‘ਫੈਪ ਸਟੇਟ ਐਵਾਰਡ-2021’ ਦੌਰਾਨ 569 ਸਕੂਲਾਂ ਅਤੇ 132 ਪਿ੍ਰੰਸੀਪਲਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

Press Pic-4(3).resized

ਚੰਡੀਗੜ੍ਹ – ਗੁਣਵੱਤਾਪੂਰਨ ਸਕੂਲੀ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਪਹਿਲੀ ਵਾਰ ਰਾਜ ਪੱਧਰੀ ਪੁਰਸਕਾਰ ਦੇਣ ਲਈ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ (ਫੈਪ) ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਅਧੀਨ ਬੈਸਟ ਸਕੂਲ, ਬੈਸਟ ਪਿ੍ਰੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਐਵਾਰਡ ਭੇਂਟ ਕੀਤੇ ਗਏ, ਜਿਸ ’ਚ 569 ਸਕੂਲ ਐਵਾਰਡ ਅਤੇ 132 ਪਿ੍ਰੰਸੀਪਲ ਐਵਾਰਡ ਸ਼ਾਮਲ ਹਨ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਘੇ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗ ਰਾਜ ਸ਼ਰਮਾ, ਪੰਜਾਬ ਆਰਟ ਕਾਊਂਸਲ ਦੇ ਪ੍ਰੈਜੀਡੈਂਟ ਅਤੇ ਉੱਘੇ ਲੇਖਕ ਡਾ. ਸੁਰਜੀਤ ਸਿੰਘ ਪਾਤਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਮਹੇਸ਼ ਗਰੋਵਰ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਜੈਕ ਦੇ ਚੀਫ਼ ਪੈਟਰਨ ਸ. ਸਤਨਾਮ ਸਿੰਘ ਸੰਧੂ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਰਹੇ।

Press Pic-3(2).resized

ਇਸ ਮੌਕੇ ਫੈਪ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਫੈਡਰੇਸ਼ਨ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਾ. ਸੁਰਜੀਤ ਸਿੰਘ ਪਾਤਰ ਦਾ ‘ਲਾਈਫ਼ ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਜਦਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੂੰ ‘ਗ੍ਰੇਟੈਸਟ ਆਨਰਡ ਐਵਾਰਡ’ ਨਾਲ ਨਿਵਾਜਿਆ ਗਿਆ। ਇਸ ਦੌਰਾਨ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਵੱਲੋਂ ਬੈਸਟ ਸਕੂਲ ਇਨਫ੍ਰਰਾਸਟਰੱਕਚਰ ਪੁਰਸਕਾਰਾਂ ਦੀ ਵੰਡ ਕੀਤੀ ਗਈ, ਜਿਸ ’ਚ ਗੁਰੂਕੂਲ ਗਰੋਬਰ ਕ੍ਰੈਂਜ਼ਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਡਰੀਮ ਪਬਲਿਕ ਸਕੂਲ, ਰਾਮਗੜ੍ਹ ਸਿਕਰੀ ਤਲਵਾੜਾ, ਪ੍ਰੇਮਜੋਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ, ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ, ਹੁਸ਼ਿਆਰਪੁਰ ਅਤੇ ਐਂਜਲ ਵਰਲਡ ਸਕੂਲ ਮੋਰਿੰਡਾ ਦਾ ਨਾਮ ਸ਼ਾਮਲ ਹੈ। ਬਾਕੀ ਦੇ ਪੁਰਸਕਾਰਾਂ ਦੀ ਵੰਡ ਡਾ. ਸੁਰਜੀਤ ਪਾਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਮਹੇਸ਼ ਗਰੋਵਰ ਵੱਲੋਂ ਕੀਤੀ ਗਈ। ਪੁਰਸਕਾਰ ਵੰਡ ਸਮਾਗਮ ਦੌਰਾਨ ਗੋਲਡਨ ਅਰਥ ਕੌਨਵੈਂਟ ਸਕੂਲ, ਲੁਧਿਆਣਾ ਦੇ 15 ਸਾਲਾਂ ਵਿਦਿਆਰਥੀ ਕੰਵਲਜੀਤ ਸਿੰਘ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ, ਜਿਸ ਨੇ ਆਪਣੇ ਪੈਰਾਂ ਨਾਲ ਚਿੱਤਰਕਾਰੀ ਦੇ ਖੇਤਰ ’ਚ ਮਿਸਾਲ ਪੈਦਾ ਕਰਨ ਦੇ ਨਾਲ-ਨਾਲ ਹੋਰਨਾਂ ਲਈ ਪ੍ਰੇਰਨਾਸਰੋਤ ਬਣਿਆ ਹੈ।‘ਪ੍ਰਸ਼ਾਸ਼ਕੀ ਪ੍ਰਫੈਸ਼ਨਲਾਂ ਲਈ ਪ੍ਰਬੰਧਨ ਹੁਨਰ’ ਵਿਸ਼ੇ ’ਤੇ ਹੋਏ ਸੰਮੇਲਨ ਦੌਰਾਨ ਐਮਾਜ਼ੌਨ ਇੰਟਰਨੈਟ ਸਰਵਿਸਿਜ਼ ਦੇ ਰੋਜ਼ਗਾਰ ਸਲਾਹਕਾਰ ਡੀ.ਪੀ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।

Press Pic-2(6).resized

ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਦਾ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਕਿਹਾ ਕਿ ਅਧਿਆਪਕ ਸਮਾਜਿਕ ਪੱਧਰ ’ਤੇ ਸਾਡੇ ਲਈ ਜਿੱਥੇ ਆਦਰਸ਼ ਹਨ ਉਥੇ ਹੀ ਵਿਦਿਆਰਥੀਆਂ ਦੀ ਜ਼ਿੰਦਗੀ ’ਚ ਪਰਿਵਰਤਨ ਲਿਆਉਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਲ 2020 ’ਚ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ ਦੇਸ਼ ’ਚ ਵੱਡੇ ਪੱਧਰ ’ਤੇ ਬਦਲਾਅ ਪੈਦਾ ਕਰਕੇ ਸਿੱਖਿਆ ਦੇ ਵਿਕਾਸ ਲਈ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮੁੱਲਵਾਨ ਅਤੇ ਨੈਤਿਕ ਸਿੱਖਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਤਕਨਾਲੋਜੀ ਦੇ ਮਾਧਿਅਮ ਰਾਹੀਂ ਦੇਸ਼ ਦੀ ਯੁਵਾ ਸ਼ਕਤੀ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਅੱਜ ਬੇਰੁਜ਼ਗਾਰੀ ਅੱਜ ਦੇਸ਼ ਲਈ ਮੁੱਖ ਚਣੌਤੀ ਹੈ, ਜਿਸ ਨਾਲ ਨਜਿੱਠਣ ਦਾ ਢੁੱਕਵਾਂ ਹੱਲ ਕੇਵਲ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣਾ ਹੈ।ਸਿੱਖਿਆ ਹਾਸਲ ਕਰਕੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਆਈ.ਪੀ.ਐਸ, ਆਈ.ਐਸ ਅਤੇ ਇੰਜੀਨੀਅਰਿੰਗ ਬਣਕੇ ਨਿਰੋਏ ਰਾਸ਼ਟਰੀ ਨਿਰਮਾਣ ਲਈ ਭੂਮਿਕਾ ਨਿਭਾਉਂਦਾ ਹੈ।ਜਿਸ ਨੂੰ ਵੇਖਦਿਆਂ ਵਿਦਿਆਰਥੀਆਂ ਦੇ ਹੁਨਰ ਅਤੇ ਤਕਨੀਕੀ ਵਿਕਾਸ ਲਈ ਨਵੀਂ ਸਿੱਖਿਆ ਨੀਤੀ ’ਚ ਵਿਸ਼ੇਸ਼ ਨੀਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ, ਤਕਨਾਲੋਜੀ, ਸਿੱਖਿਆ ਆਦਿ ’ਚ ਪੰਜਾਬ ਇੱਕ ਅਜਿਹਾ ਸੂਬਾ ਨੇ ਜੋ ਦੇਸ਼ ਨੂੰ ਸੱਭ ਤੋਂ ਉਪਰ ਲੈ ਕੇ ਗਿਆ ਹੈ।ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ, ਜਿਸ ਦਾ ਨਾਮ ਸੁਣ ਕੇ ਸਭਨਾਂ ’ਚ ਜਜ਼ਬਾ ਅਤੇ ਜੋਸ਼ ਭਰ ਜਾਂਦਾ ਹੈ। ਉਨ੍ਹਾਂ ਦੇਸ਼ ਦੀ ਸੁਰੱਖਿਆ ’ਚ ਸਿੱਖ ਭਾਈਚਾਰੇ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਜਦਾ ਕੀਤਾ।

Press Pic-5(1).resized

ਕੋਵਿਡ ਮਹਾਂਮਾਰੀ ਦੇ ਦੌਰ ’ਚ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਵਿਦਿਅਕ ਸੰਸਥਾਵਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ ’ਚ ਅਧਿਆਪਕਾਂ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਕੋਵਿਡ ਹਾਲਾਤਾਂ ਦੌਰਾਨ ਪੈਦਾ ਹੋਈਆਂ ਚਣੌਤੀਆਂ ਨੂੰ ਅਧਿਆਪਕਾਂ ਨੇ ਪਰਿਵਰਤਨ ਦੇ ਰੂਪ ’ਚ ਬਦਲਿਆ ਹੈ।ਡਿਜੀਟਲ ਲਰਨਿੰਗ ਦੇ ਮਾਧਿਅਮ ਰਾਹੀਂ ਅਧਿਆਪਕਾਂ ਨੇ 99 ਫ਼ੀਸਦੀ ਵਿਦਿਆਰਥੀਆਂ ਤੱਕ ਸਿੱਖਿਆ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ।ਅਧਿਆਪਕਾਂ ਦੀਆਂ ਭੂਮਿਕਾਵਾਂ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਸਖ਼ਤ ਤਪੱਸਿਆ ਅਤੇ ਤਿਆਗ ਨਾਲ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ।ਅਜੋਕੇ ਸਮੇਂ ’ਚ ਗਿਆਨ ਮਨੁੱਖ ਦੀ ਮੁੱਖ ਸ਼ਕਤੀ ਹੈ ਨਾ ਕਿ ਪੈਸਾ, ਜਿਸ ਦੇ ਚਲਦੇ ਅਧਿਆਪਕ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਸਮਾਜ ’ਚ ਗਿਆਨ ਦਾ ਚਾਨਣ ਬਖੇਰਦੇ ਹਨ।ਚਰਿੱਤਰ ਨਿਰਮਾਣ ਨੂੰ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਚਰਿੱਤਰ ਵਿਕਾਸ ਕਾਇਮ ਕਰਕੇ ਅਸੀਂ ਭਾਰਤ ਨੂੰ ਆਉਣ ਵਾਲੇ ਸਾਲਾਂ ’ਚ ਸੱਭ ਤੋਂ ਅੱਗੇ ਲਿਜਾ ਸਕਦੇ ਹਨ।ਦੇਸ਼ ਦੇ ਵਿਕਾਸ ’ਚ ਮਹਿਲਾਵਾਂ ਦੀ ਭੂਮਿਕਾ ਦੀ ਸ਼ਾਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ’ਚ ਮਹਿਲਾਵਾਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਜਿਸ ’ਚ ਦਿਸ਼ਾ ’ਚ ਦੇਸ਼ ਦੀ ਨੌਜਵਾਨੀ ਅੱਗੇ ਵੱਧ ਰਹੀ ਹੈ, ਉਸ ਦਿਸ਼ਾ ’ਚ ਔਰਤਾਂ ਨੂੰ ਵੀ ਅੱਗੇ ਲਿਜਾਣਾ ਸਾਡੀ ਜ਼ੁੰਮੇਵਾਰੀ ਹੈ।

Press Pic-1(16).resized

ਇਸ ਮੌਕੇ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ। ਪ੍ਰਾਈਵੇਟ ਸਕੂਲਾਂ ਦੀ ਕਾਰਗੁਜ਼ਾਰੀ ’ਤੇ ਮਾਣ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਕੂਲੀ ਸਿੱਖਿਆ ’ਚ 55 ਫੀਸਦੀ ਯੋਗਦਾਨ ਨਿੱਜੀ ਸਕੂਲ ਪਾਉਂਦੇ ਹਨ।ਇਸੇ ਵੇਲੇ 55 ਫ਼ੀਸਦੀ ਵਿਦਿਆਰਥੀ ਨਿੱਜੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਅਤੇ  ਸਰਕਾਰ ਦੀ ਸਹਾਇਤਾ ਤੋਂ ਬਗੈਰ ਅਸੀਂ ਆਪਣੇ ਨਿੱਜੀ ਸਕੂਲਾਂ ਨੂੰ ਨਾ ਸਿਰਫ਼ ਸਵੈ-ਵਿੱਤ ਬਣਾ ਰਹੇ ਹਾਂ ਬਲਕਿ ਮਿਆਰੀ ਸਿੱਖਿਆ ਵੀ ਪ੍ਰਦਾਨ ਕਰਵਾ ਰਹੇ ਹਾਂ।ਉਨ੍ਹਾਂ ਕਿਹਾ ਕਿ ਅੱਜ ਦੇ ਰਾਜ ਪੱਧਰੀ ਸਮਾਗਮ ’ਚ 701 ਸੰਸਥਾਵਾਂ ਅਤੇ ਪਿ੍ਰੰਸੀਪਲਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ੇ੍ਰਣੀਆਂ ਵਿਚੋਂ ਸਰਬੋਤਮ ਅਧਿਆਪਕ ਦੇ ਪੁਰਸਕਾਰ 2 ਅਕਤੂਬਰ ਨੂੰ ਗਾਂਧੀ ਜੈਯੰਤੀ ਮੌਕੇ ਪ੍ਰਦਾਨ ਕੀਤੇ ਜਾਣਗੇ, ਜਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਸੰਸਥਾ ਦੇ ਅਧਿਆਪਕ ਨਾਮਜ਼ਦਗੀ ਲਈ ਖੁਦ ਜਾਂ ਸੰਸਥਾਵਾਂ ਦੇ ਮਾਧਿਅਮ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਨਿਰਪੱਖ ਏਜੰਸੀ ਦੁਆਰਾ ਸੁਚੱਜੀ ਪੜਤਾਲ ਕਰਨ ਉਪਰੰਤ ਇਨ੍ਹਾਂ ਪੁਰਸਕਾਰਾਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਬੈਸਟ ਸਕੂਲ (ਇਕੋ ਫ਼ਰੈਂਡਲੀ) ਤਹਿਤ 76, ਬੈਸਟ ਸਕੂਲ (ਕਲੀਨ ਐਂਡ ਹਾਈਜੈਨਿਕ ਵਾਤਾਵਰਣ) ਤਹਿਤ 42, ਬੈਸਟ ਸਕੂਲ (ਖੇਡ ਸਹੂਲਤਾਂ) ਅਧੀਨ 34, ਬੈਸਟ ਸਕੂਲ ਡਿਜੀਟਲ ਅਧੀਨ 10, ਬੈਸਟ ਸਕੂਲ (ਇਨਫ੍ਰਾਸਟਰੱਕਚਰ) ਅਧੀਨ 196, ਪਿ੍ਰੰਸੀਪਲ ਐਵਾਰਡ ਤਹਿਤ 132, ਬੈਸਟ ਸਕੂਲ (ਅਕੈਡਮਿਕ ਪ੍ਰਫੌਰਮੈਸ) ਤਹਿਤ 58, ਬੈਸਟ ਸਕੂਲ (ਇਨੋਵੇਟਿਵ ਟੀਚਿੰਗ) ਤਹਿਤ 42, ਬੈਸਟ ਸਕੂਲ (ਬਜ਼ਟ ਫ਼੍ਰੈਂਡਲੀ) ਤਹਿਤ 109 ਅਤੇ ਬੈਸਟ ਸਕੂਲ (ਸਪੈਸ਼ਲ ਨੀਡਸ) ਤਹਿਤ 2 ਪੁਰਸਕਾਰ ਭੇਂਟ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੇ ਸਕੂਲੀ ਪੱਧਰ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਪਰਪੱਕ ਬੁਨਿਆਦ ਬਣਾਉਣ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਫੈਪ ਦੀ ਪਹਿਲਕਦਮੀ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪ੍ਰਾਈਵੇਟ ਖੇਤਰ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿ੍ਰੰਸੀਪਲਾਂ ਦਾ ਸਨਮਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੇ ਬੜੀ ਸਖ਼ਤ ਮਿਹਨਤ ਨਾਲ ਵਿਸ਼ਵ ਪੱਧਰੀ ਸਿੱਖਿਆ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਕੇ ਲੋਕਾਂ ’ਚ ਭਰੋਸੇਯੋਗਤਾ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਰੋਜ਼ਗਾਰ ਪੱਖੋਂ ਵੀ ਪ੍ਰਾਈਵੇਟ ਸਕੂਲਾਂ ਦੀ ਸੂਬੇ ਨੂੰ ਵੱਡੀ ਦੇਣ ਹੈ, ਸੂਬੇ ’ਚ 2 ਲੱਖ ਦੇ ਕਰੀਬ ਸਕੂਲੀ ਅਧਿਆਪਕ ਹਨ, ਜਿਨ੍ਹਾਂ ਵਿਚੋਂ 44.65 ਫ਼ੀਸਦੀ ਅਧਿਆਪਕ ਪ੍ਰਾਈਵੇਟ ਸਕੂਲਾਂ ਨਾਲ ਸਬੰਧਿਤ ਹਨ।ਉਨ੍ਹਾਂ ਕਿਹਾ ਕਿ ਸੂਬੇ ’ਚ ਵਿਦਿਆ ਦਾ ਮਿਆਰ ਹੋਰ ਉਪਰ ਚੁੱਕਣ ਲਈ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਫੈਡਰੇਸ਼ਨ ਦੇ ਨਾਲ ਖੜ੍ਹੀ ਹੈ, ਜਿਸ ਦੇ ਅੰਤਰਗਤ ਸਕੂਲਾਂ ’ਚ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਜ਼ੁੰਮੇਵਾਰੀ ਚੁੱਕਣ ਲਈ ਤਿਆਰ ਹੈ।ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅਧਿਆਪਕਾਂ ਨੂੰ ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ’ਚ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਪ੍ਰੈਜੀਡੈਂਟ ਡਾ. ਇੰਦਰਜੀਤ ਕੌਰ, ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ, ਪ੍ਰਸਿੱਧ ਲੇਖਕ ਅਤੇ ਮੋਟੀਵੇਸ਼ਨਲ ਸਪੀਕਰ ਪ੍ਰੀਆ ਕੁਮਾਰ, ਪੁਟੀਆ ਪ੍ਰਧਾਨ ਅਤੇ ਜੈਕ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਪੈਟਰਨ ਜੈਕ ਮਨਜੀਤ ਸਿੰਘ, ਪੁੱਕਾ ਪ੍ਰਧਾਨ ਅਤੇ ਜੈਕ ਦੇ ਕੋ-ਚੇਅਰਮੈਨ ਡਾ. ਅੰਸ਼ੂ ਕਟਾਰੀਆ, ਜੈਕ ਅਤੇ ਐਫ਼.ਐਸ.ਐਫ਼.ਸੀ.ਈ ਦੇ ਵਾਈਸ ਪ੍ਰੈਜੀਡੈਂਟ ਨਿਰਮਲ ਸਿੰਘ, ਐਫ਼.ਐਸ.ਐਫ਼.ਸੀ.ਈ ਦੇ ਪ੍ਰੈਜੀਡੈਂਟ ਅਤੇ ਜੈਕ ਦੇ ਵਾਈਸ ਪ੍ਰੈਜੀਡੈਂਟ ਜਸਨੀਕ ਸਿੰਘ, ਐਫ਼.ਐਸ. ਐਫ਼.ਸੀ.ਈ (ਜੀ.ਐਨ.ਡੀ.ਯੂ) ਦੇ ਪ੍ਰੈਜੀਡੈਂਟ ਅਤੇ ਜੈਕ ਦੇ ਵਾਈਸ ਪ੍ਰੈਜੀਡੈਂਟ ਡਾ. ਸਤਵਿੰਦਰ ਸੰਧੂ, ਪੁਡਕਾ ਦੇ ਪ੍ਰੈਜੀਡੈਂਟ ਅਤੇ ਜੈਕ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਚੱਠਾ, ਜੈਕ ਦੇ ਫਾਈਨਾਂਸ ਸਕੱਤਰ ਅਤੇ ਪੰਜਾਬ ਆਈ.ਟੀ.ਆਈ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਸ਼ਿਮਾਂਸ਼ੂ ਗੁਪਤਾ, ਜੈਕ ਦੇ ਸਕੱਤਰ ਅਤੇ ਐਸੋਸੀਏਸ਼ਨ ਆਫ਼ ਪੌਲੀਟੈਕਨਿਕ ਕਾਲਜ ਦੇ ਪ੍ਰੈਜੀਡੈਂਟ ਰਜਿੰਦਰ ਸਿੰਘ ਧਨੋਆ, ਨਰਸਿੰਗ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਡਾ. ਮਨਜੀਤ ਸਿੰਘ ਢਿੱਲੋਂ, ਪੀ.ਪੀ.ਐਸ.ਓ ਤੇਜਪਾਲ ਸਿੰਘ, ਰਾਸਾ (ਯੂਕੇ) ਦੇ ਪ੍ਰਧਾਨ ਹਰਪਾਲ ਸਿੰਘ, ਸੀ.ਏ.ਐਸ.ਏ ਦੇ ਪ੍ਰੈਜੀਡੈਂਟ ਅਨਿਲ ਚੋਪੜਾ, ਪ੍ਰੈਜੀਡੈਂਟ ਰਾਸਾ ਡਾ. ਰਵਿੰਦਰ ਸਿੰਘ ਮਾਨ, ਈ.ਸੀ.ਐਸ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਐਮ.ਐਲ ਸੇਠੀ, ਏ.ਆਈ.ਪੀ.ਏ ਦੇ ਪ੍ਰੈਜੀਡੈਂਟ ਨਵਦੀਪ ਭਾਰਦਵਾਜ, ਪੀ.ਯੂ.ਐਸ.ਏ ਪੰਜਾਬ ਦੇ ਜਨਰਲ ਸਕੱਤਰ ਮੋਹਿੰਦਰ ਸਿੰਘ ਭੋਲਾ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>