ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਇੱਕ ਘਰ ਵਿਚਲੇ ਦਰਾਜ਼ ਵਿੱਚੋਂ ਮਿਲੀ ਇੱਕ 16 ਵੀਂ ਸਦੀ ਦੀ ਪਲੇਟ ਨਿਲਾਮੀ ਵਿੱਚ 1 ਮਿਲੀਅਨ ਪੌਂਡ ਤੋਂ ਵੱਧ ਵਿੱਚ ਵਿਕੀ ਹੈ। ਐਸਟੋਰੀਏਟੋ-ਸ਼ੈਲੀ ਦੀ ਇਸ ਪਲੇਟ ਦਾ ਵਿਆਸ ਲਗਭਗ 11 ਇੰਚ ਹੈ। ਐਡਿਨਬਰਾ ਵਿੱਚ ਲਿਓਨ ਅਤੇ ਟਰਨਬੁੱਲ ਦੁਆਰਾ ਆਨਲਾਈਨ ਨਿਲਾਮੀ ਦੇ ਦੌਰਾਨ ਇਸ ਪਲੇਟ ਦੀ 80,000 ਤੋਂ 120,000 ਪੌਂਡ ਦੇ ਵਿਚਕਾਰ ਵਿਕਣ ਦੀ ਉਮੀਦ ਸੀ। ਪਰ ਇਟਾਲੀਅਨ ਵਰਕ ਆਫ ਆਰਟ, ਜੋ ਕਿ ਸੈਮਸਨ ਅਤੇ ਡੇਲੀਲਾਹ ਦੀ ਬਾਈਬਲ ਦੀ ਕਹਾਣੀ ਨੂੰ ਦਰਸਾਉਂਦਾ ਹੈ, ਵਾਲੀ ਇਹ ਪਲੇਟ 1,263,000 ਪੌਂਡ ਵਿੱਚ ਵੇਚੀ ਗਈ ਹੈ। ਇਸਨੂੰ 1520-1523 ਦੇ ਆਸਪਾਸ ਬਣਾਇਆ ਗਿਆ ਸੀ । ਲਿਓਨ ਐਂਡ ਟਰਨਬੁੱਲ ਦੇ ਨਿਰਦੇਸ਼ਕ, ਗੇਵਿਨ ਸਟ੍ਰਾਂਗ ਨੇ ਇਸ ਪਲੇਟ ਦੀ ਵਿਕਰੀ ਨੂੰ ਇੱਕ ਨਵਾਂ ਵਿਸ਼ਵ ਰਿਕਾਰਡ ਮੰਨਿਆ ਹੈ।