ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਰਾਸ਼ਟਰ ਨਿਰਮਾਣ ਲਈ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ’ਤੇ ਵਿਚਾਰ ਗੋਸ਼ਟੀ ਦਾ ਆਯੋਜਨ

Press Pic- 2(3).resizedਵਰਤਮਾਨ ’ਚ ਨੌਜਵਾਨ ਦੇਸ਼ ਦੀ ਕੰਮਕਾਜੀ ਪ੍ਰਣਾਲੀ ’ਚ ਆਬਾਦੀ ਦਾ ਲਗਭਗ ਅੱਧਾ (47 ਫ਼ੀਸਦੀ) ਯੋਗਦਾਨ ਪਾਉਂਦੇ ਹਨ ਅਤੇ ਅਗਲੇ ਇੱਕ ਦਹਾਕੇ ਤੱਕ ਭਾਰਤੀ ਕਰਮਚਾਰੀਆਂ ਦਾ ਸੱਭ ਤੋਂ ਵੱਡਾ ਹਿੱਸਾ ਬਣੇ ਰਹਿਣ ਦੀ ਸੰਭਾਵਨਾ ਹੈ। ਦੇਸ਼ ਵਿੱਚ ਪ੍ਰਤਿਭਾ, ਗਿਆਨ ਅਤੇ ਸਾਧਨਾਂ ਦੀ ਕੋਈ ਕਮੀ ਨਹੀਂ ਹੈ, ਜਿਸ ਦੇ ਚਲਦੇ ਚੰਗੇ ਰਾਸ਼ਟਰ ਨਿਰਮਾਣ ’ਚ ਨੌਜਵਾਨ ਸ਼ਕਤੀ ਮੁੱਖ ਭੂਮਿਕਾ ਨਿਭਾਏਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੈਬ ਵੰਡਰ ਵੂਮੈਨ ਅਤੇ ਪ੍ਰਸਿੱਧ ਸਪੀਕਰ ਸ਼੍ਰੀਮਤੀ ਸੋਨਲ ਗੋਇਲ (ਆਈ.ਏ.ਐਸ) ਨੇ ਕੀਤਾ। ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ‘ਰਾਸ਼ਟਰ ਨਿਰਮਾਣ ਲਈ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ’ਤੇ ਕਰਵਾਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਅਤੇ ਰਾਸ਼ਟਰ ਨਿਰਮਾਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਵਿਦਿਆਰਥੀਆਂ ਦੇ ਕਰੀਅਰ ਸਬੰਧੀ ਸ਼ੰਕਿਆਂ ਨੂੰ ਦੂਰ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਹੋਰ ਅਧਿਕਾਰੀ ਉਚੇਚੇ ਤੌਰ ’ਤੇ ਹਾਜ਼ਰ ਰਹੇ।

Press Pic- 1(7).resizedਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸੋਨਲ ਗੋਇਲ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਸੱਭ ਤੋਂ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਦੇਸ਼ ਦੀ ਅਗਵਾਈ ਕਰਨ ਵਾਲੇ ਲੋਕ ਹੋ ਅਤੇ ਤੁਸੀਂ ਫ਼ੈਸਲਾ ਕਰਨ ਜਾ ਰਹੇ ਹੋ ਕਿ ਸਾਡਾ ਦੇਸ਼ ਕਿਵੇਂ ਤਰੱਕੀ ਕਰੇਗਾ। ਨੌਜਵਾਨ ਪੀੜ੍ਹੀ ਨੂੰ ਰਚਨਾਤਮਕਤਾ, ਗਤੀਸ਼ੀਲਤਾ ਅਤੇ ਨਵੀਨਤਾ ਭਰਪੂਰ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਕਿਸੇ ਵੀ ਮੁੱਦੇ ’ਤੇ ਆਪਣੀ ਆਵਾਜ਼ ਬੁਲੰਦ ਕਰਦੇ ਹਨ ਤਾਂ ਯਕੀਨਨ ਨੌਜਵਾਨਾਂ ਦੀ ਜਿੱਤ ਹੁੰਦੀ ਹੈ। ਸਮਾਜਕ ਤੌਰ ’ਤੇ ਸਾਡੀ ਜ਼ੁੰਮੇਵਾਰੀ ਹੈ ਕਿ ਅਸੀਂ ਨੌਜਵਾਨੀ ਦਾ ਮਾਰਗਦਰਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਸਮਰਥਨ ਕਰੀਏ। ਆਜ਼ਾਦੀ ਸੰਗਰਾਮ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਨਾ ਸਿਰਫ਼ ਸਾਰਿਆਂ ਨੂੰ ਇੱਕਜੁੱਟ ਕਰਨ ਦੀ ਸ਼ਕਤੀ ਹੈ, ਸਗੋਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੀ ਅਪਾਰ ਸਮਰੱਥਾ ਹੈ।

ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੋਲ ਲੀਡਰਸ਼ਿਪ ਦੀ ਦੌੜ ਵਿੱਚ ਵੱਧ ਔਰਤਾਂ ਹੋਣਗੀਆਂ ਤਾਂ ਇਹ ਆਪਣੇ ਆਪ ਹੀ ਲਿੰਗ ਅਸਮਾਨਤਾ ਅਤੇ ਵਿਤਕਰੇ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ। ਇੰਡੀਆ ਸਕਿੱਲ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ’ਚ ਕੁੱਲ ਆਈ.ਪੀ.ਐਸ ਅਫ਼ਸਰਾਂ ਵਿੱਚੋਂ ਸਿਰਫ਼ 7 ਤੋਂ 8 ਫ਼ੀਸਦੀ ਔਰਤਾਂ ਹਨ ਜਦਕਿ ਆਈ.ਏ.ਐਸ ਅਫ਼ਸਰਾਂ ਵਿੱਚੋਂ 16 ਤੋਂ 17 ਫ਼ੀਸਦੀ ਔਰਤਾਂ ਹਨ ਅਤੇ ਸਿਵਲ ਸੇਵਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ 20 ਫ਼ੀਸਦੀ ਹੈ। ਉੱਚ ਅਹੁੱਦਿਆਂ ਵੱਲ ਉਤਸ਼ਾਹਿਤ ਕਰਨ ਲਈ ਸੱਭ ਤੋਂ ਪਹਿਲਾਂ ਔਰਤਾਂ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਲਈ ਲੋੜੀਂਦੇ ਮੌਕੇ ਪ੍ਰਦਾਨ ਕਰਨੇ ਪੈਣਗੇ। ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਲੜਕੀਆਂ ਨੂੰ ਸਿਵਲ ਸੇਵਾਵਾਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਢੁੱਕਵਾਂ ਗਿਆਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਈ ਸੂਬਿਆਂ ਦੀ ਸਰਕਾਰਾਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਵਜ਼ੀਫ਼ਿਆਂ ਸਮੇਤ ਮੁਫ਼ਤ ਕੋਚਿੰਗ ਪ੍ਰਦਾਨ ਕਰ ਰਹੀਆਂ ਹਨ।

Press Pic- 4(1).resizedਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਵਿਦਿਆਰਥਣ ਅਮਨ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਗੋਇਲ ਨੇ ਕਿਹਾ ਕਿ ਭਾਰਤ ਸਰਕਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨੌਜਵਾਨਾਂ ਦੇ ਵਿਕਾਸ ਲਈ ਯਤਨਸ਼ੀਲ ਹੈ। ਨੌਜਵਾਨਾਂ ਦੇ ਹੁਨਰ ਵਿਕਾਸ ਲਈ ਵੱਖ-ਵੱਖ ਰਾਜਾਂ ਵਿੱਚ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਤੇ ਪ੍ਰਾਜੈਕਟ ਅਪਣਾਏ ਗਏ ਹਨ। ਹੁਨਰ ਸਿੱਖਿਆ ਸਿਖਲਾਈ ਆਦਿ ਲਈ ਆਈ.ਆਈ.ਟੀ ਪੌਲੀਟੈਕਨਿਕਾਂ ਦੀ ਸਥਾਪਨਾ ਕੀਤੀ ਗਈ ਹੈ। ਰੋਜ਼ਗਾਰ ਐਕਸਚੇਂਜ ਪ੍ਰੋਗਰਾਮ ਚਲਾਇਆ ਗਿਆ ਹੈ, ਜਿਸ ਵਿੱਚ ਨੌਜਵਾਨਾਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਹੁਨਰ ਦੇ ਆਧਾਰ ’ਤੇ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੇਂ ’ਤੇ ਜਾਣਕਾਰੀ ਲੈ ਕੇ ਲਾਭ ਉਠਾ ਸਕਦੇ ਹੋ। ਉਨ੍ਹਾਂ ਕਿਹਾ ਕਿ 4 ਸਾਲ ਪਹਿਲਾਂ ਸ਼ੁਰੂ ਹੋਏ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਅੰਡਰ-18 ਖਿਡਾਰੀਆਂ ਨੂੰ ਮੌਕੇ ਦਿੱਤੇ ਜਾ ਰਹੇ ਹਨ ਅਤੇ ਹਰਿਆਣਾ ’ਚ ਫਰਵਰੀ 2022 ਵਿੱਚ ਖੋਲੋ ਇੰਡੀਆ ਯੁਵਾ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਯੁਵਾ ਮਿਸ਼ਨ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਮੇਕ ਇਨ ਇੰਡੀਆ, ਸਟਾਰਟਅੱਪ ਮਿਸ਼ਨ ਵਰਗੇ ਕਈ ਪ੍ਰੋਗਰਾਮਾਂ ਅਤੇ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਉਤਸ਼ਾਹਿਤ ਕਰ ਰਹੀ ਹੈ।

ਬਾਇਓਟੈਕਨਾਲੋਜੀ ਦੇ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਲੋੜ ਹੈ। ਸਾਡੇ ਮਾਤਾ-ਪਿਤਾ ਸਾਨੂੰ ਕਦੇ ਨਿਰਾਸ਼ ਨਹੀਂ ਹੋਣ ਦਿੰਦੇ, ਇਸ ਲਈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਗਿਆਨ ਅਤੇ ਸਥਿਤੀ ਦੀ ਵਰਤੋਂ ਦੇਸ਼ ਦੇ ਵਿਕਾਸ ਵਿੱਚ ਕਰੀਏ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡੇ ਕੋਲ ਬਹੁਤ ਮੌਕੇ ਹਨ, ਅਜਿਹੀ ਸਥਿਤੀ ਵਿੱਚ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਅਤੇ ਆਪਣੇ ਪ੍ਰਤੀ ਵਫ਼ਾਦਾਰ ਬਣਦੇ ਹੋਏ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ, ਜੋ ਸਾਡੇ ਆਪਣੇ ਜਾਂ ਸਮਾਜ ਲਈ ਨੁਕਸਾਨਦੇਹ ਹੋਣ। ਇਸ ਤੋਂ ਇਲਾਵਾ ਆਲੇ-ਦੁਆਲੇ ਹੋ ਰਹੀਆਂ ਗ਼ਲਤ ਘਟਨਾਵਾਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੀ ਜਾਗਰੂਕਤਾ ਅਤੇ ਕੰਮ ਕਰਨ ਦੀ ਹਿੰਮਤ ਹੀ ਦੇਸ਼ ਨੂੰ ਸਹੀ ਦਿਸ਼ਾ ਵੱਲ ਵਧਣ ਦਾ ਰਾਹ ਪੱਧਰਾ ਕਰੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>