ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਯੂਕੇ ਭਰ ਵਿੱਚੋਂ ਸਭ ਤੋਂ ਜਿਆਦਾ ਦਰਜ਼ ਕੀਤੀ ਗਈ ਹੈ। ਇਸ ਸਬੰਧੀ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਸਕਾਟਲੈਂਡ ਵਿੱਚ ਅਲਕੋਹਲ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ‘ਤੇ ਚਾਨਣਾ ਪਾਇਆ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ ਐੱਨ ਐੱਸ) ਦੁਆਰਾ ਜਾਰੀ ਕੀਤੇ ਗਏ ਇੱਕ ਅਧਿਐਨ ਅਨੁਸਾਰ 2020 ਵਿੱਚ ਪ੍ਰਤੀ 100,000 ਆਬਾਦੀ ਪਿੱਛੇ 21.5 ਮੌਤਾਂ ਸ਼ਰਾਬ ਕਾਰਨ ਹੋਈਆਂ ਸਨ ਅਤੇ ਇਹ ਅੰਕੜਾ ਉਸ ਦੇ ਪਿਛਲੇ ਸਾਲ ਦੇ 18.6 ਤੋਂ ਵੱਧ ਸੀ। ਇਹਨਾਂ ਅੰਕੜਿਆਂ ਅਨੁਸਾਰ, ਸਕਾਟਲੈਂਡ ਦੀ ਦਰ ਪੂਰੇ ਯੂਕੇ ਨਾਲੋਂ ਬਹੁਤ ਉੱਪਰ ਹੈ, ਜੋ ਕਿ 14 ਵਿਅਕਤੀ ਪ੍ਰਤੀ 100,000 ਪਿੱਛੇ ਬੈਠਦੀ ਹੈ। ਇਸ ਤੋਂ ਬਾਅਦ ਉੱਤਰੀ ਆਇਰਲੈਂਡ 18.8 ਦੀ ਦਰ ਤੋਂ 19.6 ਤੱਕ ਵਧਦੇ ਹੋਏ ਦੂਜੇ ਸਭ ਤੋਂ ਉੱਚੇ ਸਥਾਨ ‘ਤੇ ਪਹੁੰਚਿਆ ਹੈ। ਇਸਦੇ ਇਲਾਵਾ ਵੇਲਜ਼ ਵਿੱਚ ਪ੍ਰਤੀ 100,000 ਵਿੱਚ 13.9 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਇੰਗਲੈਂਡ ਵਿੱਚ 13 ਦੀ ਦਰ ਦਰਜ ਕੀਤੀ ਗਈ। ਸਕਾਟਿਸ਼ ਅੰਕੜਿਆਂ ਵਿੱਚ ਸਭ ਤੋਂ ਵੱਧ ਵਾਧਾ ਪੁਰਸ਼ਾਂ ਵਿੱਚ ਦੇਖਿਆ ਗਿਆ ਜੋ ਕਿ 25.2 ਪ੍ਰਤੀ 100,000 ਤੋਂ ਵੱਧ ਕੇ 31.3 ਤੱਕ ਦਰਜ਼ ਹੋਇਆ, ਜਦੋਂ ਕਿ ਔਰਤਾਂ ਲਈ ਇਹ ਦਰ 0.1 ਤੋਂ 12.7 ਤੱਕ ਵਧੀ। ਇਹਨਾਂ ਅੰਕੜਿਆਂ ਦੇ ਸਬੰਧ ਵਿੱਚ ਮੌਤ ਦਰ ਨੂੰ ਘੱਟ ਕਰਨ ਲਈ ਸਕਾਟਿਸ਼ ਹੈਲਥ ਐਕਸ਼ਨ ਦੇ ਨਿਰਦੇਸ਼ਕ ਨੇ ਅਲਕੋਹਲ ਦੀ ਘੱਟੋ-ਘੱਟ ਯੂਨਿਟ ਕੀਮਤ ਨੂੰ ਵਧਾਉਣ ਦੀ ਮੰਗ ਕੀਤੀ ਹੈ।
ਸਕਾਟਲੈਂਡ ‘ਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਯੂਕੇ ਵਿੱਚ ਸਭ ਤੋਂ ਜਿਆਦਾ
This entry was posted in ਅੰਤਰਰਾਸ਼ਟਰੀ.