ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਵਾਪਸ ਲੈਣ ਦੇ ਮਾਮਲੇ ਉੱਤੇ ਸਿਆਸਤ ਭਖ ਗਈ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਦੇ ਦਿੱਲੀ ਕਮੇਟੀ ਦਫ਼ਤਰ ਵਿਖੇ ਅੱਜ ਕੁੱਝ ਕਮੇਟੀ ਮੈਂਬਰਾਂ ਦੇ ਤਰਲੇ ਪਿਛੋਂ ਵਾਪਸੀ ਕਰਨ ਉਤੇ ਪ੍ਰਤਿਕਰਮ ਦਿੰਦੇ ਹੋਏ ਆਪਣੇ ਫੇਸਬੁੱਕ ਲਾਈਵ ਦੌਰਾਨ ਸਿਰਸਾ ਨੂੰ ‘ਦਲਾਲ’ ਤੱਕ ਗਰਦਾਨ ਦਿੱਤਾ। ਜੀਕੇ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ ਉੱਤੇ ਪੁਸ਼ਤ ਪਨਾਹੀ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਸੋਂ ਮੁਆਫੀ ਦਿਵਾਉਣ ਦੀ ਦਲਾਲੀ ਕਰਨ ਪਿੱਛੋਂ ਸਿਰਸਾ ਦਾ ਨਾਂ ਵਜਦਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਖੁੱਲੇ ਤੌਰ ਉੱਤੇ ਡੇਰਾ ਮੁਆਫੀ ਵਿੱਚ ਸਿਰਸਾ ਦਾ ਨਾਂ ਮੀਡੀਆ ਸਾਹਮਣੇ ਲੈ ਚੁੱਕੇ ਹਨ। ਇਸੇ ਤਰ੍ਹਾਂ ਮਜੀਠੀਆ ਮੁਆਫੀਨਾਮੇ ਪਿੱਛੇ ਸਿਰਸਾ ਦਾ ਹੱਥ ਹੋਣ ਦੀ ਗਵਾਹੀ ਮੀਡੀਆ ਰਿਪੋਰਟਾਂ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਤਾਲ ਠੋਕ ਕੇ ਦੇ ਰਹੇ ਹਨ।
ਜੀਕੇ ਨੇ ਕਿਹਾ ਕਿ 30 ਦਿਨਾਂ ਬਾਅਦ ਸਿਰਸਾ ਨੇ ਉਸ ਵੇਲੇ ਕਮੇਟੀ ਦਫ਼ਤਰ ਵਿੱਚ ਆਪਣੀ ਵਾਪਸੀ ਕੀਤੀ ਜਦੋਂ ਉਸ ਨੂੰ ਖਦਸ਼ਾ ਹੋ ਗਿਆ ਕਿ ਕੱਲ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਮੀਟਿੰਗ ਦੌਰਾਨ ਉਸਦੀ ਪ੍ਰਧਾਨਗੀ ਦੀ ਪਲੇਟ ਪੁੱਟੇ ਜਾਣ ਦਾ ਰਾਹ ਪੱਧਰਾ ਹੋ ਚੁਕਿਆ ਹੈ। ਜੀਕੇ ਨੇ ਸਾਫ਼ ਕਿਹਾ ਕਿ ਕੌਮ ਦੇ ਕਾਰਜ ਕਰਵਾਉਣ ਦੇ ਦਾਅਵੇ ਨਾਲ ਭਾਜਪਾ ਵਿੱਚ ਗਏ ਸਿਰਸਾ ਨੇ ਆਪਣੀ ਕਮੇਟੀ ਵਿੱਚ ਵਾਪਸੀ ਕਰਕੇ ਭਾਜਪਾ ਨੂੰ ਉਸੇ ਤਰ੍ਹਾਂ ਧੋਖਾ ਦਿੱਤਾ ਹੈ, ਜਿਸ ਤਰ੍ਹਾਂ ਭਾਜਪਾ ਵਿੱਚ ਜਾ ਕੇ ਕਿਸਾਨਾਂ ਤੇ ਪੰਥ ਨੂੰ ਧੋਖਾ ਦਿੱਤਾ ਸੀ। ਜੀਕੇ ਨੇ ਕਿਹਾ ਕਿ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਨੂੰ ਹਲ਼ ਕਰਨ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ। ਇਸ ਲਈ ਸਿਰਸਾ ਦੇ ਭਾਜਪਾ ਵਿੱਚ ਰਹਿਣ ਨਾਲ ਹੀ ਕੌਮੀ ਕਾਰਜ ਹੋਣਗੇ, ਇਹ ਕਹਿਣਾ ਗਲਤ ਹੋਵੇਗਾ।