ਸਰੀ, (ਹਰਦਮ ਮਾਨ)- ਗੁਰੂ ਨਾਨਕ ਫੂਡ ਬੈਂਕ, ਅਕਾਲ ਸੇਵਾ ਫਾਊਂਡੇਸ਼ਨ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਬੀ ਸੀ ਵਿਚ ਆਏ ਹੜ੍ਹਾਂ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਤੱਕ ਰਾਹਤ ਪੁਚਾਉਣ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਲਬਰਟਾ ਸਰਕਾਰ ਵੱਲੋਂ ਇਨ੍ਹਾਂ ਸੰਸਥਾਵਾਂ ਦੇ ਨਿਸ਼ਕਾਮ ਸੇਵਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਬੀਤੇ ਦਿਨ ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਅਲਬਰਟਾ ਦੀ ਟਰਾਂਸਪੋਰਟ ਮੰਤਰੀ ਰਾਜਨ ਸਾਹਨੀ ਵਿਸ਼ੇਸ਼ ਤੌਰ ਤੇ ਪੁੱਜੀ ਅਤੇ ਉਨ੍ਹਾਂ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਫੂਡ ਬੈਂਕ ਅਤੇ ਹੋਰ ਸਿੱਖ ਸੰਸਥਾਵਾਂ ਦੁਆਰਾ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਬੀ ਸੀ ਵਿਚ ਆਏ ਹੜ੍ਹਾਂ ਦੀ ਖਬਰ ਮਿਲੀ ਅਤੇ ਫਿਰ ਮੁਸਬੀਤ ਵਿਚ ਫਸੇ ਲੋਕਾਂ ਦੀ ਮਦਦ ਲਈ ਇਨ੍ਹਾਂ ਸੰਸਥਾਵਾਂ ਦੇ ਸੇਵਕਾਂ ਵੱਲੋਂ ਪ੍ਰਾਈਵੇਟ ਹੈਲੀਕਾਪਟਰ ਕਿਰਾਏ ਉਪਰ ਲੈ ਕੇ ਰਾਹਤ ਸਮੱਗਰੀ ਪਹੁੰਚਾਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਅਲਬਰਟਾ ਸਰਕਾਰ ਵੱਲੋਂ ਰਾਹਤ ਕਾਰਜਾਂ ਵਿਚ ਸਹਿਯੋਗ ਦੀ ਪੇਸ਼ਕਸ਼ ਕੀਤੀ। ਉਹਨਾਂ ਕਿਹਾ ਕਿ ਇਹਨਾਂ ਸੰਸਥਾਵਾਂ ਦੁਆਰਾ ਨਿਭਾਏ ਗਏ ਕਾਰਜਾਂ ਤੋਂ ਪ੍ਰਭਾਵਿਤ ਹੋਣ ਸਦਕਾ ਹੀ ਉਹ ਅਲਬਰਟਾ ਸਰਕਾਰ ਦੁਆਰਾ ਇਹਨਾਂ ਦੀ ਸੇਵਾ ਨੂੰ ਸਨਮਾਨ ਦੇਣ ਲਈ ਇਥੇ ਪੁੱਜੇ ਹਨ।
ਇਸ ਮੌਕੇ ਉਨ੍ਹਾਂ ਅਲਬਰਟਾ ਸਰਕਾਰ ਦੀ ਵੱਲੋਂ ਗੁਰੂ ਨਾਨਕ ਫੂਡ ਬੈਂਕ ਦੇ ਅਹੁਦੇਦਾਰਾਂ -ਗਿਆਨੀ ਨਰਿੰਦਰ ਸਿੰਘ, ਅਨੂਪ ਸਿੰਘ ਲੁਡੂ, ਜਤਿੰਦਰ ਜੇ ਮਿਨਹਾਸ, ਅਕਾਲ ਸੇਵਾ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਰਾਏ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਮਾਣ ਪੱਤਰ ਭੇਟ ਕੀਤੇ। ਗੁਰੂ ਨਾਨਕ ਫੂਡ ਬੈਂਕ ਅਤੇ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਸਾਂਝੇ ਰੂਪ ਵਿਚ ਸ੍ਰੀਮਤੀ ਰਾਜਨ ਸਾਹਨੀ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਗਿਆ।
ਇਸ ਤੋਂ ਪਹਿਲਾਂ ਗੁਰੂ ਨਾਨਕ ਫੂਡ ਬੈਂਕ ਦੇ ਚੇਅਰਮੈਨ ਗਿਆਨੀ ਨਰਿੰਦਰ ਸਿੰਘ ਨੇ ਅਲਬਰਟਾ ਟਰਾਂਸਪੋਰਟ ਮਨਿਸਟਰ ਰਾਜਨ ਸਾਹਨੀ ਦਾ ਇਥੇ ਪੁੱਜਣ ਤੇ ਸਵਾਗਤ ਕੀਤਾ ਅਤੇ ਅਲਬਰਟਾ ਸਰਕਾਰ ਦੁਆਰਾ ਦਿੱਤੇ ਗਏ ਸਨਮਾਨ ਲਈ ਧੰਨਵਾਦ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਬੀ ਸੀ ਤੋ ਅਲਬਰਟਾ ਨੁੂੰ ਜਾਣ ਵਾਲੇ ਟਰੱਕਰਜ਼ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਤੇ ਦੋਵਾਂ ਸੂਬਿਆਂ ਦੀ ਹੱਦ ਉਪਰ ਗੋਲਡਨ ਨੇੜੇ ਟਰੱਕਰਜ਼ ਲਈ ਸਹੂਲਤਾਂ ਯੁਕਤ ਰੈਸਟ ਅਤੇ ਸਲੀਪਿੰਗ ਏਰੀਆ ਬਣਾਉਣ ਦੀ ਮੰਗ ਕੀਤੀ। ਇਸ ਉਪਰ ਟਰਾਂਸਪੋਰਟ ਮਨਿਸਟਰ ਨੇ ਵਾਅਦਾ ਕੀਤਾ ਕਿ ਇਸ ਮੰਗ ਨੂੰ ਆਪਣੀ ਕੈਬਨਿਟ ਮੀਟਿੰਗ ਵਿਚ ਰੱਖਣਗੇ ਤੇ ਜੋ ਵੀ ਸੰਭਵ ਹੋਇਆ, ਕਰਨ ਦਾ ਯਤਨ ਕਰਨਗੇ। ਇਸ ਮੌਕੇ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦੇ ਵਿਜੇਦੀਪ ਸਿੰਘ ਰਿੱਕੀ ਅਤੇ ਭੁਪਿੰਦਰ ਸਿੰਘ ਬਾਂਸਲ ਵਲੋ ਇਕ ਮੰਗ ਪੱਤਰ ਟਰਾਂਸਪੋਰਟ ਮਨਿਸਟਰ ਨੂੰ ਸੌਪਿਆ ਗਿਆ।