ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੁਆਰਾ ਉਹਨਾਂ ਭਾਰਤੀਆਂ ਲਈ ਯਾਤਰਾ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਹੈ ਜਿਨ੍ਹਾਂ ਨੂੰ ਯੂਕੇ ਦੁਆਰਾ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ। ਨਵੇਂ ਨਿਯਮਾਂ ਤਹਿਤ 11 ਅਕਤੂਬਰ ਤੋਂ ਇਸ ਸ਼ਰਤ ਨੂੰ ਪੂਰਾ ਕਰਦੇ ਭਾਰਤੀ ਯਾਤਰੀਆਂ ਨੂੰ ਯੂਕੇ ਪਹੁੰਚਣ ‘ਤੇ ਇਕਾਂਤਵਾਸ ਜਾਂ ਕੋਵਿਡ ਟੈਸਟ ਨਹੀਂ ਕਰਵਾਉਣਾ ਪਵੇਗਾ। ਇਹ ਕਦਮ ਉਨ੍ਹਾਂ ਹਜ਼ਾਰਾਂ ਭਾਰਤੀਆਂ ਲਈ ਰਾਹਤ ਲੈ ਕੇ ਆਇਆ ਹੈ ਜੋ ਕੰਮ, ਪੜ੍ਹਾਈ ਅਤੇ ਘੁੰਮਣੇ ਲਈ ਯੂਕੇ ਜਾਂਦੇ ਹਨ। ਜਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਕੋਵੀਸ਼ੀਲਡ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਕੁੱਝ ਸਮੇਂ ਤੋਂ ਸਮੱਸਿਆ ਚੱਲ ਰਹੀ ਸੀ। ਯੂਕੇ ਨੇ ਪਹਿਲਾਂ ਕੋਵੀਸ਼ੀਲਡ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤਹਿਤ ਪੂਰੀ ਤਰ੍ਹਾਂ ਟੀਕਾ ਲਗਾਏ ਗਏ ਭਾਰਤੀ ਯਾਤਰੀਆਂ ਨੂੰ ਅਜੇ ਵੀ 10 ਦਿਨਾਂ ਲਈ ਇਕਾਂਤਵਾਸ ਅਤੇ ਆਪਣੇ ਖਰਚੇ ‘ਤੇ ਕੋਵਿਡ -19 ਟੈਸਟ ਕਰਵਾਉਣ ਦੀ ਜਰੂਰਤ ਸੀ। ਇਸ ਨਿਯਮ ‘ਤੇ ਭਾਰਤ ਸਰਕਾਰ ਦੇ ਦਖਲ ਅਤੇ ਵਿਰੋਧ ਕਰਨ ‘ਤੇ ਯੂਕੇ ਨੇ ਪਿਛਲੇ ਮਹੀਨੇ ਕੋਵੀਸ਼ੀਲਡ ਨੂੰ ਇੱਕ ਮਨਜ਼ੂਰਸ਼ੁਦਾ ਵੈਕਸੀਨ ਨਿਯੁਕਤ ਕੀਤਾ ਸੀ। ਪਰ ਯੂਕੇ ਨੇ ਭਾਰਤ ਨੂੰ ਆਪਣੀ ਇਕਾਂਤਵਾਸ ਰਹਿਤ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਅਤੇ ਯਾਤਰਾ ਪਾਬੰਦੀਆਂ ਜਾਰੀ ਰਹੀਆਂ। ਇਸ ਦੇ ਜਵਾਬ ਵਿੱਚ ਪਿਛਲੇ ਹਫਤੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਬ੍ਰਿਟਿਸ਼ ਨਾਗਰਿਕਾਂ ਨੂੰ ਵੀ ਭਾਰਤ ਦੀ ਯਾਤਰਾ ਲਈ ਇੱਕ ਲਾਜ਼ਮੀ ਕੁਆਰੰਟੀਨ ਲਾਗੂ ਕੀਤਾ ਗਿਆ। ਜਿਸ ਦੇ ਬਾਅਦ ਹੁਣ ਯੂਕੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸੇ ਦੌਰਾਨ ਭਾਰਤ ਦੇ ਰੋਜ਼ਾਨਾ ਕੋਰੋਨਾ ਮਾਮਲੇ ਵੀ 400,000 ਦੇ ਸਿਖਰ ਤੋਂ ਡਿੱਗ ਕੇ ਵੀਰਵਾਰ ਨੂੰ ਲਗਭਗ 21,000 ਰਹਿ ਗਏ ਹਨ ਅਤੇ ਭਾਰਤ ਦੀ ਲਗਭਗ 26% ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ ਲਗਭਗ 70% ਲੋਕਾਂ ਨੂੰ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ।
ਯੂਕੇ ਨੇ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲੱਗੇ ਭਾਰਤੀਆਂ ਲਈ ਯਾਤਰਾ ਪਾਬੰਦੀਆਂ ਵਿੱਚ ਦਿੱਤੀ ਢਿੱਲ
This entry was posted in ਅੰਤਰਰਾਸ਼ਟਰੀ.