ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਚੋਣਾਂ ‘ਚ ਬਾਦਲ ਦਲ ਨੂੰ ਅਦਾਲਤ ਵਲੌਂ ਇਕ ਹੋਰ ਵੱਡਾ ਝਟਕਾ ਲਗਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਮਾਹਿਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਬੀਤੇ ਕਲ ਦਿੱਲੀ ਦੀ ਕਰਕੜ੍ਹਡੂਮਾ ਜਿਲਾ ਅਦਾਲਤ ‘ਚ ਜਾਗੋ ਪਾਰਟੀ ਦੇ ਉਮੀਦਵਾਰ ਮੰਗਲ ਸਿੰਘ ਵਲੋਂ ਪਾਈ ਚੋਣ ਪਟੀਸ਼ਨ ਦੀ ਸੁਣਵਾਈ ਦੋਰਾਨ ਪਟੀਸ਼ਨ ਕਰਤਾ ਦੇ ਵਕੀਲ ਨਗਿੰਦਰ ਬੈਨੀਪਾਲ ਨੇ ਅਦਾਲਤ ਨੂੰ ਦਸਿਆ ਕਿ ਬੀਤੇ 25 ਅਗਸਤ ਨੂੰ ਵੋਟਾਂ ਦੀ ਗਿਣਤੀ ਦੋਰਾਨ ਰਿਟਰਨਿੰਗ ਅਫਸਰ ਨੇ ਜੇਤੂ ਉਮੀਦਵਾਰ ਦਾ ਪੱਖ ਪੂਰਦੇ ਹੋਏ ਪਟੀਸ਼ਨ ਕਰਤਾ ਵਲੌਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੀ ਬੇਨਤੀ ਨੂੰ ਦਰਕਿਨਾਰ ਕਰਦਿਆਂ ‘ਤੇ ਡਾਇਰੈਕਟਰ ਗੁਰੁਦੁਆਰਾ ਚੋਣਾਂ ਦੀ ਮੰਜੂਰੀ ਲੈਣ ਤੋਂ ਬਗੈਰ ਹੀ ਚੋਣ ਨਤੀਜੇ ਦਾ ਐਲਾਨ ਕਰ ਦਿੱਤਾ ਸੀ ਜਦਕਿ ਇਕ ਫੀਸਦੀ ਵੋਟਾਂ ਤੋਂ ਘੱਟ ਅਰਥਾਤ ਕੇਵਲ 6 ਵੋਟਾਂ ਦੇ ਵਖਵਾ ਹੋਣ ‘ਤੇ ਇਹ ਅਗਾਉਂ ਮੰਜੂਰੀ ਲੈਣੀ ਲਾਜਮੀ ਸੀ । ਪਟੀਸ਼ਨ ਕਰਤਾ ਦੀ ਦਲੀਲਾਂ ਸੁਣਨ ਤੋਂ ਉਪਰੰਤ ਮਾਣਯੋਗ ਅਦਾਲਤ ਦੇ ਵਧੀਕ ਜਿਲਾ ਜਜ ਸ੍ਰੀ ਵਿਜੇ ਕੁਮਾਰ ਝਾ ਨੇ ਵਾਰਡ 46- ਪ੍ਰੀਤ ਵਿਹਾਰ ਦੇ ਜੇਤੂ ਉਮੀਦਵਾਰ ਭੁਪਿੰਦਰ ਸਿੰਘ ਭੁਲਰ ‘ਤੇ 9 ਸਿਤੰਬਰ ਨੂੰ ਹੋਣ ਵਾਲੀ ਕੋ-ਆਪਸ਼ਨ ‘ਤੇ ਬਾਦ ‘ਚ ਹੋਣ ਵਾਲੀਆਂ ਕਾਰਜਕਾਰੀ ਬੋਰਡ ਦੀ ਚੋਣਾਂ ‘ਚ ਵੀ ਵੋਟ ਪਾਣ ‘ਤੇ ਰੋਕ ਲਗਾ ਦਿੱਤੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਜੁਲਾਈ 2010 ‘ਚ ਹੋਈ ਗੁਰੂਦੁਆਰਾ ਨਿਯਮਾਂ ਦੇ ਨਿਯਮ 86 ‘ਚ ਸੋਧ ਮੁਤਾਬਿਕ ਜੇਕਰ ਵੋਟਾਂ ਦੀ ਗਿਣਤੀ ਦੋਰਾਨ ਯੋਗ ਵੋਟਾਂ ਦਾ ਫਰਕ ਇਕ ਫੀਸਦੀ ਤੋਂ ਘੱਟ ਹੁੰਦਾ ਹੈ ਤਾਂ ਡਾਇਰੈਕਟਰ ਦਿੱਲੀ ਗੁਰੂਦੁਆਰਾ ਚੋਣਾਂ ਦੀ ਮੰਜੂਰੀ ਲੈਣ ਤੋਂ ਉਪਰੰਤ ਹੀ ਨਤੀਜੇ ਦਾ ਐਲਾਨ ਕੀਤਾ ਜਾ ਸਕਦਾ ਹੈ। ਦਸੱਣਯੋਗ ਹੈ ਕਿ ਬੀਤੇ 6 ਸਿਤੰਬਰ ਨੂੰ ਕੋ-ਆਪਸ਼ਨ ਲਈ ਦਾਖਿਲ ਕੀਤੇ ਗਏ ਨਾਮਜਦਗੀ ਪਤਰਾਂ ਦੀ ਪੜ੍ਹਤਾਲ ਦੋਰਾਨ ਬਾਦਲ ਦਲ ਦੇ ਇਕ ਉਮੀਦਵਾਰ ਦੀ ਨਾਮਜਦਗੀ ਗੁਰਮੁੱਖੀ ਦਾ ਗਿਆਨ ਨਾ ਹੋਣ ਕਰਕੇ ਪਹਿਲਾਂ ਹੀ ਰੱਦ ਹੋ ਚੁਕੀ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਜੇਕਰ ਹੋਰ ਮੈਂਬਰਾਂ ਦੇ ਖਿਲਾਫ ਦਾਖਿਲ ਕੀਤੀਆਂ ਚੋਣ ਪਟੀਸ਼ਨਾਂ ‘ਚ ਅਦਾਲਤਾਂ ਵਲੋਂ ਇਸ ਪ੍ਰਕਾਰ ਦੇ ਆਦੇਸ਼ ਦਿੱਤੇ ਜਾਂਦੇ ਹਨ ਤਾਂ ਬਾਦਲ ਧੜ੍ਹੇ ਵਲੋਂ ਦਿੱਲੀ ਕਮੇਟੀ ਦੇ ਕਾਬਿਜ ਹੋਣ ਦੇ ਦਾਵਿਆਂ ਨੂੰ ਢਾਹ ਲਗ ਸਕਦੀ ਹੈ। ਉਨ੍ਹਾਂ ਕਿਹਾ ਕਿ ਸ. ਭੁਲਰ ਦੇ ਵੋਟ ਦੇ ਅਧਿਕਾਰ ‘ਤੇ ਰੋਕ ਲੱਗਣ ਨਾਲ ਹਾਲ ਦੀ ਘੜ੍ਹੀ ਬਾਦਲ ਧੜ੍ਹੇ ਪਾਸ 27 ਮੈਂਬਰ ਰਹਿ ਗਏ ਹਨ, ਜਿਸ ਨਾਲ ਉਹ ਕੇਵਲ ਇਕ ਮੈਂਬਰ ਹੀ ਨਾਮਜਦ ਕਰਨ ਦੀ ਸਥਿਤੀ ‘ਚ ਹਨ।
ਦਿੱਲੀ ਗੁਰੂਦੁਆਰਾ ਚੋਣਾਂ ਦੀ ਕੋ-ਆਪਸ਼ਨ ਤੋਂ ਪਹਿਲਾਂ ਬਾਦਲ ਦਲ ਨੂੰ ਇਕ ਹੋਰ ਝਟਕਾ – ਇੰਦਰ ਮੋਹਨ ਸਿੰਘ
This entry was posted in ਭਾਰਤ.