ਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ

ਮਨੁੱਖੀ ਸਾਧਨ ਤੇ ਵਿਕਾਸ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸੱਤਿਆਪਾਲ ਸਿੰਘ ਨੇ ਕਿਹਾ ਹੈ ਕਿ ਚਾਰਲਿਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਗਲਤ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਲੋੜ ਹੈ। ਸਾਡੇ ਪੂਰਵਜਾਂ ਨੇ ਕਦੇ ਨਹੀਂ ਕਿਹਾ ਕਿ ਬੰਦੇ ਬਾਂਦਰ ਤੋਂ ਬਣਦੇ ਦੇਖੇ ਗਏ ਹਨ। ਇਹ ਕੇਂਦਰੀ ਰਾਜ ਮੰਤਰੀ ਪੁਲਿਸ ਦਾ ਵੱਡਾ ਅਧਿਕਾਰੀ ਸੀ ਅਤੇ ਉਸ ਤੋਂ ਵੱਡਾ ਸਿਆਸਤਦਾਨ ਬਣਿਆ ਹੈ। ਉਸਦੀ ਆਖੀ ਹੋਈ ਇਹ ਗੱਲ ਇਹ ਦਰਸਾਉਂਦੀ ਹੈ ਕਿ ਹਿੰਦੂਤਵ ਪਾਰਟੀਆਂ ਦੇਸ਼ ਦੇ ਵਿਕਾਸ ਦਾ ਪਹੀਆ ਪਿੱਛੇ ਮੋੜਨ ਦੀ ਤਾਕ ਵਿਚ ਹਨ। ਪਹਿਲਾਂ ਵੀ ਇੱਕ ਵਾਰ ਸਾਡੇ ਮਰਹੂਮ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਵਿਗਿਆਨਕ ਕਹਿ ਰਹੇ ਹਨ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਤੋਂ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ‘‘ਸਾਡੇ ਪੂਰਵਜ ਤਾਂ ਬਾਂਦਰ ਨਹੀਂ ਸਨ।’’ ਸੋ ਇਸ ਲਈ ਆਓ ਵੇਖਦੇ ਹਾਂ ਕਿ ਮਨੁੱਖ ਦਾ ਵਿਕਾਸ ਬਾਂਦਰ ਤੋਂ ਕਿਵੇਂ ਹੋਇਆ ਹੈ?

ਐਤਵਾਰ ਦਾ ਦਿਨ ਸੀ। ਸਵੇਰੇ ਹੀ ਮੇਰਾ ਮਿੱਤਰ ਰਾਮ ਲਾਲ ਆ ਗਿਆ। ਕਹਿਣ ਲੱਗਿਆ, ‘‘ਤੂੰ ਰੋਜ਼ ਇਹ ਕਹਿੰਦਾ ਰਹਿੰਦਾ ਹੈਂ ਕਿ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਮੈਨੂੰ ਦੱਸ ਕਿ ਅੱਜ ਦੇ ਬਾਂਦਰ ਬੰਦੇ ਕਿਉਂ ਨਹੀਂ ਬਣ ਰਹੇ? ਮੈਂ ਉਸ ਨੂੰ ਪੁੱਛਿਆ ਕਿ ‘‘ਆਹ ਮੇਰੇ ਪੋਤੇ ਪਾਵੇਲ ਦੇ ਹੱਥ ਵਿੱਚ ਕੀ ਹੈ?’’ ਉਹ ਕਹਿਣ ਲੱਗਿਆ ਕਿ ਟੀ.ਵੀ. ਦਾ ਰਿਮੋਟ। ‘‘ਤੇਰੇ ਬਾਬੇ ਦੇ ਹੱਥ ਇਸ ਉਮਰ ਵਿੱਚ ਕੀ ਹੁੰਦਾ ਸੀ?’’ ਕਹਿਣ ਲੱਗਿਆ ‘‘ਪਸ਼ੂਆਂ ਨੂੰ ਹੱਕਣ ਵਾਲੀ ਸੋਟੀ। ਉਸ ਵੇਲੇ ਤਾਂ ਸਕੂਲ ਹੁੰਦੇ ਹੀ ਨਹੀਂ ਸਨ। ਕਿਤੇ-ਕਿਤੇ ਕੋਈ ਮੌਲਵੀ ਮਸਜਿਦ ਵਿੱਚ ਜ਼ਰੂਰ ਕੁਝ ਇਲਮ ਦਾ ਗਿਆਨ ਦਿੰਦਾ ਹੁੰਦਾ ਸੀ। ਇਸ ਲਈ ਮੇਰਾ ਬਾਬਾ ਤਾਂ ਅਨਪੜ੍ਹ ਸੀ।’’

ਮੇਰਾ ਉਸਨੂੰ ਇਹ ਦੱਸਣ ਦਾ ਇੱਕ ਢੰਗ ਸੀ ਕਿ ਕਿਵੇਂ ਪੀੜ੍ਹੀ ਦਰ ਪੀੜ੍ਹੀ ਨਸਲਾਂ ਵਿੱਚ ਕੁੱਝ ਨਾ ਕੁੱਝ ਸੁਧਾਰ ਹੁੰਦਾ ਜਾਂਦਾ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦਿਆਂ ਇਹ ਫ਼ਰਕ ਭਾਵੇਂ ਅੱਧ ਫੀਸਦੀ ਹੀ ਹੁੰਦਾ ਹੈ ਪਰ ਹਜ਼ਾਰ ਦੋ ਹਜ਼ਾਰ ਪੀੜ੍ਹੀਆਂ ਦਾ ਸਫ਼ਰ ਵੱਡੇ ਫ਼ਰਕ ਪਾ ਦਿੰਦਾ ਹੈ।

ਬਾਂਦਰ ਤੋਂ ਬੰਦੇ ਬਣਨ ਦਾ ਸਫ਼ਰ ਕੋਈ ਦਸ ਵੀਹ ਸਾਲਾਂ ਦਾ ਨਹੀਂ ਹੈ, ਸਗੋਂ ਇਹ ਤਾਂ ਲੱਖਾਂ ਵਰਿ੍ਹਆਂ ਦਾ ਹੈ। ਇਸ ਦੌਰਾਨ ਜੇ ਪੀੜ੍ਹੀਆਂ ਦੀ ਗਿਣਤੀ ਕਰਨੀ ਵੀ ਹੋਵੇ ਤਾਂ ਇਹ ਲੱਖਾਂ ਵਿੱਚ ਹੋ ਜਾਂਦੀ ਹੈ। ਸੋ ਲੱਖਾਂ ਪੀੜ੍ਹੀਆਂ ਵਿੱਚ ਤਬਦੀਲੀਆਂ ਵੀ ਹਜ਼ਾਰਾਂ ਗੁਣਾਂ ਹੋ ਸਕਦੀਆਂ ਹਨ।

ਮੇਰੇ ਬਾਪ ਨੇ ਜਦੋਂ ਸਾਈਕਲ ਚਲਾਉਣਾ ਸਿੱਖਿਆ ਸੀ ਤਾਂ ਤਿੰਨ ਜਣੇ ਸਾਈਕਲ ਨੂੰ ਪਿੱਛੋਂ ਫੜਦੇ ਸਨ, ਫਿਰ ਉਹ ਬੈਠਦਾ ਸੀ ਤੇ ਤਾਂ ਵੀ ਉਸਦੇ ਗੋਡਿਆਂ ਤੇ ਟਾਕੀਆਂ ਲਹਿ ਜਾਂਦੀਆਂ ਸਨ ਪਰ ਜਦੋਂ ਮੇਰੇ ਪੋਤੇ ਨੇ ਸਾਈਕਲ ਸਿੱਖਿਆ ਤਾਂ ਸਾਨੂੰ ਪਤਾ ਵੀ ਨਾ ਲੱਗਿਆ ਕਿ ਕਦੋਂ ਉਹ ਸਿੱਖ ਗਿਆ? ਸੋ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਂਦੇ, ਤਬਦੀਲੀਆਂ ਆਉਂਦੀਆਂ ਜ਼ਰੂਰ ਨੇ ਪਰ ਇਹ ਵਿਖਾਈ ਨਹੀਂ ਦਿੰਦੀਆਂ। ਲੱਖਾਂ ਸਾਲਾਂ ਵਿੱਚ ਵਾਪਰਨ ਵਾਲਾ ਵਰਤਾਰਾ ਸੱਤਰ ਅੱਸੀ ਸਾਲਾਂ ਵਿੱਚ ਤਾਂ ਵੇਖਿਆ ਹੀ ਨਹੀਂ ਜਾ ਸਕਦਾ।

ਧਰਤੀ ਉੱਪਰ ਬਾਂਦਰਾਂ ਦੀਆਂ ਸੈਂਕੜੇ ਨਸਲਾਂ ਉਪਲਬਧ ਹਨ। ਇਨ੍ਹਾਂ ਵਿੱਚੋਂ ਚਿਪੈਂਜੀ, ਅੋਰਿੰਜੋਟੇਨ, ਗੁਰੀਲਾ ਆਦਿ ਨਸਲਾਂ ਮਨੁੱਖ ਜਾਤੀ ਦੇ ਜ਼ਿਆਦਾ ਨੇੜੇ ਹਨ। ਟੀ.ਵੀ. ਉੱਤੇ ਅਤੇ ਦੁਨੀਆਂ ਦੇ ਵੱਖ ਵੱਖ ਚਿੜੀਆ ਘਰਾਂ ਵਿੱਚ ਮੈਂ ਅੋਰਿੰਜੋਟੇਨਾਂ ਨੂੰ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਵੇਖਿਆ ਹੈ। ਉਹ ਬਲਾਕਾਂ ਨੂੰ ਇੱਕ ਦੂਜੇ ਉੱਪਰ ਤਰਤੀਬ ਨਾਲ ਚਿਣ ਕੇ ਛੱਤ ਤੇ ਟੰਗੇ ਫਲ਼ ਉਤਾਰ ਕੇ ਖਾਂਦੇ ਵੇਖੇ ਹਨ। ਉਹ ਤੰਗ ਮੂੰਹ ਵਾਲੇ ਬਰਤਨਾਂ ਵਿੱਚ ਮੂੰਗਫਲੀ ਚੁੱਕਣ ਲਈ ਉਨ੍ਹਾਂ ਵਿੱਚ ਪਾਣੀ ਪਾੳਂਦੇ ਜਾਂ ਪਿਸ਼ਾਬ ਕਰਦੇ ਮੈਂ ਖ਼ੁਦ ਵੇਖੇ ਹਨ। ਉਹ ਦਰੱਖਤਾਂ ਦੇ ਤਣੇ ਤੋੜ ਕੇ ਆਪਣੇ ਬਿਸਤਰੇ ਬਣਾਉਂਦੇ ਵੀ ਤੁਹਾਨੂੰ ਨਜ਼ਰੀਂ ਆਏ ਹੋਣਗੇ। ਹੱਥਾਂ ਨਾਲ ਪੱਥਰ ਚੁੱਕ ਕੇ ਫਲ਼ ਤੋੜਦੇ ਸਾਡੇ ਵਿੱਚੋਂ ਬਹੁਤਿਆਂ ਨੇ ਤੱਕੇ ਹੋਣਗੇ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਪਹਿਲਾਂ ਪਹਿਲ ਕੁੱਝ ਲੋਕ ਆਸਟ੍ਰੇਲੀਆ ਗਏ ਸਨ ਤਾਂ ਉਨ੍ਹਾਂ ਨੇ ਉੱਥੇ ਇੱਕ ਅਜਿਹੀ ਮਨੁੱਖੀ ਨਸਲ ਐਵੋਓਰੀਜ਼ਨ ਵੀ ਵੇਖੀ ਸੀ, ਜੋ ਨਾ ਤਾਂ ਰਹਿਣ ਲਈ ਆਪਣਾ ਘਰ ਬਣਾੳਂਦੀ ਸੀ ਅਤੇੇ ਨਾ ਹੀ ਖਾਣਾ ਬਣਾਉਣ ਲਈ ਬਰਤਨਾਂ ਦਾ ਇਸਤੇਮਾਲ ਕਰਨਾ ਜਾਣਦੀ ਸੀ। ਸਗੋਂ ਉਸਦੇ ਮੈਂਬਰ ਸਮੁੰਦਰੀ ਕਿਨਾਰਿਆਂ ਨੇੜੇ ਉੱਚੀਆਂ ਥਾਵਾਂ ’ਤੇ ਆਪਣੀਆਂ ਖੁੱਡਾਂ ਪੁੱਟ ਲੈਂਦੇ ਸਨ ਤੇ ਜਦੋਂ ਵੀ ਕੋਈ ਡੱਡੂ ਜਾਂ ਮੱਛੀ ਨਜ਼ਰ ਆਉਂਦੀ ਤਾਂ ਉਸਨੂੰ ਫੜ੍ਹ ਕੇ ਖਾ ਜਾਂਦੇ ਸਨ।

ਇਹ ਘਟਨਾ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਮਨੁੱਖੀ ਵਿਕਾਸ ਇੱਕ ਪਾਸੜ ਹੀ ਨਹੀਂ ਹੁੰਦਾ। ਕਈ ਵਾਰੀ ਇਹ ਵਿਕਾਸ ਉਲਟਾ ਵੀ ਸ਼ੁਰੂ ਹੋ ਜਾਂਦਾ ਹੈ। ਲੱਖ ਕੁ ਸਾਲ ਪਹਿਲਾਂ ਆਸਟਰੇਲੀਆ ਦੀ ਧਰਤੀ ਏਸ਼ੀਆ ਦੀ ਧਰਤੀ ਨਾਲ ਜ਼ਮੀਨੀ ਰਸਤੇ ਤੋਂ ਜੁੜੀ ਹੋਈ ਸੀ। ਮਨੁੱਖਾਂ ਦੀ ਕੋਈ ਜਾਤੀ ਕਿਸ਼ਤੀਆਂ ਰਾਹੀਂ ਹੀ ਆਸਟਰੇਲੀਆ ਜਾ ਪੁੱਜੀ ਸੀ। ਉੱਥੇ ਉਨ੍ਹਾਂ ਦਾ ਵਿਕਾਸ ਉਲਟਾ ਹੋਣਾ ਸ਼ੁਰੂ ਹੋ ਗਿਆ। ਜੋ ਕੁੱਝ ਉਸ ਸਮੇਂ ਸਿੱਖਿਆ ਸੀ ੳਹ ਪੀੜ੍ਹੀਆਂ ਦਰ ਪੀੜ੍ਹੀਆਂ ਭੁੱਲਦਾ ਗਿਆ। ਸੋ ਐਵੋਓਰਜਿਨ ਦੀ ਪੈਦਾਇਸ਼ ਦੀ ਵਿਆਖਿਆ ਇਹ ਹੀ ਹੈ।

ਸੋ ਮਨੁੱਖ ਵਿੱਚ ਨਜ਼ਰ ਆਉਂਦਾ ਵਿਕਾਸ ਕੋਈ ਜ਼ਿਆਦਾ ਪੁਰਾਣਾ ਨਹੀਂ। ਦਸ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਕਬੀਲਿਆਂ ਵਿੱਚ ਹੀ ਰਹਿੰਦਾ ਸੀ। ਹੌਲੀ ਹੌਲੀ ਇੱਥੇ ਰਿਆਸਤਾਂ ਦੀ ਹੋਂਦ ਆਉਣੀ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਹੀ ਇੱਥੇ ਬਾਦਸ਼ਾਹੀਆਂ ਬਣਨ ਲੱਗ ਪਈਆਂ। ਅੱਜ ਦੀਆਂ ਜਮਹੂਰੀ ਸਰਕਾਰਾਂ ਤਾਂ ਦੋ ਤਿੰਨ ਸੌ ਸਾਲ ਹੀ ਪੁਰਾਣੀਆਂ ਹਨ। ਅਜੇ ਵੀ ਕੁੱਝ ਦੇਸ਼ ਧਰਤੀ ਤੇ ਅਜਿਹੇ ਹਨ, ਜਿੱਥੇ ਇਸਤਰੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਵੀ ਨਹੀਂ।

ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਤੋਂ ਮਨੁੱਖ ਤੱਕ ਦੇ ਸਫ਼ਰ ਦਾ ਇਤਿਹਾਸ ਬਹੁਤ ਹੀ ਲੰਬਾ ਹੈ। ਜੇ ਬ੍ਰਹਿਮੰਡ ਦੀ ਸ਼ੁਰੂਆਤ ਪਹਿਲੀ ਜਨਵਰੀ ਨੂੰ ਹੋਈ ਮੰਨ ਲਈ ਜਾਵੇ ਤਾਂ ਇੱਥੇ ਮਨੁੱਖ ਦੀ ਆਮਦ ਤਾਂ ਇਕੱਤੀ ਦਸੰਬਰ ਰਾਤੀਂ ਸੱਤ ਵੱਜ ਕੇ ਪੰਦਰਾਂ ਮਿੰਟ ’ਤੇ ਹੀ ਹੁੰਦੀ ਹੈ। ਜੇ ਸਭਿਅਕ ਮਨੁੱਖ ਦੀ ਆਮਦ ਨੂੰ ਗਿਣਨਾ ਹੋਵੇ ਤਾਂ ਇਹ ਕੁੱਲ ਪੱਚੀ ਸੈਕਿੰਡ ਤੋਂਂ ਵੱਧ ਦੀ ਨਹੀਂ

ਸੋ ਮਨੁੱਖੀ ਨਸਲ ਦੇ ਵਿਕਾਸ ਦੀ ਰਫ਼ਤਾਰ ਪਿਛਲੀਆਂ ਦੋ ਤਿੰਨ ਸਦੀਆਂ ਤੋਂਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਵਿਗਿਆਨ ਦੀ ਹਰ ਲੱਭਤ ਇਸ ਵਿਕਾਸ ਨੂੰ ਵੀ ਪਰ ਲਾ ਦਿੰਦੀ ਹੈ। ਭਵਿੱਖ ਵਿੱਚ ਮਨੁੱਖ ਕਿਹੋ ਜਿਹਾ ਹੋਵੇਗਾ, ਇਸ ਦਾ ਅੱਜ ਅੰਦਾਜ਼ਾ ਲਗਾਉਣਾ ਅਸੰਭਵ ਹੈ।

ਪਰ ਚੇਤਨ ਮਨੁੱਖ ਪਿਛਲੇ ਇੱਕ ਦਹਾਕੇ ਵਿੱਚ ਹੀ ਹੋਈਆਂ ਤਬਦੀਲੀਆਂ ਨੂੰ ਮੁੱਖ ਰੱਖ ਕੇ ਆਉਣ ਵਾਲੇ ਕੁੱਝ ਦਹਾਕਿਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਦਾ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਨ। ਮੋਬਾਈਲ ਤੇ ਇੰਟਰਨੈੱਟ ਨੇ ਸਮੁੱਚੀ ਦੁਨੀਆਂ ਨੂੰ ਇੱਕ ਪਿੰਡ ਵਿੱਚ ਬਦਲ ਦਿੱਤਾ ਹੈ। ਅੱਜ ਤੁਸੀਂ ਦੁਨੀਆਂ ਦੀ ਕਿਸੇ ਵੀ ਲਾਇਬਰੇਰੀ ਦੀ ਕੋਈ ਵੀ ਕਿਤਾਬ ਜਾਂ ਅਖ਼ਬਾਰ ਆਪਣੇ ਘਰ ਬੈਠਿਆਂ ਹੀ ਪੜ੍ਹ ਜਾਂ ਖਰੀਦ ਸਕਦੇ ਹੋ। ਲੱਖਾਂ ਕੁੜੀਆਂ ਮੁੰਡਿਆਂ ਲਈ ਵਰ ਕੰਪਿਊਟਰ ਹੀ ਉਪਲਬਧ ਕਰਵਾ ਦਿੰਦਾ ਹੈ। ਹਵਾਈ ਜਹਾਜ਼ ਦੀ ਟਿਕਟ ਹੋਵੇ ਜਾਂ ਰੇਲਵੇ ਦੀ, ਘਰ ਬੈਠਿਆਂ ਹੀ ਉਪਲਬਧ ਹੋ ਜਾਂਦੀ ਹੈ। ਕੰਪਿਊਟਰੀਕਰਨ ਤੇ ਸਟੈਮ ਸੈੱਲ ਟੈਕਨੀਕ ਨੇ ਇਲਾਜ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਤੱਕ ਤੁਹਾਡੀ ਪਹੁੰਚ ਕਰ ਦਿੱਤੀ ਹੈ।

ਅੱਜ ਤੱਕ ਅਸੀਂ ਤਰਕਸ਼ੀਲ ਲੋਕਾਂ ਨੂੰ ਇਹ ਕਹਿੰਦੇ ਰਹੇ ਹਾਂ ਕਿ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਇਸ ਲਈ ਅਸੀਂ ਧਰਤੀ ਦੀਆਂ ਤਹਿਆਂ ਵਿੱਚੋਂ ਮਿਲਣ ਵਾਲੀਆਂ ਹੱਡੀਆਂ ਦਾ ਪ੍ਰਮਾਣ ਦਿੰਦੇ ਰਹੇ ਹਾਂ। ਅਸੀਂ ਦੱਸਦੇ ਰਹੇ ਹਾਂ ਕਿ ਬਾਂਦਰ ਤੇ ਮਨੁੱਖ ਦੇ ਡੀ.ਐਨ.ਏ. 98 ਪ੍ਰਤੀਸ਼ਤ ਇੱਕ ਦੂਜੇ ਨਾਲ ਮੇਲ ਖਾਂਦੇ ਹਨ। ਲੋਕ ਇਹ ਵੀ ਪੁੱਛਦੇ ਰਹੇ ਨੇ ਕਿ ਕਿਵੇਂ ਕੁੱਝ ਵਿਅਕਤੀਆਂ ਦੇ ਪਿਛਲੇ ਪਾਸੇ ਪੂਛ ਵੀ ਹੁੰਦੀ ਹੈ।

ਲੋਕ ਅਖ਼ਬਾਰਾਂ ਵਿੱਚ ਛਪੀਆਂ ਪੂਛਾਂ ਦੇ ਅਪਰੇਸ਼ਨਾਂ ਦੀਆਂ ਖ਼ਬਰਾਂ ਦੀਆਂ ਕਟਿੰਗਾਂ ਵੀ ਸਾਨੂੰ ਭੇਜਦੇ ਰਹੇ ਨੇ। ਅਸੀਂ ਉਨ੍ਹਾਂ ਦੀ ਇਹ ਕਹਿ ਕੇ ਹੀ ਤਸੱਲੀ ਕਰਵਾੳਂਦੇ ਰਹੇ ਹਾਂ ਕਿ ਇਹ ਸਾਰੀਆਂ ਗੱਲਾਂ ਬੰਦੇ ਦੇ ਬਾਂਦਰ ਤੋਂ ਹੋਏ ਵਿਕਾਸ ਦੀ ਪੁਸ਼ਟੀ ਕਰਦੀਆਂ ਹਨ।

ਕਿਸੇ ਘਰ ਵਿੱਚ ਪੈਦਾ ਹੋਏ ਬਾਂਦਰ ਵਰਗੇ ਬੱਚੇ ਨੂੰ ਹਨੂੰਮਾਨ ਜੀ ਦੇ ਅਵਤਾਰ ਧਾਰਨਾ ਕਹਿਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

ਅਜਿਹੀਆਂ ਖ਼ਬਰਾਂ ਵੀ ਸਾਨੂੰ ਸਹਾਈ ਹੁੰਦੀਆਂ ਸਨ ਕਿਉਂਕਿ ਅਸੀਂ ਕਹਿ ਸਕਦੇ ਸਾਂ ਕਿ ਮਨੁੱਖ ਤੇ ਬਾਂਦਰ ਦੇ ਬੱਚਿਆਂ ਦੇ ਭਰੂਣ ਵੀ ਲੱਗਭਗ ਇੱਕੋ ਜਿਹੇ ਹੀ ਹੁੰਦੇ ਹਨ।

ਅਸੀਂ ਲੱਗਭਗ ਹਰ ਲਿਖਤ ਵਿੱਚ ਇਹ ਹੀ ਕਹਿੰਦੇ ਰਹੇ ਹਾਂ ਕਿ ਵਿਗਿਆਨਕ ਜਾਣਕਾਰੀ ਹਮੇਸ਼ਾਂ ਤਬਦੀਲ ਹੁੰਦੀ ਰਹਿੰਦੀ ਹੈ। ਇਹ ਧਾਰਮਿਕ ਗ੍ਰੰਥਾਂ ਦੀ ਤਰ੍ਹਾਂ ਨਹੀਂ ਹੁੰਦੀ, ਜਿਸਨੂੰ ਬਦਲਣਾ ਅਸੰਭਵ ਹੁੰਦਾ ਹੈ। ਕਿਸੇ ਸਮੇਂ ਸਕੂਲਾਂ ਵਿੱਚ ਇਹ ਪੜ੍ਹਾਇਆ ਜਾਂਦਾ ਸੀ ਕਿ ਪ੍ਰਕਾਸ਼ ਇੱਕ ਸਿੱਧੀ ਰੇਖਾ ਵਿੱਚ ਚਲਦਾ ਹੈ ਪਰ ਅੱਜ ਇਸਨੂੰ ਮੋੜ ਕੇ ਟਿਊਬਾਂ ਵਿੱਚੋ ਦੀ ਵੀ ਲੰਘਾ ਦਿੰਦੇ ਹਨ। ਦੁਕਾਨਾਂ ਵਿੱਚ ਜਗਮਗਾਉਂਦੇ ਸਾਈਨ ਬੋਰਡ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਬਾਂਦਰ ਤੋਂ ਬੰਦਾ ਬਣਨ ਦੀ ਵਿਗਿਆਨਕ ਜਾਣਕਾਰੀ ਨੂੰ ਵੀ ਅੱਜ ਡੀ.ਐਨ.ਏ. ਟੈਸਟਾਂ ਤੋਂ ਮਿਲੇ ਹੱਡੀਆਂ ਦੇ ਪ੍ਰਮਾਣਾਂ ਨੇ ਝੁਠਲਾ ਦਿੱਤਾ ਹੈ। ਵਿਗਿਆਨੀ ਹੁਣ ਇਹ ਗੱਲ ਕਹਿ ਰਹੇ ਹਨ ਕਿ ਮਨੁੱਖ ਦਾ ਵਿਕਾਸ ਬਾਂਦਰ ਤੋਂ ਨਹੀਂ ਹੋਇਆ ਹੈ, ਸਗੋਂਂ ਬਾਂਦਰਾਂ ਤੇ ਬੰਦੇ ਦਾ ਵਿਕਾਸ ਇੱਕੋ ਪੂਰਵਜ ਤੋਂ ਹੋਇਆ ਹੈ। ਲੈਮੁੂਰ ਵਰਗਾ ਇਹ ਲੰਬੀ ਪੂਛ ਵਾਲਾ ਜਾਨਵਰ ਦਰੱਖਤਾਂ ਤੇ ਰਹਿਣ ਦਾ ਆਦੀ ਸੀ। ਸੱਤਰ ਕੁ ਲੱਖ ਸਾਲ ਪਹਿਲਾਂ ਇਹ ਜਾਨਵਰ ਅਫ਼ਰੀਕਾ ਦੇ ਜੰਗਲਾਂ ਵਿੱਚ ਵੱਡਾ ਮਾਤਰਾ ਵਿੱਚ ਉਪਲਬਧ ਸੀ। ਇਸ ਜਾਨਵਰ ਦਾ ਵਿਕਾਸ ਕਈ ਜਾਤੀਆਂ ਵਿੱਚੋਂ ਇੱਕੋ ਸਮੇਂ ਹੋਣਾ ਸ਼ੁਰੂ ਹੋ ਗਿਆ। ਇੱਕ ਜਾਤੀ ਅਰਿੰਜੋਟੈਨ, ਦੂਜੀ ਚਿਪੈਂਜੀ, ਤੀਜੀ ਗੁਰੀਲੇ ਅਤੇ ਚੌਥੀ ਮਾਨਵ ਦੇ ਰੂਪ ਵਿੱਚ ਵਿਕਸਤ ਹੋਈ। ਅਗਾਂਹ ਮਨੁੱਖ ਦੇੇ ਵਿਕਾਸ ਵਿੱਚੋਂ ਵੀ ਨੀ ਐਂਡਰਥਲ, ਜਾਵਾ, ਪੀਕਿੰਗ ਆਸਟ੍ਰੇਲੀਅਨ, ਕਰੋ ਮੈਗਨਾਨ ਆਦਿ ਦਰਜਨ ਦੇ ਲੱਗਭਗ ਜਾਤੀਆਂ ਸਮੇਂ-ਸਮੇਂ ਵਿਕਸਤ ਹੁੰਦੀਆਂ ਰਹੀਆਂ। ਸਮੇਂ-ਸਮੇਂ ਅੱਡ-ਅੱਡ ਨਸਲਾਂ ਵਿੱਚ ਹੁੰਦੀਆਂ ਲੜਾਈਆਂ ਵਿੱਚ ਬਾਕੀ ਸਾਰੀਆਂ ਜਾਤਾਂ ਅਲੋਪ ਹੋ ਗਈਆਂ। ਸਿਰਫ਼ ਤੇ ਸਿਰਫ਼ ਇੱਕ ਜਾਤੀ ਹੀ ਬਚ ਸਕੀ।

ਸੰਦ ਫੜਨ ਦੀ ਤੇ ਬਰਤਨ ਦੀ ਯੋਗਤਾ ਨੇ ਮਨੁੱਖ ਦੇ ਹੱਥਾਂ ਨੂੰ ਮਜ਼ਬੂਤ ਕਰ ਦਿੱਤਾ। ਆਪਣੇ ਬੱਚਿਆਂ ਨੂੰ ਚੁੱਕਣਾ, ਜਾਨਵਰਾਂ ਦਾ ਸ਼ਿਕਾਰ ਕਰਨਾ ਤੇ ਸ਼ਿਕਾਰ ਹੋਣ ਦੇ ਡਰੋਂ ਭੱਜਣਾ, ਬਾਂਦਰ ਨੇ ਇਨ੍ਹਾਂ ਦੀਆਂ ਲੱਤਾਂ ਤੇ ਬਾਹਾਂ ਨੂੰ ਸਿੱਧੀਆਂ ਤੇ ਮਜ਼ਬੂਤ  ਕਰ ਦਿੱਤਾ। ਅੱਜ ਤੋਂ ਪੰਜਾਹ ਸੱਠ ਹਜ਼ਾਰ ਵਰ੍ਹੇ ਪਹਿਲਾਂ ਤੱਕ ਮਨੁੱਖ ਕੂਕਾਂ ਮਾਰਨਾ ਹੀ ਜਾਣਦਾ ਸੀ। ਅੱਜ ਉਹ ਇੱਕ ਵਧੀਆ ਭਾਸ਼ਾ ਤੇ ਸ਼ਬਦਾਵਲੀ ਦਾ ਮਾਲਕ ਹੈ। ਉਸਨੇ ਇਹ ਸਭ ਕੁੱਝ ਪ੍ਰਕਿਰਤੀ ਨਾਲ ਕੀਤੇ ਸੰਘਰਸ਼ ਵਿੱਚੋਂ ਪ੍ਰਾਪਤ ਕੀਤਾ ਹੈ।

ਹਨੂੰਮਾਨ ਜੀ ਦੀ ਬਾਂਦਰ ਸੈਨਾ ਵੱਲੋਂ ਸ੍ਰੀ ਲੰਕਾ ਅਤੇ ਭਾਰਤ ਨੂੰ ਜੋੜਨ ਵਾਲੇ ਪੁਲ ਦੀ ਮਿਥਿਹਾਸਕ ਕਹਾਣੀ ਨੂੰ ਭਾਵੇਂ ਨਾਸਾ ਦੇ ਵਿਗਿਆਨੀਆਂ ਨੇ ਝੁਠਲਾ ਦਿੱਤਾ ਹੈ ਪਰ ਮੈਂ ਸਮਝਦਾ ਹਾਂ ਕਿ ਉਂਝ ਬਾਂਦਰ ਸੈਨਾ ਅਜਿਹੇ ਕਬਾਇਲੀ ਮਨੁੱਖਾਂ ਦੀ ਸੀ ਜੋ ਕਿਰਤ ਨੂੰ ਪਿਆਰ ਕਰਦੀ ਸੀ ਅਤੇ ਕਿਰਤ ਲਈ ਜੁੜੇ ਹੱਥ ਪ੍ਰਾਰਥਨਾ ਲਈ ਜੁੜੇ ਹੱਥਾਂ ਤੋਂ ਹਜ਼ਾਰਾਂ ਗੁਣਾਂ ਬਿਹਤਰ ਹੀ ਹੁੰਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>