ਭਾਰਤ-ਅਮਰੀਕਾ ਦੇ ਲੋਕ ਦਰਮਿਆਨ ਆਪਸੀ ਸਾਂਝ ਦੋਵੇਂ ਮੁਲਕਾਂ ਦੇ ਮਜਬੂਤ ਰਿਸ਼ਤਿਆਂ ਦਾ ਆਧਾਰ : ਮਾਈਕਲ ਰੋਸੇਨਥਲ

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ‘ਯੂ.ਐਸ ਸਟੱਡੀ ਸੈਂਟਰ’ ਦਾ ਉਦਘਾਟਨ ਕਰਦੇ ਯੂ.ਐਸ ਅੰਬੈਸੀ ਦੇ ਨੌਰਥ ਇੰਡੀਆ ਆਫ਼ਿਸ ਦੇ ਡਾਇਰੈਕਟਰ ਮਾਈਕਲ ਰੋਸੇਨਥਲ ਅਤੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ।

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ‘ਯੂ.ਐਸ ਸਟੱਡੀ ਸੈਂਟਰ’ ਦਾ ਉਦਘਾਟਨ ਕਰਦੇ ਯੂ.ਐਸ ਅੰਬੈਸੀ ਦੇ ਨੌਰਥ ਇੰਡੀਆ ਆਫ਼ਿਸ ਦੇ ਡਾਇਰੈਕਟਰ ਮਾਈਕਲ ਰੋਸੇਨਥਲ ਅਤੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ।

ਚੰਡੀਗੜ੍ਹ – ਆਪਸੀ ਸਹਿਯੋਗ ਵਧਾਉਣ ਲਈ ਅਮਰੀਕਾ-ਭਾਰਤ ਦੀਆਂ ਸਰਕਾਰਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਪਰ ਲੋਕਾਂ ਦੀ ਲੋਕਾਂ ਦਰਮਿਆਨ ਆਪਸੀ ਸਾਂਝ ਭਾਰਤ-ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਦਾ ਆਧਾਰ ਹੈ।ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।ਇਸ ਦੌਰਾਨ ਹੋਣ ਵਾਲੀ ਕੁਵਾਡ ਮੀਟਿੰਗ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ, ਜਿਸ ਦੌਰਾਨ ਸਿਹਤ, ਵਿਗਿਆਨ, ਟੈਕਨਾਲੋਜੀ, ਸਿੱਖਿਆ, ਕੂਟਨੀਤਕ, ਖੇਤਰੀ, ਕੋਵਿਡ ਅਤੇ ਆਲਮੀ ਮੁੱਦਿਆਂ ’ਤੇ ਆਪਸੀ ਸਹਿਯੋਗ ਲਈ ਚਰਚਾ ਹੋਵੇਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂ.ਐਸ ਅੰਬੈਸੀ ਦੇ ਨੌਰਥ ਇੰਡੀਆ ਆਫ਼ਿਸ ਦੇ ਡਾਇਰੈਕਟਰ ਮਾਈਕਲ ਰੋਸੇਨਥਲ ਨੇ ਕੀਤਾ। ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਯੂ.ਐਸ ਸਟੱਡੀ ਸੈਂਟਰ’ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਐਨ.ਆਈ.ਓ ’ਚ ਪਬਲਿਕ ਅਫ਼ੇਅਰਜ਼ ਪ੍ਰੋਫੈਸ਼ਨਲ ਐਸੋਸੀਏਟ ਜੂਈ ਭੰਡਾਰੇ, ਐਨ.ਆਈ.ਓ ’ਚ ਆਰਥਿਕ ਅਤੇ ਰਾਜਨੀਤਿਕ ਮਾਹਰ ਕਵਲੀਨ ਛਤਵਾਲ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਮੌਜੂਦ ਸਨ। ਯੂ.ਐਸ ਸਟੱਡੀ ਸੈਂਟਰ ਦੇ ਮਾਧਿਅਮ ਰਾਹੀਂ ਲੰਮੇ ਅਤੇ ਥੋੜ੍ਹੇ ਸਮੇਂ ਦੇ ਪ੍ਰੋਗਰਾਮਾਂ, ਵੀਜ਼ਾ ਇੰਟਰਵਿਊ ਦੀ ਤਿਆਰੀ, ਸੰਯੁਕਤ ਖੋਜ ਪ੍ਰੋਗਰਾਮ ਅਤੇ ਕਾਨਫ਼ਰੰਸਾਂ, ਵਰਕਸ਼ਾਪਾਂ, ਫੈਕਲਟੀ ਅਦਾਨ-ਪ੍ਰਦਾਨ, ਯੂ.ਐਸ.ਏ ਦੇ ਅੰਦਰੂਨੀ ਡਿਗਰੀ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਜਕ ਯੋਗਦਾਨਾਂ ਲਈ ਉਤਸ਼ਾਹਿਤ ਕਰਨ ਸਬੰਧੀ ਮਿਆਰੀਆਂ ਅਤੇ ਗੁਣਵੱਤਾਪੂਰਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਯੂ.ਐਸ.ਏ, ਕੈਨੇਡਾ ਅਤੇ ਆਸਟ੍ਰੇਲੀਆ ’ਚ ਨਰਸਾਂ ਲਈ ਲਾਇਸੈਂਸਿੰਗ ਸਹੂਲਤ ਮੁਹੱਈਆ ਕਰਵਾਉਣ ਲਈ ਸੈਂਟਰ ਦੇ ਸਹਿਯੋਗ ਨਾਲ ਨੈਸ਼ਨਲ ਕਾਊਂਸਿਲ ਲਾਇੰਸੈਂਸ ਐਗਜ਼ੈਮੀਨੇਸ਼ਨ (ਐਨ.ਸੀ.ਐਲ.ਈ.ਐਕਸ) ਪ੍ਰੀਖਿਆ ਲਈ ਸਿਖਲਾਈ ਅਤੇ ਤਿਆਰੀ ਕਰਵਾਈ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਮਾਈਕਲ ਰੋਸੇਨਥਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਮਜ਼ਬੂਤ ਰਿਸ਼ਤੇ, ਵਿਦਿਅਕ ਸਬੰਧ ਅਤੇ ਸਾਂਝੇ ਖੋਜ ਉਲੀਕੇ ਜਾਣਾ ਭਾਰਤ-ਅਮਰੀਕਾ ਸਾਂਝੇਦਾਰੀ ਲਈ ਸ਼ਕਤੀ ਦਾ ਇੱਕ ਵੱਡਾ ਸਰੋਤ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਗਠਜੋੜਾਂ ਦੇ ਮਾਧਿਅਮ ਰਾਹੀਂ ਅਮਰੀਕਾ ਨੂੰ ਭਾਰਤੀ ਲੋਕਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤੀ ਵਿਦਿਅਕ ਸੰਸਥਾਵਾਂ ਵਿਚਾਲੇ ਸਾਂਝੇਦਾਰੀਆਂ ’ਚ ਕਈ ਸਾਲਾਂ ਤੋਂ ਇਜ਼ਾਫ਼ਾ ਹੋਇਆ ਹੈ ਅਤੇ ਦੋਵੇਂ ਦੇਸ਼ਾਂ ਦੇ ਵਿਦਿਆਰਥੀ ਅਤੇ ਫੈਕਲਟੀ ਸਾਂਝੇ ਖੋਜ ਕਾਰਜਾਂ ਅਤੇ ਐਕਸਚੇਂਜ ਪ੍ਰੋਗਰਾਮਾਂ ਰਾਹੀਂ ਇੱਕ ਦੂਜੇ ਤੋਂ ਸਿੱਖ ਰਹੇ ਹਨ, ਜੋ ਅਮਰੀਕਾ ਅਤੇ ਭਾਰਤ ਵਿਚਾਲੇ ਮਜ਼ਬੂਤ ਅਕਾਦਮਿਕ ਸਬੰਧਾਂ ਨੂੰ ਦਰਸਾਉਂਦਾ ਹੈ।
ਮਾਈਕਲ ਨੇ ਕਿਹਾ ਕਿ ਅਮਰੀਕਾ ਭਾਰਤ ਸਮੇਤ ਦੁਨੀਆਂ ਭਰ ਦੇ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ ਅਤੇ ਸਾਡੇ ਕੋਲ ਉਨ੍ਹਾਂ ਦੀਆਂ ਅਰਜ਼ੀਆਂ ਦੀ ਸਮੀਖਿਆ ਕਰਨ ਲਈ ਇੱਕ ਖਾਸ ਪ੍ਰੀਕਿਰਿਆ ਹੈ ਅਤੇ ਨਿਸ਼ਚਿਤ ਤੌਰ ’ਤੇ ਅਮਰੀਕਾ ਵਿਦਿਆਰਥੀਆਂ ਲਈ ਸਵਾਗਤਯੋਗ ਸਥਾਨ ਹੈ। ਉਨ੍ਹਾਂ ਕਿਹਾ ਕਿ ਅਸੀ ਵਿਸ਼ਵਾਸ ਕਰਦੇ ਹਾਂ ਕਿ ਭਾਰਤੀ ਵਿਦਿਆਰਥੀ ਆਪਣੇ ਹੁਨਰ ਅਤੇ ਨਵੇਂ ਵਿਚਾਰਾਂ ਨਾਲ ਯੂ.ਐਸ ਯੂਨੀਵਰਸਿਟੀਆਂ ਦੇ ਨਾਲ-ਨਾਲ ਸਮਾਜਿਕ ਪੱਧਰ ’ਤੇ ਨਵੇਂ ਮੌਕੇ ਉਜਾਗਰ ਕਰਨਗੇ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਪ੍ਰੀਕਿਰਿਆ ਵਿੱਚ ਕੁਝ ਅਸਥਾਈ ਬਦਲਾਅ ਜ਼ਰੂਰ ਕੀਤੇ ਹਨ, ਪਰ ਸਾਡੇ ਸਿਧਾਂਤ ਅਤੇ ਨੀਤੀਆਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਲਿਆਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਰਿਸ਼ਤਿਆਂ ਸਦਕਾ ਅਮਰੀਕਾ ਭਾਰਤ ਲਈ ਵਸਤੂਆਂ ਅਤੇ ਸੇਵਾਵਾਂ ਦੇ ਮਾਮਲੇ ਵਿੱਚ ਚੋਟੀ ਦੇ ਵਾਪਰਕ ਭਾਈਵਾਲਾਂ ਵਿਚੋਂ ਇੱਕ ਹੈ ਅਤੇ ਦੋਵਾਂ ਮੁਲਕਾਂ ਦੇ 150 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ਨੇ ਨਵੀਆਂ ਉਚਾਈਆਂ ਨੂੰ ਛੂਹ ਲਿਆ ਹੈ। ਸੰਯੁਕਤ ਰਾਜ ਅਤੇ ਭਾਰਤ ਵਪਾਰ, ਨਿਵੇਸ਼ ਅਤੇ ਸੰਪਰਕ ਪੋ੍ਰਗਰਾਮਾਂ ਜ਼ਰੀਏ ਵਿਸ਼ਵਵਿਆਪੀ ਸੁਰੱਖਿਆ, ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ’ਚ ਸਾਂਝੇ ਤੌਰ ’ਤੇ ਯਤਨਸ਼ੀਲ ਹਨ।
ਯੂ.ਐਸ.ਸਟੱਡੀ ਸੈਂਟਰ ਨੂੰ ਭਾਰਤੀ ਵਿਦਿਆਰਥੀਆਂ ਲਈ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਖੋਲਿ੍ਹਆ ਸੈਂਟਰ ਲਾਜ਼ਮੀ ਤੌਰ ’ਤੇ ਅਮਰੀਕਾ-ਭਾਰਤ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦਾ ਪ੍ਰਤੀਕ ਹੈ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਕੇਂਦਰ ਵਿਦਿਅਕ ਆਦਾਨ-ਪ੍ਰਦਾਨ ਅਤੇ ਵਧੇਰੇ ਵਿਗਿਆਨਕ ਖੋਜ ਅਤੇ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਤ ਕਰਕੇ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਅਮਰੀਕੀ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਭਾਰਤ ਦੀ ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦਿਆਂ ਮਾਈਕਲ ਰੋਸੇਨਥਨ ਨੇ ਕਿਹਾ ਕਿ ਭਾਰਤ ਦੀ ਨਵੀਂ ਸਿੱਖਿਆ ਨੀਤੀ ਦੂਜੇ ਦੇਸ਼ਾਂ ਨਾਲ ਸਹਿਯੋਗ ਦੇ ਨਵੇਂ ਮੌਕਿਆਂ ਦੇ ਰਾਹ ਖੋਲ੍ਹਦੀ ਹੈ। ਭਾਰਤ ਕੋਲ ਚੰਗੇ ਵਿਚਾਰ, ਫੈਕਲਟੀ, ਸੰਸਥਾਵਾਂ, ਖੋਜ ਸਹੂਲਤਾਂ ਅਤੇ ਪ੍ਰਾਈਵੇਟ ਕੰਪਨੀਆਂ ਨਾਲ ਸਹਿਯੋਗ ਹੈ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਭਾਈਵਾਲੀ ਦਾ ਹੋਰ ਵਿਸਥਾਰ ਦੋਵਾਂ ਮੁਲਕਾਂ ਦੀਆਂ ਵਿਦਿਅਕ ਸੰਸਥਾਵਾਂ ਨੂੰ ਲਾਭ ਪਹੁੰਚਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਨਿਯਮਤ ਆਰਟੀਕੁਲੇਸ਼ਨ ਅਤੇ ਟਰਾਂਸਫ਼ਰ ਪ੍ਰੋਗਰਾਮਾਂ ਤੋਂ ਇਲਾਵਾ ਯੂ.ਐਸ ਸੈਂਟਰ ਐਮ.ਬੀ.ਏ ਇਨ-ਹਾਊਸ ਪ੍ਰੋਗਰਾਮ ਦੀ ਪੇਸ਼ਕਸ਼ ਕਰੇਗਾ, ਜਿਸ ਦੇ ਅੰਤਰਗਤ ਵਿਦਿਆਰਥੀ ਸ਼ਾਨਦਾਰ ਵਜ਼ੀਫ਼ਿਆਂ ਦੀ ਸਹੂਲਤ ਨਾਲ 1+1 ਪ੍ਰੋਗਰਾਮ ਤਹਿਤ ਵਿਦਿਆਰਥੀ ਇੱਕ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਅਤੇ ਬਾਕੀ ਦੀ ਡਿਗਰੀ ਯੂਨੀਵਰਸਿਟੀ ਆਫ਼ ਨੌਰਥ ਅਲਾਬਾਮਾ ਵਿਖੇ ਮੁਕੰਮਲ ਕਰਨਗੇ। ਸੈਂਟਰ ਮਾਧਿਅਮ ਰਾਹੀਂ ਵਿਸ਼ਵ ਪ੍ਰਸਿੱਧ ਵਾਲਟ ਡਿਜ਼ਨੀ ਵਰਗੇ ਅਦਾਰਿਆਂ ਦੀਆਂ ਜ਼ਰੂਰਤਾਂ ਅਤੇ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਪੱਧਰ ’ਤੇ ਰੋਜ਼ਗਾਰ ਅਤੇ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਦੇ ਦਿ੍ਰਸ਼ਟੀਕੋਣ ਨਾਲ ’ਵਰਸਿਟੀ ਵੱਲੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯਰੂਪ ਸਮੇਤ 68 ਦੇਸ਼ਾਂ ਦੀਆਂ 308 ਤੋਂ ਵੱਧ ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਅਕਾਦਮਿਕ ਗਠਜੋੜ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਕੇਵਲ ਅਮਰੀਕਾ ਦੀਆਂ 25 ਉਚ ਕੋਟੀ ਦੀਆਂ ਯੂਨੀਵਰਸਿਟੀਆਂ ਨਾਲ ਭਾਈਵਾਲੀ ਸਥਾਪਿਤ ਕੀਤੀ ਗਈ ਹੈ, ਜਿਸ ਦੇ ਅੰਤਰਗਤ ਡਿਜ਼ਨੀ ਕਲਚਰਲ ਐਕਸਚੇਂਜ ਪ੍ਰੋਗਰਾਮ, ਸਮੈਸਟਰ ਅਤੇ ਸਮਰ ਪ੍ਰੋਗਰਾਮ, ਅੰਤਰਰਾਸ਼ਟਰੀ ਕ੍ਰੈਡਿਟ ਟਰਾਂਸਫ਼ਰ ਅਤੇ ਮਾਸਟਰ ਡਿਗਰੀ ਪ੍ਰੋਗਰਾਮਾਂ ਅਧੀਨ ਹੁਣ ਤੱਕ 95 ਫ਼ੀਸਦੀ ਵੀਜ਼ਾ ਸੁਕਸੈਸ ਰੇਟ ਨਾਲ 192 ਵਿਦਿਆਰਥੀ ਅਮਰੀਕਾ ਦਾ ਵੀਜ਼ਾ ਲੈਣ ’ਚ ਕਾਮਯਾਬ ਰਹੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>