ਜਦੋਂ ਸਮੁੱਚੀ ਸਿੱਖ ਲੀਡਰਸ਼ਿਪ ਅਤੇ ਸਖਸ਼ੀਅਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਚਿੰਤਾ ਭਰੀ ਬਿਆਨਬਾਜੀ ਕਰ ਰਹੇ ਹਨ, ਫਿਰ ਹੱਲ ਕਿਉਂ ਨਹੀਂ ਹੋ ਰਿਹਾ ? : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋ ਸਿੱਖ ਕੌਮ ਨਾਲ ਸੰਬੰਧਤ ਸਭ ਜਥੇਬੰਦੀਆਂ, ਸਿਆਸੀ ਪਾਰਟੀਆਂ, ਐਸ.ਜੀ.ਪੀ.ਸੀ, ਐਸ.ਜੀ.ਪੀ.ਸੀ. ਦੇ ਜਥੇਦਾਰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਹੋ ਰਹੀਆ ਸਾਜ਼ਸੀ ਬੇਅਦਬੀਆ ਸੰਬੰਧੀ ਚਿੰਤਾ ਭਰੇ ਬਿਆਨ ਦੇ ਰਹੇ ਹਨ ਅਤੇ ਸਭ ਇਹ ਚਾਹੁੰਦੇ ਹਨ ਕਿ ਇਸ ਪਿੱਛੇ ਕੰਮ ਕਰ ਰਹੇ ਮੁਤੱਸਵੀ ਦਿਮਾਗ, ਹੁਕਮਰਾਨ ਜਾਂ ਕੋਈ ਹੋਰ ਪੰਥ ਵਿਰੋਧੀ ਸ਼ਕਤੀ ਸਾਹਮਣੇ ਆਉਣੀ ਚਾਹੀਦੀ ਹੈ, ਤਾਂ ਫਿਰ ਇਸ ਦਿਸ਼ਾ ਵੱਲ ਬੀਤੇ 6 ਸਾਲਾਂ ਤੋ ਹੱਲ ਕਿਉਂ ਨਹੀਂ ਨਿਕਲ ਰਿਹਾ ਅਤੇ ਇਸਦੀ ਹੁਕਮਰਾਨਾਂ ਵੱਲੋ ਅਤੇ ਸਮੁੱਚੇ ਆਗੂਆਂ ਵੱਲੋ ਵੱਡੇ ਪੱਧਰ ਤੇ ਇਕਮਤ ਹੋ ਕੇ ਤਹਿ ਤੱਕ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ ? ਬੀਤੇ ਸਮੇ ਦੀਆਂ ਹੋਈਆ ਐਸ.ਆਈ.ਟੀ. ਦੀਆਂ ਜਾਚਾਂ ਦੀਆਂ ਰਿਪੋਰਟਾਂ ਆਉਣ ਉਤੇ ਹਾਈਕੋਰਟ ਦੇ ਹੁਕਮਰਾਨ ਪੱਖੀ ਮੁਤੱਸਵੀ ਜੱਜ ਰਾਜਵੀਰ ਸ਼ੇਰਾਵਤ, ਅਰਵਿੰਦ ਸਾਂਗਵਾਨ, ਅਨਿਲ ਬਜਾਜ ਜਾਂਚ ਰਾਹੀ ਆਈਆ ਰਿਪੋਰਟਾਂ ਉਤੇ ਸਹੀ ਦਿਸ਼ਾ ਵੱਲ ਅਮਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਇ, ਉਨ੍ਹਾਂ ਨੂੰ ਰੱਦ ਕਰਨ ਦੀਆਂ ਕਾਰਵਾਈਆ ਕਿਸ ਸਾਜ਼ਿਸ ਅਧੀਨ ਕਰ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਹੁਣੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਈਆ ਹਿਰਦੇਵੇਧਕ ਕਾਰਵਾਈਆ ਅਤੇ ਬੀਤੇ 2015 ਤੋਂ ਨਿਰੰਤਰ ਸੈਕੜੇ ਵਾਰ ਹੋਈਆ ਬੇਅਦਬੀਆਂ ਦੇ ਦੋਸ਼ੀਆਂ ਵਿਰੁੱਧ ਹੁਕਮਰਾਨਾਂ, ਅਦਾਲਤਾਂ, ਜੱਜਾਂ ਅਤੇ ਸਿਆਸਤਦਾਨਾਂ ਵੱਲੋ ਕਿਸੇ ਤਰ੍ਹਾਂ ਦੀ ਵੀ ਬਣਦੀ ਕਾਰਵਾਈ ਨਾ ਹੋਣ ਅਤੇ ਅਜਿਹੀਆ ਮੰਦਭਾਗੀਆ ਕਾਰਵਾਈਆ ਦੀ ਪੰਥ ਵਿਰੋਧੀ ਸ਼ਕਤੀਆਂ ਵੱਲੋ ਸਰਪ੍ਰਸਤੀ ਕਰਨ ਉਤੇ ਅਤੇ ਸਿੱਖ ਲੀਡਰਸ਼ਿਪ ਵੱਲੋ ਸਹੀ ਦਿਸ਼ਾ ਵੱਲ ਅਮਲ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਵਿਚ ਜ਼ਿੰਮੇਵਾਰੀ ਨਾ ਨਿਭਾਉਣ ਨੂੰ ਹੀ ਮੁੱਖ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ, ਸ. ਪ੍ਰਕਾਸ਼ ਸਿੰਘ ਬਾਦਲ, ਐਸ.ਜੀ.ਪੀ.ਸੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ, ਅਗਜੈਕਟਿਵ ਕਮੇਟੀ, ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਪੰਜਾਬ ਸਰਕਾਰ ਜੇਕਰ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਨੂੰ ਮੁਕੰਮਲ ਰੂਪ ਵਿਚ ਬੰਦ ਕਰਨ ਅਤੇ ਕਰਵਾਉਣ ਲਈ ਸੁਹਿਰਦ ਹਨ, ਫਿਰ ਇਹ ਦੁੱਖਦਾਇਕ ਅਮਲ ਕਿਉਂ ਨਹੀਂ ਰੁਕ ਰਹੇ ? ਉਨ੍ਹਾਂ ਕਿਹਾ ਕਿ ਜਦੋ ਡੇਰਾ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਕੇ ਅਤੇ ਨਕਲੀ ਅੰਮ੍ਰਿਤ ਤਿਆਰ ਕਰਨ ਦਾ ਪਾਖੰਡ ਕਰਕੇ ਸਿੱਖ ਮਨਾਂ ਅਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਈ ਅਤੇ ਸਮੁੱਚਾ ਖ਼ਾਲਸਾ ਪੰਥ ਕੁਰਲਾ ਉੱਠਿਆ ਸੀ ਤਾਂ ਉਸ ਸਮੇ ਦੀ ਪੰਜਾਬ ਦੀ ਬਾਦਲ ਸਰਕਾਰ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਉਸ ਸਮੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਤੇ ਸਿਆਸੀ ਪ੍ਰਭਾਵ ਦੀ ਦੁਰਵਰਤੋ ਕਰਕੇ, ਰਾਮ ਰਹੀਮ ਨੂੰ ਬਿਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੇਸ ਹੋਇਆ ਸਿੱਖ ਭਾਵਨਾਵਾ ਦੇ ਉਲਟ ਜਾ ਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਮੁਆਫ ਕਰਵਾਇਆ । ਇਥੇ ਹੀ ਬਸ ਨਹੀ ਜਦੋ ਸਿੱਖ ਕੌਮ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਦਲ ਪਰਿਵਾਰ ਦੇ ਇਸ ਘਿਣੋਨੇ ਖਾਲਸਾ ਪੰਥ ਵਿਰੋਧੀ ਕੀਤੀ ਕਾਰਵਾਈ ਨੂੰ ਅਪ੍ਰਵਾਨ ਕਰ ਦਿੱਤਾ ਤਾਂ ਇਸ ਬਾਦਲ ਪਰਿਵਾਰ ਤੇ ਐਸ.ਜੀ.ਪੀ.ਸੀ. ਨੇ ਮਿਲਕੇ ਸਿੱਖ ਕੌਮ ਦੇ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋ 90 ਲੱਖ ਰੁਪਏ ਨਜਾਇਜ ਖਰਚ ਕਰਕੇ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਦਿੱਤੀ ਗਈ ਮੁਆਫੀ ਨੂੰ ਸਹੀ ਸਾਬਤ ਕਰਨ ਲਈ ਅਖਬਾਰਾਂ ਵਿਚ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਇਸਤਿਹਾਰਬਾਜੀ ਕੀਤੀ । ਜਿਸਦੇ ਦੋਵੇ ਦੋਸ਼ੀ ਰਾਮ ਰਹੀਮ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅੱਜ ਵੀ ਸਿੱਖ ਕੌਮ ਦੀਆਂ ਨਜਰਾਂ ਵਿਚ ਉਸੇ ਤਰ੍ਹਾਂ ਦੋਸ਼ੀ ਖੜੇ ਹਨ ।

ਫਿਰ ਜਦੋ 2015 ਵਿਚ ਬਹਿਬਲ ਕਲਾਂ ਵਿਖੇ ਸਮੁੱਚੀ ਸਿੱਖ ਕੌਮ ਨੇ ਇਸ ਹੋਈ ਬੇਅਦਬੀ ਵਿਰੁੱਧ ਅਮਨਮਈ ਅਤੇ ਜਮਹੂਰੀਅਤ ਢੰਗ ਨਾਲ ‘ਵਾਹਿਗੁਰੂ ਜੀ’ ਦਾ ਜਾਪ ਕਰਦੇ ਹੋਏ ਇਸ ਕੀਤੀ ਗਈ ਬੇਅਦਬੀ ਦੇ ਦੋਸ਼ੀਆ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਬਾਦਲ ਪਰਿਵਾਰ ਵਿਰੁੱਧ ਰੋਸ਼ ਵਿਖਾਵਾ ਕੀਤਾ ਤਾਂ ਇਸ ਬਾਦਲ ਪਰਿਵਾਰ ਨੇ ਆਪਣੇ ਉਸ ਸਮੇ ਦੇ ਡੀਜੀਪੀ ਪੰਜਾਬ ਸੁਮੇਧ ਸੈਣੀ ਅਤੇ ਹੋਰ ਪੁਲਿਸ ਅਧਿਕਾਰੀਆ ਰਾਹੀ ਸ਼ਾਂਤਮਈ ਰੋਸ ਧਰਨਾ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਦੇ ਹੁਕਮ ਕਰਕੇ ਦੋ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾ ਸਿੱਖਾਂ ਨੂੰ ਜਖਮੀ ਕਰ ਦਿੱਤਾ । ਜਦੋ ਸਰਕਾਰ ਵੱਲੋ ਬਣਾਈ ਗਈ ਐਸ.ਆਈ.ਟੀ. ਦੀ ਟੀਮ ਦੀ ਜਾਂਚ ਰਿਪੋਰਟ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਅਤੇ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਦੇ ਹੋਏ ਕਾਨੂੰਨੀ ਅਮਲ ਦੀ ਸਿਫਾਰਿਸ ਕੀਤੀ ਗਈ ਤਾਂ ਹਾਈਕੋਰਟ ਵਿਚ ਹਿੰਦੂਤਵ ਸੋਚ ਦੇ ਗੁਲਾਮ ਬਣੇ ਹਿੰਦੂਤਵ ਜੱਜਾਂ ਰਾਜਵੀਰ ਸ਼ੇਰਾਵਤ, ਅਰਵਿੰਦ ਸਾਂਗਵਾਨ, ਅਨਿਲ ਬਜਾਜ ਨੇ ਇਨ੍ਹਾਂ ਰਿਪੋਰਟਾਂ ਉਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਇ ਰੁਕਾਵਟਾਂ ਹੀ ਨਹੀਂ ਪਾਈਆ ਬਲਕਿ ਇਨ੍ਹਾਂ ਰਿਪੋਰਟਾਂ ਨੂੰ ਅਤੇ ਜਾਂਚ ਕਮੇਟੀਆ ਨੂੰ ਰੱਦ ਕਰਕੇ ਹੋਰ ਜਾਂਚ ਕਮੇਟੀਆ ਬਣਾਉਣ ਦੇ ਆਦੇਸ਼ ਦਿੱਤੇ ਜਿਸ ਤੋ ਹੁਕਮਰਾਨਾਂ, ਸਿਆਸਤਦਾਨਾਂ, ਅਦਾਲਤਾਂ, ਜੱਜਾਂ ਅਤੇ ਦੋਸ਼ੀਆ ਦੀ ਮਿਲੀਭੁਗਤ ਪ੍ਰਤੱਖ ਰੂਪ ਵਿਚ ਸਪੱਸਟ ਹੁੰਦੀ ਹੈ ਕਿ ਇਹ ਉਪਰੋਕਤ ਸਭ ਲੋਕ ਸਿੱਖ ਕੌਮ ਅਤੇ ਪੰਜਾਬੀਆ ਨੂੰ ਇਨਸਾਫ਼ ਦੇਣ ਲਈ ਬਿਲਕੁਲ ਸੰਜ਼ੀਦਾ ਨਹੀਂ ਹਨ ।

ਇਹ ਹੋਰ ਵੀ ਅਤਿ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ 09 ਦਸੰਬ 2018 ਨੂੰ ਉਸ ਸਮੇ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋ ਵਜ਼ੀਰ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਰਗਾੜੀ ਵਿਖੇ ਲੱਗੇ ਕੌਮੀ ਮੋਰਚੇ ਵਿਚ ਭੇਜੇ ਸਨ ਜਿਸਦੀ ਅਗਵਾਈ ਸਰਬੱਤ ਖਾਲਸਾ ਵੱਲੋ ਚੁਣੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਕਰ ਰਹੇ ਸਨ । ਉਸ ਸਮੇ ਲੱਖਾਂ ਦੇ ਇਕੱਠ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ, ਜੇਲ੍ਹਾਂ ਵਿਚ ਬੰਦੀ ਸਮੁੱਚੇ ਸਿੱਖਾਂ ਦੀ ਰਿਹਾਈ, ਬਾਹਰਲੇ ਸੂਬਿਆਂ ਤੋ ਸਿੱਖ ਕੈਦੀਆਂ ਨੂੰ ਪੰਜਾਬ ਵਿਚ ਤਬਦੀਲ ਕਰਵਾਉਣ ਦਾ ਵਾਅਦਾ ਕਰਦੇ ਹੋਏ ਇਸ ਬਰਗਾੜੀ ਮੋਰਚੇ ਦੀ ਸਮਾਪਤੀ ਕਰਵਾਈ ਸੀ। ਇਸ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਹੱਥ ਵਿਚ ਫੜਕੇ ਪੰਜਾਬੀਆ ਤੇ ਸਿੱਖ ਕੌਮ ਸਾਹਮਣੇ ਉਪਰੋਕਤ ਸਭ ਜ਼ਿੰਮੇਵਾਰੀਆ ਨੂੰ ਸਰਕਾਰ ਬਣਨ ਉਤੇ ਪੂਰਨ ਕਰਨ ਦਾ ਬਚਨ ਕੀਤਾ ਸੀ । ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ ਵਾਅਦਿਆ ਨੂੰ ਪੂਰਨ ਨਹੀਂ ਕੀਤਾ । ਸਿੱਖ ਕੌਮ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਕਈ ਵਾਰ ਫੜਕੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਦੇ ਹੋਏ ਪੁਲਿਸ ਹਵਾਲੇ ਕੀਤੇ ਲੇਕਿਨ ਹਰ ਵਾਰ ਅਜਿਹੇ ਵੱਡੇ ਦੋਸ਼ੀਆ ਨੂੰ ਸਰਕਾਰਾਂ, ਅਦਾਲਤਾਂ ਤੇ ਪੁਲਿਸ ਵੱਲੋ ਦਿਮਾਗੀ ਤੌਰ ਤੇ ਬਿਮਾਰ ਅਤੇ ਪੀੜਤ ਕਰਾਰ ਦੇ ਕੇ ਕੁਝ ਸਮੇ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਰਿਹਾ । ਜਿਸ ਤੋ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਅਜਿਹੀਆ ਬੇਅਦਬੀ ਦੀਆਂ ਸਾਜ਼ਿਸਾਂ ਪਿੱਛੇ ਪੰਥ ਵਿਰੋਧੀ ਸ਼ਕਤੀਆ ਦੇ ਨਾਲ ਹੁਕਮਰਾਨ, ਸਰਕਾਰਾਂ, ਪੁਲਿਸ ਸਭ ਰਲੇ ਹੋਏ ਹਨ ।

ਸ. ਮਾਨ ਨੇ ਇਹ ਵੀ ਧਿਆਨ ਵਿਚ ਲਿਆਦਾ ਕਿ 14 ਨਵੰਬਰ 2021 ਨੂੰ ਮੈਂ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ, ਸ੍ਰੀ ਦਰਬਾਰ ਸਾਹਿਬ ਵਿਚੋ 328 ਸਰੂਪਾਂ ਨੂੰ ਸਾਜਿਸ ਅਧੀਨ ਅਲੋਪ ਕਰਨ ਵਾਲੇ ਦੋਸ਼ੀਆ, ਸਿੱਖ ਕੌਮ ਦੀਆਂ ਇਤਿਹਾਸਿਕ ਇਮਾਰਤਾ ਅਤੇ ਯਾਦਗਰਾਂ ਨੂੰ ਇਕ ਸਾਜਿਸ ਅਧੀਨ ਅਲੋਪ ਕਰਨ ਜਾਂ ਉਨ੍ਹਾਂ ਦੀ ਇਤਿਹਾਸਿਕ ਦਿੱਖ ਨੂੰ ਗਲਤ ਰੂਪ ਦੇਣ ਵਾਲਿਆ ਵਿਰੁੱਧ ਫੌਰੀ ਕਾਰਵਾਈ ਕਰਨ ਅਤੇ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਲਈ ਸੈਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਦਬਾਅ ਪਾਉਣ ਦੀ ਅਪੀਲ ਕਰਦੇ ਹੋਏ ਯਾਦ ਪੱਤਰ ਦਿੱਤਾ ਸੀ । ਪਰ ਇਸ ਉਤੇ ਕਿਸੇ ਤਰ੍ਹਾਂ ਦਾ ਕੋਈ ਅਮਲ ਨਹੀਂ ਹੋਇਆ । ਹੁਣ ਜੇਕਰ ਹੁਕਮਰਾਨਾਂ, ਸਰਕਾਰਾਂ, ਅਦਾਲਤਾਂ, ਜੱਜਾਂ, ਪੁਲਿਸ ਵੱਲੋ ਐਨੇ ਲੰਮੇ ਸਮੇ ਤੋ ਸਿੱਖ ਕੌਮ ਨੂੰ ਇਨਸਾਫ਼ ਹੀ ਨਹੀਂ ਦਿੱਤਾ ਜਾ ਰਿਹਾ, ਤਾਂ ਹੁਣ ਜਦੋ ਸਿੱਖ ਕੌਮ ਨੇ ਆਪਣੀਆ ਰਵਾਇਤਾ ਅਨੁਸਾਰ ਇਤਿਹਾਸਿਕ ਪ੍ਰੰਪਰਾਵਾ ਉਤੇ ਪਹਿਰਾ ਦਿੰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆ ਨੂੰ ਜਨਤਾ ਦੀ ਕਚਹਿਰੀ ਵਿਚ ਹੀ ਮੌਕੇ ਤੇ ਸਜ਼ਾ ਦੇਣ ਦੇ ਅਮਲ ਸੁਰੂ ਕਰ ਦਿੱਤੇ ਤਾਂ ਹੁਣ ਇਹ ਸਮੁੱਚੇ ਹੁਕਮਰਾਨ, ਸਿਆਸਤਦਾਨ, ਅਦਾਲਤਾਂ, ਜੱਜ ਤੇ ਸਿਆਸੀ ਪਾਰਟੀਆ ਦੇ ਮੌਕਾਪ੍ਰਸਤ ਆਗੂ ਕਿਸ ਦਲੀਲ ਅਧੀਨ ਚੀਕ ਚਿਹਾੜਾ ਪਾ ਰਹੇ ਹਨ ਅਤੇ ਆਪਣੇ ਆਪ ਨੂੰ ਦੋਸ਼ ਰਹਿਤ ਕਿਵੇ ਸਾਬਤ ਕਰ ਸਕਦੇ ਹਨ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>