ਗੁਰਬਾਣੀ ’ਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ, ਗੁਰਮੁਖ ਜਾਂ ਸੰਤ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ, ਉਹ ਸਾਰੇ ਹੀ ਗੁਣ ਬਾਬਾ ਬੁੱਢਾ ਜੀ ਵਿਚ ਵਿਦਮਾਨ ਸਨ। ਆਪ ਜੀ ਨੂੰ ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰ-ਅੰਦੇਸ਼ ਤੇ ਵਿਦਵਾਨ ਵਜੋਂ ਜਾਣਿਆ ਜਾਂਦਾ ਸੀ। ਆਪ ਜੀ ਅਜਿਹੇ ਆਦਰਸ਼ਕ ਅਤੇ ਅਦੁੱਤੀ ਸਿੱਖ ਸਨ ਜਿਨ੍ਹਾਂ ਦੀਆਂ ਅੱਖਾਂ ਅੱਗੋਂ ਲਗਭਗ ਅੱਧਾ ਗੁਰ ਇਤਿਹਾਸ ਲੰਘਿਆ। ਆਪ ਜੀ ਨੇ ਪਹਿਲੀਆਂ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਪੰਜ ਪਾਤਸ਼ਾਹੀਆਂ ਨੂੰ ਆਪਣੀ ਹੱਥੀਂ ਗੁਰਤਾ ਗੱਦੀ ’ਤੇ ਬਿਠਾ ਕੇ ਤਿਲਕ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਸਮੇਂ ਪਹਿਲਾ ਮੁੱਖ ਗ੍ਰੰਥੀ ਹੋਣ ਮਾਣ ਮਿਲਿਆ।
ਬਾਬਾ ਬੁੱਢਾ ਜੀ ਦਾ ਜਨਮ ਸੰਮਤ 1563 ਬਿਕ੍ਰਮੀ, 7 ਕੱਤਕ ਵਦੀ 10 ( 22 ਅਕਤੂਬਰ, 1506) ਨੂੰ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। 12 ਸਾਲ ਦੀ ਉਮਰ ’ਚ ਪਸ਼ੂ ਚਾਰਦੇ ਵਕਤ ਆਪ ਜੀ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ । ਉਨ੍ਹਾਂ ਗੁਰੂ ਸਾਹਿਬ ਨੂੰ ਸਾਧੂ ਜਾਣ ਕੇ ਦੁੱਧ ਲੈ ਕੇ ਹਾਜ਼ਰ ਹੋਏ ਤੇ ਸਤਿਗੁਰਾਂ ਨਾਲ ਬਿਬੇਕ ਵੈਰਾਗ ਦੀਆਂ ਗੱਲਾਂ ਕੀਤੀਆਂ । ਬੂੜੇ ਦੇ ਵਿਚਾਰਾਂ ਨੂੰ ਸੁਣ ਕੇ ਸਤਿਗੁਰੂ ਜੀ ਬਖਸ਼ਿਸ਼ ਦੇ ਘਰ ਆਏ ਅਤੇ ਕਿਹਾ ’’ ਭਾਵੇਂ ਉਮਰ ਨਿੱਕੀ ਹੈ, ਪਰ ਸੂਝ ਸਮਝ ਪੱਖੋਂ ਤੂੰ ਬੁੜਾ ਨਹੀਂ ਸਗੋਂ ਬੁੜ੍ਹਾ ਭਾਵ ਬੁੱਢਾ ਹੈ। ਉਸ ਦਿਨ ਤੋਂ ਆਪ ਜੀ ਦਾ ਨਾਮ ਬੁੱਢਾ ਸਿੱਧ ਹੋਇਆ ਅਤੇ ਗੁਰੂ ਨਾਨਕ ਦਾ ਸਿੱਖ ਹੋ ਕੇ ਸ਼ਰਧਾ ਤੇ ਪਿਆਰ ਨਾਲ ਸੇਵਾ ਸਿਮਰਨ ’ਚ ਜੁੱਟ ਗਏ। ਆਪ ਜੀ ਅਣਥੱਕ ਸੇਵਾ ਅਤੇ ਸਮਰਪਣ ਨਾਲ ਗੁਰੂਘਰ ’ਚ ਉੱਚਾ ਮੁਕਾਮ ਪਾਇਆ। ਕਰਤਾਰਪੁਰ ਰਹਿ ਕੇ ਸਤਿਗੁਰਾਂ ਤੋਂ ਗੁਰਮਤਿ ਗਿਆਨ ਹਾਸਲ ਕੀਤਾ, ਉਸ ਨੂੰ ਹੋਰ ਸਿੱਖਾਂ ਵਿਚ ਖੁੱਲ੍ਹੇ ਦਿਲ ਨਾਲ ਵੰਡਿਆ। ਇਸੇ ਦੌਰਾਨ ਆਪ ਜੀ ਦਾ ਵਿਆਹ ਪਿੰਡ ਅਚੱਲ (ਵਟਾਲੇ)ਦੇ ਜਮੀਨਦਾਰ ਸਮਰਾਹ ਗੋਤ ਦੀ ਪੁੱਤਰੀ ਮਾਤਾ ਮਿਰੋਆ ਨਾਲ ਹੋਇਆ ਤੇ ਉਨ੍ਹਾਂ ਦੇ ਗ੍ਰਹਿ ਚਾਰ ਪੁੱਤਰਾਂ ਨੇ ਜਨਮ ਲਿਆ।
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾ ਜਾਣ ਨਾਲ ਗੁਰੂ ਅੰਗਦ ਦੇਵ ਜੀ ਸਤਿਗੁਰਾਂ ਦੇ ਵਿਛੋੜੇ ਦੀ ਸਲ ’ਚ ਖਡੂਰ ਸਾਹਿਬ ਵਿਖੇ ਮਾਈ ਸਭਰਾਈ ਦੇ ਘਰ ਇਕ ਬੰਦ ਕਮਰੇ ਵਿਚ ਸਮਾਧੀ ਲਾ ਕੇ ਬੈਠ ਗਏ ਤਾਂ ਬਾਬਾ ਬੁੱਢਾ ਜੀ ਨੇ ਹੀ ਆਪ ਜੀ ਨੂੰ ਲੱਭ ਕੇ ਸੰਗਤਾਂ ਨੂੰ ਦਰਸ਼ਨ ਕਰਾਏ। ਇਸੇ ਤਰਾਂ ਗੁਰੂ ਅਮਰਦਾਸ ਜੀ ਕੁਝ ਉਪਰਾਮ ਹੋ ਕੇ ਬਾਸਰਕੇ ਇਕ ਕੋਠੇ ਵਿਚ ਬੂਹਾ ਬੰਦ ਕਰ ਕੇ ਆਣ ਬਿਰਾਜੇ ਤੇ ਬਾਹਰ ਲਿਖ ਦਿੱਤਾ ਕਿ “ਜੋ ਕੋਈ ਇਹ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ” ਤਾਂ ਬਾਬਾ ਬੁੱਢਾ ਜੀ ਨੇ ਹੀ ਹੁਕਮ ਅਦੂਲੀ ਤੋਂ ਬਚਦਿਆਂ ਪਿੱਛੋਂ ਸੰਨ੍ਹ ਲਾ ਕੇ ਗੁਰੂ ਸਾਹਿਬ ਦੇ ਸੰਗਤ ਨੂੰ ਦਰਸ਼ਨ ਕਰਾਏ। ਖਡੂਰ ਸਾਹਿਬ ਵਿਖੇ ਗੁਰਬਾਣੀ ਅਰਥ ਪੜਾਉਣ ਅਤੇ ਤੀਜੇ ਪਾਤਿਸ਼ਾਹ ਜੀ ਵੱਲੋਂ ਗੋਇੰਦਵਾਲ ਸ਼ਹਿਰ ਵਸਾਉਂਦਿਆਂ ਇੱਥੇ ਊਚ-ਨੀਚ, ਛੂਤ-ਛਾਤ ਦੇ ਵਿਰੁੱਧ ਇਕ ਸਾਂਝੀ ਬਾਉਲੀ ਦੇ ਨਿਰਮਾਣ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। 1627 ਬਿ: ਨੂੰ ਜਦ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖਣ ਲਈ ਗੁਰੂ ਅਮਰਦਾਸ ਜੀ ਵੱਲੋਂ ਮੋਹੜੀ ਗੱਡੀ ਜਾ ਰਹੀ ਸੀ ਉਸ ਵਕਤ ਬਾਬਾ ਬੁੱਢਾ ਜੀ ਵੀ ਨਾਲ ਸਨ। ਗੁਰੂ ਸਾਹਿਬ ਦੇ ਆਦੇਸ਼ ਅਤੇ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਹੀ (ਗੁਰੂ) ਰਾਮਦਾਸ ਜੀ ਵੱਲੋਂ ਇੱਥੇ ਸ਼ਹਿਰ ਅਤੇ ਸਰੋਵਰਾਂ ਦਾ ਨਿਰਮਾਣ ਸਮੇਤ ਕਈ ਕਾਰਜ ਸੰਪੂਰਨ ਕੀਤੇ ਗਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਦੀ ਮੁੜ ਕਾਰਸੇਵਾ ਸ਼ੁਰੂ ਹੋਈ ਤਾਂ ਬਾਬਾ ਬੁੱਢਾ ਜੀ ਟੋਕਰੀ ਚੁੱਕਣ ਆਦਿ ਹੱਥੀਂ ਸੇਵਾ ਅਤੇ ਬੇਰੀ ਹੇਠ ਬੈਠ ਕੇ ਨਿਗਰਾਨੀ ਕਰਦੇ ਰਹੇ। 1 ਮਾਘ 1645 ਬਿ: ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਸਮੇਂ ਅਰਦਾਸ ਬਾਬਾ ਬੁੱਢਾ ਜੀ ਨੇ ਕੀਤੀ। ਇਤਿਹਾਸ ਗਵਾਹ ਹੈ ਕਿ ਮਾਤਾ ਗੰਗਾ ਜੀ ਦੀ ਇੱਛਾ ਅਨੁਸਾਰ ਬਾਬਾ ਬੁੱਢਾ ਜੀ ਦੇ ਬਲੀ ਯੋਧਾ ਪੁੱਤਰ ਹੋਣ ਦੇ ਵਰਦਾਨ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ। ਬਾਲ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਖ਼ੁਦ ਬਾਬਾ ਬੁੱਢਾ ਜੀ ਨੇ ਦਿੱਤੀ। ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੀ ਬਾਬਾ ਜੀ ਅਹਿਮ ਯੋਗਦਾਨ ਪਾਉਂਦੇ ਰਹੇ। ਜਦ 1661 ਬਿ: ਭਾਦੋਂ ਸੁਦੀ 1 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਭਾਇਮਾਨ ਕੀਤਾ ਜਾਣਾ ਸੀ ਤਾਂ ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ ’ਤੇ ਸੀ ਤੇ ਪੰਚਮ ਪਾਤਿਸ਼ਾਹ ਚੌਰ ਕਰ ਰਹੇ ਸਨ। ਗੁਰੂ ਸਾਹਿਬ ਦਾ ਹੁਕਮ ਪਾ ਕੇ ਬੀੜ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਕੀਤਾ ਤੇ ਪਹਿਲਾ ਹੁਕਮਨਾਮਾ ” ਸੂਹੀ ਮਹਲਾ 5।। ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।” ਲਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਜੀ ਦਾ ਸਤਿਕਾਰ ਬਣਾਈ ਰੱਖਣ ਦਾ ਉਪਦੇਸ਼ ਕਰਦੇ ਹਨ। ਪੰਚਮ ਪਾਤਿਸ਼ਾਹ ਦੀ ਸ਼ਹੀਦੀ ਉਪਰੰਤ ਸਿੱਖਾਂ ’ਚ ਸੂਰਮਤਾਈ ਦੀ ਬਿਰਤੀ ਦਾ ਸੰਚਾਰ ਕਰਨ ਹਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1663 ਬਿ: ਹਾੜ ਵਦੀ ਪੰਚਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਲਈ ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਉਣ ਉਪਰੰਤ ਪਹਿਲੀ ਇੱਟ ਬੜੇ ਬਲ ਅਤੇ ਤੇਜ਼ ਵਿਚ ਆਪ ਰੱਖੀ। ਇਸ ਤਖ਼ਤ ਸਾਹਿਬ ਨੂੰ ਰਾਜ ਮਿਸਤਰੀਆਂ ਨੇ ਨਹੀਂ ਸਗੋਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੁਆਰਾ ਪਵਿੱਤਰ ਕਰ ਕਮਲਾਂ ਨਾਲ ਤਾਮੀਰ ਕਰਾਇਆ ਗਿਆ। ਛੇਵੇਂ ਪਾਤਸ਼ਾਹ ਹਾੜ ਸੁਦੀ ਨੌਵੀਂ ਨੂੰ ਇਸ ਤਖ਼ਤ ’ਤੇ ਸਸ਼ੋਭਿਤ ਹੋਏ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਬਾਦਸ਼ਾਹਾਂ ਵਾਂਗ ਤਖ਼ਤ ਨਸ਼ੀਨੀ ਦਾ ਤਿਲਕ ਲਾਇਆ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਗੁਰੂ ਸਾਹਿਬ ਨੇ ਸੰਗਤ ਨੂੰ ਅੱਗੇ ਤੋਂ ਜੰਗੀ ਸਮਾਨ ਅਤੇ ਘੋੜੇ ਭੇਟਾ ਲਿਆਉਣ ਦਾ ਹੁਕਮ ਕੀਤਾ। ਚੰਦੂ ਦੀ ਚੁੱਕ ’ਤੇ ਜਹਾਂਗੀਰ ਨੇ ਜਦ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਤਾਂ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਵਿਚ ਸ਼ਬਦ ਚੌਕੀ ਦੀ ਰੀਤ ਚਲਾਈ ਅਤੇ ਗਵਾਲੀਅਰ ਵਿਖੇ ਜਾ ਕੇ ਸਤਿਗੁਰਾਂ ਦਾ ਸੁਖ ਸਾਂਦ ਪਤਾ ਕਰਨ ਤੋਂ ਇਲਾਵਾ ਸਿੱਖਾਂ ਦਾ ਮਨੋਬਲ ਕਾਇਮ ਰੱਖਣ ’ਚ ਬਾਬਾ ਬੁੱਢਾ ਜੀ ਨੇ ਅਹਿਮ ਰੋਲ ਅਦਾ ਕੀਤਾ। ਅੰਤ ਸਮਾਂ ਨੇੜੇ ਦੇਖ ਬਾਬਾ ਬੁੱਢਾ ਜੀ ਦੀ ਇੱਛਾ ਅਨੁਸਾਰ ਬਾਬਾ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਰਮਦਾਸ ਨਗਰ ਵਿਖੇ ਸਤਿਗੁਰਾਂ ਨੇ ਬਾਬਾ ਜੀ ਨੂੰ ਦਰਸ਼ਨ ਦਿੱਤੇ। ਆਪਣਾ ਛੋਟਾ ਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਸਾਹਿਬ ਨੂੰ ਫੜਾਇਆ। ਅੰਤ 14 ਮੱਘਰ, ਮੱਘਰ ਸੁਦੀ 4 ਸੰਮਤ 1688 ਬਿ: ਨੂੰ 125 ਸਾਲ ਦੀ ਉਮਰ ਭੋਗਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ’ਚ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਜੋਤਿ ਵਿਚ ਅਭੇਦ ਹੋ ਗਏ। ਆਪ ਜੀ ਦੀ ਅਰਥੀ ਨੂੰ ਗੁਰੂ ਸਾਹਿਬ ਅਤੇ ਭਾਈ ਭਾਨਾ ਜੀ ਅਤੇ ਦੂਜੇ ਪਾਸੇ ਭਾਈ ਗੁਰਦਾਸ ਜੀ ਅਤੇ ਭਾਈ ਅਜਿਤਾ ਜੀ ਨੇ ਮੋਢਾ ਦਿੱਤਾ ਤੇ ਸਤਿਗੁਰਾਂ ਦੀ ਨਿਗਰਾਨੀ ’ਚ ਸਤਿਕਾਰ ਸਹਿਤ ਸਸਕਾਰ ਕੀਤਾ ਗਿਆ।
ਸਾਰੇ ਗੁਰੂ ਸਾਹਿਬਾਨ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੰਚਮ ਪਾਤਿਸ਼ਾਹ ਬਾਬਾ ਜੀ ਦੇ ਸਤਿਕਾਰ ’ਚ ਕਈ ਵਾਰ ਖ਼ੁਦ ਖੜ੍ਹੇ ਹੋ ਜਾਂਦੇ ਸਨ। ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿਚ ਆਪਣੀ ਦੂਰ-ਦ੍ਰਿਸ਼ਟੀ ਅਤੇ ਤੀਖਣ ਬੁੱਧੀ ਰਾਹੀਂ ਸੇਧ ਦੇ ਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਇਸ ਜੀਉੜੇ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ।