ਕਾਲੇ ਕਾਨੂੰਨ ਰੱਦ ਕਰਨ, ਰੀਪੇਰੀਅਨ ਕਾਨੂੰਨ ਲਾਗੂ ਕਰਨ, ਅਮਨ-ਚੈਨ ਅਤੇ ਰਾਜ ਦੀ ਮਾਲੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ 15 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਰੈਲੀ ਹੋਵੇਗੀ : ਇਮਾਨ ਸਿੰਘ ਮਾਨ

IMG-20211110-WA0021.resizedਫ਼ਤਹਿਗੜ੍ਹ ਸਾਹਿਬ – “ਕਿਉਂਕਿ ਸੈਂਟਰ ਦੀ ਮੋਦੀ ਹਕੂਮਤ, ਬਾਦਲ ਦਲੀਏ ਅਤੇ ਵੱਡੇ-ਵੱਡੇ ਅਡਾਨੀ, ਅੰਬਾਨੀ ਵਰਗੇ ਧਨਾਂਢ ਆਪਸ ਵਿਚ ਮਿਲੀਭੁਗਤ ਕਰਕੇ ਮੁਲਕ ਦੇ ਜ਼ਿੰਮੀਦਾਰ ਦੁਆਰਾ ਉਤਪਾਦ ਕੀਤੀਆ ਜਾਣ ਵਾਲੀਆ ਫ਼ਸਲਾਂ, ਵਸਤਾਂ ਉਤੇ ਆਪਣੀ ਅਜਾਰੇਦਾਰੀ ਕਾਇਮ ਕਰਨ, ਪੰਜਾਬੀਆਂ, ਜ਼ਿੰਮੀਦਾਰਾਂ, ਮਜ਼ਦੂਰਾਂ, ਵਪਾਰੀਆਂ, ਆੜਤੀਆਂ, ਟਰਾਸਪੋਰਟਰਾਂ ਆਦਿ ਨੂੰ ਘਸਿਆਰੇ ਤੇ ਗੁਲਾਮ ਬਣਾਉਣ ਦੀ ਮੰਦਭਾਵਨਾ ਤਹਿਤ ਹੀ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨ ਲਿਆਂਦੇ ਹਨ । ਇਨ੍ਹਾਂ ਨੂੰ ਪੂਰਨ ਤੌਰ ਤੇ ਖ਼ਤਮ ਕਰਵਾਉਣ ਹਿੱਤ ਬੀਤੇ 11 ਮਹੀਨਿਆ ਤੋ ਮੁਲਕ ਦੇ ਕਿਸਾਨ, ਮਜਦੂਰ ਦਿੱਲੀ ਵਿਖੇ ਅਮਨਮਈ ਢੰਗ ਨਾਲ ਸੰਘਰਸ਼ ਕਰਦੇ ਆ ਰਹੇ ਹਨ । ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਲਈ, ਜੋ ਪੰਜਾਬ ਦੇ ਦਰਿਆਵਾ-ਨਹਿਰਾਂ ਦਾ ਹੁਕਮਰਾਨਾਂ ਵੱਲੋ ਜ਼ਬਰੀ ਕੀਮਤੀ ਪਾਣੀ ਲੁੱਟਿਆ ਜਾ ਰਿਹਾ ਹੈ ਅਤੇ ਇਸ ਪਾਣੀ ਦੀ ਪੰਜਾਬ ਸੂਬੇ ਨੂੰ ਨਾ ਹਰਿਆਣਾ, ਦਿੱਲੀ, ਰਾਜਸਥਾਂਨ ਆਦਿ ਵੱਲੋ ਲੰਮੇ ਸਮੇ ਤੋ ਕੋਈ ਰਿਅਲਟੀ ਨਹੀਂ ਦਿੱਤੀ ਜਾ ਰਹੀ, ਇਸ ਪਾਣੀ ਨੂੰ ਐਸ.ਵਾਈ.ਐਲ. ਨਹਿਰ ਦੁਆਰਾ ਜ਼ਬਰੀ ਲੁੱਟਣ ਵਿਰੁੱਧ ਅਤੇ ਆਪਣੇ ਪੰਜਾਬ ਦੇ ਪਾਣੀਆਂ ਦੀ ਰਿਅਲਟੀ ਕੀਮਤ ਪ੍ਰਾਪਤ ਕਰਨ ਹਿੱਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮਿਤੀ 15 ਨਵੰਬਰ ਨੂੰ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਸਾਹਮਣੇ ਇਕ ਵੱਡੀ ਰੈਲੀ ਕੀਤੀ ਜਾਵੇਗੀ ।”

ਇਹ ਜਾਣਕਾਰੀ ਅੱਜ ਇਥੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ ਸ. ਇਮਾਨ ਸਿੰਘ ਮਾਨ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੁੱਚੇ ਅਖ਼ਬਾਰਾਂ ਦੇ ਪ੍ਰਤੀਨਿਧਾਂ ਨਾਲ ਆਪਣੇ ਗ੍ਰਹਿ ਅਤੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਹਰਨਾਮ ਸਿੰਘ ਵਿਖੇ ਇਕ ਕੀਤੀ ਗਈ ਮੁਲਾਕਾਤ ਦੌਰਾਨ ਦਿੱਤੀ । ਉਨ੍ਹਾਂ ਗੱਲਬਾਤ ਕਰਦੇ ਹੋਏ ਇਹ ਵੀ ਜਾਣਕਾਰੀ ਦਿੱਤੀ ਕਿ ਜੋ ਜ਼ਿੰਮੀਦਾਰਾਂ ਦੇ ਖੇਤਾਂ ਜਾਂ ਸ਼ਹਿਰੀ ਜਾਇਦਾਦਾਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋ ਹਾਈਵੋਲਟੇਜ ਤਾਰਾਂ ਨਾਲ ਲੈਸ ਵੱਡੇ-ਵੱਡੇ ਟਾਵਰ ਲਗਾਏ ਜਾਂਦੇ ਹਨ, ਜਿਸ ਅਧੀਨ ਜ਼ਿੰਮੀਦਾਰਾਂ ਦੀ ਜ਼ਮੀਨ ਜਾਂ ਸ਼ਹਿਰੀ ਜਾਇਦਾਦਾਂ ਨੂੰ ਇਕ ਵਾਰੀ ਮੁਆਵਜਾ ਦੇ ਕੇ ਲੈ ਲਿਆ ਜਾਂਦਾ ਹੈ । ਲੇਕਿਨ ਉਸ ਜਮੀਨ ਵਿਚ ਨਾ ਤਾਂ ਜ਼ਿੰਮੀਦਾਰ ਅੱਗੋ ਉਮਰਭਰ ਲਈ ਨਾ ਤਾਂ ਕੋਈ ਫ਼ਸਲ ਬੀਜ ਸਕਦਾ ਹੈ, ਨਾ ਹੀ ਉਸ ਸਥਾਨ ਤੇ ਕਿਸੇ ਤਰ੍ਹਾਂ ਦੀ ਕੋਈ ਇਮਾਰਤ ਬਣ ਸਕਦੀ ਹੈ, ਅਜਿਹਾ ਕਰਦੇ ਹੋਏ ਉਸਦਾ ਵੱਡਾ ਮਾਲੀ ਨੁਕਸਾਨ ਹੁੰਦਾ ਹੈ । ਜਦੋਂਕਿ ਟੈਲੀਫੋਨ ਵਿਭਾਗ ਦੇ ਟੈਲੀਗ੍ਰਾਂਫ ਐਕਟ 1884 ਅਤੇ ਬਿਜਲੀ ਐਕਟ 2003 ਰਾਹੀ ਜਦੋ ਉਹ ਅਜਿਹਾ ਟਾਵਰ ਲਗਾਉਦੇ ਹਨ ਤਾਂ ਉਹ ਨਿਰੰਤਰ ਹਰ ਮਹੀਨੇ ਉਸ ਜਗ੍ਹਾ ਦਾ ਕਿਰਾਇਆ ਦੇਣ ਦੀ ਗੱਲ ਕਰਦੇ ਹਨ, ਉਸੇ ਤਰ੍ਹਾਂ ਜ਼ਿੰਮੀਦਾਰਾਂ ਦੇ ਖੇਤਾਂ ਵਿਚ ਜਾਂ ਸ਼ਹਿਰੀ ਜਾਇਦਾਦਾਂ ਵਿਚ ਲੱਗਣ ਵਾਲੇ ਬਿਜਲੀ ਦੇ ਟਾਵਰਾਂ ਦਾ ਕਿਰਾਇਆ ਨਿਰੰਤਰ ਮਾਲਕ ਨੂੰ ਮਿਲਣਾ ਚਾਹੀਦਾ ਹੈ ।

ਇਸੇ ਤਰ੍ਹਾਂ ਜੋ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦਾ ਕੀਮਤੀ ਪਾਣੀ ਹੈ, ਸੈਂਟਰ ਦੇ ਹੁਕਮਰਾਨ ਸਾਡੇ ਇਸ ਖੇਤੀ ਪ੍ਰਧਾਨ ਸੂਬੇ ਦੇ ਅਮੁੱਲ ਪਾਣੀ ਨੂੰ ਜ਼ਬਰੀ ਆਰਡੀਨੈਸਾਂ ਅਤੇ ਨੋਟੀਫਿਕੇਸਨਾਂ ਰਾਹੀ ਐਸ.ਵਾਈ.ਐਲ. ਵਰਗੀਆਂ ਨਹਿਰਾਂ ਜ਼ਬਰੀ ਕੱਢਕੇ ਨਿਰੰਤਰ ਲੁੱਟਦੇ ਆ ਰਹੇ ਹਨ । ਇਥੋ ਤੱਕ ਹਰਿਆਣਾ, ਦਿੱਲੀ, ਰਾਜਸਥਾਂਨ ਆਦਿ ਸੂਬਿਆਂ ਨੂੰ ਸਾਡੀਆ ਨਹਿਰਾਂ-ਦਰਿਆਵਾਂ ਦੇ ਜਾਣ ਵਾਲੇ ਪਾਣੀ ਦੀ ਰਿਅਲਟੀ ਕੀਮਤ ਵੀ ਅਦਾ ਨਹੀਂ ਕੀਤੀ ਜਾ ਰਹੀ । ਜੋ ਪੰਜਾਬ ਦੇ ਕੁਦਰਤੀ ਸੋਮਿਆ ਜਿਨ੍ਹਾਂ ਦਾ ਪੰਜਾਬ ਸੂਬਾ ਰੀਪੇਰੀਅਨ ਕਾਨੂੰਨ ਅਨੁਸਾਰ ਮਾਲਕ ਹੈ, ਉਸਦੀ ਉਲੰਘਣਾ ਕਰਕੇ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਬੇਇਨਸਾਫ਼ੀ ਹੁੰਦੀ ਆ ਰਹੀ ਹੈ । ਰੀਪੇਰੀਅਨ ਕਾਨੂੰਨ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਅਤੇ ਦੂਸਰੇ ਸੂਬਿਆਂ ਨੂੰ ਜਾਣ ਵਾਲੇ ਪੰਜਾਬ ਦੇ ਪਾਣੀ ਦੀ ਰਿਅਲਟੀ ਕੀਮਤ ਪ੍ਰਾਪਤ ਕਰਨ ਦੇ ਮਕਸਦ ਨੂੰ ਵੀ ਇਸ ਰੈਲੀ ਵਿਚ ਉਭਾਰਿਆ ਜਾਵੇਗਾ । ਦੂਸਰਾ ਕਿਉਂਕਿ ਪੰਜਾਬ ਸੂਬੇ ਦੇ ਨਿਵਾਸੀ ਸਥਾਈ ਤੌਰ ਤੇ ਇਸ ਸਰਹੱਦੀ ਸੂਬੇ ਵਿਚ ਅਮਨ ਚੈਨ ਨੂੰ ਬਰਕਰਾਰ ਰੱਖਣ ਦੇ ਜੋਰਦਾਰ ਹਾਮੀ ਹਨ । ਲੇਕਿਨ ਮੁਲਕ ਦੇ ਹੁਕਮਰਾਨ ਆਪਣੇ ਗੁਆਂਢੀ ਮੁਲਕਾਂ ਨਾਲ ਜੰਗ ਲਗਾਉਣ ਦੇ ਅਮਲ ਕਰਕੇ ਇਸ ਸਰਹੱਦੀ ਸੂਬੇ ਦੇ ਸਿੱਖ ਵਸੋ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਨੂੰ ਮੈਦਾਨ-ਏ-ਜੰਗ ਬਣਾਉਣ ਵਿਚ ਲੱਗੇ ਹੋਏ ਹਨ । ਜਿਸ ਨਾਲ ਇਸ ਖਿੱਤੇ ਵਿਚ ਪ੍ਰਮਾਣੂ ਜੰਗ ਲੱਗਣ ਦੀ ਸੰਭਾਵਨਾਂ ਬਣਦੀ ਜਾ ਰਹੀ ਹੈ । ਜੰਗ ਲੱਗਣ ਦੀ ਸੂਰਤ ਵਿਚ ਉਪਰੋਕਤ ਸਿੱਖ ਵਸੋ ਵਾਲੇ ਇਲਾਕੇ ਵਿਚ ਵੱਸਣ ਵਾਲੀ ਸਿੱਖ ਵਸੋ ਦਾ ਤਾਂ ਪੂਰਨ ਰੂਪ ਵਿਚ ਨਾਸ ਤੇ ਨਸ਼ਲੀ ਸਫ਼ਾਈ ਹੋ ਕੇ ਰਹਿ ਜਾਵੇਗੀ । ਇਸ ਲਈ ਅਸੀਂ ਜਿਥੇ ਗੁਆਂਢੀ ਮੁਲਕਾਂ ਨਾਲ ਜੰਗ ਲਗਾਉਣ ਦੇ ਸਖ਼ਤ ਵਿਰੁੱਧ ਹਾਂ, ਉਥੇ ਇਥੋਂ ਦੇ ਅਮਨ-ਚੈਨ ਨੂੰ ਬਰਕਰਾਰ ਰੱਖਣ, ਪੰਜਾਬ ਸੂਬੇ ਦੇ ਜ਼ਿੰਮੀਦਾਰ, ਮਜਦੂਰ, ਟਰਾਸਪੋਰਟਰ, ਆੜਤੀਏ, ਵਪਾਰੀ, ਵਿਦਿਆਰਥੀ ਆਦਿ ਸਭਨਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਕੌਮਾਂਤਰੀ ਕਾਨੂੰਨ ”ਗੈਟ” ਜਰਨਲ ਐਗਰੀਮੈਟ ਓਨ ਟੈਰੀਫ ਅਤੇ ਟ੍ਰੇਡ ਅਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਖੁੱਲ੍ਹੀ ਮੰਡੀ ਦੀ ਸੋਚ ਅਧੀਨ ਪੰਜਾਬ ਦੀਆਂ ਸਮੁੱਚੀਆਂ ਸਰਹੱਦਾਂ ਨੂੰ ਖੋਲ੍ਹਕੇ ਇਥੋਂ ਦੇ ਜ਼ਿੰਮੀਦਾਰ ਦੀ ਪੈਦਾਵਾਰ ਅਤੇ ਵਪਾਰੀਆ ਦੇ ਉਤਪਾਦਾਂ ਦੀ ਕੌਮਾਂਤਰੀ ਮੰਡੀਆਂ ਦੀਆਂ ਕੀਮਤਾਂ ਅਨੁਸਾਰ ਅਫ਼ਗਾਨੀਸਤਾਨ, ਪਾਕਿਸਤਾਨ, ਉਜਬੇਕੀਸਤਾਨ, ਤਜਾਕਿਸਤਾਨ, ਤੁਰਕਮਿਨਸਤਾਨ, ਰੂਸ, ਮੱਧ ਏਸੀਆ ਅਤੇ ਗਲਫ਼ ਦੇ ਮੁਲਕ ਇਰਾਨ, ਇਰਾਕ, ਸਾਊਦੀ ਅਰਬ, ਤੁਰਕੀ, ਦੁਬੱਈ ਆਦਿ ਵਿਚ ਖਰੀਦੋ-ਫਰੋਖਤ ਕਰਨ ਦੇ ਮਕਸਦ ਅਧੀਨ ਪੰਜਾਬ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੇ ਮਕਸਦ ਨੂੰ ਲੈਕੇ ਇਹ ਰੈਲੀ ਕੀਤੀ ਜਾਵੇਗੀ ।

ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਸਮੁੱਚੇ ਕਿਸਾਨ-ਮਜਦੂਰ, ਆੜਤੀ, ਟਰਾਸਪੋਰਟ, ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਦੂਰ ਅੰਦੇਸ਼ੀ ਦੀ ਸੋਚ ਰੱਖਣ ਵਾਲੇ ਵਿਦਿਆਰਥੀਆਂ ਤੇ ਸਭ ਵਰਗਾਂ ਨੂੰ 15 ਨਵੰਬਰ ਨੂੰ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਸਾਹਮਣੇ ਇਸ ਰੈਲੀ ਵਿਚ ਪਹੁੰਚਣ ਦੀ ਖੁੱਲ੍ਹੀ ਅਪੀਲ ਕਰਦਾ ਹੈ ਤਾਂ ਜੋ ਅਸੀਂ ਸਮੂਹਿਕ ਏਕਤਾ ਨਾਲ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਦੇ ਹੋਏ ਕਾਲੇ ਕਾਨੂੰਨਾਂ ਦਾ ਖਾਤਮਾ, ਰੀਪੇਰੀਅਨ ਕਾਨੂੰਨ ਨੂੰ ਲਾਗੂ, ਜ਼ਿੰਮੀਦਾਰਾਂ ਦੇ ਖੇਤਾਂ ਵਿਚ ਲੱਗਣ ਵਾਲੇ ਟਾਵਰਾਂ ਦਾ ਨਿਰੰਤਰ ਕਿਰਾਇਆ ਅਤੇ ਸਰਹੱਦਾਂ ਨੂੰ ਖੋਲ੍ਹਕੇ ਸਮੁੱਚੇ ਪੰਜਾਬ ਤੇ ਪੰਜਾਬੀਆਂ ਦੀ ਹਰ ਖੇਤਰ ਵਿਚ ਪ੍ਰਫੁੱਲਤਾ ਕਰ ਸਕੀਏ । ਅੱਜ ਦੀ ਪੈ੍ਰਸ ਕਾਨਫਰੰਸ ਵਿਚ ਸ. ਇਮਾਨ ਸਿੰਘ ਨਾਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸਿੰਗਾਰਾ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ, ਧਰਮ ਸਿੰਘ ਕਲੌੜ, ਪਵਨਪ੍ਰੀਤ ਸਿੰਘ, ਕੁਲਦੀਪ ਸਿੰਘ ਦੁਭਾਲੀ, ਹਰਚੰਦ ਸਿੰਘ ਘੁਮੰਡਗੜ੍ਹ, ਜੋਗਿੰਦਰ ਸਿੰਘ ਅਤੇ ਨੌਜ਼ਵਾਨ ਹਾਜਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>