ਦਿੱਲੀ –: ਅਦਾਲਤ ਵਲੋਂ ਅਯੋਗ ਕਰਾਰ ਦਿੱਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਾਸੋਂ ਜੁਰਮਾਨਾ ਵਸੂਲਣ ਲਈ ਚੋਣ ਡਾਇਰੈਕਟਰ ਨੂੰ ਗੁਹਾਰ ਲਗਾਈ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਉਨ੍ਹਾਂ ਆਪਣੇ ਪੱਤਰ ਰਾਹੀ ਦਿੱਲੀ ਸਰਕਾਰ ਦੇ ਗੁਰੂਦੁਆਰਾ ਚੋਣ ਡਾਇਰੈਕਟਰ ਨੂੰ ਪਹੁੰਚ ਕੀਤੀ ਹੈ ਜਿਸ ‘ਚ ਕਿਹਾ ਗਿਆ ਹੈ ਕਿ ਦਿੱਲੀ ਦੀ ਤੀਸ ਹਜਾਰੀ ਜਿਲਾ ਅਦਾਲਤ ਦੇ ਬੀਤੇ 25 ਜਨਵਰੀ 2021 ਦੇ ਫੈਸਲੇ ਰਾਹੀ ਅਯੋਗ ਕਰਾਰ ਦਿੱਤੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੋਰ ਪਾਸੋਂ ਦਿੱਲੀ ਗੁਰੂਦੁਆਰਾ ਐਕਟ ਮੁਤਾਬਿਕ 4 ਲੱਖ 25 ਹਜਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣ। ਉਨ੍ਹਾਂ ਦਸਿਆ ਕਿ ਜਿਲਾ ਅਦਾਲਤ ਨੇ ਆਪਣੇ ਆਦੇਸ਼ਾਂ ‘ਚ ਅਮ੍ਰਿਤਧਾਰੀ ਨਾਂ ਹੋਣ ‘ਤੇ ਦਿੱਲੀ ਗੁਰੂਦੁਆਰਾ ਕਮੇਟੀ ਦੀ ਮੁਲਾਜਮ ਹੋਣ ਕਾਰਨ ਇਸ ਬੀਬੀ ਦੀ ਮੁੱਢਲੀ ਮੈਂਬਰਸ਼ਿਪ 11 ਮਾਰਚ 2017 ਤੋਂ ਹੀ ਰੱਦ ਕਰ ਦਿੱਤੀ ਸੀ। ਜਿਕਰਯੋਗ ਹੈ ਕਿ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੀ ਧਾਰਾ 10(2) ਮੁਤਾਬਿਕ ਜੇਕਰ ਦਿੱਲੀ ਕਮੇਟੀ ਦਾ ਕੋਈ ਮੈਂਬਰ ਅਯੋਗ ਹੁੰਦਿਆਂ ਵੀ ਆਪਣੇ ਅਹੁਦੇ ‘ਤੇ ਬਣਿਆ ਰਹਿੰਦਾ ਹੈ ਤਾਂ ਉਸ ਮੈਂਬਰ ਪਾਸੋਂ 300 ਰੁਪਏ ਰੋਜਾਨਾ ਦੇ ਆਧਾਰ ‘ਤੇ ਜੁਰਮਾਨਾ ਵਸੂਲਣ ਦਾ ਜਿਕਰ ਹੈ ‘ਤੇ ਐਕਟ ਦੀ ਇਸ ਧਾਰਾ ਮੁਤਾਬਿਕ ਜੁਰਮਾਨਾ ਨਾ ਦੇਣ ਦੀ ਸੂਰਤ ‘ਚ ਉਸ ਮੈਂਬਰ ਦੀ ਜਾਇਦਾਦ ਵੀ ਜਬਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਦਿੱਲੀ ਗੁਰੂਦੁਆਰਾ ਕਮੇਟੀ ਵਲੋਂ ਵੀ ਇਸ ਅਯੋਗ ਮੈਂਬਰ ਨੂੰ ਬੀਤੇ 4 ਸਾਲਾਂ ‘ਚ ਦਿੱਤੇ ਲੱਖਾ ਰੁਪਏ ਦੇ ਫੰਡ ਦੀ ਵਸੂਲੀ ਵੀ ਕਰਨੀ ਚਾਹੀਦੀ ਹੈ।
ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਡਾਇਰੈਕਟਰ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਗੁਰਮੁਖੀ ਭਾਸ਼ਾ ‘ਚ ਸਹੁੰ ਚੁੱਕਵਾਉਣ ਦਾ ਉਪਰਾਲਾ ਕਰਨ ਕਿਉਂਕਿ ਗੁਰੂਦੁਆਰਾ ਨਿਯਮਾਂ ਮੁਤਾਬਿਕ ਹਰ ਮੈਂਬਰ ਨੂੰ ਗੁਰਮੁਖੀ ਪੜ੍ਹਨ ‘ਤੇ ਲਿਖਣ ਦਾ ਗਿਆਨ ਹੋਣਾ ਲਾਜਮੀ ਹੈ ‘ਤੇ ਇਸ ਤੋਂ ਇਲਾਵਾ ਦਿੱਲੀ ਕਮੇਟੀ ਦਾ ਸਾਰਾ ਕੰਮ-ਕਾਜ ਵੀ ਗੁਰਮੁਖੀ ਭਾਸ਼ਾ ‘ਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਜਾਣਕਾਰੀ ਦੇ ਲਈ ਇਸ ਸਹੁੰ ਚੁੱਕ ਸਮਾਗਮ ਦੀ ਵੀਡੀਉ ਰਿਕਾਰਡਿੰਗ ਕਰਵਾਉਣ ਤੋਂ ਇਲਾਵਾ ਇਸ ਪ੍ਰਕਿਆ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਵੇ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਹਾਲਾਂਕਿ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਇਹਨਾਂ ਮਾਮਲਿਆਂ ‘ਚ ਫੋਰੀ ਲੌੜ੍ਹੀਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਪਰੰਤੂ ਜੇਕਰ ਚੋਣ ਡਾਇਰੈਕਟਰ ਵਲੌਂ ਇਸ ਸਬੰਧ ‘ਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ‘ਚ ਗੁਹਾਰ ਲਗਾਉਣ ‘ਚ ਵੀ ਗੁਰੇਜ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਵਿਭਾਗ ਦੀ ਇਸ ਸੱਖਤ ਕਾਰਵਾਈ ਨਾਲ ਮੈਂਬਰਾਂ ਦੀ ਅਯੋਗਤਾ ਸਬੰਧੀ ਲਗਾਤਾਰ ਹੋ ਰਹੀ ਕਿੰਤੂ-ਪ੍ਰੰਤੂ ‘ਤੇ ਠਲ ਪੈ ਸਕਦੀ ਹੈ।