ਫੇਸਬੁੱਕ ਦਾ ਨਕਲੀ ਸੰਸਾਰ

ਫੇਸਬੁੱਕ ਵਰਤਣ ਵਾਲੇ ਤੇਜ਼ੀ ਨਾਲ ਮਾਨਸਿਕ ਗੁੰਝਲਾਂ ਦੇ ਸ਼ਿਕਾਰ ਹੋ ਰਹੇ ਹਨ। ਦੁਨੀਆਂਭਰ ਵਿਚ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੂਰੀ ਦੁਨੀਆਂ ਵਿਚ 300 ਕਰੋੜ ਲੋਕ ਫੇਸਬੁੱਕ ਵਰਤਦੇ ਹਨ। ਇਨ੍ਹਾਂ ਵਿਚੋਂ 40 ਕਰੋੜ ਦੇ ਕਰੀਬ ਮਨੋਵਿਗਿਆਨਕ ਸਮੱਸਿਆਵਾਂ ਵਿਚ ਘਿਰੇ ਹੋਏ ਹਨ। ਫੇਸਬੁੱਕ ਨੇ ਖ਼ੁਦ ਇਹ ਗੱਲ ਸਵੀਕਾਰ ਕੀਤੀ ਹੈ।
ਇਹ ਵੇਰਵਾ ਬੀਤੇ ਦਿਨੀਂ ਇਕ ਅਮਰੀਕੀ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਇਆ ਹੈ। ਵੱਖ-ਵੱਖ ਤਰ੍ਹਾਂ ਦੇ ਅਧਿਐਨ ਤੇ ਸਰਵੇ ਦਰਸਾਉਂਦੇ ਹਨ ਕਿ ਫੇਸਬੁੱਕ ਲੋਕਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਦੇ ਨਾਲ-ਨਾਲ ਸਮਾਜਕ ਤੇ ਪਰਿਵਾਰਕ ਜੀਵਨ ਨੂੰ ਬੇ-ਹੱਦ ਪ੍ਰਭਾਵਤ ਕਰ ਰਿਹਾ ਹੈ। ਦੁਨੀਆਂ ਦੇ ਪ੍ਰਮੁੱਖ ਅਦਾਰੇ ਇਸਦਾ ਸਮਾਜਕ ਤੇ ਮਨੋਵਿਗਿਆਨਕ ਵਿਸ਼ਲੇਸ਼ਣ ਕਰਨ ਵਿਚ ਰੁੱਝੇ ਹੋਏ ਹਨ।
ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਿਡਨੀ ਨੇ ਆਪਣੀ ਖੋਜ ਵਿਚ ਸ਼ੋਸ਼ਲ ਦੇ 50 ਦੁਰ-ਪ੍ਰਭਾਵਾਂ ਦੀ ਸ਼ਨਾਖ਼ਤ ਕੀਤੀ ਹੈ। ਸ਼ੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੂੰ ਹਰ ਵੇਲੇ ਨਿੱਜਤਾ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਵਿਚ ਨਿਘਾਰ ਆ ਜਾਂਦਾ ਹੈ। ਸਮਾਜਕ ਆਦਾਨ ਪ੍ਰਦਾਨ ਵਿਚ ਨੁਕਸਾਨ ਹੁੰਦਾ ਹੈ। ਪ੍ਰੇ਼ਸ਼ਾਨ ਕਰਨ ਵਾਲੀ ਵਿਸ਼ਾ-ਸਮੱਗਰੀ ਨਾਲ ਵਾਹ-ਵਾਸਤਾ ਪੈਂਦਾ ਹੈ। ਬੰਦਾ ਕਈ ਤਰ੍ਹਾਂ ਦੇ ਜ਼ੋਖਮ ਵਿਚ ਘਿਰ ਜਾਂਦਾ ਹੈ। ਹਰ ਵੇਲੇ ਇਕ ਭੈਅ, ਇਕ ਚਿੰਤਾ ਬਣੀ ਰਹਿੰਦੀ ਹੈ।
ਫੇਸਬੁੱਕ ਦੀ ਵਰਤੋਂ ਕਰਨ ਵਾਲੇ ਹਰ ਪਲ ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਲੱਗਦੇ ਹਨ। ਇਹੀ ਤੁਲਨਾ ਅੱਗੇ ਚਲ ਕੇ ਉਨ੍ਹਾਂ ਨੂੰ ਤਣਾਅ ਤੇ ਚਿੰਤਾ ਵੱਲ ਧਕੇਲ ਦਿੰਦੀ ਹੈ। ਉਪਰੋਕਤ ਖੋਜ-ਰਿਪੋਰਟ ਵਿਚ ਇਸ ਪਹਿਲੂ ਨੂੰ ਬਹੁਤ ਉਭਾਰ ਕੇ ਪੇਸ਼ ਕੀਤਾ ਗਿਆ ਹੈ।
ਫੇਸਬੁੱਕ ਦਾ ਨਾਂ ਤਬਦੀਲ ਕਰ ਦਿੱਤਾ ਗਿਆ ਹੈ। ਦਰਅਸਲ ਇਹ ਇਕ ਵਿਸ਼ਾਲ ਯੋਜਨਾ ਤਹਿਤ ਕੀਤਾ ਗਿਆ ਹੈ। ਮੇਟਾ ਤੁਹਾਨੂੰ ਨੇੜ-ਭਵਿੱਖ ਵਿਚ ਕਾਲਪਨਿਕ ਤੇ ਜਾਅਲੀ ਦੁਨੀਆਂ ਵਿਚ ਲੈ ਜਾਣ ਦੀਆਂ ਤਿਆਰੀਆਂ ਕਰ ਰਿਹਾ ਹੈ। ਮੇਟਾ ਵਰਤਣ ਵਾਲੇ ਹਕੀਕਤ ਵਿਚ ਜਿਊਣ ਦੀ ਬਜਾਏ ਕਾਲਪਨਿਕ ਦੁਨੀਆਂ ਵਿਚ ਜਿਊਣ ਲੱਗਣਗੇ। ਨਤੀਜੇ ਵਜੋਂ ਇਸਦੇ ਹੋਰ ਤੀਖਣ, ਹੋਰ ਨੁਕਸਾਨਦਾਇਕ ਦੁਰ-ਪ੍ਰਭਾਵਾਂ ਦਾ ਸਾਹਮਣਾ ਕਰਨਾ ਪਵੇਗਾ।
ਭਾਰਤੀ ਲੋਕਾਂ ʼਤੇ ਹੋਏ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਔਸਤਨ 3 ਘੰਟੇ ਟੈਲੀਵਿਜ਼ਨ ਵੇਖਦੇ ਹਨ, ਢਾਈ ਘੰਟੇ ਸ਼ੋਸ਼ਲ ਮੀਡੀਆ ʼਤੇ ਰਹਿੰਦੇ ਹਨ, 2 ਘੰਟੇ ਸੰਗੀਤ ਸੁਣਦੇ ਹਨ ਅਤੇ ਡੇਢ ਘੰਟੇ ਤੱਕ ਆਨਲਾਈਨ ਗੇਮ ਖੇਡਦੇ ਹਨ। ਇਉਂ ਔਸਤਨ ਕੁਲ ਸਮਾਂ 9 ਘੰਟੇ ਦੇ ਕਰੀਬ ਬਣ ਜਾਂਦਾ ਹੈ। ਇਹ ਮਾਨਸਿਕ ਤੇ ਸਰੀਰਕ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਉਮਰ-ਵਰਗ ਅਨੁਸਾਰ ਇਹ ਸਮਾਂ ਵੱਧਦਾ ਘੱਟਦਾ ਹੈ। ਭਾਰਤ ਵਿਚ ਵੱਟਸਐਪ ਵਰਤਣ ਵਾਲਿਆਂ ਦੀ ਗਿਣਤੀ 40 ਕਰੋੜ ਤੋਂ ਵੱਧ ਹੈ। ਫੇਸਬੁੱਕ ਦਾ ਪ੍ਰਯੋਗ 30 ਕਰੋੜ ਦੇ ਕਰੀਬ ਲੋਕ ਕਰਦੇ ਹਨ। ਇਸੇ ਤਰ੍ਹਾਂ ਇੰਸਟਾਗ੍ਰਾਮ ʼਤੇ 9 ਕਰੋੜ ਭਾਰਤੀ ਸਰਗਰਮ ਰਹਿੰਦੇ ਹਨ। ਇਹ ਗਿਣਤੀ ਉਸ ਸਥਿਤੀ ਵਿਚ ਹੈ ਜਦ ਵੱਡੀ ਵਸੋਂ ਕੋਲ ਸਮਾਰਟ ਫੋਨ ਨਹੀਂ ਹੈ। ਜੇਕਰ ਉਨ੍ਹਾਂ ਕੋਲ ਸਮਾਰਟ ਫੋਨ ਦੀ ਸਹੂਲਤ ਮੌਜੂਦ ਹੋਵੇ ਤਾਂ ਉਹ ਤੱਤਫਟ ਉਪਰੋਕਤ ਪਲੇਟਫਾਰਮਾਂ ਦੀ ਵਰਤੋਂ ਕਰਨ ਲੱਗਣਗੇ। ਬੀਤੇ ਸਾਲ ਸਮਾਰਟ ਫੋਨ ਵਰਤਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੱਡਾ ਵਾਧਾ ਦਰਜ ਹੋਇਆ ਹੈ।  ਇਸੇ ਤਰ੍ਹਾਂ ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਤੇਜ਼ੀ ਨਾਲ ਵਧੀ ਹੈ।
ਇਸ ਖੇਤਰ ਦੇ ਮਾਹਿਰ, ਖੋਜ-ਕਾਰਜਾਂ ਵਿਚ ਲੱਗੇ ਖੋਜੀ ਅਤੇ ਮਨੋ-ਵਿਗਿਆਨੀ ਇਸ ਨਤੀਜੇ ʼਤੇ ਪਹੁੰਚੇ ਹਨ ਕਿ ਜਦ ਕੋਈ ਵਿਅਕਤੀ ਆਪਣੇ ਹੱਥਲੇ ਮਹੱਤਵਪੂਰਨ ਕੰਮ ਅਤੇ ਰੋਜ਼ਾਨਾ ਨਿਪਟਾਈਆਂ ਜਾਣ ਵਾਲੀਆਂ ਸਰਗਰਮੀਆਂ ਛੱਡ ਕੇ ਵਾਰ ਵਾਰ ਵੱਟਸਐਪ ਅਤੇ ਫੇਸਬੁੱਕ ʼਤੇ ਜਾਂਦਾ ਹੈ ਤਾਂ ਇਸਦਾ ਸਪਸ਼ਟ ਅਰਥ ਹੈ ਕਿ ਉਸਨੂੰ ਇਨ੍ਹਾਂ ਦੀ ਆਦਤ ਪੈ ਗਈ ਹੈ। ਅਜਿਹੇ ਸਮੇਂ ਤੁਰੰਤ ਸੁਚੇਤ ਹੋਣ ਦੀ ਲੋੜ ਹੈ। ਆਪਣਾ ਸਕਰੀਨ-ਟਾਈਮ ਨੋਟ ਕਰਦਿਆਂ ਉਸਨੂੰ ਘਟਾਉਣਾ ਬੇ-ਹੱਦ ਜ਼ਰੂਰੀ ਹੈ।
ਮਾਹਿਰਾਂ ਦੀ ਰਿਪੋਰਟ ਦੇ ਆਧਾਰ ʼਤੇ ਭਵਿੱਖ ਵਿਚ ਡਿਜ਼ੀਟਲ ਅਡਿੱਕਸ਼ਨ ਨੂੰ ਮਾਨਸਿਕ ਵਕਾਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਫੇਰ ਇਸਦਾ ਮਾਨਸਿਕ ਬਿਮਾਰੀ ਵਜੋਂ ਇਲਾਜ ਕੀਤਾ ਜਾਇਆ ਕਰੇਗਾ।
ਵੱਖ-ਵੱਖ ਖੋਜ-ਅਧਿਐਨ ਇਸ ਨਤੀਜੇ ʼਤੇ ਪੁੱਜੇ ਹਨ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਨੂੰ ਨੀਂਦ, ਕੰਮ-ਕਾਰ, ਪਰਿਵਾਰਕ ਸਮਾਜਕ ਜੀਵਨ ਅਤੇ ਰਿਸ਼ਤਿਆਂ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਫੇਸਬੁੱਕ ਨੇ ਖ਼ੁਦ ਸਵੀਕਾਰ ਕਰ ਲਈ ਹੈ। ਫੇਸਬੁੱਕ ਦੇ ਆਪਣੇ ਇਕ ਅਧਿਐਨ ਅਨੁਸਾਰ ਲੋਕ ਲਾਈਕ, ਕਮੈਂਟ, ਫੋਟੋ, ਚੈਟ ਵੇਖਣ ਲਈ ਵਾਰ-ਵਾਰ ਫੇਸਬੁੱਕ ʼਤੇ ਜਾਂਦੇ ਹਨ। ਦਰਅਸਲ ਫੇਸਬੁੱਕ ਅਧਿਕਾਰੀ ਇਹੀ ਚਾਹੁੰਦੇ ਹਨ ਅਤੇ ਇਹਦੇ ਲਈ ਉਹ ਕਈ ਚਾਲਾਂ ਚੱਲਦੇ ਹਨ। ਇਹਦੇ ਲਈ ਕਈ ਤਰ੍ਹਾਂ ਦਾ ਜਾਲ ਵਿਛਾਉਂਦੇ ਹਨ। ਨਤੀਜੇ ਵਜੋਂ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਆਪਣਾ ਕੰਮ-ਕਾਰ, ਆਪਣਾ ਲਕਸ਼ ਭੁੱਲ ਕੇ ਇਸੇ ਵਿਚ ਉੱਲਝ ਜਾਂਦੇ ਹਨ।
ਵੱਟਸਐਪ ਬਨਾਉਣ ਵਾਲੇ ਬਰਾਇਨ ਐਕਟਨ ਪਹਿਲਾਂ ਫੇਸਬੁੱਕ ਵਿਚ ਮਾਰਕ ਜੁਕਰਬਰਗ ਦੇ ਸਹਿਯੋਗੀ ਸਨ ਪਰੰਤੂ ਇਸ਼ਤਿਹਾਰ-ਨੀਤੀ ਅਤੇ ਨਿੱਜਤਾ ਦੇ ਮਾਮਲੇ ʼਤੇ ਦੋਹਾਂ ਦੀ ਅਣਬਣ ਹੋ ਗਈ ਸੀ। ਜੁਕਰਬਰਗ ਚੁਸਤੀਆਂ ਚਲਾਕੀਆਂ ਅਤੇ ਵਧੇਰੇ ਆਮਦਨ ਦੇ ਹੱਕ ਵਿਚ ਸੀ ਜਦਕਿ ਐਕਟਨ ਲੋਕਾਂ ਦੀ ਨਿੱਜਤਾ ਨੂੰ ਮਹੱਤਵ ਦਿੰਦਾ ਸੀ। ਇਸੇ ਮੁੱਦੇ ʼਤੇ ਐਕਟਨ ਨੇ ਫੇਸਬੁੱਕ ਨੂੰ ਛੱਡ ਦਿੱਤਾ ਸੀ। ਬਾਅਦ ਵਿਚ ਇਹੀ ਮੁੱਦੇ ਵੱਡਾ ਮਸਲਾ ਬਣ ਕੇ ਸਾਹਮਣੇ ਆਏ। ਨਿੱਜਤਾ ਤੇ ਸਰਕਾਰਾਂ ਨਾਲ ਟਕਰਾ ਦੇ ਚੱਲਦੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰਾਂ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਦਰਮਿਆਨ ਸਥਿਤੀ ਟਕਰਾ ਵਾਲੀ ਬਣੀ ਹੋਈ ਹੈ।
ਸਮਾਰਟਫ਼ੋਨ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਖ਼ਤਰਨਾਕ ਹੱਦ ਤੱਕ ਦਖ਼ਲ ਦੇ ਚੁੱਕਾ ਹੈ। ਹੁਣੇ-ਹੁਣੇ ਅਮਰੀਕਾ ਵਿਚ ਸਮਾਰਟਫ਼ੋਨ ਦੀ ਵਰਤੋਂ ਸਬੰਧੀ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਬਹੁਤੇ ਲੋਕ ਫੇਸਬੁੱਕ, ਵੱਟਸਐਪ, ਟਵਿੱਟਰ, ਯੂ-ਟਿਊਬ ਆਦਿ ʼਤੇ ਜਾਣ ਲਈ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ। ਸਮਾਂ ਬਤਾਉਣ ਲਈ ਲੋਕ ਇਨ੍ਹਾਂ ਨੂੰ ਵਾਰ-ਵਾਰ ਖੋਲ੍ਹਦੇ ਹਨ। ਘਰ ਦੀ ਸਾਫ਼ ਸਫ਼ਾਈ ਕਰਦੇ ਸਮੇਂ, ਖਾਣਾ ਬਣਾਉਂਦੇ, ਖਾਣਾ ਖਾਂਦੇ ਸਮੇਂ, ਪੈਦਲ ਤੁਰਦੇ ਸਮੇਂ, ਕਾਰ ਚਲਾਉਂਦੇ ਸਮੇਂ, ਸੈਰ ਕਸਰਤ ਕਰਦੇ ਸਮੇਂ, ਤਿਆਰ ਹੁੰਦੇ ਸਮੇਂ ਲੋਕ ਵਾਰ-ਵਾਰ ਸਮਾਰਟ ਫ਼ੋਨ ਚੈਕ ਕਰਦੇ ਹਨ। ਵਿਆਹ ਸ਼ਾਦੀ ʼਚ ਸ਼ਮੂਲੀਅਤ ਸਮੇਂ, ਡਿਊਟੀ ਦੌਰਾਨ, ਟੈਲੀਵਿਜ਼ਨ ਵੇਖਦੇ ਸਮੇਂ, ਟਾਇਲਟ ਦੀ ਵਰਤੋਂ ਸਮੇਂ, ਅੰਤਮ ਸੰਸਕਾਰ ਦੌਰਾਨ ਵੀ ਲੋਕ ਸਮਾਰਟ ਫੋਨ ʼਤੇ ਨਜ਼ਰਾਂ ਟਕਾਈ ਰੱਖਦੇ ਹਨ। ਰਾਤ ਸੌਣ ਤੋਂ ਐਨ ਪਹਿਲਾਂ ਅਤੇ ਸਵੇਰੇ ਉੱਠਣ ਤੋਂ ਤੁਰੰਤ ਬਾਅਦ 80 ਤੋਂ 90 ਫ਼ੀਸਦੀ ਲੋਕ ਫ਼ੋਨ ਚੈੱਕ ਕਰਦੇ ਹਨ।
ਸੁਰੱਖਿਆ ਨੂੰ ਦਾਅ ʼਤੇ ਲਾ ਕੇ, ਸਮੇਂ ਨੂੰ ਬਰਬਾਦ ਕਰਕੇ, ਰਿਸ਼ਤਿਆਂ ਨੂੰ ਨਜ਼ਰ-ਅੰਦਾਜ਼ ਕਰਕੇ ਦੁਨੀਆਂ ਸਮਾਰਟ ਫ਼ੋਨ ਦੇ ਨਕਲੀ ਸੰਸਾਰ ਵਿਚ ਉੱਲਝੀ ਹੋਈ ਹੈ। ਬੇਸਬਰੀ ਏਨੀ ਵੱਧ ਗਈ ਹੈ ਕਿ ਹੱਥ ਵਾਰ-ਵਾਰ ਬਿਨ੍ਹਾਂ ਕਾਰਨ, ਬਿਨ੍ਹਾਂ ਮਤਲਬ ਫ਼ੋਨ ਵੱਲ ਵੱਧਦੇ ਹਨ। ਫ਼ੋਨ ਖੋਲ੍ਹਦੇ ਸਾਰ ਹਰ ਵਿਅਕਤੀ ਫੇਸਬੁੱਕ, ਵੱਟਸਐਪ ʼਤੇ ਜਾਂਦਾ ਹੈ। ਸਮਾਰਟ ਫ਼ੋਨ ਅਜੋਕੇ ਸਮਿਆਂ ਦਾ ਸੱਭ ਤੋਂ ਵੱਧ ਸਮਾਂ ਬਰਬਾਦ ਕਰਨ ਵਾਲਾ ਉਪਕਰਨ ਬਣ ਗਿਆ ਹੈ। ਉਂਗਲਾ ਸਕਰੀਨ ʼਤੇ ਉੱਲਝੀਆਂ ਰਹਿੰਦੀਆਂ ਹਨ ਅਤੇ ਦਿਮਾਗ਼ ਕਾਲਪਨਿਕ ਸੰਸਾਰ ਵਿਚ। ਸਮਾਂ ਕਦੋਂ ਬੀਤ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਲੰਘ ਗਿਆ ਸਮਾਂ ਕਦੇ ਵਾਪਿਸ ਨਹੀਂ ਪਰਤਦਾ ਇਸ ਲਈ ਇਸਨੂੰ ਸਿਹਤਮੰਦ ਤੇ ਸਿਰਜਣਾਤਮਿਕ ਕਾਰਜਾਂ ਵਿਚ ਲਾਉਣ ਦੀ ਲੋੜ ਹੈ।
ਫੇਸਬੁੱਕ ਸਿਰਜਣਾਤਮਿਕ ਲੋਕਾਂ ਦੀ ਕਾਰਜ-ਸਮਰੱਥਾ ਨੂੰ ਘਟਾਉਂਦਾ, ਨੁਕਸਾਨ ਪਹੁੰਚਾਉਂਦਾ ਹੈ। ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਇਹ ਸਿੱਧੇ ਤੌਰ ʼਤੇ ਪ੍ਰਭਾਵਿਤ ਕਰਦਾ ਹੈ। ਪੁਲਿਸ ਕਰਮਚਾਰੀ ਡਿਊਟੀ ਦੌਰਾਨ ਸੜਕਾਂ ਕਿਨਾਰੇ ਗਰਦਨ ਝੁਕਾ ਕੇ ਖੜੇ, ਫੇਸਬੁੱਕ ਅਤੇ ਵੱਟਸਐਪ ਦੀ ਦੁਨੀਆਂ ਵਿਚ ਗੁਆਚੇ ਅਕਸਰ ਵੇਖੇ ਜਾ ਸਕਦੇ ਹਨ।
ਫੇਸਬੁੱਕ ʼਤੇ ਗੇਮਾਂ ਖੇਡਣ, ਚੈਟਿੰਗ, ਫੋਟੋ ਵੇਖਣ, ਪੋਸਟਾਂ ਪੜ੍ਹਨ ਵਿਚ ਏਨਾ ਸਮਾਂ ਅਜਾਈਂ ਜਾ ਰਿਹਾ ਹੈ ਜਿਸਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਪਰਿਵਾਰ, ਸਮਾਜ ਵੱਲੋਂ ਮੂੰਹ ਮੋੜ ਕੇ ਫੇਸਬੁੱਕ ਦੀ ਦੁਨੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਸਲੀ ਸੰਸਾਰ ਨਾਲੋਂ, ਨਕਲੀ ਸੰਸਾਰ ਲੁਭਾਉਣਾ ਲੱਗ ਰਿਹਾ ਹੈ।

ਫੇਸਬੁੱਕ ਦੀ ਵਧੇਰੇ ਵਰਤੋਂ ਤੁਹਾਨੂੰ ਈਰਖਾ ਤੇ ਤਣਾਅ ਦੀ ਦੁਨੀਆਂ ਵਿਚ ਲੈ ਜਾਂਦੀ ਹੈ। ਇਕਾਗਰਤਾ ਦੀ ਕਮੀ ਹੋਣ ਲੱਗਦੀ ਹੈ। ਸਿਹਤ ਅਤੇ ਸਮੁੱਚੇ ਜੀਵਨ ਨੂੰ ਪ੍ਰਭਾਵਤ ਕਰਨ ਦੇ ਨਾਲ-ਨਾਲ ਇਹ ਤੁਹਾਡੇ ਲਈ ਕਾਨੂੰਨੀ ਅੜਿੱਚਣਾਂ ਖ਼ੜੀਆਂ ਕਰਦੀ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਤੁਸੀਂ ਫੇਸਬੁੱਕ ਦੇ ਨਕਲੀ ਸੰਸਾਰ ਵਿਚ ਪ੍ਰਵੇਸ਼ ਕਰ ਜਾਂਦੇ ਹੋ, ਕਦੋਂ ਇਸ ਵਿਚ ਗੁਆਚ ਜਾਂਦੇ ਹੋ। ਜਦੋਂ ਤੱਕ ਪਤਾ ਲੱਗਦਾ ਹੈ, ਸਮਝ ਆਉਂਦੀ ਹੈ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਤੁਹਾਡਾ ਕਈ ਤਰ੍ਹਾਂ ਦਾ ਮਾਨਸਿਕ, ਸਰੀਰਕ, ਸਮਾਜਕ, ਪਰਿਵਾਰਕ, ਭਾਈਚਾਰਕ ਨੁਕਸਾਨ ਹੋ ਚੁੱਕਾ ਹੁੰਦਾ ਹੈ। ਫੇਰ ਤੁਸੀਂ ਇਸ ਨਕਲੀ ਸੰਸਾਰ ਵਿਚੋਂ ਨਿਕਲਣ ਲਈ ਛਟਪਟਾਉਂਦੇ ਹੋ, ਪਰ ਨਿਕਲ ਨਹੀਂ ਪਾਉਂਦੇ। ਪੱਕੇ ਇਰਾਦੇ, ਦ੍ਰਿੜ ਨਿਸ਼ਚੇ ਵਾਲੇ ਹੌਲੀ-ਹੌਲੀ ਖ਼ੁਦ ʼਤੇ ਕਾਬੂ ਪਾ ਲੈਂਦੇ ਹਨ। ਇਸਦੀ ਵਰਤੋਂ ਘਟਾ ਲੈਂਦੇ ਹਨ। ਪਰ ਬਹੁਤ ਚਾਹੁੰਦੇ ਹੋਏ ਵੀ ਇਸਦੇ ਚੁੰਗਲ ʼਚੋਂ ਬਚ ਨਹੀਂ ਪਾਉਂਦੇ। ਮੇਰੇ ਕੋਲ ਅਨੇਕਾਂ ਉਦਾਹਰਨਾਂ ਹਨ ਜਿਹੜੇ ਵਾਰ-ਵਾਰ ਫੇਸਬੁੱਕ ਛੱਡਣ, ਘਟਾਉਣ ਦੀਆਂ ਘੋਸ਼ਨਾਵਾਂ ਕਰਦੇ ਹਨ। ਦਿਵਾਲੀ ਤੋਂ ਅੱਠ ਮਹੀਨੇ ਪਹਿਲਾਂ ਦਿਵਾਲੀ ਤੱਕ ਨਾ ਵਰਤਣ ਦੀ ਪੋਸਟ ਪਾਉਂਦੇ ਹਨ। ਪਰੰਤੂ ਮਹੀਨੇ ਬਾਅਦ ਹੀ ਮੁੜ ਸਰਗਰਮ ਹੋ ਜਾਂਦੇ ਹਨ। ਫੇਸਬੁੱਕ ਦਾ ਇਹ ਆਕਰਸ਼ਨ, ਇਹ ਖਿੱਚ ਤੁਹਾਨੂੰ ਵਾਰ-ਵਾਰ ਖਿੱਚਦੀ ਹੈ। ਇਸ ਵਿਚੋਂ ਤੁਸੀਂ ਉਦੋਂ ਹੀ ਨਿਕਲ ਸਕਦੇ ਹੋ ਜਦੋਂ ਧੁਰ ਅੰਦਰੋਂ ਅਹਿਸਾਸ ਹੋ ਜਾਵੇ ਕਿ ਇਹ ਨਕਲੀ ਸੰਸਾਰ ਹੈ ਅਤੇ ਇਹ ਤੁਹਾਡੇ ਅਸਲੀ ਸੰਸਾਰ ਨੂੰ, ਮਾਨਸਿਕ ਸਰੀਰਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਿਹਾ ਹੈ। ਤੁਹਾਡਾ ਬਹੁ-ਮੁੱਲਾ ਸਮਾਂ ਨਸ਼ਟ ਕਰ ਰਿਹਾ ਹੈ। ਇਸਦੀ ਕੇਵਲ ਆਰਜ਼ੀ ਵਰਤੋਂ ਹੀ ਦਰੁਸਤ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>