ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਬੇਘਰ, ਸੜਕਾਂ ‘ਤੇ ਸੌਣ ਵਾਲੇ ਲੋਕਾਂ ਨੂੰ ਵੱਖ- ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਬੱਸਾਂ ਨੂੰ ਤਿਆਰ ਕੀਤਾ ਗਿਆ ਹੈ। ਲੰਡਨ ਵਿੱਚ ਇੱਕ ਸਾਲ ‘ਚ 3,000 ਤੋਂ ਵੱਧ ਲੋਕ ਸੜਕਾਂ ‘ਤੇ ਰਹਿੰਦੇ ਹਨ ਅਤੇ ਇੱਕ ਸੰਸਥਾ ‘ਚੇਂਜ ਪਲੀਜ਼’ ਇਹਨਾਂ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹੈ। ਜਿਸ ਲਈ ਇਹ ਬੱਸਾਂ ਖਾਸ ਸਹੂਲਤਾਂ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਸੰਸਥਾ ਦਾ ਪ੍ਰੋਜੈਕਟ ਬੇਘਰੇ ਲੋਕਾਂ ਲਈ ਮੁਫਤ ਜੀਪੀ ਸਲਾਹ, ਵਾਲ ਕਟਵਾਉਣ, ਦੰਦਾਂ ਦੀ ਦੇਖਭਾਲ, ਡਿਜੀਟਲ ਅਤੇ ਵਿੱਤੀ ਸਾਖਰਤਾ ਸਿਖਲਾਈ ਦੀ ਪੇਸ਼ਕਸ਼ ਕਰੇਗਾ।
ਇਸ ਦੇ ਇਲਾਵਾ ਬੱਸਾਂ ਵਿਚਲਾ ਸਟਾਫ ਉਨ੍ਹਾਂ ਨੂੰ ਬੈਂਕ ਖਾਤਾ ਖੋਲ੍ਹਣ ਵਿੱਚ ਵੀ ਸਹਾਇਤਾ ਕਰੇਗਾ। ਚੇਂਜ ਪਲੀਜ਼ ਦੇ ਸੰਸਥਾਪਕ ਕੈਮਲ ਈਜ਼ਲ ਅਨੁਸਾਰ ਇਹ ਪ੍ਰੋਜੈਕਟ ਬੇਘਰ ਲੋਕਾਂ ਨੂੰ ਮਹੱਤਵਪੂਰਣ ਸੇਵਾਵਾਂ ਤੱਕ ਪਹੁੰਚਣ ਦਾ ਮੌਕਾ ਦੇਵੇਗਾ। ਇਹ ਬੱਸਾਂ ਅਗਲੇ ਦੋ ਸਾਲਾਂ ਲਈ ਹਫਤੇ ਵਿੱਚ ਛੇ ਦਿਨ ਚੱਲਣਗੀਆਂ ਅਤੇ ਹਰ ਇੱਕ ਬੱਸ ਦਿਨ ਵਿੱਚ ਘੱਟੋ -ਘੱਟ ਛੇ ਲੋਕਾਂ ਦੀ ਸਹਾਇਤਾ ਕਰੇਗੀ। ਬੇਘਰ ਲੋਕ, ਉਨ੍ਹਾਂ ਲਈ ਬੱਸ ਭੇਜਣ ਦੀ ਬੇਨਤੀ ਕਰਨ ਲਈ ਇੱਕ ਟੈਕਸਟ ਭੇਜ ਸਕਣਗੇ ਤਾਂ ਜੋ ਉਹ ਸਿਹਤ ਸੰਭਾਲ ਤੱਕ ਪਹੁੰਚ ਕਰ ਸਕਣ। ਇਸਦੇ ਇਲਾਵਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਬੱਸਾਂ 2022 ਦੇ ਅਰੰਭ ਤੋਂ ਕੋਰੋਨਾ ਵਾਇਰਸ ਟੀਕੇ ਦੀ ਪੇਸ਼ਕਸ਼ ਸ਼ੁਰੂ ਕਰਨ ਦੇ ਵੀ ਯੋਗ ਹੋ ਜਾਣਗੀਆਂ।