ਪੰਜਾਬੀ ਸਿੱਖ ਕਿਸਾਨ ਦੀ ਬਹੁਤ ਵੱਡੇ ਪੱਧਰ ਉੱਤੇ ਸਾਜ਼ਿਸ਼ ਤਹਿਤ ਕਿਰਦਾਰਕੁਸ਼ੀ ਕੀਤੀ ਗਈ

FB_IMG_1637499232161.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹਿੰਦੁਸਤਾਨ ਦੀ ਜਾਬਰ ਸਰਕਾਰ ਨੂੰ ਤਿੰਨ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣਾ ਕਿਸਾਨ ਮੋਰਚੇ ਦੀ ਬਹੁਤ ਵੱਡੀ ਪਰਾਪਤੀ ਹੈ। ਪਰ ਇੱਕ ਪਰਾਪਤੀ ਇਸ ਤੋਂ ਵੀ ਵੱਡੀ ਹੋਈ ਹੈ। ਉਹ ਹੈ ਪੰਜਾਬੀ ਸਿੱਖ ਕਿਸਾਨ ਦੇ ਉੱਚੇ-ਸੁੱਚੇ ਕਿਰਦਾਰ ਦੇ ਜਲੌਅ ਦਾ ਨਮੂਦਾਰ ਹੋਣਾ । ਇਹ ਕਹਿਣਾ ਹੈ ਸਿੱਖ ਨੌਜੁਆਨ ਚਿੰਤਕ ਪ੍ਰਭਸ਼ਰਨਬੀਰ ਸਿੰਘ ਦਾ ।

ਉਨ੍ਹਾਂ ਕਿਹਾ ਕਿ 1984 ਦੇ ਖ਼ੂਨੀ ਘੱਲੂਘਾਰਿਆਂ ਤੋਂ ਬਾਅਦ ਪੰਜਾਬ ਦੇ ਸਿੱਖ ਕਿਸਾਨ ਨੇ ਹਿੰਦੁਸਤਾਨੀ ਸਥਾਪਤੀ ਨੂੰ ਭਰਵੀਂ ਟੱਕਰ ਦਿੱਤੀ। ਇਸ ਸੰਘਰਸ਼ ਐਨਾ ਲਹੂ-ਵੀਟਵਾਂ ਸੀ ਕਿ ਇੱਕ ਵਾਰ ਤਾਂ ਸਥਾਪਤੀ ਦੀਆਂ ਜੜ੍ਹਾਂ ਹਿਲਾ ਗਿਆ। ਸਥਾਪਤੀ ਨੇ ਇਸ ਸੰਘਰਸ਼ ਨੂੰ ਅੰਨ੍ਹੇ ਤੇ ਅਮਾਨਵੀ ਜਬਰ ਨਾਲ ਦਬਾਉਣ ਤੋਂ ਬਾਅਦ ਇੱਕ ਹੋਰ ਪੈਂਤੜਾ ਖੇਡਿਆ। ਉਹ ਪੈਂਤੜਾ ਇਹ ਸੀ ਕਿ ਪੰਜਾਬੀ ਸਿੱਖ ਕਿਸਾਨ ਦੀ ਬਹੁਤ ਵੱਡੇ ਪੱਧਰ ਉੱਤੇ ਕਿਰਦਾਰਕੁਸ਼ੀ ਕੀਤੀ ਗਈ। ਇਸ ਨਾਪਾਕ ਸਾਜ਼ਿਸ਼ ਵਿੱਚ ਪੰਜਾਬ ਦੇ ਅਖੌਤੀ ਖੱਬੇਪੱਖੀਆਂ ਨੇ ਸਰਕਾਰ ਦੇ ਝੋਲੀਚੁੱਕਾਂ ਵਾਲ਼ਾ ਕਿਰਦਾਰ ਨਿਭਾਇਆ। ਇਸ ਸਾਜ਼ਿਸ਼ ਤਹਿਤ ਪੰਜਾਬ ਦੇ ਸਿੱਖ ਕਿਸਾਨ ਨੂੰ ਜਗੀਰੂ, ਪਿਛਾਖੜੀ, ਮਰਦਾਵੀਂ ਹੈਂਕੜ ਰੱਖਣ ਵਾਲ਼ਾ, ਮੂਲਵਾਦੀ, ਵਿਭਚਾਰੀ, ਅਤੇ ਹਿੰਸਕ ਸਿੱਧ ਕਰਨ ਲਈ ਇੱਕ ਪ੍ਰਵਚਨ ਉਸਾਰਿਆ ਗਿਆ। ਇਸ ਪ੍ਰਵਚਨ ਦੀ ਉਸਾਰੀ ਪ੍ਰਮੁੱਖ ਤੌਰ ‘ਤੇ ਦਿੱਲੀ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਹੋਈ ਪਰ ਪੰਜਾਬ ਅਤੇ ਪੰਜਾਬੀ ਡਾਇਸਪੋਰਾ ਵਿਚਲੀਆਂ ਸਾਹਿਤ-ਸਭਾਵਾਂ ਅਤੇ ਖੱਬੇ-ਪੱਖੀ ਰਾਜਨੀਤਕ ਜਥੇਬੰਦੀਆਂ ਨੇ ਵੀ ਇਸ ਕੰਮ ਵਿੱਚ ਆਪਣਾ ਭਰਵਾਂ ਹਿੱਸਾ ਪਾਇਆ।

ਸਰਕਾਰ ਨੂੰ ਇਸ ਝੂਠੇ ਪ੍ਰਵਚਨ ਦੀ ਲੋੜ ਸੀ। ਕਿਸੇ ਦੀ ਨਸਲਕੁਸ਼ੀ ਕਰਨ ਤੋਂ ਪਹਿਲਾਂ ਉਸਦਾ ਅਮਾਨਵੀਕਰਨ ਵੀ ਕਰਨਾ ਪੈਂਦਾ ਹੈ। ਪੰਜਾਬ ਦੇ ਬੌਧਿਕ ਹਲਕਿਆਂ ਵਿਚ ਪੰਜਾਬ ਦੇ ਦਰਿਆ-ਦਿਲ ਕਿਸਾਨ ਦਾ ਪੂਰੇ ਧੜੱਲੇ ਨਾਲ ਅਮਾਨਵੀਕਰਨ ਕੀਤਾ ਗਿਆ। ਇਸੇ ਕੁਫ਼ਰ ਨਾਲ ਭਰੇ ਪ੍ਰਵਚਨ ਦੇ ਆਸਰੇ ਸਰਕਾਰ ਨੇ ਪੰਜਾਬ ਵਿੱਚ ਜ਼ੁਲਮ ਦੀ ਹਨ੍ਹੇਰੀ ਵਗਾ ਦਿੱਤੀ। ਸਿੱਖਾਂ ਨੂੰ ਕੋਈ ਹਮਾਇਤ ਨਾ ਮਿਲੀ। ਸੰਘਰਸ਼ ਮੱਠਾ ਪੈ ਗਿਆ।

ਪਰ ਕਿਸੇ ਕੌਮ ਦੇ ਸਾਂਝੇ ਅਵਚੇਤਨ ਵਿੱਚੋਂ ਆ ਰਹੇ ਜਜ਼ਬੇ ਨੂੰ ਸਦਾ ਲਈ ਨਹੀਂ ਡੱਕਿਆ ਜਾ ਸਕਦਾ ਹੁੰਦਾ। ਅਜਿਹੇ ਜਜ਼ਬੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਪ੍ਰਗਟ ਕਰ ਹੀ ਲੈਂਦੇ ਹਨ। ਇਹੀ ਗੱਲ ਕਿਸਾਨ ਮੋਰਚੇ ਦੌਰਾਨ ਵਾਪਰੀ। ਜਿਹਨਾਂ ਨੂੰ ਜਗੀਰੂ ਅਤੇ ਮਰਦ-ਪ੍ਰਧਾਨ ਸਮਾਜ ਦੇ ਅਲੰਬਰਦਾਰ ਘੋਸ਼ਤ ਕੀਤਾ ਗਿਆ ਸੀ, ਜਦੋਂ ਉਹ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਦੀ ਹੱਦ ‘ਤੇ ਜਾ ਬੈਠੇ ਤਾਂ ਸਥਾਨਕ ਔਰਤਾਂ ਆਪਣੇ ਆਪ ਨੂੰ ਉਹਨਾਂ ਦੀ ਸੰਗਤ ਵਿੱਚ ਵਧੇਰੇ ਸੁਰੱਖਿਅਤ ਮਹਿਸੂਸ ਕਰਨ ਲੱਗੀਆਂ। ਕਿਸੇ ਵੀ ਕਿਸਾਨ ਵੱਲੋਂ ਕਿਸੇ ਔਰਤ ਨਾਲ ਬਦਸਲੂਕੀ ਦੀ ਇੱਕ ਵੀ ਘਟਨਾ ਦਾ ਨਾ ਵਾਪਰਨਾ ਕਿਸੇ ਅਚੰਬੇ ਤੋਂ ਘੱਟ ਨਹੀਂ ਸੀ।

ਦਿੱਲੀ ਦੀਆਂ ਹੱਦਾਂ ਉੱਤੇ ਆਪਣੀ ਰੋਜ਼ੀ ਬਚਾਉਣ ਲਈ ਬੈਠੇ ਕਿਸਾਨ ਓਥੋਂ ਦੀ ਗ਼ਰੀਬ ਜਨਤਾ ਲਈ ਮਸੀਹਾ ਹੋ ਨਿੱਬੜੇ। ਜਿਹੜੇ ਨਿਆਣਿਆਂ ਨੇ ਆਪਣੀ ਪੂਰੀ ਹਯਾਤੀ ਵਿੱਚ ਢਿੱਡ ਭਰ ਕੇ ਰੋਟੀ ਨਹੀਂ ਸੀ ਖਾਧੀ, ਉਹਨਾਂ ਨੂੰ ਵੀ ਰਜਾ ਦਿੱਤਾ। ਗੁਰੂ ਕੇ ਲੰਗਰ ਗ਼ਰੀਬਾਂ ਦਾ ਆਸਰਾ ਬਣ ਗਏ। ਸ਼ਾਇਦ ਉਹਨਾਂ ਦੀਆਂ ਅਸੀਸਾਂ ਨੇ ਹੀ ਇਹ ਮੋਰਚਾ ਫਤਹਿ ਕਰਵਾਇਆ ਹੈ।
ਪਿਛਲੇ ਇੱਕ ਸਾਲ ਦੌਰਾਨ ਕਰੀਬ ਪੱਚੀ ਲੱਖ ਤੋਂ ਵਧੇਰੇ ਪੰਜਾਬੀ ਸਿੱਖ ਕਿਸਾਨ ਨੇ ਮੋਰਚੇ ਵਿੱਚ ਹਾਜ਼ਰੀ ਲਵਾਈ ਹੈ। ਜੇ ਉਹ ਵਾਕਿਆ ਹੀ ਜਗੀਰੂ, ਪਿਛਾਖੜੀ, ਮਰਦਾਵੀਂ ਹੈਂਕੜ ਰੱਖਣ ਵਾਲ਼ੇ, ਮੂਲਵਾਦੀ, ਵਿਭਚਾਰੀ, ਅਤੇ ਹਿੰਸਕ ਹੁੰਦੇ ਤਾਂ ਇਹ ਗੱਲਾਂ ਉਹਨਾਂ ਦੇ ਵਤੀਰੇ ਵਿੱਚੋਂ ਓਥੇ ਵੀ ਦਿਸਣੀਆਂ ਲਾਜ਼ਮੀ ਸਨ। ਕੋਈ ਆਪਣਾ ਸੁਭਾਅ ਘਰੇ ਨਹੀਂ ਛੱਡ ਸਕਦਾ ਹੁੰਦਾ। ਜੇ ਉਹ ਵਾਕਿਆ ਹੀ ਐਨੇ ਮਾੜੇ ਹੁੰਦੇ, ਜਿੰਨੇ ਮਾੜੇ ਉਹਨਾਂ ਨੂੰੰ ਖੱਬੇ-ਪੱਖੀ ‘ਵਿਦਵਾਨ’ ਕਈ ਦਹਾਕਿਆਂ ਤੋਂ ਦੱਸਦੇ ਆ ਰਹੇ ਸਨ, ਤਾਂ ਉਹ ਅਜਿਹਾ ਬੇਮਿਸਾਲ ਇਤਿਹਾਸ ਕਦੇ ਵੀ ਨਾ ਸਿਰਜ ਸਕਦੇ। ਦਹਾਕਿਆਂ ਪੁਰਾਣੇ ਇਸ ਝੂਠੇ ਪ੍ਰਚਾਰ ਦਾ ਪਰਦਾਫਾਸ਼ ਹੋ ਜਾਣਾ ਹੀ ਕਿਸਾਨ ਮੋਰਚੇ ਦੀ ਅਸਲ ਪਰਾਪਤੀ ਹੈ।

ਜੇ ਸਥਾਪਤੀ ਦੇ ਝੋਲੀਚੁੱਕ ਇਹਨਾਂ ‘ਵਿਦਵਾਨਾਂ’, ‘ਸਾਹਿਤਕਾਰਾਂ’ ਤੇ ‘ਰਾਜਨੀਤਕ ਕਾਰਕੁਨਾਂ’ ਵਿੱਚ ਭੋਰਾ ਭਰ ਵੀ ਜ਼ਮੀਰ ਬਚੀ ਹੈ ਤਾਂ ਇਹਨਾਂ ਨੂੰ ਪੰਜਾਬ ਦੀ ਕਿਸਾਨੀ ਤੋਂ ਦੋਵੇਂ ਹੱਥ ਜੋੜ ਮਾਫੀ ਮੰਗਣੀ ਚਾਹੀਦੀ ਹੈ ਤੇ ਅੱਗੇ ਤੋਂ ਅਜਿਹੇ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।

ਸੱਚ ਉਹ ਸੂਰਜ ਹੁੰਦਾ ਹੈ ਜਿਹੜਾ ਲੱਖ ਹਨ੍ਹੇਰਿਆਂ ਨੂੰ ਚੀਰ ਕੇ ਸਗਲੀ ਧਰਤੀ ਉੱਤੇ ਪ੍ਰਭਾਤ ਦੇ ਰੰਗ ਖਲਾਰ ਦਿੰਦਾ ਹੈ। ਇਹ ਉਸਦੀ ਖਸਲਤ ਵੀ ਹੈ ਤੇ ਫਿਤਰਤ ਵੀ। ਥੋੜ੍ਹ-ਚਿਰੇ ਮੁਨਾਫਿਆਂ ਦੇ ਚੱਕਰ ਵਿੱਚ ਕੁਫ਼ਰ ਤੋਲਣ ਵਾਲ਼ੇ ਸੱਚ ਦਾ ਸੂਰਜ ਉਦੈ ਹੋਣ ‘ਤੇ ਚਮਗਿੱਦੜਾਂ ਵਾਂਗੂੰ ਖੁੱਡਾਂ ਭਾਲ਼ਦੇ ਹਨ।

ਬੇਹੱਦ ਤਸੱਲੀ ਵਾਲ਼ੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਪਾਕ-ਪਵਿੱਤਰ ਜਵਾਨੀ ਨੇ ਪੰਜਾਬ ਦੇ ਕਿਸਾਨ ਖਿਲਾਫ ਚਲਾਏ ਗਏ ਇਸ ਝੂਠੇ ਪ੍ਰਾਪੇਗੰਡੇ ਨੂੰ ਪਛਾਣ ਲਿਆ ਹੈ। ਉਸਨੇ ਪੰਜਾਬੀ ਕਿਸਾਨ ਦੀ ਬੇਦਾਗ਼ ਤੇ ਨਿਰਛਲ ਆਤਮਾ ਦੇ ਅੰਦਰ ਝਾਤੀ ਮਾਰ ਲਈ ਹੈ। ਇਹ ਇਕੱਲੀ ਗੱਲ ਪੰਜਾਬ ਦੇ ਭਵਿੱਖ ਲਈ ਆਸ ਦੀ ਕਿਰਨ ਹੈ।

ਜਿੰਨਾ ਚਿਰ ਪੰਜਾਬ ਗੁਰੂ ਦੇ ਨਾਂ ‘ਤੇ ਜਿਉਂਦਾ ਤੇ ਗਾਉਂਦਾ ਰਹੇਗਾ, ਸਥਾਪਤੀ ਦੇ ਪਿੱਠੂਆਂ ਦੇ ਮੂੰਹ ਵੀ ਕਾਲ਼ੇ ਹੁੰਦੇ ਹੀ ਰਹਿਣਗੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>