ਸਿਦਕਵਾਨ ਸਿੱਖ ਧਰਮ ਦਾ ਮਹਾਨ ਸਪੂਤ:ਸ਼ਹੀਦ ਦਰਸ਼ਨ ਸਿੰਘ ਫੇਰੂਮਾਨ

SDarshanSingh.resized ਜਦੋਂ ਕਿਸੇ ਧਰਮ ਦੇ ਧਾਰਮਿਕ ਅਕੀਦਿਆਂ ਵਿਚ ਗਿਰਾਵਟ ਆਉਂਦੀ ਹੈ ਤਾਂ ਕੋਈ ਧਰਮੀ ਇਨਸਾਨ ਉਸ ਗਿਰਾਵਟ ਨੂੰ ਰੋਕਣ ਲਈ ਸਾਰਥਿਕ ਉਪਰਾਲਿਆਂ ਨਾਲ ਰੋਕਣ ਲਈ ਅੱਗੇ ਆਉਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਦਰਜ ਹੈ ਕਿ ਉਸ ਇਨਸਾਨ ਨੂੰ ਅਨੇਕਾਂ ਮੁਸ਼ਕਲਾਂ ਅਤੇ ਕਠਨਾਈਆਂ ਨਾਲ ਜੂਝਦਿਆਂ ਉਨ੍ਹਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। 60ਵਿਆਂ ਵਿਚ ਜਦੋਂ ਸਿੱਖ ਧਰਮ ਦੇ ਅਨੁਆਈਆਂ ਵਿਚ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਉਲੰਘਣਾ ਦਾ ਬੋਲਬਾਲਾ ਹੋ ਗਿਆ। ਸਿੱਖ ਲੀਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਰਦਾਸ ਕਰਕੇ ਮੁਕਰਨ ਲੱਗ ਪਏ ਤਾਂ ਇੱਕ ਮਰਦੇ ਮਜਾਹਦ ਸਿੱਖ ਧਰਮ ਦੀ ਵਿਚਾਰਧਾਰਾ ਦਾ ਪਰਪੱਕ ਸ਼ਰਧਾਵਾਨ ਦੇਸ਼ ਭਗਤ ਦਰਸ਼ਨ ਸਿੰਘ ਫੇਰੂਮਾਨ ਅੱਗੇ ਆਇਆ ਅਤੇ ਆਪਣੇ ਜੀਵਨ ਦੀ ਆਹੂਤੀ ਦੇ ਕੇ ਮਿਸਾਲ ਪੈਦਾ ਕਰ ਗਿਆ। ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲਿਆਂ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿਚ ਉਨ੍ਹਾਂ ਦਾ ਸਤਿਕਾਰ ਬਣ ਸਕੇ।

ਅੱਜ ਦੇ ਸਿੱਖ ਸਿਆਸਤਦਾਨ ਧਰਮ ਦੀ ਪ੍ਰਫੁਲਤਾ ਲਈ ਕੰਮ ਕਰਨ ਦੀ ਥਾਂ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਕੰਮ ਕਰਦੇ ਹਨ, ਜਿਸ ਕਰਕੇ ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉਠ ਗਿਆ ਹੈ। ਪੰਜਾਬ ਦੇ ਖਾਸ ਤੌਰ ਤੇ ਅਕਾਲੀ ਦਲ ਦੇ ਸਿੱਖ ਸਿਆਸਤਦਾਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕਰਕੇ ਸ਼ੁਰੂ ਕੀਤੇ ਕੰਮਾਂ ਦੇ ਨੇਪਰੇ ਚੜ੍ਹਨ ਤੋਂ ਪਹਿਲਾਂ ਹੀ ਪਿੱਛੇ ਹਟ ਗਏ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ,  ਅਰਦਾਸ ਦੀ ਮਰਿਆਦਾ ਅਤੇ ਪਰੰਪਰਾ ਨੂੰ ਬਹਾਲ ਕਰਨ ਲਈ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਜੀਵਨ ਦੀ ਆਹੂਤੀ ਦਿੱਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਦਰਸਾਇਆ ਜਾ ਸਕੇ ਕਿ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋਤਮ ਅਤੇ ਪਵਿਤਰ ਗ੍ਰੰਥ ਹੈ। ਉਹ ਪੰਜਾਬ ਨੂੰ ਖ਼ੁਦਮੁਖਤਾਰ ਵੇਖਣਾ ਚਾਹੁੰਦਾ ਸੀ। ਉਸਦੀ ਸ਼ਹਾਦਤ ਨੂੰ ਸਿਰਫ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ ਲਈ ਹੀ ਕਿਹਾ ਜਾਂਦਾ ਹੈ ਜਦੋਂਕਿ ਉਸਦਾ ਮਕਸਦ ਪੰਜਾਬੀ ਸਰੋਕਾਰਾਂ ਨਾਲ ਸੰਬੰਧਤ ਸੀ। ਇਸ ਲਈ ਉਹ ਆਪਣੀ ਵਸੀਅਤ ਵਿਚ ਲਿਖਦਾ ਹੈ ਕਿ ‘‘ਇਹ ਬਹੁਤ ਜ਼ਰੂਰੀ ਹੈ ਕਿ ਕੋਈ ਗੁਰੂ ਦਾ ਸਿੱਖ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗ਼ਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰੇ ਤਾਂ ਜੋ  ਪੰਥ, ਆਜ਼ਾਦ ਹਿੰਦੋਸਤਾਨ ਵਿਚ ਆਜ਼ਾਦ ਪੰਥ  ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵਲ ਅਗਲਾ ਕਦਮ ਚੁੱਕ ਸਕੇ। ’’ ਦਰਸ਼ਨ ਸਿੰਘ ਫੇਰੂਮਾਨ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਫੇਰੂਮਾਨ ਵਿਖੇ 1 ਅਗਸਤ 1885 ਨੂੰ ਚੰਦਾ ਸਿੰਘ ਅਤੇ ਮਾਤਾ ਰਾਜ ਕੌਰ ਦੇ ਘਰ ਹੋਇਆ ਸੀ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਆਪ 1912 ਵਿਚ ਫ਼ੌਜ ਵਿਚ ਸਿਪਾਹੀ ਭਰਤੀ ਹੋ ਗਏ। ਮੁੱਢਲੇ ਤੌਰ ਤੇ ਆਪ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ। ਇਸ ਕਰਕੇ ਫ਼ੌਜ ਵਿਚ ਵੀ ਆਪ ਦਾ ਮਨ ਨਾ ਲੱਗਿਆ ਅਤੇ ਦੋ ਸਾਲ ਪਿਛੋਂ ਹੀ 1914 ਵਿਚ ਅਸਤੀਫਾ ਦੇ ਕੇ ਵਾਪਸ ਘਰ ਆ ਗਏ। ਉਸ ਤੋਂ ਬਾਅਦ ਹਿਸਾਰ ਵਿਖੇ ਠੇਕੇਦਾਰੀ ਸ਼ੁਰੂ ਕਰ ਲਈ। ਠੇਕੇਦਾਰੀ ਵਿਚ ਵੀ ਕਈ ਅਜਿਹੇ ਕੰਮ ਕਰਨੇ ਪੈਂਦੇ ਸਨ, ਜਿਨ੍ਹਾਂ ਲਈ ਆਪਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ। ਇਸ ਕਾਰੋਬਾਰ ਵਿਚ ਵੀ ਆਪ ਬਹੁਤੀ ਦੇਰ ਟਿਕ ਨਾ ਸਕੇ। ਇਸ ਲਈ ਆਪ ਨੇ ਆਪਣੇ ਆਪ ਨੂੰ ਧਾਰਮਿਕ ਕੰਮਾ ਨਾਲ ਹੀ ਜੋੜ ਲਿਆ। ਆਪ ਇਰਾਦੇ ਦੇ ਬੜੇ ਪੱਕੇ ਸਨ, ਜੋ ਕੰਮ ਕਰਨ ਦਾ ਮਨ ਬਣਾ ਲੈਂਦੇ ਸਨ, ਉਸਨੂੰ ਨੇਪਰੇ ਚਾੜ੍ਹਕੇ ਹੀ ਦਮ ਲੈਂਦੇ ਸਨ, ਭਾਵੇਂ ਉਸ ਲਈ ਆਪ ਨੂੰ ਕਿੰਨੀਆਂ ਹੀ ਮੁਸ਼ਕਲਾਂ ਦਾ ਟਾਕਰਾ ਕਿਉਂ ਨਾ ਕਰਨਾ ਪਵੇ। ਅਸਲ ਵਿਚ ਉਹ ਹਠੀ ਕਿਸਮ ਦੇ ਦਿ੍ਰੜ੍ਹ ਇਰਾਦੇ ਵਾਲੇ ਇਨਸਾਨ ਸਨ। ਉਸ ਸਮੇਂ ਗੁਰਦੁਆਰਾ ਸਾਹਿਬਾਨ ਤੇ ਅੰਗਰੇਜ਼ਾਂ ਦੇ ਪਿਠੂਆਂ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਤੇ ਮਹੰਤ ਉਥੇ ਸਿੱਖੀ ਰਵਾਇਤਾਂ ਦੇ ਉਲਟ ਕੰਮ ਕਰਦੇ ਸਨ। ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਮਹੰਤਾਂ ਤੋਂ ਚਾਬੀਆਂ ਲੈਣ ਦਾ ਮੋਰਚਾ ਲਗਾ ਦਿੱਤਾ, ਉਸ ਸਮੇਂ ਅਜੇ ਆਪ ਠੇਕੇਦਾਰੀ ਦਾ ਕਿਤਾ ਹੀ ਕਰ ਰਹੇ ਸਨ ਤਾਂ ਆਪ ਦੇ ਸੁਭਾਆ ਅਤੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਇੱਕ ਬਜ਼ੁਰਗ ਇਸਤਰੀ ਨੇ ਆਪ ਨੂੰ ਇਸ ਮੋਰਚੇ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ। ਆਪ ਨੇ ਠੇਕੇਦਾਰੀ ਦੇ ਕੰਮ ਨੂੰ ਤਿਲਾਂਜਲੀ ਦਿੰਦਿਆਂ, ਇਸ ਮੋਰਚੇ ਵਿਚ ਸ਼ਾਮਲ ਹੋ ਗਏ। ਇਸ ਮੋਰਚੇ ਵਿਚ ਹਿੱਸਾ ਲੈਣ ਕਰਕੇ ਆਪ ਨੂੰ 1921 ਵਿਚ ਗ੍ਰਿਫ਼ਤਾਰ ਕਰ ਲਿਆ ਅਤੇ ਇੱਕ ਸਾਲ ਦੀ ਸਜਾ ਹੋ ਗਈ। ਇਸ ਤੋਂ ਬਾਅਦ ਆਪ ਨੇ ਧਾਰਮਿਕ ਕੰਮਾਂ ਵਿਚ ਵਧ ਚੜ੍ਹਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਜਿਸਦੇ ਸਿੱਟੇ ਵਜੋਂ ਆਪ ਜੈਤੋ ਦੇ ਮੋਰਚੇ ਵਿਚ ਵੀ ਸ਼ਾਮਲ ਹੋ ਗਏ ਅਤੇ 1924 ਵਿਚ ਆਪ ਇਸ ਮੋਰਚੇ ਵਿਚ 14ਵਾਂ ਸ਼ਹੀਦੀ ਜੱਥਾ ਲੈ ਕੇ ਗਏ । ਆਪ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 10 ਮਹੀਨੇ ਦੀ ਸਜਾ ਹੋ ਗਈ। ਫਿਰ ਕਾਂਗਰਸ ਪਾਰਟੀ ਨੇ ਨਾਮਿਲਵਰਤਨ ਦਾ ਅੰਦੋਲਨ ਸ਼ੁਰੂ ਕਰ ਦਿੱਤਾ। ਉਸ ਸਮੇਂ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ ਆਪਸ ਵਿਚ ਮਿਲਕੇ ਕੰਮ ਕਰਦੀਆਂ ਸਨ ਕਿਉਂਕਿ ਦੋਹਾਂ ਪਾਰਟੀਆਂ ਦਾ ਇੱਕੋ ਮਕਸਦ ਦੇਸ਼ ਨੂੰ ਅਜ਼ਾਦ ਕਰਾਉਣਾ ਸੀ। ਇਸ ਨਾਮਿਲਵਰਤਨ ਦੇ ਅੰਦੋਲਨ ਵਿਚ ਸ਼ਾਮਲ ਹੋਣ ਸੰਬੰਧੀ ਅਕਾਲੀ ਦਲ ਵਿਚ ਵਿਚਾਰਾਂ ਦਾ ਵਖਰੇਵਾਂ ਪੈਦਾ ਹੋ ਗਿਆ। ਮਾਸਟਰ ਤਾਰਾ ਸਿੰਘ ਅਤੇ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਮੋਰਚੇ ਵਿਚ ਸ਼ਮੂਲੀਅਤ ਕੀਤੀ ਅਤੇ ਆਪ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 14 ਮਹੀਨੇ ਦੀ ਸਜਾ ਹੋ ਗਈ। ਆਪ 1926 ਵਿਚ ਮਲਾਇਆ ਚਲੇ ਗਏ, ਮਲਾਇਆ ਵਿਚ ਵੀ ਆਪਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ, ਜਿਸ ਕਰਕੇ ਆਪ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ। ਜੇਲ੍ਹ ਵਿਚ ਜਦੋਂ ਆਪ ਨੂੰ ਸਿੱਖਾਂ ਦੇ ਪੰਜ ਕਕਾਰ ਪਹਿਨਣ ਤੋਂ ਰੋਕਿਆ ਤਾਂ ਆਪ ਨੇ ਜੇਲ੍ਹ ਵਿਚ ਹੀ ਭੁਖ ਹੜਤਾਲ ਕਰ ਦਿੱਤੀ। ਆਪ ਦੀ ਭੁਖ ਹੜਤਾਲ 21 ਦਿਨ ਚੱਲੀ ਪ੍ਰੰਤੂ ਬ੍ਰਿਟਿਸ਼ ਸਰਕਾਰ ਨੂੰ ਅਖੀਰ ਝੁਕਣਾ ਪਿਆ ਅਤੇ ਆਪ ਨੂੰ ਜੇਲ੍ਹ ਵਿਚ ਪੰਜ ਕਕਾਰ ਤੇ ਕ੍ਰਿਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ।

ਜੇਲ੍ਹ ਵਿਚੋਂ ਰਿਹਾ ਹੋਣ ਤੋਂ ਬਾਅਦ ਆਪ ਵਾਪਸ ਭਾਰਤ ਆ ਗਏ। ਆਪ ਨੇ ਸਿਵਿਲ ਨਾ ਫੁਰਮਾਨੀ ਅਤੇ ਭਾਰਤ ਛੋੜੋ ਅੰਦੋਲਨਾਂ ਵਿਚ ਵੀ ਵੱਧ ਚੜ੍ਹਕੇ ਹਿੱਸਾ ਲਿਆ। ਆਪ ਕਈ ਸਾਲ ਲਗਾਤਾਰ ਸ਼ਰੋਮਣੀ ਕਮੇਟੀ ਦੇ ਮੈਂਬਰ ਰਹੇ। ਦੋ ਵਾਰ ਆਪ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ। ਆਪ 1958 ਵਿਚ ਪੰਜਾਬ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1964 ਤੱਕ ਇਸ ਅਹੁਦੇ ਤੇ ਰਹੇ। ਫਿਰ ਆਪ ਨੇ ਸੁਤੰਤਰ ਪਾਰਟੀ ਬਣਾ ਲਈ ਅਤੇ ਆਪ ਉਸਦੇ ਫਾਊਂਡਰ ਪ੍ਰਧਾਨ ਬਣ ਗਏ। ਆਪ ਅਕਾਲੀ ਦਲ ਦੇ ਲੀਡਰਾਂ ਦੀਆਂ ਸਰਗਰਮੀਆਂ ਤੋਂ ਬਹੁਤ ਹੀ ਮਾਯੂਸ ਸਨ ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਸਹੁੰ ਚੁੱਕ ਕੇ ਉਸ ਤੋਂ ਲਗਾਤਾਰ ਮੁਕਰਦੇ ਰਹੇ। ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੱਘ ਵਲੋਂ ਵਾਰ ਵਾਰ ਮਰਨ ਵਰਤ ਰੱਖਕੇ ਤੋੜਨ ਨੂੰ ਉਨ੍ਹਾਂ ਬਹੁਤ ਹੀ ਬੁਰਾ ਮਨਾਇਆ ਅਤੇ ਆਪ ਦੇ ਮਨ ਨੂੰ ਇਨ੍ਹਾਂ ਲੀਡਰਾਂ ਦੀਆਂ ਕਾਰਵਾਈਆਂ ਨੇ ਗਹਿਰੀ ਠੇਸ ਪਹੁੰਚਾਈ। ਉਨ੍ਹਾਂ ਮਹਿਸੂਸ ਕੀਤਾ ਕਿ ਸਿੱਖ ਲੀਡਰਾਂ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪ੍ਰੇਰਨਾ ਨਹੀਂ ਮਿਲੇਗੀ, ਸਗੋਂ ਉਹ ਗੁਰੂ ਤੋਂ ਬੇਮੁਖ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨਵੀਂ ਪੀੜ੍ਹੀ ਨੂੰ ਰਾਹ ਦਿਖਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਬਣਾਈ ਰੱਖਣ ਲਈ 15 ਅਗਸਤ 1969 ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੇ ਇਰਾਦੇ ਨਾਲ ਅਣਮਿਥੇ ਸਮੇਂ ਲਈ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਉਸ ਸਮੇਂ ਪੰਜਾਬ ਵਿਚ ਅਕਾਲੀ ਦਲ ਦੀ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿਚ ਸਰਕਾਰ ਸੀ। ਸਰਕਾਰ ਨੇ ਆਪਨੂੰ 12 ਅਗਸਤ ਨੂੰ ਗਿ੍ਰਫਤਾਰ ਕਰ ਲਿਆ। ਆਪਨੇ ਅੰਮਿ੍ਰਤਸਰ ਜੇਲ੍ਹ ਵਿਚ ਹੀ ਮਰਨ ਵਰਤ ਰੱਖ ਦਿੱਤਾ। ਆਪਦੀ ਹਾਲਤ ਵਿਗੜਦੀ ਵੇਖ ਕੇ ਜਬਰੀ ਖਾਣ ਪੀਣ ਲਈ ਦੇਣ ਦੇ ਇਰਾਦੇ ਨਾਲ  26 ਅਗਸਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਪ੍ਰੰਤੂ ਆਪਨੇ ਜ਼ਬਰਦਸਤੀ ਦਿੱਤੀ ਜਾਣ ਵਾਲੀ ਖੁਰਾਕ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮਰਨਵਰਤ  ਖੁਲ੍ਹਵਾਉਣ ਲਈ ਬਹੁਤ ਢੰਗ ਵਰਤੇ ਗਏ ਪ੍ਰੰਤੂ ਆਪ ਆਪਣੇ ਮੰਤਵ ਦੀ ਪ੍ਰਾਪਤੀ ਲਈ ਅੜੇ ਰਹੇ। ਉਨ੍ਹਾਂ ਦਾ ਰੱਖਿਆ ਮਰਨ ਵਰਤ 74 ਦਿਨ ਚੱਲਿਆ ਅਤੇ ਅਖੀਰ 27 ਅਕਤੂਬਰ 1969 ਨੂੰ ਉਹ ਸਿੱਖ, ਸਿੱਖੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਜੀਵਨ ਦੀ ਆਹੂਤੀ ਦੇ ਗਏ। ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਅੱਜ ਤੱਕ ਵੀ ਕੇਂਦਰ ਸਰਕਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ। ਇਸ ਤੋਂ ਵੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਅਤੇ ਸਿੱਖ ਲੀਡਰਸ਼ਿਪ, ਜਿਨ੍ਹਾਂ ਉਸ ਮਹਾਨ ਸ਼ਹੀਦ ਤੋਂ ਕੋਈ ਪ੍ਰੇਰਨਾ ਤਾਂ ਕੀ ਲੈਣੀ ਸੀ, ਉਨ੍ਹਾਂ ਅੱਜ ਤੱਕ ਰਾਜ ਭਾਗ ਹੁੰਦਿਆਂ ਸੁੰਦਿਆਂ ਕਦੀਂ ਵੀ ਉਸ ਮਹਾਨ ਸਪੂਤ ਨੂੰ ਯਾਦ ਨਹੀਂ ਕੀਤਾ।

ਕਾਂਗਰਸੀ ਨੇਤਾ ਸੋਹਣ ਸਿੰਘ ਜਲਾਲਉਸਮਾ ਨੇ ਸਵਰਨ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਗੁਰਦਿਆਲ ਸਿੰਘ ਢਿਲੋਂ ਦੇ ਸਹਿਯੋਗ ਨਾਲ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਬਣਾਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵਿਮੈਨ ਰਈਆ ਵਿਖੇ ਸਥਾਪਤ ਕੀਤੇ। ਸੋਹਣ ਸਿੰਘ ਜਲਾਲਉਸਮਾ ਨੇ ਇਨ੍ਹਾਂ ਦੋਵੇਂ ਸੰਸਥਾਵਾਂ ਲਈ ਜ਼ਮੀਨ ਖ੍ਰੀਦੀ ਸੀ। ਇਹ ਦੋਵੇਂ ਸੰਸਥਾਵਾਂ ਵਿਚ ਸ੍ਰ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿਚ ਹਰ ਸਾਲ ਸਮਾਗਮ ਕੀਤੇ ਜਾਂਦੇ ਹਨ। ਸੰਗਰੂਰ ਵਿਖੇ ਵੀ ਇਕ ਪਾਰਕ ਅਤੇ ਉਸ ਵਿਚ ਦਰਸ਼ਨ ਸਿੰਘ ਫੇਰੂਮਾਨ ਦਾ ਬੁੱਤ ਲਗਾਇਆ ਗਿਆ, ਜਿਸਦਾ ਉਦਘਾਟਨ ਉਸ ਸਮੇਂ ਦੇ ਲੋਕ ਸਭਾ ਦੇ ਸਪੀਕਰ ਗੁਰਦਿਆਲ ਸਿੰਘ ਢਿਲੋਂ ਨੇ ਕੀਤਾ ਸੀ। ਇਸ ਪਾਰਕ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਕਦੀਂ ਕੋਈ ਸਫਾਈ ਨਹੀਂ ਕੀਤੀ ਜਾਂਦੀ। ਅਕਾਲੀ ਦਲ ਦੀ ਪੰਜਾਬ ਵਿਚ 7 ਵਾਰ ਸਰਕਾਰ ਰਹੀ ਹੈ, ਅੱਜ ਤੱਕ ਨਾ ਤਾਂ ਸਰਕਾਰ ਨੇ ਕੋਈ ਯਾਦਗਾਰ ਬਣਾਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੀਂ ਕਿਸੇ ਸਮਾਗਮ ਵਿਚ ਯਾਦ ਕੀਤਾ ਹੈ।  ਅਕਾਲੀ ਦਲ ਨੇ ਹਮੇਸ਼ਾ ਆਪਣੇ ਸ਼ਹੀਦਾਂ ਬਾਰੇ ਦੋਗਲੀ ਨੀਤੀ ਅਖਤਿਆਰ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>