ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ

IMG_7426.resizedਰਾਵਿੰਦਰ ਸਿੰਘ ਸੋਢੀ ਮੁਢਲੇ ਤੌਰ ‘ਤੇ ਵਿਦਿਅਕ ਮਾਹਿਰ ਹਨ। ਉਨ੍ਹਾਂ ਹੁਣ ਤੱਕ 6 ਨਾਟਕ ਦੀਆਂ ਪੁਸਤਕਾਂ, ਇਕ ਆਲੋਚਨਾ, ਇਕ ਜੀਵਨੀ, ਇਕ ਖੋਜ, ਇਕ ਕਵਿਤਾ ਅਤੇ ਦੋ ਸਿੱਖ ਧਰਮ ਨਾਲ ਸੰਬੰਧਤ ਕੁਲ 10 ਪੰਜਾਬੀ ਅਤੇ ਇਕ ਹਿੰਦੀ ਵਿੱਚ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਜਿਥੇ ਬਾਬਾ ਪੈਰ  ਧਰੇ ਉਨ੍ਹਾਂ ਦਾ ਨਾਟਕ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੋਕਾਈ ਦਾ ਸੁਧਾਰ, ਵਹਿਮਾਂ ਭਰਮਾ ਵਿੱਚੋਂ ਬਾਹਰ ਕੱਢਣ ਅਤੇ ਕਰਮਾਤਾਂ ਦਾ ਖੰਡਨ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦਾ ਹੈ।  ਨਾਟਕਕਾਰ ਦਾ ਇਹ ਨਾਟਕ ਲਿਖਣ ਦਾ ਮੰਤਵ ਇਨਸਾਨੀਅਤ ਨੂੰ ਚੰਗਿਆਈ ਦਾ ਪੱਲਾ ਫੜਨ ਅਤੇ ਰੱਬ ਦੀ ਰਜਾ ਵਿੱਚ ਰਹਿੰਦਿਆ ਭਾਈਚਾਰਕ ਸਾਂਝ ਬਣਾਉਂਦੇ ਹੋਏ ਧਰਮਾ ਦੀਆਂ ਵੰਡੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਹੈ।  ਰਾਵਿੰਦਰ ਸਿੰਘ ਸੋਢੀ ਦਾ ਇਹ ਨਾਟਕ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਦੇ ਕੁਝ ਕੁ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਖੀਆਂ ਵਿੱਚ ਕਰਾਮਾਤਾਂ ਸ਼ਾਮਲ ਕੀਤੀਆਂ ਗਈਆਂ ਹਨ, ਅਸਲ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰ ਦੇ ਵਿਰੁੱਧ ਹਨ। ਉਨ੍ਹਾਂ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਵੀ ਇਹ ਨਾਟਕ ਲਿਖਕੇ ਚੰਗਾ ਉਪਰਾਲਾ ਕੀਤਾ ਲਗਦਾ ਹੈ। ਇਸ ਨਾਟਕ ਨੂੰ 11 ਦਿ੍ਰਸ਼ਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦਿ੍ਰਸ਼ ਵਿੱਚ ਇਕ ਪੰਡਤ ਦੇ ਸਾਹਮਣੇ ਹੀ ਦੋ ਵਿਹਲੜ ਨੌਜਵਾਨ ਤਾਸ਼ ਖੇਡਦੇ ਵਿਖਾਏ ਹਨ। ਪੰਡਤ ਜੀ ਉਨ੍ਹਾਂ ਨੂੰ ਤਾਸ਼ ਖੇਡਕੇ ਵਕਤ ਗੁਆਉਣ ਤੋਂ ਰੋਕਣ ਦੀ ਵਿਜਾਏ ਆਪ ਉਨ੍ਹਾਂ ਨਾਲ ਹਾਸਾ ਠੱਠਾ ਕਰਦੇ ਹਨ। ਉਹ ਨੌਜਵਾਨ ਪੰਡਤ ਜੀ ਦੀ ਇਜ਼ਤ ਵੀ ਨਹੀਂ ਕਰਦੇ, ਇਸ ਮੌਕੇ ਤੇ ਇਕ ਗੁਰਦੁਆਰੇ ਦਾ ਭਾਈ ਸਮਾਜ ਸੁਧਾਰਕ ਦੇ ਰੂਪ ਵਿੱਚ ਆਉਂਦਾ ਹੈ ਜੋ ਨੌਜਵਾਨਾ ਨੂੰ ਵੱਡਿਆਂ ਦੀ ਇਜ਼ਤ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਪੰਡਤ ਜੀ ਨੂੰ ਵੀ ਨੌਜਵਾਨਾ ਨਾਲ ਵਿਚਰਨ ਤੋਂ ਰੋਕਦੇ ਹਨ। ਭਾਵ ਆਪਣੀ ਇਜ਼ਤ ਆਪਣੇ ਹੱਥ ਹੁੰਦੀ ਹੈ। ਭਾਈ ਜੀ ਨੌਜਵਾਨਾ ਨੂੰ ਕੋਈ ਕਾਰੋਬਾਰ ਕਰਨ ਦੀ ਨਸੀਹਤ ਦਿੰਦੇ ਹਨ। ਜਾਪੀ ਪਾਤਰ ਕਹਿੰਦੇ ਹਨ ਪੜ੍ਹ ਲਿਖਕੇ ਆਪਣੇ ਬਾਪੂ ਨਾਲ ਦਿਹਾੜੀ ਕਰਨ ਜਾਣਾ ਠੀਕ ਨਹੀਂ। ਦੂਜਾ ਪਾਤਰ ਕਰਮਾ ਕਹਿੰਦਾ ਹੈ ਕਿ ਉਸਦਾ ਪਿਤਾ ਜਿਸ ਫ਼ੌਜੀ ਦੇ ਨਾਲ ਸੀਰੀ ਹਨ, ਉਹ ਗਾਲਾਂ ਕੱਢਦੇ ਹਨ। ਭਾਈ ਨੌਜਵਾਨਾ ਨੂੰ ਗੁਰਦੁਆਰਾ ਸਾਹਿਬ ਆ ਕੇ ਪਾਠ ਕਰਨ ਲਈ ਮਨਾਉਂਦੇ ਹਨ। ਜਾਪੀ ਕਹਿੰਦੇ ਹਨ ਕਿ ਗੁਰੂ ਜੀ ਦੀਆਂ ਜਨਮ ਸਾਖੀਆਂ ਵਿੱਚ ਕਰਾਮਾਤਾਂ ਵਿਖਾਈਆਂ ਗਈਆਂ ਹਨ, ਇਨ੍ਹਾਂ ਵਿੱਚ ਕਿਤਨੀ ਸਚਾਈ ਹੈ। ਭਾਈ ਜੀ ਦਸਦੇ ਹਨ ਕਿ ਗੁਰੂ ਜੀ ਲੋਕਾਂ ਨੂੰ ਅਜਿਹੇ ਵਹਿਮਾ ਭਰਮਾ ਤੋਂ ਬਾਹਰ ਕੱਢਦੇ ਸਨ। IMG_7428.resizedਸਾਖੀਆਂ ਵਿੱਚ ਕੁਝ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ ਰੱਬ ਦਾ ਦਰਜਾ ਦੇ ਦਿੱਤਾ। ਗੁਰੂ ਸਾਹਿਬ ਤਾਂ ਇਨ੍ਹਾਂ ਗੱਲਾਂ ਦੇ ਵਿਰੁੱਧ ਸਨ। ਭਾਈ ਸਾਹਿਬ ਜਾਪੀ ਅਤੇ ਕਰਮੇ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦੇ ਹਨ। ਪਹਿਲਾ ਦਿ੍ਰਸ਼ ਖ਼ਤਮ ਹੋ ਜਾਂਦਾ ਹੈ। ਦੂਜੇ ਦਿ੍ਰਸ਼ ਵਿੱਚ ਮੋਦੀਖਾਨੇ ਵਿੱਚ ਕੰਮ ਕਰਨ ਕਰਕੇ ਕੁਝ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ, ਜੋ ਸਰਾਸਰ ਗ਼ਲਤ ਸਾਬਤ ਹੋਈ। ਨਵਾਬ, ਰਾਏ ਬੁਲਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਅਧਿਆਪਕਾਂ ਦੇ ਸਾਹਮਣੇ ਨਵਾਬ ਪਛਤਾਵਾ ਕਰ ਰਹੇ ਹਨ ਕਿ ਮੈਂ ਗੁਰੂ ਜੀ ‘ਤੇ ਲੋਕਾਂ ਦੇ ਕਹਿਣ ‘ਤੇ ਸ਼ੱਕ ਕਰ ਲਈ, ਜਿਸ ਤੋਂ ਬਾਅਦ ਗੁਰੂ ਜੀ ਲੰਬੀ ਉਦਾਸੀ ‘ਤੇ ਚਲੇ ਗਏ। ਇਸ ਦਿ੍ਰਸ਼ ਵਿੱਚ ਸਾਰੇ ਪਤਵੰਤੇ ਗਰੂ ਜੀ ਦੀ ਇਨਸਾਨੀਅਤ ਦੀ ਪ੍ਰਵਿਰਤੀ ਦੀ ਤਾਰੀਫ਼ ਕਰਦੇ ਵਿਖਾਏ ਗਏ ਹਨ। ਤੀਜੇ ਦਿ੍ਰਸ਼ ਵਿੱਚ ਮਲਕ ਭਾਗੋ ਗੁਰੂ ਜੀ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਆ ਕੇ ਭੋਜਨ ਕਰਨ ਦੀ ਥਾਂ ਭਾਈ ਲਾਲੋ ਦੇ ਘਰ ਜਾਣ ਨਾਲ ਆਪਣੀ ਹੇਠੀ ਸਮਝਦੇ ਹੋਏ, ਸਿੱਧੇ ਰਸਤੇ ਚਲਕੇ ਸੱਚੀ ਸੁੱਚੀ ਕਮਾਈ ਕਰਨ ਦਾ ਪ੍ਰਣ ਕਰਦੇ ਹੋਏ ਆਪਣੀਆਂ ਆਪਹੁਦਰੀਆਂ ‘ਤੇ ਪਛਤਾਵਾ ਕਰਦੇ ਵਿਖਾਏ ਹਨ। ਮਲਕ ਭਾਗੋ ਦੀ ਬੇਗਮ ਵਾਰ ਵਾਰ ਸੋਚਣ ਦੀ ਗੱਲ ਕਰਦੇ ਹਨ। ਦੁਨੀ ਚੰਦ ਦਾ ਪਾਤਰ ਵੀ ਦੋ ਮੁਸਾਫ਼ਰਾਂ ਨੂੰ ਆਪਣੀ ਫ਼ੋਕੀ ਸ਼ੋਹਰਤ ਦੀ ਗ਼ਲਤੀ ਦਾ ਅਹਿਸਾਸ ਕਰਦਾ ਹੋਇਆ ਦੱਸਦਾ ਹੈ ਕਿ ਗੁਰੂ ਜੀ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਮੌਤ ਤੋਂ ਬਾਅਦ ਕੋਈ ਵਸਤੂ ਨਾਲ ਨਹੀਂ ਜਾਣੀ, ਫਿਰ ਇਹ ਧਨ ਕਿਉਂ ਇਕੱਤਰ ਕੀਤਾ ਜਾਵੇ? ਇਕ ਸਜਣ ਨਾਮ ਦਾ ਪਾਤਰ ਜਿਹੜਾ ਆਪਣੀ ਧਰਮਸ਼ਾਲਾ ਵਿੱਚ ਦੋ ਦਲਾਲਾਂ ਰਸੂਲ ਅਤੇ ਨੂਰਾਂ ਰਾਹੀਂ ਲਿਆਂਦੇ ਮੁਸਾਫਰਾਂ ਨੂੰ ਮਾਰ ਕੇ ਲੁੱਟ ਲੈਂਦਾ ਸੀ। ਜਦੋਂ ਰਸੂਲ ਅਤੇ ਨੂਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਨੂੰ ਸਜਣ ਦੀ ਧਰਮਸ਼ਾਲਾ ਵਿੱਚ ਲੈ ਕੇ ਜਾਂਦੇ ਹਨ ਤਾਂ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣਕੇ ਸਿੱਧੇ ਰਸਤੇ ਪੈ ਗਿਆ। ਨੂਰਾਂ ਅਤੇ ਰਸੂਲ ਨੂੰ ਸਿੱਧੇ ਰਸਤੇ ਪਾਉਣ ਲਈ ਲੇਖਕ ਨੇ ਇਕ ਜੋਤ ਰੌਸ਼ਨੀ ਦੇ ਰੂਪ ਵਿੱਚ ਵਿਖਾਕੇ ਉਨ੍ਹਾਂ ਦੋਹਾਂ ਦਾ ਵੀ ਉਧਾਰ ਕੀਤਾ ਹੈ। ਚੌਥੇ ਦਿ੍ਰਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਸਮੇਂ ਆਪ ਆਪਣੇ ਖੇਤਾਂ ਨੂੰ ਪਾਣੀ ਦੇਣ ਅਤੇ ਜਿਹੜੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਨਾਲ ਚੰਗਾ ਵਰਤਾਓ ਨਹੀਂ ਕੀਤਾ ਸੀ, ਉਨ੍ਹਾਂ ਨੂੰ ਵਸਦੇ ਰਹੋ ਕਹਿਣਾ ਅਤੇ ਆਦਰ ਮਾਣ ਕਰਨ ਵਾਲੇ ਪਿੰਡ ਦੇ ਲੋਕਾਂ ਨੂੰ ਉਜੜ ਜਾਓ ਕਹਿਣ ਨੂੰ ਬੜੇ ਸੁਚੱਜੇ ਢੰਗ ਨਾਲ ਪਾਂਡਿਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਨ੍ਹਾਂ ਦਾ ਸੁਧਾਰ ਕਰਨ ਨੂੰ ਦਿ੍ਰਸ਼ਟਾਂਤਿਕ ਤੌਰ ਤੇ ਰੰਗ ਮੰਚ ਤੇ ਦਰਸਾ ਕੇ ਕਮਾਲ ਕੀਤੀ ਗਈ ਹੈ। ਪੰਜਵੇਂ ਦਿ੍ਰਸ਼ ਵਿੱਚ ਗੋਪਾਲ ਅਤੇ ਤਰਲੋਕੀ ਪਾਤਰਾਂ ਦੀ ਵਿਚਾਰ ਚਰਚਾ ਗਗਨ ਮੈ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਦੇ ਦੁਆਲੇ ਘੁੰਮਦੀ ਵਿਖਾਈ ਗਈ ਹੈ, ਜਿਸਦਾ ਭਾਵ ਅਰਥ ਗੁਰੂ ਨੇ ਲੋਕਾਈ ਨੂੰ ਵਹਿਮਾਂ ਭਰਮਾ ਵਿੱਚੋਂ ਕੱਢਕੇ ਸਿੱਧੇ ਰਸਤੇ ਪਾਇਆ ਹੈ। ਛੇਵੇਂ ਦਿ੍ਰਸ਼ ਵਿੱਚ ਬਾਬਰ ਬਾਦਸ਼ਾਹ  ਮੰਚ ‘ਤੇ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦਾ ਹੈ ਕਿ ਉਸਨੇ ਅਨੇਕ ਜ਼ੁਲਮ ਕੀਤੇ ਹਨ ਪ੍ਰੰਤੂ ਉਸਨੂੰ ਇਕ ਹੋਰ ਆਵਾਜ਼ ਆਉਂਦੀ ਹੈ, ਜਿਸਨੂੰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਝਦਾ ਹੈ, ਉਹ ਹੀ ਉਸਨੂੰ ਸਿੱਧੇ ਰਸਤੇ ‘ਤੇ ਚਲਣ ਦੀ ਪ੍ਰੇਰਨਾ ਕਰਦੀ ਹੈ। ਇਸ ਦਿ੍ਰਸ਼ ਵਿੱਚ ਬਾਬਰ ਦਾ ਸੁਧਾਰ ਹੁੰਦਾ ਵਿਖਾਇਆ ਜਾਂਦਾ ਹੈ। ਸੱਤਵੇਂ ਦਿ੍ਰਸ਼ ਵਿੱਚ ਨਾਟਕਕਾਰ ਨੇ ਚਰਪਟ ਨਾਥ, ਲੋਹਾਰੀਪਾ ਅਤੇ ਭੰਗਰ ਨਾਥ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਲਣੀ ਤੋਂ ਬਾਅਦ ਆਪਸੀ ਪਰੀਚਰਚਾ ਕਰਵਾਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਰਮ ਕਾਂਡ ਅਤੇ ਯੋਗ ਰਾਹੀਂ ਦੁਨੀਆਂ ਤੋਂ ਦੂਰ ਰਹਿਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਜ਼ਾਇਜ਼ ਨਹੀਂ, ਸਗੋਂ ਸੰਸਾਰੀ ਹੁੰਦਿਆਂ ਵੀ ਪਰਮ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਕਦਾ ਹੈ। ਅੱਠਵੇਂ ਦਿ੍ਰਸ਼ ਵਿੱਚ ਕਾਜ਼ੀ, ਤਾਜ਼ੂਦੀਨ ਅਤੇ ਜ਼ੈਨੂਲ  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿਸ ਵਿੱਚ ਪ੍ਰਮਾਤਮਾ ਹਰ ਥਾਂ ਚਾਰੇ ਪਾਸੇ ਅਤੇ ਹਰ ਸ਼ੈ ਵਿੱਚ, ਜ਼ਾਤ ਪਾਤ ਤੋਂ ਰਹਿਤ ਸਮਾਜ ਅਤੇ ਧਰਮਾ ਦੇ ਕੱਟੜ ਮਜ਼ਹਬੀ ਅਸੂਲ ਲੋਕਾਂ ਦੀ ਬਿਹਤਰੀ ਨਹੀਂ ਕਰ ਸਕਦੇ ਵਰਗੇ ਸੰਵਾਦ ਕਰਦੇ ਵਿਖਾਏ ਗਏ ਹਨ। ਅਖ਼ੀਰ ਵਿੱਚ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰਾਹ ਦਸੇਰਾ ਮੰਨਦੇ ਹਨ। ਨੌਵੇਂ ਦਿ੍ਰਸ਼ ਵਿੱਚ ਪੀਰ ਦਸਤਗੀਰ, ਅਬਦੁਲ ਅਤੇ ਅਕਰਮ ਦਰਮਿਆਨ ਸੰਬਾਦ ਕਰਵਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਹਿੰਦੇ ਹਨ ਪਰਮਾਤਮਾ, ਅੱਲਾ ਤਾਲਾ ਅਤੇ ਖ਼ੁਦਾ ਇਕ ਹੀ ਹੈ। ਉਹ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਅਤੇ ਖੁਦਾ ਵਿਖਾਈ ਨਹੀਂ ਦਿੰਦਾ ਪ੍ਰੰਤੂ ਹਰ ਵਸਤੂ ਵਿੱਚ ਮੌਜਦ ਹੈ। ਖੁਦਾ ਦੇ ਹੱਥ ਸਭ ਕੁਝ ਹੈ, ਅਰਥਾਤ ਗ਼ਰੀਬ ਨੂੰ ਅਮੀਰ ਅਤੇ ਅਮੀਰ ਨੂੰ ਗ਼ਰੀਬ ਬਣਾ ਸਕਦਾ ਹੈ। ਉਹ ਤਖ਼ਤ ਤਾਜ ਤੇ ਬਿਠਾ ਅਤੇ ਉਤਾਰ ਸਕਦਾ ਹੈ। ਦਸਵੇਂ ਦਿ੍ਰਸ਼ ਵਿੱਚ ਨਾਟਕਕਾਰ ਨੇ ਵਲੀ ਕੰਧਾਰੀ ਅਤੇ ਉਸਦੇ ਨੌਕਰ ਰਾਹੀਂ ਸੰਬਾਦ ਕਰਕੇ ਦਰਸਾਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਕੇ ਉਨ੍ਹਾਂ ਨੂੰ ਇਨਸਾਨੀਅਤ ਦਾ ਪੱਲਾ ਫੜਨ ਲਈ ਆਪਣੀ ਵਿਦਵਤਾ ਦੀ ਚਾਬੀ ਨਾਲ ਸਿੱਧੇ ਰਸਤੇ ਪਾਇਆ ਹੈ। ਗਿਆਰਵੇਂ ਅਤੇ ਆਖ਼ਰੀ ਦਿ੍ਰਸ਼ ਵਿੱਚ ਦਰਵੇਸ਼, ਪਹਿਲਾ ਆਦਮੀ ਅਤੇ ਦੂਜਾ ਆਦਮੀ ਪਾਤਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਨਸਾਨੀਅਤ, ਜ਼ਾਤ ਪਾਤ, ਵਹਿਮਾ ਭਰਮਾ, ਇਨਸਾਨੀਅਤ ਦੇ ਦਿਮਾਗਾਂ ਵਿੱਚ ਆਤਮ ਰੌਸ਼ਨੀ ਪੈਦਾ ਕਰਨ, ਧਰਮ ਦੇ ਠੇਕਦਾਰਾਂ ਤੋ ਬਚਣ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦਾ ਵਿਚਾਰ ਕਰਦੇ ਵਿਖਾਏ ਗਏ ਹਨ। ਇਨਸਾਨ ਨੂੰ ਸਮਾਜਿਕ, ਧਾਰਮਿਕ, ਭੂਗੋਲਿਕ ਅਤੇ ਪਰਮਾਤਮਾ ਦੀ ਵਿਚਾਰਧਾਰਾ ਦੀਆਂ ਵੰਡੀਆਂ ਪਾਉਣ ਤੋਂ ਪ੍ਰਹੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>