ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼

ਬੈਠਾ ਸੋਢੀ ਪਾਤਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥

ਸਾਹਿਬ ਰਘੂਵੰਸ਼ੀਆਂ ਦੇ ਪੂਰਵਜਾਂ ਦਾ ਵੇਰਵਾ ਦੇਣ ਉਪਰੰਤ ਦੱਸਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਦੀ ਪਤਨੀ ਮਾਤਾ ਸੀਤਾ ਜੀ ਦੇ ਲਵ ਅਤੇ ਕੁਸ਼ ਦੋ ਪੁੱਤਰ  ਹੋਏ ਜਿਨ੍ਹਾਂ ਲਾਹੌਰ ਅਤੇ ਕਸੂਰ ਨੂੰ ਵਸਾ ਕੇ ਉਹ ਅਤੇ ਉਨ੍ਹਾਂ ਦੇ ਪੁੱਤਰ ਪੋਤਰਿਆਂ ਨੇ ਵੀ ਬਹੁਤ ਸਮਾਂ ਰਾਜ ਕੀਤਾ। ਸਮਾਂ ਪਾ ਕੇ ਇਸ ਵੰਸ਼ ‘ਚ ਕਸੂਰ ਦਾ ਰਾਜਾ ਕਾਲਕੇਤ ਅਤੇ ਲਾਹੌਰ ਦਾ ਰਾਜ ਭਾਗ ਕਾਲਰਾਇ ਨੇ ਸੰਭਾਲਿਆ। ਸੂਰਮਾ ਰਾਜਾ ਕਾਲਕੇਤ ਨੇ ਕਾਲਰਾਇ ਨੂੰ ਲਹੌਰ ਤੋਂ ਭਜਾ ਦਿੱਤਾ ਜਿਸ ਨੇ ਸਨੌਢ ਦੇਸ਼ ਜਾ ਕੇ ਰਾਜੇ ਦੀ ਕੰਨਿਆ ਨਾਲ ਵਿਆਹ ਕੀਤਾ। ਜਿਸ ਤੋਂ ਸੋਢੀ ਰਾਇ ਨਾਂ ਪੁੱਤਰ ਪੈਦਾ ਹੋਇਆ ਅਤੇ ਸੋਢੀ ਬੰਸ ਚਲੀ। ਸੋਢੀ ਆਪਣੇ ਨਾਨੇ ਦੇ ਤਖਤ ‘ਤੇ ਬੈਠਾ ਤੇ ਜਦ ਤਾਕਤਵਰ ਹੋਇਆ ਤਾਂ ਉਸ ਨੇ ਕੁਸ਼ ਬੰਸੀਆਂ ‘ਤੇ ਹਮਲਾ ਕਰਦਿਤਾ। ਭਿਆਨਕ ਯੁਧ ਉਪਰੰਤ ਕੁਸ਼ ਬੰਸੀ ਹਾਰ ਖਾ ਕੇ ਭਜੇ ਤੇ ਕਾਂਸੀ ਜਾ ਕੇ ਵੇਦਾਂ ਦਾ ਅਧਿਐਨ ਕੀਤਾ। ਦਜਸ ਕਾਰਨ ਉਨ੍ਹਾਂ ਨੂੰ ਵੇਦੀ( ਬੇਦੀ) ਕਹਲਾਏ। ਇਸੇ ਬੇਦੀ ਬੰਸ ਵਿਚ ਗੁਰੂ ਨਾਨਕ ਦੇਵ ਜੀ ਲੇ ਅਤੇ ਸੋਢੀ ਕੁਲ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੇ ਜਨਮ ਲਿਆ।

ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਲਿਆ ਜਾਂਦਾ ਹੈ ਤਾਂ ਗੁਰੂ ਨਗਰੀ ਅਮ੍ਰਿਤਸਰ ਅਤੇ ਇਥੇ ਸਥਾਪਿਤ ਅਠ ਸਠ ਤੀਰਥ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਆਪਮੁਹਾਰੇ  ਧਿਆਨ ਧਰਿਆ ਜਾਂਦਾ ਹੈ। ਸੰਸਾਰ ਦੇ ਸਾਰੇ ਧਰਮਾਂ ‘ਚ ਸ੍ਰੀ ਹਰਿਮੰਦਰ ਸਾਹਿਬ ਹੀ ਇਕ ਅਜਿਹੀ ਜਗਾ ਹੈ ਜਿਥੇ ਬਿਨਾ ਕਿਸੇ ਕਿੰਤੂ ਦੇ ਸਰਬਯਾਂਝੀਵਾਲ ਦੇ ਪ੍ਰਤੀਕ ਅਵੀਕਾਰਿਆ ਜਾਂਦਾ ਹੈ।   ਇਥੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ‘, ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ‘, ਅਤੇ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ‘ ਦੇ ਸੰਕਲਪ ਰਾਹੀਂ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ। ਪਿਛੇ 400 ਸਾਲਾਂ ਤੋਂ ਗਾਈਆਂ ਜਾ ਰਹੀਆਂ ਰੱਬੀ ਬਾਣੀ ਦੀਆਂ ਕੀਰਤਨ ਧੁਨਾਂ ਦਾ ਅਲੌਕਿਕ ਵਾਤਾਵਰਨ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਦਿੰਦਾ ਹੈ। ਜੋ ਵੀ ਮਾਈ ਭਾਈ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ‘ਤੇ ਹਾਜ਼ਰੀ ਭਰਨ ਆਉਂਦਾ ਹੈ ਉਹ ਸ਼ਰਧਾ ਵੱਸ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਵੱਲੋਂ ਸਤਿਗੁਰਾਂ ਦੀ ਕੀਤੀ ਗਈ ਉਸਤਤ :-

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਨੂੰ ਆਪ ਮੁਹਾਰੇ ਗੁਣ ਗੁਣਾਉਣ ਲਗ ਜਾਂਦਾ ਹੈ। ਸਿੱਖ ਧਰਮ ਦੀ ਚੌਥੀ ਤੇ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕੱਤਕ ਵਦੀ 2 ਸੰਮਤ 1591( 24 ਸਤੰਬਰ 1534 ਈ:)ਨੂੰ ਪਿਤਾ ਸ੍ਰੀ ਹਰਿ ਦਾਸ ਜੀ ਅਤੇ ਮਾਤਾ ਦਇਆ ਕੌਰ ਦੇ ਗ੍ਰਹਿ, ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਬਚਪਨ ‘ਚ ਸ੍ਰੀ ਗੁਰੂ ਅਮਰਦਾਸ ਜੀ ਦੇ  ਦਰਸ਼ਨਾਂ ਦੀ ਤਾਂਘ ਸਦਕਾ (ਗੁਰੂ) ਰਾਮਦਾਸ ਜੀ ਗੋਇੰਦਵਾਲ ਸਾਹਿਬ ਗਏ ਤਾਂ ਆਪ ਜੀ ਉੱਥੇ ਹੀ ਰਹਿ ਕੇ ਸਤਿਗੁਰਾਂ ਅਤੇ ਸੰਗਤ ਦੀ ਨਿਸ਼ਕਾਮ ਸੇਵਾ ‘ਚ ਜੁੱਟ ਗਏ। ਆਪ ਦੇ ਗੁਣਾਂ ਅਤੇ ਨੇਕ-ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਆਪ ਜੀ ਨਾਲ ਕਰ ਦਿੱਤਾ। ਆਪ ਜੀ ਦੇ ਗ੍ਰਹਿ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੇ ਅਵਤਾਰ ਧਾਰਿਆ।

ਇਕ ਵਕਤ ਗੁਰਮਤਿ ਵਿਚਾਰਧਾਰਾ ਦੇ ਵਿਰੋਧੀ ਜਾਤ ਅਭਿਮਾਨੀਆਂ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਤੋਂ ਔਖੇ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਵਿਰੁੱਧ ਲਾਹੌਰ ਦਰਬਾਰ ਵਿੱਚ ਸÇaਕਾਇਤ ਕਰਾ ਦਿੱਤੀ। ਸ੍ਰੀ (ਗੁਰੂ) ਰਾਮਦਾਸ ਜੀ ਨੇ ਲਾਹੌਰ ਦਰਬਾਰ ਵਿਖੇ ਜਾ ਕੇ ਸਾਰੇ ਇਤਰਾਜ਼ਾਂ ਦਾ ਬੜੇ ਵਿਸਥਾਰ, ਧੀਰਜ ਤੇ ਨਿਡਰਤਾ ਨਾਲ ਗੁਰਮਤਿ ਦੀ ਰੌਸ਼ਨੀ ਵਿਚ ਉੱਤਰ ਦੇ ਕੇ ਹਾਕਮ ਦੀ ਪੂਰੀ ਤਸੱਲੀ ਕਰਾਈ।

ਗੁਰੂ-ਘਰ ਦਾ ਦਾਮਾਦ ਹੋ ਕੇ ਵੀ ਆਪ ਜੀ ਨੇ ਦਿਨ-ਰਾਤ ਦੀ ਸੇਵਾ ਦੌਰਾਨ ਲੋਕ-ਲਾਜ ਦੀ ਕਦੀ ਪ੍ਰਵਾਹ ਨਾ ਕੀਤੀ। ਇਕ ਵਾਰ ਬਾਉਲੀ ਸਾਹਿਬ ਦੀ ਚੱਲ ਰਹੀ ਸੇਵਾ ‘ਚ ਤਨੋ-ਮਨੋ ਖੁੱਭੇ ਹੋਏ ਸਨ ਕਿ ਆਪ ਜੀ ਦੇ ਲਾਹੌਰ ਤੋਂ ਆਏ ਸ਼ਰੀਕੇ ਭਾਈਚਾਰੇ ਵਾਲਿਆਂ ਨੇ ਸਹੁਰੇ ਘਰ ਟੋਕਰੀ ਢੋਂਦੇ ਅਤੇ ਬਸਤਰ ਚਿੱਕੜ ਨਾਲ ਲਿੱਬੜੇ ਹੋਏ ਵੇਖ ਕੇ ਆਪ ਜੀ ਨੂੰ ਮਿਹਣਾ ਦੇ ਮਾਰਿਆ। ਇੰਜ ਹੋਣ ‘ਤੇ ਵੀ ਸ੍ਰੀ (ਗੁਰੂ) ਰਾਮਦਾਸ ਜੀ ਨੇ ਸ਼ਰੀਕਾਂ ਕੋਲ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾਲੂ ਹੋਣ ਪ੍ਰਤੀ ਵਡਿਆਈ ਕੀਤੀ। ਬਾਉਲੀ ਸਾਹਿਬ ਦੀ ਕਾਰ ਸੇਵਾ ਦੌਰਾਨ ਹੀ ਤੀਜੇ ਸਤਿਗੁਰਾਂ ਨੇ ਆਪਣੇ ਦੋਹਾਂ ਜਵਾਈਆਂ ਪਰਖਦਿਆਂ ਥੜ੍ਹੇ ਬਣਾਉਣ ਲਈ ਕਿਹਾ ਗਿਆ। ਵਾਰ ਵਾਰ ਥੜ੍ਹੇ ਢਾਹੇ ਜਾਣ ‘ਤੇ ਸ੍ਰੀ ਰਾਮਾ ਜੀ ਤਾਂ ਗ਼ੁੱਸਾ ਮਨਾ ਕੇ ਚਲੇ ਗਏ ਪਰ ਸ੍ਰੀ (ਗੁਰੂ) ਰਾਮਦਾਸ ਜੀ ਬਿਨਾ ਕਿਸੇ ਕਿੰਤੂ ‘ਤੇ ਪੂਰੀ ਨਿਮਰਤਾ ਨਾਲ ਆਗਿਆ ਦਾ ਪਾਲਣ ਕਰਦਿਆਂ ਪਰਖ ‘ਚੋਂ ਸੁਰਖ਼ਰੂ ਹੋ ਕੇ ਨਿਕਲੇ, ਜਿਸ ਨੂੰ ਦੇਖ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਆਪ ਜੀ ਦੀ ਨਿਸ਼ਕਾਮ ਸੇਵਾ, ਸਿਦਕ, ਸਾਦਗੀ, ਸਬਰ, ਸੰਤੋਖ, ਸਹਿਣਸ਼ੀਲ, ਨਿਮਰਤਾ, ਆਗਿਆਕਾਰੀ ਸੁਭਾਅ ਅਤੇ ਪ੍ਰੇਮਾ-ਭਗਤੀ ਦੇ ਸਦਗੁਣਾਂ ਸਦਕਾ ਗੁਰਮਤਿ ਕਸੌਟੀ ‘ਤੇ ਖਰਾ ਉੱਤਰਿਆ ਦੇਖ ਭਾਦੋਂ ਸੁਦੀ 15, ਸੰਮਤ 1631, (1 ਸਤੰਬਰ 1574 ਈ:) ਨੂੰ ਗੁਰਤਾ ਗੱਦੀ ‘ਤੇ ਬਿਰਾਜਮਾਨ ਕੀਤਾ ਗਿਆ।

ਸਤਿਗੁਰੂ ਅਮਰਦਾਸ ਜੀ ਆਪਣੇ ਉੱਤਰਾਧਿਕਾਰੀ ਚੌਥੀ ਪਾਤਸ਼ਾਹੀ ਲਈ ਅਜਿਹਾ ਨਗਰ ਵਸਾਉਣਾ ਚਾਹੁੰਦੇ ਸਨ ਜਿੱਥੇ ਉਹ ਆਜ਼ਾਦਾਨਾ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਸਾਜ਼ਗਾਰ ਮਾਹੌਲ ਮਿਲ ਸਕੇ। ਇਸ ਮਕਸਦ ਲਈ ਗੁਰੂ ਅਮਰਦਾਸ ਜੀ ਨੇ ਰਮਣੀਕ ਤੇ ਸ਼ਾਂਤ ਵਾਤਾਵਰਨ ਵਾਲੇ ਇਕਾਂਤ ਜਗਾ ਦੀ ਚੋਣ ਕਰਦਿਆਂ ਮੌਜੂਦਾ ਅੰਮ੍ਰਿਤਸਰ ਵਾਲੀ ਜਗਾ ਖ਼ਰੀਦਿਆ ਅਤੇ 13 ਹਾੜ ਵਦੀ 1627 ਬਿ: ਨੂੰ ਆਪਣੇ ਹੱਥੀਂ ਮੋਹੜੀ ਗੱਡਦਿਆਂ ਗੁਰੂ ਰਾਮਦਾਸ ਜੀ ਲਈ ਨਗਰ ਵਸਾਉਣਾ ਕੀਤਾ। ਜਿਸ ਦਾ ਨਾਮ ਖ਼ੁਦ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਰੱਖਿਆ ਜਿਸ ਦੀ ਗਵਾਹੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਨ ਕੀਤੇ ਸਲੋਕ ਤੋਂ ਮਿਲਦੀ ਹੈ :-

ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥ (ਅੰਗ – 1412)

ਇੱਥੇ (ਗੁਰੂ) ਰਾਮਦਾਸ ਜੀ ਨੇ ਤੀਜੇ ਸਤਿਗੁਰਾਂ ਦੇ ਹੁਕਮ ਅਨੁਸਾਰ ਸੰਤੋਖ ਸਰ ਸਰੋਵਰ ਅਤੇ ਫਿਰ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਾਇਆ। ਇਸੇ ਸੁਸ਼ੋਭਿਤ ਸ੍ਰੀ ਹਰਿਮੰਦਰ ਸਾਹਿਬ ਸਰਬਸਾਂਝੀ ਵਾਲਤਾ ਦੀ ਮਿਸਾਲ ਅਤੇ ਸਦੀਆਂ ਤੋਂ ਸਿੱਖ ਪੰਥ ਲਈ ਸ਼ਰਧਾ, ਦ੍ਰਿੜ੍ਹਤਾ, ਸੇਵਾ ਸਿਮਰਨ ਅਤੇ ਕੁਰਬਾਨੀ ਦੀ ਪ੍ਰੇਰਨਾ ਸ਼ਕਤੀ ਦਾ ਮੁੱਖ ਸਰੋਤ ਰਿਹਾ। ਗੁਰੂ ਸਾਹਿਬ ਨੇ ਸੰਗਤਾਂ ਨੂੰ ਇਸ ਨਗਰ ਵਿਚ ਵੱਸਣ ਲਈ ਪ੍ਰੇਰਿਆ ਉੱਥੇ ਹੀ 52 ਕਿੱਤਿਆਂ ਹੁਨਰਮੰਦਾਂ ਕਿਰਤੀਆਂ ਨੂੰ ਵੀ ਵਸਾਇਆ। ਨਗਰ ਅਤੇ ਸਰੋਵਰ ਦੇ ਨਿਰਮਾਣ ਲਈ ਮਾਲੀ ਜ਼ਰੂਰਤਾਂ ਪੂਰੀਆਂ ਕਰਨ ਹਿਤ ਗੁਰੂ ਰਾਮਦਾਸ ਜੀ ਨੇ ‘ਮਸੰਦ‘ ਪ੍ਰਣਾਲੀ ਦੀ ਆਰੰਭਤਾ ਕੀਤੀ। ਸਤੀ ਪ੍ਰਥਾ ਅਤੇ ਬਾਲ ਵਿਆਹ ਦਾ ਵਿਰੋਧ ਕੀਤਾ ਅਤੇ 30 ਰਾਗਾਂ ਵਿਚ ਧੁਰ ਕੀ ਬਾਣੀ ਦਾ ਭੰਡਾਰਾ ਮਨੁੱਖਤਾ ਦੀ ਝੋਲੀ ਪਾਉਣ ਤੋਂ ਇਲਾਵਾ 4 ਲਾਵਾਂ ਰਾਹੀਂ ਅਨੰਦ ਕਾਰਜ ਦੀ ਰਸਮ ਪੂਰੀ ਕਰਕੇ ਸਿਖੀ ਨੂੰ ਵੱਖਰੀ ਪਹਿਚਾਣ ਵੀ ਦਿੱਤੀ। ਆਪ ਜੀ ਦੀ ਬਾਣੀ ‘ਚ ਪ੍ਰਭੂ ਪ੍ਰਾਪਤੀ ਲਈ ਵੇਦਨਾ,  ਤੜਪ, ਪ੍ਰਭੂ ਭਗਤੀ, ਸੇਵਾ ਸਿਮਰਨ ਬਿਰਹਾ ਅਤੇ ਆਤਮ ਸਮਰਪਣ ਨੂੰ ਜ਼ਰੂਰੀ ਦੱਸਿਆ:-

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥ ( ਅੰਗ- 757)
ਨਿਮਰਤਾ ਅਤੇ ਸਤਿਗੁਰਾਂ ਦੀ ਸੰਗਤ ਬਾਰੇ ਕਿਹਾ ਕਿ :-

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ ( ਅੰਗ- 167)

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਨੇ ਗੁਰਸਿੱਖ ਦੀ ਰਹਿਣੀ ਬਹਿਣੀ, ਚੱਜ ਆਚਾਰ ਅਤੇ ਜੀਵਨ ਜਾਂਚ ਨੂੰ ਨਿਰਧਾਰਿਤ ਕੀਤਾ।

ਗੁਰਿਆਈ ਦੇ ਪੂਰੇ 7 ਸਾਲ ਦੌਰਾਨ ਸੰਗਤ ਨੂੰ ਪ੍ਰਮਾਰਥ ਦੇ ਰਾਹ ਪਾਉਦਿਆਂ ਭਾਦੋਂ ਸੁਦੀ 3, ਸੰਮਤ 1638 ਨੂੰ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪਦਿਆਂ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਦਿਆਂ ਉਸ ਦੇ ਐਨ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਦਨਾ ਆਦਿ ਜ਼ਰੂਰੀ ਆਦੇਸ਼ ਦੇ ਕੇ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ । 22 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖੀ ਸਿਧਾਂਤਾਂ ਨੂੰ ਵਿਵਹਾਰਿਕ ਜੀਵਨ ਦਾ ਹਿੱਸਾ ਬਣਾਈਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>