ਔਰਤ ਦੇ ਜੀਵਨ ਦੇ ਦੁਖਾਂਤ ਦਾ ਕਦ ਹੋਵੇਗਾ ਅੰਤ

ਆਖਿਰ ਕਦੋਂ ਹੋਵੇਗਾ ਬੰਦ ਔਰਤਾਂ ਤੇ ਜੁਰਮ ਜਿਸ ਦਾ ਮੁੱਢ ਭਰੂਣ ਹੱਤਿਆ ਵਰਗੇ ਘਿਣਾਉਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ, ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣਾ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਹਨਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ? ਕੀ ਔਰਤ ਸਿਰਫ਼ ਤੇ ਸਿਰਫ਼ ਧਾਰਮਿਕ ਅਸਥਾਨਾਂ ਤੇ ਜਿੱਥੇ  ਦੇਵੀ ਦੇ ਰੂਪ ਵਿਚ ਮੰਨ ਕੇ ਪੂਜਾ ਕੀਤੀ ਜਾਂਦੀ ਹੈ, ਉੱਥੇ ਪੁਤਲਾ ਬਣ ਕੇ ਖੜੀ ਹੀ ਰਹੇਗੀ? ਪਤਾ ਨਹੀਂ ਕਿੰਨੇ ਕੁ ਸਵਾਲ ਮੇਰਾ ਜਵਾਬ ਲੱਭਣ ਦੀ ਉਡੀਕ ਵਿਚ ਬੈਠੇ ਹਨ ਅਤੇ ਮੈਂ ਹਾਂ ਕਿ ਉਨ੍ਹਾਂ ਨੂੰ ਦਿਲਾਸਾ ਵੀ ਨਹੀਂ ਦੇ ਸਕਦਾ ਕਿ “ਮੇਰੇ ਸਵਾਲੋਂ ਮੈਂ ਵੀ ਤਾਂ ਖ਼ੁਦ ਇਸ ਭੈੜੇ ਸਮਾਜ ਦਾ ਇੱਕ ਹਿੱਸਾ ਹਾਂ ਮੇਰੇ ਵੱਲੋਂ ਵੀ ਤਾਂ ਔਰਤ ਤੇ ਬੇਇੰਤਹਾ ਜੁਰਮ ਹੋਏ ਹੋਣੇ ਨੇ ਇਹਨਾਂ ਦਾ ਜੁਆਬ ਤਾਂ ਸ਼ਾਇਦ ਉਸ ਔਰਤ ਨੂੰ ਬਣਾਉਣ ਵਾਲੇ ਤਮਾਸ਼ਾ ਵੇਖ ਰਹੇ ਕੁਦਰਤ ਦੇ ਮਾਲਕ ਰੱਬ ਕੋਲ ਵੀ ਨਹੀਂ ਹੋਣਾ”। ਕੀ ਫਿਰ ਦੋਸ਼ੀ ਉਹ ਰੱਬ ਹੈ? ਨਹੀਂ! ਇਹ ਨਹੀਂ ਹੋ ਸਕਦਾ ਉਹ ਕਿੱਦਾਂ ਆਪਣੇ ਆਪ ਬਣਾ ਕਿ ਆਪਣੀ ਕੁਦਰਤ ਨੂੰ ਦੁੱਖ ਦੇ ਸਕਦਾ ਹੈ ਜਿਸ ਦੇ ਕਣ ਕਣ ਵਿਚ ਉਸ ਦਾ ਵਾਸਾ ਹੈ ਫਿਰ ਤਾਂ ਇਹਨਾਂ ਜੁਰਮਾਂ ਦੇ ਮੁੱਖ ਦੋਸ਼ੀ ਆਪਾਂ ਖ਼ੁਦ ਹੀ ਹਾਂ ਇਸੇ ਲਈ ਤਾਂ ਅੱਜ ਰੱਬ ਖ਼ੁਦ ਸ਼ਰਮਸਾਰ ਹੋ ਕੇ ਕ੍ਰੋਧ ਵਿਚ ਭਰਿਆ ਪਿਆ ਹੈ ਜਿਸ ਦੇ ਪ੍ਰਮਾਣ ਵਜੋਂ ਸਮਾਜ ਵਿਚ ਵੱਧ ਰਿਹਾ ਅੱਤਿਆਚਾਰ, ਭ੍ਰਿਸ਼ਟਾਚਾਰ, ਕਤਲੇਆਮ, ਚੋਰੀਆਂ, ਠੱਗੀਆਂ ਆਦਿ ਕਿੰਨੇ ਹੀ ਘਿਣਾਉਣੇ ਅਪਰਾਧਾਂ ਨੇ ਜਨਮ ਲੈ ਲਿਆ ਤੇ ਪਤਾ ਨਹੀਂ ਕਿੰਨੀਆਂ ਕੁ ਲਾਇਲਾਜ ਬਿਮਾਰੀਆਂ ਨੇ ਮਨੁੱਖੀ ਸਰੀਰ ਤੇ ਜਾਲ ਵਿਛਾ ਲਿਆ ਹੈ ਸ਼ਾਇਦ ਇਹ ਦੇਖ ਕੇ ਤਾਂ ਇੰਜ ਹੀ ਪ੍ਰਤੀਤ ਹੋ ਰਿਹਾ ਹੈ ਕਿ ਰੱਬ ਵੀ ਹੁਣ ਇਨਸਾਨ ਦੁਆਰਾ ਕੀਤੇ ਅਪਰਾਧਾਂ ਦੀ ਸਜਾ ਆਪਣੇ ਅੰਦਾਜ਼ ਵਿਚ ਦੇ ਰਿਹਾ ਹੋਵੇ ।

ਆਦਮ ਦਾ ਔਰਤ ਪ੍ਰਤੀ ਵਹਿਸ਼ੀਆਨਾ ਹੋਣਾ, ਲਾਲਚ ਤੇ ਵਾਸਨਾ ਵੱਸ ਪੈ ਕਿ ਆਦਮ ਆਪਣੀ ਆਦਮੀਅਤ ਤੇ ਇਨਸਾਨੀਅਤ ਆਪਣੇ ਆਪ ਖ਼ਤਮ ਕਰਦਾ ਜਾ ਰਿਹਾ ਹੈ ਤੇ ਵਿਚਾਰੀ ਔਰਤ ਨੂੰ ਬਾਜ਼ਾਰੂ ਵਸਤੂ ਬਣਾ ਦਿੱਤਾ।ਇਸ ਦੇ ਜੁਰਮਾਂ ਦੀ ਸਤਾਈ ਔਰਤ ਆਦਮੀ ਦਾ ਭਲਾ ਫਿਰ ਵੀ ਲੋਚ ਰਹੀ ਹੈ। ਪਰ ਕਈ ਬਾਰ ਤਾਂ ਔਰਤ ਵੀ ਆਪਣਾ ਆਪ ਬਾਰ ਬਾਰ ਖ਼ਤਮ ਕਰ ਕੇ ਆਦਮ ਦੇ ਜੁਰਮਾਂ ਵਿਚ ਸਹਿਯੋਗ ਦੇ ਕੇ ਨਾ ਚਾਹੁੰਦੇ ਹੋਏ ਵੀ ਬਰਾਬਰ ਦੀ ਭਾਗੀ ਹੁੰਦੀ ਜਾ ਰਹੀ ਹੈ।ਇਹਨਾਂ ਜੁਰਮਾਂ ਨੂੰ ਰੋਕਣਾ ਜਦ ਨਾਮਰਦੀ ਭਰੇ ਇਸ ਸਮਾਜ ਵਿਚ ਕਿਸੇ ਦੇ ਵੱਸ ਨਹੀਂ ਤਾਂ ਬੇ ਚਾਰੀ ਔਰਤ ਵੀ ਕੀ ਕਰੇ……………….।

ਜੇ ਗੱਲ ਕਰੀਏ ਕੁੜੀਆਂ/ਔਰਤ ਦੇ ਦੁਖਾਂਤ ਭਰੇ ਜੀਵਨ ਦੀ ਤਾਂ ਅਜੋਕੇ ਸਮੇਂ ਵਿਚ ਹੀ ਨਹੀਂ ਮੇਰੇ ਛੋਟੀ ਜਿਹੀ ਸੋਚ ਮੁਤਾਬਿਕ ਜੱਦੋ ਤੋ ਦੁਨੀਆ/ਕੁਦਰਤ ਦੀ ਰਚਨਾ ਹੋਈ ਹੋਣੀ ਉਦੋਂ ਤੋ ਹੀ ਕੁੜੀਆਂ/ਔਰਤਾਂ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਹੈ। ਜੇ ਸਵਾਲ ਹੋਵੇ ਕੀ ਸੱਚੀ ਔਰਤ ਕਮਜ਼ੋਰ ਹੈ? ਤਾਂ ਮੇਰਾ ਜਵਾਬ ਹੋਵੇਗਾ ਨਹੀਂ ਔਰਤ ਕਮਜ਼ੋਰ ਨਹੀਂ ਹੈ। ਕਿਉਂਕਿ ਇਸ ਦੇ ਪ੍ਰਮਾਣ ਵਜੋਂ ਅਜੋਕੇ ਸਮੇਂ ਵਿਚ  ਕੁੜੀਆਂ/ਔਰਤਾਂ ਮੁੰਡਿਆਂ/ਆਦਮੀ ਤੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ ਹਨ ਉਨ੍ਹਾਂ ਜਿੱਥੇ ਆਪਣੀ ਅਹਿਮੀਅਤ ਦੀ ਪਹਿਚਾਣ ਕੀਤੀ ਉੱਥੇ ਆਪਣੇ ਵਜੂਦ ਨੂੰ ਵੀ ਪਰਵਾਰਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਲਾ ਇੱਕੋ ਹੀ ਰਾਹ ਤੁਰ ਕੇ ਮੁਕਾਮ/ਮੰਜਿਲ ਅੱਵਲ ਹੋ ਕੇ ਕਾਇਮ ਕੀਤਾ ਹੈ। ਔਰਤ ਦੀ ਇਹ ਕਾਮਯਾਬੀ  ਆਦਮੀ ਤੋ ਬਰਦਾਸ਼ਤ ਨਹੀਂ ਹੋ ਰਹੀ ਏ ਤੇ ਵਿਚੋਂ ਵਿਚ ਜਲ ਰਿਹਾ ਇਹ ਆਦਮ ਹੁਣ ਇੱਕ ਸ਼ੈਤਾਨ ਜੋ ਬਣ ਗਿਆ ਹੈ।

ਲੱਖਾਂ ਅਸਹਿਣੇ ਕਸ਼ਟ ਸਹਿ ਕੇ ਮਾਂ ਦੇ ਰੂਪ ਵਿਚ ਲੱਖਾਂ ਪੀਰ ਪੈਗਾਂਬਰਾਂ ਨੂੰ ਜਨਮ ਦੇ ਕੇ ਮਹਾਨ ਦੇਣ ਦਿਤੀ ਏ ਅਤੇ ਇਸ ਦੀ ਦੇਣ ਤੇ ਉਹ ਪੀਰ ਪੈਗੰਬਰ ਜੋ ਰੱਬ ਦਾ ਹੀ ਰੂਪ ਹੋਏ ਨੇ ਉਹ ਵੀ ਨਹੀ ਦੇ ਸਕੇ ਹਨ ਇਸੇ ਕਰਕੇ ਤਾਂ ਹਰੇਕ ਧਰਮ ਦੇ ਪਵਿਤਰ ਗ੍ਰੰਥਾਂ ਨੇ ਔਰਤ ਨੂੰ ਪੂਜਨੀਕ ਮੰਨਿਆ ਹੈ ਅਤੇ ਗੁਰਬਾਣੀ ਵਿੱਚ ਸਸੋਬਿਤ ਇੱਕ ਸ਼ਬਦ “ਸੋ ਕਿਉਂ ਮੰਦਾ ਆਖੀਏ ਜਿਤੁ ਜੰਮੇ ਰਜਾਨੁ” ਤਾਂ ਹਰ ਰੋਜ਼ ਸੁਣਨ ਵਿਚ ਮਿਲਦਾ ਹੈ ਪਰ ਉਸ ਤੇ ਅਮਲ ਕਰਨਾ ਤਾਂ ਸਿਰਫ਼ ਵਿਚਾਰਾ ਤੱਕ ਹੀ ਸਿਮਤ ਹੈ । ਹਰੇਕ ਉਹ ਕਾਰਜ ਜੋ ਪਰਿਵਾਰ ਨੂੰ ਪਾਲਨ ਪੋਸ਼ਣ ਵਿਚ ਅਹਿਮ ਹੈ ਉਸ ਵਿਚ ਵੀ ਪੂਰੇ ਹੱਕ ਨਾਲ ਆਪਣੀ ਅਣਥੱਕ ਮਿਹਨਤ ਦੁਆਰਾ ਯੋਗਦਾਨ ਪਾ ਰਹੀ ਹੈ ਕੋਈ ਇਹੋ ਜਿਹਾ ਮਹਿਕਮਾ ਨਹੀਂ ਜਿੱਥੇ ਅੱਜ ਔਰਤ ਸੇਵਾ ਨਾ ਨਿਭਾ ਰਹੀ ਹੋਵੇ ਚਾਹੇ ਉਹ ਜੰਗ ਦਾ ਮੈਦਾਨ ਹੋਵੇ,ਚਾਹੇ ਰੱਬ ਦਾ ਦੂਜਾ ਰੂਪ ਡਾਕਟਰ ਜਾਂ ਚੰਨ ਤੇ ਨਾ ਗਈ ਹੋਵੇ।

ਜੇਕਰ ਛੋਟੀ ਜਿਹੀ ਝਾਤ ਮਾਰੀ ਜਾਵੇ ਔਰਤ ਦੇ ਜੀਵਨ ਤੇ ਤਾਂ ਜਦੋਂ ਇੱਕ ਬੇਟੀ ਦੇ ਰੂਪ ਵਿਚ ਆਪਣੇ ਮਾਂ ਤੇ ਪਿਤਾ ਦੇ ਜਿਨ੍ਹਾਂ ਜਜ਼ਬਾਤੀ ਅਤੇ ਮੋਹ ਭਰੀਆਂ ਪ੍ਰੀਤਾਂ ਨਾਲ ਨੇੜੇ ਹੁੰਦੀ ਹੈ ਉਸ ਦਾ ਮਾਂ ਪਿਉ ਨੂੰ ਉਦੋਂ ਅੰਦਾਜ਼ਾ ਲੱਗਦਾ ਹੈ ਜਦੋਂ ਮਤਲਬੀ ਬੇਟੇ ਤੋ ਮਾਤਾ ਪਿਤਾ ਨੂੰ ਦੁਤਕਾਰ ਮਿਲਦੀ ਹੈ ਤਾਂ ਅੱਖਾਂ ਵਿਚੋਂ ਡਿਗਦੇ ਹੰਝੂਆਂ ਨੂੰ ਆਪਣੇ ਚੁੰਨੀ ਦੇ ਪੱਲੇ ਨਾਲ ਸਾਫ਼ ਕਰਨ ਵਾਲੀ ਉਹ ਧੀ ਰਾਣੀ ਨੂੰ ਕਦੇ ਇਹ ਵੀ iਖ਼ਆਲ ਨਹੀਂ ਰਹਿੰਦਾ ਕਿ ਉਸ ਨਾਲ ਕਿੰਨਾ ਵਿਤਕਰਾ ਹੋਇਆ ਸੀ ਨਿੱਕਿਆਂ ਹੁੰਦਿਆਂ ਤੋ ਲੈ  ਕੇ ਜਵਾਨੀ ਦੇ ਪਹਿਰ ਤੱਕ। ਉਸ ਨੂੰ ਤਾਂ ਪੜਾਇਆ ਵੀ ਨਹੀਂ ਗਿਆ ਸੀ ਜੇ ਪੜਾਇਆ ਵੀ ਤਾਂ ਸਿਰਫ਼ ਇੱਕ ਨਾਮ ਲਿਖਣ ਜਾਂ ਪੜ੍ਹਨ ਜੋਗਾ ਕਿਉਂਕਿ ਪਰਿਵਾਰ ਨੂੰ ਆਪਣੀ ਲਾਜ ਦਾ ਖ਼ਤਰਾ ਸੀ ਜਿਸ ਕਰਕੇ ਉਹ ਪੜਾਈ ਨਹੀਂ ਗਈ ਸੀ । ਭਾਈ(ਭਰਾ) ਨੂੰ ਹਸਾਉਣ ਬਣਾਉਣ ਲਈ ਆਪਣੇ ਸਾਰੇ ਅਰਮਾਨਾਂ ਨੂੰ ਆਪਣੀ ਦੇਹ ਵਿਚ ਕਿਸੇ ਇਹੋ ਜਿਹੇ ਕੋਨੇ ਵਿਚ ਦਫ਼ਨਾ ਲੈਂਦੀ ਹੈ ਜਿੱਥੋਂ ਫਿਰ ਉਨ੍ਹਾਂ ਅਰਮਾਨਾਂ ਨੂੰ ਕੁਮਲਾਏ ਫੁੱਲਾਂ ਵਾਂਗ ਮੁਰਝਾ ਜਾਣਾ ਪੈਂਦਾ ਹੈ। ਹੋਲੀ ਹੋਲੀ ਜਵਾਨੀ ਦੀ ਦਹਲੀਜ ਆਪਣੇ ਮਾਤਾ ਪਿਤਾ ਦੀ ਆਣ ਤੇ ਸ਼ਾਨ ਨੂੰ ਬਰਕਰਾਰ ਰੱਖ ਕੇ ਪਾਰ ਕਰ ਜਿਸ ਘਰ ਵਿਚ ਬਚਪਨ ਤੇ ਜਵਾਨੀ ਦੇ ਕੀਮਤੀ ਪਹਿਰ ਬਿਤਾਏ ਹੋਣ ਉਸ ਨੂੰ ਛੱਡ ਜਦੋਂ ਕਿਸੇ ਹੋਰ ਬੇਗਾਨੇ ਘਰ ਵਿਚ ਆਪਣੇ ਜੀਵਨ ਦਾ ਅੱਧ ਪੜਾਅ ਲੰਘਾਉਣ ਲਈ ਚਾਈਂ ਚਾਈਂ ਜਾਂਦੀ ਹੈ ਤਾਂ ਕਿੰਨੇ ਈ ਨਵੇਂ ਅਰਮਾਨਾਂ ਨੇ ਉਦੋਂ ਫਿਰ ਜਨਮ ਲਿਆ ਹੋਣਾ ਪਰ ਅਫ਼ਸੋਸ ਫਿਰ ਦਹੇਜ ਦੀ ਮਾਰ ਥੱਲੇ ਪਿੱਸ ਪਿੱਸ ਕੇ ਆਪਣੇ ਗ਼ਰੀਬੜੇ ਮਾਪਿਆ ਦਾ ਮਾਣ ਵਧਾਉਣ ਲਈ ਆਪਣਾ ਆਪ ਕੁਰਬਾਨ ਕਰਕੇ ਵੀ ਝੂਠਾ ਜਿਹਾ ਹੱਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁੱਪ ਧਾਰ ਲੈਂਦੇ ਨੇ ਆਖ਼ਿਰ ਲਕਸ਼ਮੀ ਦੇ ਇਸ ਰੂਪ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਧੀ ਤਾਂ ਬੇਗਾਨਾ ਧੰਨ ਹੈ ਪਰ ਬੇਗਾਨਾ ਕਾਦਾ ਨਾ ਪੇਕਿਆਂ ਦਾ ਨਾ ਸਹੁਰਿਆਂ ਦਾ।

ਅੰਤ ਮਨ ਤੇ ਪੱਥਰ ਧਰ ਜਦੋਂ ਕੁੱਖੋਂ ਜੰਮੇ 9 ਮਹੀਨਿਆਂ ਦੀ ਘੋਰ ਤਪੱਸਿਆ ਤੋ ਬਾਅਦ ਪੁੱਤਰ ਨੂੰ ਦੇਖ ਕੇ ਖੁੱਸਿਆਂ ਦੇ ਖੇੜੇ ਵਿਚ ਤੇ ਜ਼ਿੰਦਗੀ ਨੂੰ ਨਵੇਕਲੀ ਜਿਊਣ ਦੀ ਆਸ ਤੇ ਉਦੋਂ ਪਾਣੀ ਫਿਰ ਜਾਂਦਾ ਹੈ ਜੱਦੋ ਆਪਣੇ ਹੀ ਸਿਖਾਏ ਬੋਲਾਂ ਤੋਂ ਉਸ ਦੇ ਪੁੱਤਰ ਦੇ ਬੋਲ ਕੌੜ ਤੇ ਭੈੜੇ ਆਚਰਨ ਹੋਣ ਲਗਦੇ ਹਨ ਫਿਰ ਤਾਂ ਮਨੋਂ ਜਿਵੇਂ ਫਿਰ ਜਿਊਣ ਦੀ ਆਰਜ਼ੂ ਹੀ ਮੁੱਕ ਜਾਂਦੀ ਹੈ।ਕਿੰਨਾ ਦੁਖਦਾਈ ਜੀਵਨ ਜੀ ਕੇ ਵੀ ਜੀਵਨ ਦੀ ਦਾਤ ਦੇਣ ਵਾਲੀ ਏ ਜੀਵਣਦਾਤੇ ਹੁਣ ਤਾਂ ਕੁੱਖਾਂ ਵਿਚ ਈ ਖ਼ੁਦ ਆਪਣੇ ਆਪ ਦਾ ਕਠੋਰ ਜਿਗਰਾ ਕਰਕੇ ਇਸੇ ਕਰਕੇ ਤਾਂ ਮਾਰ ਰਹੀ ਹੈ ਕਿ ਫਿਰ ਨਾ ਦੁਬਾਰਾ ਮੇਰੇ ਅਣਪੂਰੇ ਅਰਮਾਨ ਜਨਮ ਲੈ ਕੇ ਹੋਰ ਅਰਮਾਨਾਂ ਦੀ ਪੰਡ ਆਪਣੇ ਅੰਦਰ ਦਫ਼ਨ ਕਰਨ।ਦਾਸ ਨੇ ਜੋ ਇਹ ਛੋਟਾ ਜਿਹਾ ਸੱਚ ਦਰਸਾਉਣ ਦਾ ਜੋ ਯਤਨ ਕੀਤਾ ਏ ਇਹ ਸ਼ਰਤੀਆ 80 ਪ੍ਰਤੀਸ਼ਤ ਔਰਤਾਂ ਦੇ ਜੀਵਨ ਤੇ ਢਲਿਆ ਹੁੰਦਾ ਹੈ ਅਤੇ ਉਹ ਇਹ ਕੜੁਤਨ ਭਰਿਆ ਜੀਵਨ ਸਹਿੰਦੀਆਂ ਹਨ। ਸ਼ਾਇਦ ਦਾਸ ਦੀਆਂ ਇਹ ਗੱਲਾਂ ਸਮਝਣੀਆਂ ਔਖੀਆਂ ਹੋਣਗੀਆਂ ਕਿਉਂਕਿ ਇਹਨਾਂ ਲੱਖਾਂ ਸਵਾਲਾਂ ਦੇ ਜੁਆਬ ਨਾ ਤਾਂ ਕਿਸੇ ਨੂੰ ਮਿਲੇ ਨੇ ਨਾ ਮਿਲਣਗੇ। ਮੇਰੇ ਮੁਤਾਬਿਕ ਔਰਤ ਤੇ ਹੋ ਰਿਹਾ ਜੁਰਮ ਨਾ ਤਾਂ ਕਦੇ ਰੁਕ ਸਕਦਾ ਹੈ ਤੇ ਨਾ ਕਦੇ ਰੁਕੇਗਾ ਜਦ ਤੱਕ ਖ਼ੁਦ ਮਾਂ ਬਾਪ ਆਪਣੀ ਧੀ ਤੇ ਪੁੱਤ ਦੇ ਫ਼ਰਕ ਨੂੰ ਨਹੀਂ ਮਿਟਾਉਂਦੇ ਇਸ ਵਿਤਕਰੇ ਦੀ ਸ਼ੁਰੂਆਤ ਤਾਂ ਧੀ ਦੇ ਜਨਮ ਤੋ ਲੈਂਦੇ ਖ਼ੁਦ ਉਸ ਨੂੰ ਜਨਮ ਦੇਣ ਵਾਲੇ ਅਤੇ ਇੱਕੋ ਕੁੱਖੋਂ ਜੰਮੇ ਭਰਾ ਹੀ ਤਾਂ ਸ਼ੁਰੂ ਕਰਦੇ ਹਨ ਕਿਸੇ ਹੋਰ ਨੂੰ ਦੋਸ਼ ਦੇਣ ਤੋ ਪਹਿਲਾਂ ਆਪਾਂ ਖ਼ੁਦ ਪ੍ਰਣ ਕਰੀਏ ਕਿ ਕੁੱਖ ਵਿਚ ਕਤਲ ਨਾ ਕਰਾਂਗੇ ਤੇ ਨਾ ਹੋਣ ਦਿਆਂਗੇ।ਆਖ਼ਿਰ ਵਿਚ ਅਗਰ ਦਾਸ ਵੱਲੋਂ ਵਰਤੇ ਕਿਸੇ ਲਫ਼ਜ਼ਾਂ ਕਰਕੇ ਕਿਸੇ ਦੇ ਮਨ ਕੋਈ ਠੇਸ ਪਹੁੰਚੀ ਹੋਵੇ ਤਾਂ ਭੁੱਲ ਚੁੱਕ ਦੀ ਖਿਮਾ ਕਰਨਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>