ਸਰਨਾ ਵੱਲੋਂ ਗੁਰਦੁਆਰਾ ਪ੍ਰਬੰਧਾਂ ‘ਤੇ ਸਰਕਾਰੀ ਕਬਜ਼ਾ ਕਰਵਾਉਣ ਦਾ ਯਤਨ ਸਫਲ ਨਹੀਂ ਹੋਣ ਦਿਤਾ ਜਾਏਗਾ : ਸਿਰਸਾ

WhatsApp Image 2021-10-27 at 5.09.16 PM.resizedਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਰਮਜੀਤ ਸਿੰਘ ਸਰਨਾ ਵੱਲੋਂ ਗੁਰਦੁਆਰਾ ਪ੍ਰਬੰਧਾਂ ‘ਤੇ ਸਰਕਾਰ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਨਰੈਣੂ ਮਹੰਤਾਂ ਦੇ ਬਰਾਬਰ ਦਾ ਯਤਨ ਹੈ। ਉਹ ਅੱਜ ਇਥੇ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਕਰਵਾਏ ਕੌਮ ਦੀ ਚੜਦੀਕਲਾ ਅਤੇ ਪੰਥਕ ਹਿੱਤਾਂ ਲਈ ਸੰਗਤੀ ਵਿਚਾਰਾਂ ਪ੍ਰੋਗਰਾਮ ਨੁੰ ਸੰਬੋਧਨ ਕਰ ਰਹੇ ਸਨ।

ਸਰਦਾਰ ਸਿਰਸਾ ਨੇ ਇਸ ਪ੍ਰੋਗਰਾਮ ਵਿਚ ਪਰਮਜੀਤ ਸਿੰਘ ਸਰਨਾ ਵੱਲੋਂ ਸਰਕਾਰ ਨੂੰ ਲਿਖੀ ਪੜ ਕੇ ਸੁਣਾਈ ਜਿਸ ਵਿਚ ਸਰਨਾ ਨੇ ਸਰਕਾਰ ਨੂੰ ਗੁਰਦੁਆਰਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਅਨੇਕਾਂ ਸ਼ਹਾਦਤਾਂ ਦੇ ਕੇ ਅਤੇ ਹਜ਼ਾਰਾਂ ਸਿੱਖਾਂ ਨੇ ਜੇਲਾਂ ਕੱਟ ਕੇ ਗੁਰਦੁਆਰਾ ਪ੍ਰਬੰਧਾਂ ਵਿਚੋਂ ਨਰੈਣੂ ਮਹੰਤਾਂ ਦਾ ਕਬਜ਼ਾ ਖਤਮ ਕਰਵਾਇਆ ਤੇ ਪਰਮਜੀਤ ਸਿੰਘ ਸਰਨਾ ਮੁੜ ਤੋਂ ਗੁਰਧਾਮਾਂ ਅਤੇ ਗੁਰਦੁਆਰਾ ਪ੍ਰਬੰਧ ‘ਤੇ ਸਰਕਾਰਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹਨ।

ਉਹਨਾਂ ਸਪਸ਼ਟ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਕੋਈ ਵੀ ਸ਼ਹਾਦਤ ਦੇਣ ਲਈ ਤਿਆਰ ਹੈ ਪਰ ਗੁਰਧਾਮਾਂ ‘ਤੇ ਸਰਕਾਰ ਦਾ ਕਬਜ਼ਾ ਕਿਸੇ ਵੀ ਸੂਰਤ ਅੰਦਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੰਗਤ ਵੱਲੋਂ ਚੁਣੇ ਦਿੱਲੀ ਕਮੇਟੀ ਦੇ ਅਕਾਲੀ ਦਲ ਦੇ 30 ਮੈਂਬਰ ਇਸ ਵਾਸਤੇ ਲੋੜ ਪਈ ਤਾਂ ਆਪਣੀ ਜਾਨ ਤੱਕ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਅਸੀਂ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ ਪਰ ਗੁਰੂ ਘਰਾਂ ਅਤੇ ਗੁਰਦੁਆਰਾ ਪ੍ਰਬੰਧਾਂ ‘ਤੇ ਸਰਕਾਰ ਦਾ ਕਬਜ਼ਾ ਬਰਦਾਸ਼ਤ ਨਹੀਂ ਕਰ ਸਕਦੇ।

ਸਰਦਾਰ ਸਿਰਸਾ ਨੇ ਇਸ ਮੌਕੇ ਸੰਗਤਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਤੀਜੀ ਵਾਰ ਮੌਜੂਦਾ ਟੀਮ ਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਉਹਨਾਂ ਕਿਹਾ ਕਿ ਭਾਵੇਂ ਸਾਡੇ ਵਿਰੋਧੀਆਂ ਨੇ ਸਰਕਾਰਾਂ ਨਾਲ ਮਿਲ ਕੇ ਬਹੁਤ ਜ਼ੋਰ ਲਾਇਆ ਤੇ ਸੰਗਤਾਂ ਨੁੰ ਘਰ ਘਰ ਜਾ ਕੇ ਸਾਨੁੰ ਹਰਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਪਰ ਸੰਗਤਾਂ ਨੇ ਵਿਰੋਧੀਆਂ ਦੀ ਗੱਲ ਸੁਣਨ ਦੀ ਥਾਂ ‘ਤੇ ਮੌਜੂਦਾ ਕਮੇਟੀ ਵੱਲੋਂ ਸਿੱਖ ਕੌਮ ਦੀ ਕੀਤੀ ਸੇਵਾ ਤੇ ਦੇਸ਼ਾਂ ਵਿਦੇਸ਼ਾਂ ਵਿਚ ਮੁਸ਼ਕਿਲ ਆਉਣ ‘ਤੇ ਡੱਟਣ ਦੇ ਕੀਤੇ ਕੰਮਾਂ ਨੂੰ ਵੇਖਦਿਆਂ ਫਿਰ ਤੋਂ ਸੇਵਾ ਮੌਜੂਦਾ ਟੀਮ ਦੀ ਝੋਲੀ ਵਿਚ ਪਾਈ ਹੈ। ਉਹਨਾਂ ਕਿਹਾ ਕਿ ਇਕ ਪਾਸੇ ਵਿਰੋਧੀਆਂ ਨਾਲ ਸਰਕਾਰਾਂ ਸਨ ਤੇ ਦੂਜੇ ਪਾਸੇ ਸਾਡੇ ਕੋਲ ਗੁਰੂ ਸਾਹਿਬ ਦਾ ਆਸ਼ੀਰਵਾਦ ਤੇ ਸੰਗਤਾਂ ਦਾ ਸਾਥ ਸੀ ਜਿਸਦੀ ਬਦੌਲਤ ਸਰਕਾਰਾਂ ਦੇ ਤਖਤ ਨੂੰ ਗੁਰੂ ਦੇ ਤਖਤ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਹਨਾਂ ਕਿਹਾ ਕਿ ਸਾਨੂੰ ਵਾਰ ਵਾਰ ਆਖਿਆ ਜਾ ਰਿਹਾ ਸੀ ਕਿ ਕਿਸਾਨਾਂ ਦੀ ਸੇਵਾ ਨਾ ਕਰੋ, ਸਿੱਖਾਂ ਦੇ ਮਸਲੇ ਨਾ ਚੁੱਕੋ ਤੇ ਦੇਸ਼ਾਂ ਵਿਦੇਸ਼ਾਂ ਵਿਚ ਸਿੱਖਾਂ ਦੀ ਮਦਦ ਲਈ ਨਾ ਨਿੱਤਰੋ ਪਰ ਅਸੀਂ ਸਪਸ਼ਟ ਕਰ ਦਿੱਤਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਕਿਸੇ ਵੀ ਕੀਮਤ ‘ਤੇ ਪਿੱਛੇ ਹਟਣ ਵਾਲੇ ਨਹੀਂ ਹਲ।

ਉਹਨਾਂ ਕਿਹਾ ਕਿ ਦੂਜੇ ਪਾਸੇ ਸਾਡੇ ਵਿਰੋਧੀ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਸਿਰਫ ਕੌਮ ਦੇ ਗੱਦਾਰ ਹੀ ਨਹੀਂ ਬਲਕਿ ਬੇਅਦਬੀਆਂ ਕਰਨ ਵਾਲੇ ਲੋਕ ਹਨ ਜਿਹਨਾਂ ਨੂੰ ਸੰਗਤਾਂ ਨੇ ਨਕਾਰਿਆ ਹੈ।

ਇਸ ਮੌਕੇ ਸ੍ਰੀ ਸਿਰਸਾ ਨੇ ਤਿੰਨ ਮਤੇ ਵੀ ਪੇਸ਼ ਕੀਤੇ ਜਿਹਨਾਂ ਨੁੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ। ਇਹਨਾਂ ਮਤਿਆਂ ਵਿਚ ਇਕ ਮਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਦਿੱਲੀ ਕਮੇਟੀ ਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਅਪੀਲ ‘ਤੇ ਸਰਕਾਰਾਂ ਨੂੰ ਸਿੱਖ ਗੁਰਧਾਮਾਂ ਦੇ ਪ੍ਰਬੰਧਾਂ ਵਿਚ ਦਖਲ ਕਰਨ ਵਿਰੁੱਧ ਦਿੱਤੀ ਚੇਤਾਵਨੀ ਦੇ ਧੰਨਵਾਦ ਦਾ ਮਤਾ ਸੀ। ਸ੍ਰੀ ਸਿਰਸਾ ਨੇ ਕਿਹਾ ਕਿ ਜੋ ਕੰਮ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਨੇ ਸਰਕਾਰਾਂ ਨੂੰ ਚੇਤਾਵਨੀ ਦੇਣ ਦਾ ਕੀਤਾ ਹੈ ਤੇ ਸਪਸ਼ਟ ਕਿਹਾ ਹੈ ਕਿ ਜੇਕਰ ਸਰਕਾਰਾਂ ਨੇ ਦਖਲ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਭਿਆਨਕ ਨਤੀਜੇ ਨਿਕਲਣਗੇ, ਇਹ ਕੰਮ ਪਿਛਲੇ ਪੰਜਾਹ ਸਾਲਾਂ ਵਿਚ ਨਹੀਂ ਹੋਇਆ। ਇਕ ਹੋਰ ਮਤੇ ਰਾਹੀਂ ਦਿੱਲੀ ਕਮੇਟੀ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਕਿਸੇ ਵੀ ਸੂਰਤ ਵਿਚ ਗੁਰੂ ਘਰਾਂ ਅਤੇ ਗੁਰਦੁਆਰਾ ਪ੍ਰਬੰਧਾਂ ਵਿਚ ਸਰਕਾਰ ਦਾ ਦਖਲ ਬਰਦਾਸ਼ਤ ਨਹੀਂ ਕਰੇਗੀ।

ਇਕ ਹੋਰ ਮਤੇ ਰਾਹੀਂ ਸੰਗਤਾਂ ਨੇ ਕਿਸਾਨਾਂ ਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਸ੍ਰੀ ਦਰਸ਼ਨ ਸਿੰਘ ਧਾਲੀਵਾਲ ਨੁੰ ਭਾਰਤ ਅੰਦਰ ਦਾਖਲ ਹੋਣ ਤੋਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ । ਉਹਨਾਂ ਕਿਹਾ ਕਿ ਸਿੱਖ ਕੌਮ ਸ੍ਰੀ ਧਾਲੀਵਾਲ ਦੇ ਨਾਲ ਹੈ ਤੇ ਮੰਗ ਕੀਤੀ ਕਿ ਉਹਨਾਂ ਨੂੰ ਤੁਰੰਤ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਤੋਂ ਪਹਿਲਾਂ ਇਕੱਠ ਨੁੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੰਗਤਾਂ ਨੇ ਨੌਜਵਾਨਾਂ ਦੀ ਟੀਮ ਜਿਤਾ ਕੇ ਕੀਤੇ ਕੰਮਾਂ ‘ਤੇ ਮੋਹਰ ਲਗਾਈ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਾਡੇ ਵਿਰੋਧੀਆਂ ਨੇ ਜਿੰਨਾ ਮਰਜ਼ੀ ਕੂੜ ਪ੍ਰਚਾਰ ਕੀਤਾ ਤੇ ਸਾਡੇ ਖਿਲਾਫ ਸਰਕਾਰਾਂ ਦਾ ਸਹਾਰਾ ਲਿਆ ਪਰ ਅਖੀਰ ਜਿੱਤ ਗੁਰੂ ਦੇ ਤਖਤ ਦੀ ਹੋਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>