦੀ ਨਲਾਇਕੀ ਹੈ ਕਿ ਉਸ ਮਹਾਨ ਸਖਸ਼ੀਅਤ ਦੇ ਨਾਮ ਉਤੇ ਬਣੀ ਲਾਇਬ੍ਰੇਰੀ ਨੂੰ ਉਨ੍ਹਾਂ ਨੇ ਉਸ ਪੱਧਰ ਤੱਕ ਨਹੀਂ ਲਿਜਾਇਆ ਗਿਆ ਜਿਥੋ ਸਿੱਖ ਕੌਮ ਦੇ ਵਿਦਵਾਨ, ਬੁੱਧੀਜੀਵੀ ਅਤੇ ਵਿਦਿਆਰਥੀ ਸੇਧ ਲੈ ਸਕਣ । ਇਹ ਅਫਸੋਸਨਾਕ ਵਰਤਾਰਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>