ਕਾਂਗਰਸ ‘ਤੇ ਮੀਡੀਆਂ ਵੱਲੋਂ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਜਾਤ-ਪਾਤ ਨੂੰ ਉਭਾਰਕੇ ਨਫ਼ਰਤ ਪੈਦਾ ਕਰਨਾ ਨਿੰਦਣਯੋਗ : ਮਾਨ

51562135_2119841124774929_5527068738911731712_n.resized.resized.resized.resized.resized.resized.resized.resized.resized.resizedਫ਼ਤਹਿਗੜ੍ਹ ਸਾਹਿਬ -”ਸਿੱਖ ਧਰਮ ਅਤੇ ਸਿੱਖ ਕੌਮ ਵਿਚ ਜਾਤ-ਪਾਤ, ਊਚ-ਨੀਚ ਆਦਿ ਭੇਦਭਾਵ ਤੇ ਵਿਤਕਰੇ ਸੰਬੰਧੀ ਕੋਈ ਸਥਾਂਨ ਨਹੀਂ ਹੈ । ਇਥੇ ਤਾਂ ਇਨਸਾਨੀਅਤ ਅਤੇ ਮਨੁੱਖੀ ਕਦਰਾਂ-ਕੀਮਤਾਂ ਅਨੁਸਾਰ ਸਭ ਇਨਸਾਨ ਬਰਾਬਰ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਕਾਂਗਰਸ ਜਮਾਤ ਵੱਲੋਂ ਪੰਜਾਬ ਸੂਬੇ ਦੇ ਨਵੇਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਇਹ ਵੱਡਾ ਅਹੁਦਾ ਤੇ ਸਤਿਕਾਰ ਦਿੱਤਾ ਹੈ, ਜਿਸਦਾ ਅਸੀਂ ਸਵਾਗਤ ਕਰਦੇ ਹਾਂ । ਕਿਉਂਕਿ ਸ. ਚਰਨਜੀਤ ਸਿੰਘ ਚੰਨੀ ਇਕ ਬਹੁਤ ਹੀ ਗਰੀਬ ਅਤੇ ਮਿਹਨਤੀ ਪਰਿਵਾਰ ਵਿਚੋਂ ਉੱਠਕੇ ਇਸ ਸਤਿਕਾਰਯੋਗ ਰੁਤਬੇ ਉਤੇ ਪਹੁੰਚੇ ਹਨ । ਪਰ ਕਾਂਗਰਸ ਜਮਾਤ, ਇਥੋਂ ਦੇ ਪ੍ਰਿੰਟ ਅਤੇ ਬਿਜਲਈ ਮੀਡੀਏ ਵੱਲੋਂ ਸ. ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਉਤੇ ਜਾਤ-ਪਾਤ ਦੀ ਗੱਲ ਨੂੰ ਹਵਾ ਦੇ ਕੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫ਼ਰਤ ਉਤਪੰਨ ਕੀਤੀ ਜਾ ਰਹੀ ਹੈ । ਜੋ ਕਿ ਕਦਾਚਿਤ ਨਹੀਂ ਹੋਣੀ ਚਾਹੀਦੀ । ਕਿਉਕਿ ਅਸੀਂ ਉਸ ਅਕਾਲ ਪੁਰਖ ਦੀ ਨਜ਼ਰ ਵਿਚ ਸਭ ਬਰਾਬਰ ਹਾਂ ਅਤੇ ਉਨ੍ਹਾਂ ਨੇ ਸਭਨਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ, ਨਫ਼ਰਤ ਦੇ ਜਿੰਦਗੀ ਜਿਊਂਣ ਦੇ ਹੱਕ ਪ੍ਰਦਾਨ ਕੀਤੇ ਹਨ । ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਉਤਪਤੀ ਕਰਦੇ ਹੋਏ ਜਾਤ-ਪਾਤ ਨੂੰ ਮੁੱਢੋ ਹੀ ਨਿਕਾਰ ਦਿੱਤਾ ਸੀ । ਉਨ੍ਹਾਂ ਨੇ ਮਲਿਕ ਭਾਗੋ ਅਤੇ ਭਾਈ ਲਾਲੋ ਦੀ ਰੋਟੀ ਵਿਚੋਂ ਕ੍ਰਮਵਾਰ ਲਹੂ ਅਤੇ ਦੁੱਧ ਕੱਢਕੇ ਸ. ਚਰਨਜੀਤ ਸਿੰਘ ਚੰਨੀ ਵਰਗੇ ਭਾਈ ਲਾਲੋਆ ਦੀ ਮਿਹਨਤ ਦੀ ਕਮਾਈ ਦਾ ਸਵਾਗਤ ਕੀਤਾ ਸੀ ਅਤੇ ਗਲਤ ਢੰਗਾਂ ਰਾਹੀ ਮਲਿਕ ਭਾਗੋਆ ਦੀ ਤਰ੍ਹਾਂ ਕੀਤੀ ਕਮਾਈ ਦਾ ਖੰਡਨ ਤੇ ਵਿਰੋਧ ਕੀਤਾ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕਾ ਦੇ ਰਹਿ ਚੁੱਕੇ ਮਸ਼ਹੂਰ ਪ੍ਰੈਜੀਡੈਟ ਸ੍ਰੀ ਇਬਰਾਹਿਮ ਲਿੰਕਨ ਇਕ ਲੱਕੜ ਦੀ ਬਣੀ ਕੁੱਲੀ ਵਿਚ ਜਨਮੇ ਸਨ, ਉਨ੍ਹਾਂ ਦੇ ਘਰ ਵਿਚ ਬਿਜਲੀ ਦਾ ਪ੍ਰਬੰਧ ਨਹੀਂ ਸੀ ਅਤੇ ਉਹ ਸਟ੍ਰੀਟ ਲਾਇਟ ਵਿਚ ਬੈਠਕੇ ਆਪਣੀ ਵਿਦਿਆ ਪ੍ਰਾਪਤ ਕਰਦੇ ਸਨ ਅਤੇ ਉਹ ਅਮਰੀਕਾ ਦੇ ਪ੍ਰੈਜੀਡੈਟ ਬਣੇ । ਇਸੇ ਤਰ੍ਹਾਂ ਸ. ਚਰਨਜੀਤ ਸਿੰਘ ਚੰਨੀ ਵੀ ਇਕ ਗਰੀਬ ਘਰ ਵਿਚੋਂ ਉੱਠਕੇ ਉਦਮ ਕਰਦੇ ਹੋਏ ਇਸ ਮਹਾਨ ਅਹੁਦੇ ਉਤੇ ਪਹੁੰਚੇ ਹਨ, ਜਿਸਦਾ ਸਾਨੂੰ ਫਖਰ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਉਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਹੁਕਮਰਾਨਾਂ, ਕਾਂਗਰਸ, ਬਾਦਲ ਦਲੀਏ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਇਥੋਂ ਦੇ ਪ੍ਰਿੰਟ ਅਤੇ ਬਿਜਲਈ ਮੀਡੀਏ ਵੱਲੋ ਇਸ ਗੱਲ ਨੂੰ ‘ਜਾਤ-ਪਾਤ’ ਨੂੰ ਉਭਾਰਨ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੇ ਉਸ ਮਹਾਨ ਅਸਥਾਂਨ ਦੇ ਜਨਮੇ ਅਤੇ ਵਸਨੀਕ ਹਨ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦਿਆ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੇ ਹਕੂਮਤੀ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਦੇ ਹੋਏ ਅਤੇ ਲੜਦੇ ਹੋਏ ਆਪਣੀਆ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆ ਅਤੇ ਅਸੀਂ ਸ. ਚਰਨਜੀਤ ਸਿੰਘ ਚੰਨੀ ਤੋਂ ਇਹ ਆਸ ਰੱਖਦੇ ਹਾਂ ਕਿ ਉਹ ਇਸ ਮਹਾਨ ਅਸਥਾਂਨ ਉਤੇ ਜ਼ਬਰ-ਜੁਲਮ ਵਿਰੁੱਧ ਹੋਏ ਵੱਡੇ ਸੰਘਰਸ਼ ਅਤੇ ਸ਼ਹਾਦਤਾਂ ਤੋਂ ਅਗਵਾਈ ਲੈਦੇ ਹੋਏ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰੇ ਅਤੇ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਂਨ ਤੇ ਹੋਈਆ ਬੇਅਦਬੀਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਹੋਈ ਅਲੋਪਤਾ, ਇਨ੍ਹਾਂ ਹੋਏ ਜ਼ਬਰ ਜੁਲਮ ਦੇ ਦੋਸ਼ੀਆਂ ਡੇਰਾ ਸਿਰਸੇ ਦੇ ਮੁੱਖੀ ਗੁਰਮੀਤ ਰਾਮ ਰਹੀਮ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਐਸ.ਜੀ.ਪੀ.ਸੀ. ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਦ੍ਰਿੜਤਾ ਨਾਲ ਕਾਰਵਾਈ ਕਰਦੇ ਹੋਏ, ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦੇਣ ਦੀ ਜ਼ਿੰਮੇਵਾਰੀ ਨੂੰ ਪੂਰਨ ਕਰਨਗੇ । ਇਸਦੇ ਨਾਲ ਹੀ ਇਹ ਵੀ ਉਮੀਦ ਕਰਦੇ ਹਾਂ ਕਿ ਸ੍ਰੀ ਚਮਕੌਰ ਸਾਹਿਬ ਦੇ ਸਥਾਂਨ ਦੀ ਲੈਡਸਕੇਪਿੰਗ ਅਤੇ ਸੁੰਦਰੀਕਰਨ ਕਰਕੇ ਇਸ ਮਨੁੱਖਤਾ ਪੱਖੀ ਪਵਿੱਤਰ ਅਸਥਾਂਨ ਦੀ ਮਹੱਤਤਾ ਅਤੇ ਇਥੋਂ ਉੱਠੇ ਇਤਿਹਾਸਿਕ ਸੰਦੇਸ਼ ਨੂੰ ਕੌਮਾਂਤਰੀ ਪੱਧਰ ਤੇ ਹੋਰ ਵਧੇਰੇ ਉਜਾਗਰ ਕਰਨ ਦੀ ਭੂਮਿਕਾ ਨਿਭਾਉਣਗੇ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਹ ਇਲਾਕਾ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨਾਲ ਸੰਬੰਧਤ ਹੈ, ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਅਤੇ ਦਿੱਤੇ ਗਏ ਮਨੁੱਖਤਾ ਪੱਖੀ ਸੰਦੇਸ਼ ਨੂੰ ਉਜਾਗਰ ਕਰਨ ਲਈ ਇਸ ਇਲਾਕੇ ਵਿਚ ਉਨ੍ਹਾਂ ਦੇ ਨਾਮ ਤੇ ਕੌਮਾਂਤਰੀ ਪੱਧਰ ਦੀ ਲਾਇਬ੍ਰੇਰੀ ਅਤੇ ਇਕ ਅਜਿਹਾ ਵਿਦਿਆ ਦਾ ਕੇਦਰ ਸਥਾਪਿਤ ਕਰਨਗੇ ਜਿਸ ਵਿਚ ਸੰਸਕ੍ਰਿਤ, ਫਾਰਸੀ, ਬ੍ਰਿਜ ਆਦਿ ਭਾਸਾਵਾ ਦੀ ਸਿਖਲਾਈ ਤੇ ਪੜ੍ਹਾਈ ਦਾ ਪ੍ਰਬੰਧ ਕਰਨਗੇ । ਕਿਉਂਕਿ ਗੁਰੂ ਸਾਹਿਬਾਨ ਨੇ ਜਿਵੇਂ ਗੁਰੂ ਕੀ ਕਾਂਸੀ ਦਮਦਮਾ ਸਾਹਿਬ ਵਿਖੇ ਵਿਦਿਆ ਤੇ ਵਿਦਵਤਾ ਨੂੰ ਫੈਲਾਇਆ, ਉਸੇ ਤਰ੍ਹਾਂ ਦਾ ਕੇਂਦਰ ਇਸ ਇਲਾਕੇ ਵਿਚ ਸਥਾਪਿਤ ਕਰਨਗੇ ।

ਸ. ਮਾਨ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਦੀ ਨਿਯੁਕਤੀ ਸਮੇਂ ਜਾਤ-ਪਾਤ ਦੀ ਗੱਲ ਨੂੰ ਉਭਾਰਕੇ, ਨਫ਼ਰਤ ਖੜ੍ਹੀ ਕਰਕੇ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਅਤੇ ਹੇਠਲੇ ਦਰਜੇ ਦੀ ਸਭ ਸਿਆਸਤ ਕਰ ਰਹੇ ਹਨ ਉਸੇ ਤਰ੍ਹਾਂ ਬੀ.ਐਸ.ਪੀ. ਅਤੇ ਬਾਦਲ ਦਲੀਆ ਨੇ ਗੈਰ-ਸਿਧਾਤਿਕ ਤੌਰ ਤੇ ਸਿਆਸੀ ਗੱਠਬੰਧਨ ਕਰਕੇ ਇਸ ਜਾਤ-ਪਾਤ ਦੀ ਗੱਲ ਨੂੰ ਹਵਾ ਦਿੱਤੀ ਹੈ । ਜਦੋਂਕਿ ਬੀ.ਐਸ.ਪੀ. ਦੇ ਬਾਨੀ ਬਾਬੂ ਕਾਂਸੀ ਰਾਮ ਜੀ ਨੇ ਇੰਡੀਆਂ ਦੀ ਪਾਰਲੀਮੈਂਟ ਵਿਚ ਉੱਠੇ ਇਸ ਸਵਾਲ ਕਿ ਜੇਕਰ ਬੀ.ਐਸ.ਪੀ. ਦੀ ਹਕੂਮਤ ਆ ਜਾਵੇ ਤਾ ਉਨ੍ਹਾਂ ਦਾ ਮੈਨੀਫੈਸਟੋ ਕੀ ਹੋਵੇਗਾ, ਤਾਂ ਉਨ੍ਹਾਂ ਦਾ ਸਪੱਸਟ ਜੁਆਬ ਸੀ ਕਿ ਮੇਰਾ ਅਤੇ ਬੀ.ਐਸ.ਪੀ. ਦਾ ਮੈਨੀਫੈਸਟੋ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹਨ । ਜੋ ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੀ ਨਫ਼ਰਤ ਭਰੀ ਸੋਚ ਦਾ ਜੋਰਦਾਰ ਢੰਗ ਨਾਲ ਖੰਡਨ ਕਰਦੇ ਹੋਏ ਇਨਸਾਨੀਅਤ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਦਾ ਸੰਦੇਸ਼ ਦੇ ਰਹੇ ਹਨ । ਹੁਣ ਬੀਬੀ ਮਾਇਆਵਤੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਵਾਰਥੀ ਸਿਆਸੀ ਸਾਂਝ ਪਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੇ ਮਨੁੱਖਤਾ ਪੱਖੀ ਸੰਦੇਸ਼ ਅਤੇ ਬਾਬੂ ਕਾਂਸੀ ਰਾਮ ਜੀ ਦੇ ਪਾਰਲੀਮੈਟ ਵਿਚ ਬੋਲੇ ਸ਼ਬਦਾਂ ਦਾ ਅਪਮਾਨ ਕਰ ਰਹੇ ਹਨ । ਜਿਨ੍ਹਾਂ ਬਾਦਲ ਦਲੀਆ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, 328 ਸਰੂਪਾਂ ਦੀ ਅਲੋਪਤਾ ਕਰਵਾਈ ਅਤੇ ਜਿਨ੍ਹਾਂ ਦੇ ਪ੍ਰਬੰਧ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਹੋਈ, ਉਨ੍ਹਾਂ ਨਾਲ ਬੀਬੀ ਮਾਇਆਵਤੀ ਸਿਆਸੀ ਸਾਂਝ ਪਾ ਰਹੀ ਹੈ । ਇਸ ਲਈ ਇਥੋਂ ਦੇ ਨਿਵਾਸੀਆ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਵੱਲੋ ਜਾਤ-ਪਾਤ ਦੀ ਆਪਣੇ ਮਨੋਰਥਾਂ ਦੀ ਪੂਰਤੀ ਲਈ ਉਭਾਰੀ ਗਈ ਗੱਲ ਨੂੰ ਅਤੇ ਅਮਲਾਂ ਨੂੰ ਬਿਲਕੁਲ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਇਥੇ ਅਜਿਹੀ ਨਫ਼ਰਤ ਉਤਪੰਨ ਕਰਨ ਲਈ ਇਨ੍ਹਾਂ ਕਿਸੇ ਨੂੰ ਵੀ ਇਜਾਜਤ ਦੇਣੀ ਚਾਹੀਦੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>