ਸਰੀ, (ਹਰਦਮ ਮਾਨ) – ਐਬਟਸਫੋਰਡ- ਮਿਸ਼ਨ -ਮੈਸਕੀ -ਫਰੇਜ਼ਰ ਕੇਨੀਅਨ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਦੇ ਸਮੱਰਥਕਾਂ ਵੱਲੋਂ ਰਿਜਵਿਊ ਪਾਰਕ ਐਬਟਸਫੋਰਡ ਵਿਚ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਹਮਾਇਤੀ ਸ਼ਾਮਲ ਹੋਏ। ਇਸ ਮੀਟਿੰਗ ਕੈਨੈਡਾ ਦੇ ਰੱਖਿਆ ਮੰਤਰੀ ਤੇ ਵੈਨਕੂਵਰ ਸਾਊਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੱਜਣ ਅਤੇ ਫੈਡਰਲ ਲਿਬਰਲ ਪਾਰਟੀ ਦੇ ਪ੍ਰਧਾਨ ਸੁਜੈਨ ਕੋਵਨ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਮੌਕੇ ਬੋਲਦਿਆਂ ਸੁਜੈਨ ਕੋਵਨ ਨੇ ਕਿਹਾ ਕਿ ਉਹ ਅੱਜ ਦਾ ਇਕੱਠ ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਚੰਗੇਰੇ ਭਵਿੱਖ ਲਈ ਨੌਜਵਾਨਾਂ ਅਤੇ ਔਰਤਾਂ ਦੀ ਰਾਜਨੀਤੀ ਵਿਚ ਸ਼ਮੂਲੀਅਤ ਨੂੰ ਉਤਸ਼ਾਹਿਤ ਕਰ ਰਹੇ ਹਾਂ। ਹਰਜੀਤ ਸਿੰਘ ਸੱਜਣ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕੈਨੇਡੀਅਨ ਪਾਰਲੀਮੈਂਟ ਵਿਚ ਔਰਤਾਂ ਦੀ ਆਵਾਜ਼ ਬੁਲੰਦ ਕਰਨ ਲਈ ਗੀਤ ਗਰੇਵਾਲ ਜਿਹੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਸਮੇਂ ਦੀ ਮੰਗ ਹੈ ਅਤੇ ਮੈਨੂੰ ਯਕੀਨ ਹੈ ਕਿ ਗੀਤ ਗਰੇਵਾਲ ਦੇ ਸਮੱਰਥਕ ਰਿਕਾਰਡ ਕਾਇਮ ਕਰਨਗੇ ਅਤੇ ਜਸਟਿਨ ਟਰੂਡੋ ਦੇ ਹੱਥ ਮਜ਼ਬੂਤ ਕਰਨਗੇ। ਉਨ੍ਹਾਂ ਕੈਨੇਡਾ ਵਿਚ ਪਰਵਾਸੀਆਂ ਦੀ ਘਾਲਣਾ ਅਤੇ ਰਾਜਨੀਤਕ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ।